ਲਾਲਚ ਦੇ ਕੇ ‘ਹੋਟਲਾਂ ਅਤੇ ਸਪਾ ਸੈਂਟਰਾਂ’ ’ਚ ਚੱਲ ਰਿਹਾ ‘ਦੇਹ ਵਪਾਰ’ ਜ਼ੋਰਾਂ ’ਤੇ

10/24/2023 1:42:39 AM

ਦੇਸ਼ ’ਚ ਦੇਹ ਵਪਾਰ ਚਿੰਤਾਜਨਕ ਹੱਦ ਤੱਕ ਵਧਦਾ ਜਾ ਰਿਹਾ ਹੈ। ਹੋਟਲਾਂ ਅਤੇ ਸਪਾ ਸੈਂਟਰਾਂ ’ਚ ਇਸ ਦੇ ਮਾਮਲੇ ਵੱਡੇ ਪੈਮਾਨੇ ’ਤੇ ਸਾਹਮਣੇ ਆ ਰਹੇ ਹਨ। ਲੋੜਵੰਦ ਔਰਤਾਂ ਅਤੇ ਲੜਕੀਆਂ ਨੂੰ ਨੌਕਰੀ ਅਤੇ ਹੋਰ ਲਾਲਚ ਦੇ ਕੇ ਚਲਾਏ ਜਾਣ ਵਾਲੇ ਇਸ ਧੰਦੇ ’ਚ ਹੁਣ ਮਰਦਾਂ ਦੇ ਨਾਲ ਉਨ੍ਹਾਂ ਦੀਆਂ ਔਰਤਾਂ ਵੀ ਸ਼ਾਮਲ ਪਾਈਆਂ ਜਾ ਰਹੀਆਂ ਹਨ :

* 22 ਅਕਤੂਬਰ ਨੂੰ ਅੰਮ੍ਰਿਤਸਰ (ਪੰਜਾਬ) ਸਥਿਤ ਇਕ ਸਪਾ ਸੈਂਟਰ ਦੀ ਆੜ ਵਿਚ ਚਲਾਏ ਜਾ ਰਹੇ ਦੇਹ ਵਪਾਰ ਦੇ ਅੱਡੇ ’ਤੇ ਛਾਪਾ ਮਾਰ ਕੇ ਪੁਲਸ ਨੇ ਥਾਈਲੈਂਡ ਤੋਂ ਲਿਆਂਦੀਆਂ ਗਈਆਂ 4 ਲੜਕੀਆਂ ਸਮੇਤ 18 ਲੜਕੇ-ਲੜਕੀਆਂ ਨੂੰ ਗ੍ਰਿਫਤਾਰ ਕੀਤਾ।

* 17 ਅਕਤੂਬਰ ਨੂੰ ਗੁਜਰਾਤ ਪੁਲਸ ਨੇ ਸੂਬੇ ਭਰ ’ਚ ਦੇਹ ਵਪਾਰ ਦੇ ਧੰਦੇ ’ਚ ਸ਼ਾਮਲ ਸਪਾ ਸੈਂਟਰਾਂ, ਮਸਾਜ ਪਾਰਲਰਾਂ ਅਤੇ ਹੋਟਲਾਂ ਦਾ ਪਤਾ ਲਾਉਣ ਲਈ ਚਲਾਈ ਗਈ ਮੁਹਿੰਮ ਦੇ ਤਹਿਤ 21 ਅਕਤੂਬਰ ਤੱਕ 3000 ਸਥਾਨਾਂ ’ਤੇ ਛਾਪੇਮਾਰੀ ਕਰ ਕੇ 300 ਲੜਕੇ-ਲੜਕੀਆਂ ਨੂੰ ਗ੍ਰਿਫਤਾਰ ਕਰਨ ਤੋਂ ਇਲਾਵਾ 60 ਤੋਂ ਵੱਧ ਸਪਾ ਸੈਂਟਰਾਂ ਖਿਲਾਫ ਕਾਰਵਾਈ ਅਤੇ ਹੋਟਲਾਂ ਦੇ ਲਾਇਸੈਂਸ ਰੱਦ ਕੀਤੇ। ਇਨ੍ਹਾਂ ’ਚ ਲੜਕੀਆਂ ਮੁਹੱਈਆ ਕਰਵਾਉਣ ਦੇ ਬਦਲੇ ਉਨ੍ਹਾਂ ਕੋਲੋਂ 4000 ਤੋਂ 5000 ਰੁਪਏ ਲਏ ਜਾ ਰਹੇ ਸਨ।

