ਸੈਕਸ ਸ਼ੋਸ਼ਣ ਦੇ ਦੋਸ਼ ’ਚ ਹੁਣ ਇਕ ‘ਪਾਦਰੀ’ ਫਸਿਆ

07/12/2023 3:22:12 AM

ਸੰਤ-ਮਹਾਤਮਾ ਦੇਸ਼ ਅਤੇ ਸਮਾਜ ਦਾ ਮਾਰਗਦਰਸ਼ਨ ਕਰਦੇ ਹਨ ਪਰ ਕੁਝ ਲੋਕ ਸੰਤ-ਮਹਾਤਮਾ ਅਤੇ ਬਾਬਿਆਂ ਦਾ ਚੋਲਾ ਪਹਿਨ ਕੇ ਇਸ ਦੇ ਉਲਟ ਆਚਰਣ ਕਰ ਕੇ ਅਸਲੀ ਸੰਤ-ਮਹਾਤਮਾ ਦੀ ਬਦਨਾਮੀ ਦਾ ਕਾਰਨ ਬਣ ਰਹੇ ਹਨ।

ਇਸ ਦੀ ਤਾਜ਼ਾ ਉਦਾਹਰਣ ਹਾਲ ਹੀ ’ਚ ਗੁਰਦਾਸਪੁਰ (ਪੰਜਾਬ) ਦੇ ਪਿੰਡ ਅੱਬਲਖੈਰ ’ਚ ਸਾਹਮਣੇ ਆਈ। ਪੁਲਸ ਅਨੁਸਾਰ ਪਾਦਰੀ ਜਸ਼ਨ ਗਿੱਲ ਪੁੱਤਰ ਅਨਾਇਤ ਮਸੀਹ ਨੇ ਆਪਣੇ ਘਰ ’ਚ ਚਰਚ ਬਣਾਇਆ ਹੋਇਆ ਸੀ ਅਤੇ ਕੁਝ ਸਾਲਾਂ ਤੋਂ ਲੋਕਾਂ ਦੇ ਦੁੱਖ ਦੂਰ ਕਰਨ ਦਾ ਦਾਅਵਾ ਕਰ ਕੇ ਪ੍ਰਾਰਥਨਾ ਸਭਾਵਾਂ ਦਾ ਆਯੋਜਨ ਕਰਦਾ ਆ ਰਿਹਾ ਸੀ।

ਇਕ ਵਿਅਕਤੀ ਆਪਣੀ 21 ਸਾਲਾ ਬੇਟੀ ਨਾਲ ਇਥੇ ਆਉਂਦਾ ਸੀ ਅਤੇ ਪਾਦਰੀ ਨੇ ਉਕਤ ਲੜਕੀ ਨਾਲ ਸਰੀਰਕ ਸਬੰਧ ਬਣਾ ਲਏ ਅਤੇ ਉਸ ਦੇ ਗਰਭਵਤੀ ਹੋ ਜਾਣ ’ਤੇ ਆਪਣੀ ਵਾਕਿਫ ਨਰਸ ਤੋਂ ਉਸ ਦਾ ਗਰਭਪਾਤ ਕਰਵਾ ਦਿੱਤਾ ਪਰ ਪੇਟ ’ਚ ਇਨਫੈਕਸ਼ਨ ਫੈਲ ਜਾਣ ਕਾਰਨ ਲੜਕੀ ਦੀ ਮੌਤ ਹੋ ਗਈ।

ਹੁਣ ਮ੍ਰਿਤਕ ਲੜਕੀ ਦੇ ਪਿਤਾ ਦੀ ਸ਼ਿਕਾਇਤ ’ਤੇ ਦੋਸ਼ੀ ਪਾਦਰੀ ਅਤੇ ਨਰਸ