* 14 ਅਕਤੂਬਰ ਨੂੰ ਬਾਲੋਤਰਾ ਅਤੇ ਪਚਪਦਰਾ (ਰਾਜਸਥਾਨ) ’ਚ ਵਿਦੇਸ਼ੀ ਲੜਕੀਆਂ ਨੂੰ ਟੂਰਿਸਟ ਵੀਜ਼ਾ ’ਤੇ ਲਿਆ ਕੇ ਉਨ੍ਹਾਂ ਕੋਲੋਂ ਵੇਸਵਾਗਮਨੀ ਕਰਵਾਉਣ ਦੇ ਦੋਸ਼ ’ਚ ਪੁਲਸ ਨੇ ਵੱਖ-ਵੱਖ ਸਪਾ ਸੈਂਟਰਾਂ ’ਤੇ ਛਾਪੇਮਾਰੀ ਕਰ ਕੇ ਇਕ ਸਥਾਨਕ ਅਤੇ 9 ਵਿਦੇਸ਼ੀ ਲੜਕੀਆਂ, 1 ਸਪਾ ਸੈਂਟਰ ਦੇ ਮੈਨੇਜਰ ਅਤੇ 5 ਗਾਹਕਾਂ ਸਮੇਤ ਕੁੱਲ 16 ਲੋਕਾਂ ਨੂੰ ਗ੍ਰਿਫਤਾਰ ਕੀਤਾ।

* 8 ਅਕਤੂਬਰ ਨੂੰ ਕਾਨਪੁਰ (ਉੱਤਰ ਪ੍ਰਦੇਸ਼) ’ਚ ਇਕ ਹੋਟਲ ’ਚ ਪੁਲਸ ਨੇ ਛਾਪਾ ਮਾਰ ਕੇ ਦੇਹ ਵਪਾਰ ਦੇ ਧੰਦੇ ਦਾ ਭਾਂਡਾ ਭੰਨ ਕੇ 6 ਕਾਲ ਗਰਲਜ਼ ਸਮੇਤ 7 ਲੋਕਾਂ ਨੂੰ ਗ੍ਰਿਫਤਾਰ ਕੀਤਾ, ਜਦਕਿ ਹੋਟਲ ਦਾ ਸੰਚਾਲਕ ਫਰਾਰ ਹੋ ਗਿਆ। ਹੋਟਲ ਦੇ ਕਮਰਿਆਂ ’ਚ ਰੱਖੇ ਕੂੜਾਦਾਨਾਂ ’ਚੋਂ ਇਤਰਾਜ਼ਯੋਗ ਸਮੱਗਰੀ ਵੀ ਬਰਾਮਦ ਕੀਤੀ ਗਈ।

* 3 ਅਕਤੂਬਰ ਨੂੰ ਗਵਾਲੀਅਰ (ਮੱਧ ਪ੍ਰਦੇਸ਼) ਦੇ ਇਕ ਹੋਟਲ ’ਤੇ ਛਾਪਾ ਮਾਰ ਕੇ ਕਈ ਲੜਕੀਆਂ ਨੂੰ ਗਾਹਕਾਂ ਨਾਲ ਫੜਨ ਤੋਂ ਇਲਾਵਾ ਅੱਡੇ ਦੇ ਮਾਲਕ ਦੀ ਪਤਨੀ ਨੂੰ ਗ੍ਰਿਫਤਾਰ ਕੀਤਾ ਗਿਆ, ਜਦਕਿ ਅੱਡੇ ਦਾ ਸਰਗਣਾ ਫਰਾਰ ਹੋ ਗਿਆ।

5000 ਤੋਂ 10,000 ਰੁਪਏ ’ਚ ਗਾਹਕਾਂ ਨੂੰ ਲੜਕੀਆਂ ਮੁਹੱਈਆ ਕਰਵਾਈਆਂ ਜਾਂਦੀਆਂ ਸਨ। ਅੱਡੇ ਤੋਂ ਛੁਡਵਾਈ ਗਈ ਇਕ 14 ਸਾਲਾ ਨਾਬਾਲਗਾ ਅਨੁਸਾਰ ਅੱਡੇ ਦਾ ਸਰਗਣਾ ਉਸ ਨੂੰ ਕਿਸੇ ਕੰਪਨੀ ’ਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਲਿਆਇਆ ਪਰ ਉਸ ਨੂੰ ਦੇਹ ਵਪਾਰ ’ਚ ਧੱਕ ਦਿੱਤਾ।

* 1 ਅਕਤੂਬਰ ਨੂੰ ਦਿੱਲੀ ਦੀ ਆਨੰਦ ਵਿਹਾਰ ਥਾਣਾ ਪੁਲਸ ਨੇ ਇਕ ਸਪਾ ਸੈਂਟਰ ’ਚ ਚੱਲ ਰਹੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼ ਕਰ ਕੇ ਇਕ ਔਰਤ ਅਤੇ 2 ਲੋਕਾਂ ਨੂੰ ਗ੍ਰਿਫਤਾਰ ਕੀਤਾ।

* 28 ਸਤੰਬਰ ਨੂੰ ਹਰਿਦੁਆਰ (ਉੱਤਰਾਖੰਡ) ਸਥਿਤ ਇਕ ਹੋਟਲ ’ਚ ਛਾਪਾ ਮਾਰਨ ’ਤੇ ਪੁਲਸ ਨੂੰ ਉੱਥੋਂ ਕੁਝ ਇਤਰਾਜ਼ਯੋਗ ਸਮੱਗਰੀ ਤੋਂ ਇਲਾਵਾ ਹੋਟਲ ਦੇ ਮੈਨੇਜਰ ਦੇ ਮੋਬਾਇਲ ’ਚੋਂ ਕਈ ਲੜਕੀਆਂ ਦੀਆਂ ਇਤਰਾਜ਼ਯੋਗ ਫੋਟੋਆਂ ਅਤੇ ਸ਼ੱਕੀ ਨੰਬਰ ਮਿਲੇ।

* 21 ਸਤੰਬਰ ਨੂੰ ਚਕਰਾਤਾ ਰੋਡ (ਦੇਹਰਾਦੂਨ) ਸਥਿਤ ਇਕ ਸਪਾ ਸੈਂਟਰ ਦੀ ਆੜ ’ਚ ਚੱਲ ਰਹੇ ਅਨੈਤਿਕ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼ ਕਰ ਕੇ ਪੁਲਸ ਨੇ ਉੱਥੋਂ ਇਕ ਨੌਜਵਾਨ ਅਤੇ ਲੜਕੀ ਤੋਂ ਇਲਾਵਾ ਸਪਾ ਸੈਂਟਰ ਦੀ ਮੈਨੇਜਰ ਨੂੰ ਗ੍ਰਿਫਤਾਰ ਕੀਤਾ, ਜਦਕਿ ਸਪਾ ਸੈਂਟਰ ਦਾ ਮਾਲਕ ਫਰਾਰ ਹੈ।

* 14 ਸਤੰਬਰ ਨੂੰ ਕੁਸ਼ੀਨਗਰ (ਉੱਤਰ ਪ੍ਰਦੇਸ਼) ਦੇ ਹੋਟਲਾਂ ਅਤੇ ਨਿੱਜੀ ਘਰਾਂ ’ਚ ਅਨੈਤਿਕ ਦੇਹ ਵਪਾਰ ਦੇ ਦੋਸ਼ ’ਚ 10 ਮਰਦਾਂ ਅਤੇ 15 ਔਰਤਾਂ ਸਮੇਤ 25 ਲੋਕਾਂ ਨੂੰ ਗ੍ਰਿਫਤਾਰ ਕਰ ਕੇ ਜੇਲ ਭੇਜਿਆ ਗਿਆ।

* 2 ਸਤੰਬਰ ਨੂੰ ਹਲਦਵਾਨੀ (ਉੱਤਰਾਖੰਡ) ’ਚ ਐਂਟੀ ਹਿਊਮਨ ਟ੍ਰੈਫਿਕਿੰਗ ਸੈੱਲ ਨੇ ਇਕ ਹੋਟਲ ’ਚ ਛਾਪਾ ਮਾਰ ਕੇ ਦੇਹ ਵਪਾਰ ਦੇ ਧੰਦੇ ਦਾ ਭਾਂਡਾ ਭੰਨ ਕੇ ਮੈਨੇਜਰ ਅਤੇ ਦਲਾਲ ਸਮੇਤ 5 ਲੋਕਾਂ ਨੂੰ ਗ੍ਰਿਫਤਾਰ ਕੀਤਾ।

ਇਕ ਨੌਜਵਾਨ ਅਤੇ ਖੁਦ ਦਲਾਲ ਇਕ ਔਰਤ ਨਾਲ ਅਨੈਤਿਕ ਕੰਮ ਕਰ ਰਹੇ ਸਨ।

ਜਿੱਥੇ ਇਸ ਧੰਦੇ ’ਚ ਸ਼ਾਮਲ ਲੋਕਾਂ ਅਤੇ ਇਸ ਕੰਮ ’ਚ ਉਨ੍ਹਾਂ ਦੀ ਸਹਾਇਤਾ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕਰਨ ਅਤੇ ਸਖਤ ਤੋਂ ਸਖਤ ਸਜ਼ਾ ਦੇਣ ਦੀ ਲੋੜ ਹੈ, ਉੱਥੇ ਹੀ ਇਸ ਚਿੱਕੜ ਵਿਚੋਂ ਲੜਕੀਆਂ ਨੂੰ ਕੱਢ ਕੇ ਅਤੇ ਇਸ ਧੰਦੇ ’ਚ ਆਉਣ ਦੇ ਪਿੱਛੇ ਉਨ੍ਹਾਂ ਦੀਆਂ ਮਜਬੂਰੀਆਂ ਦਾ ਪਤਾ ਲਾ ਕੇ ਉਨ੍ਹਾਂ ਨੂੰ ਦੂਰ ਕਰਨ ਅਤੇ ਉਨ੍ਹਾਂ ਦਾ ਪੁਰਨਵਾਸ ਕਰਨ ਲਈ ਪ੍ਰਭਾਵਸ਼ਾਲੀ ਕਦਮ ਚੁੱਕਣ ਦੀ ਵੀ ਓਨੀ ਹੀ ਲੋੜ ਹੈ।

-ਵਿਜੇ ਕੁਮਾਰ

Mukesh

This news is Content Editor Mukesh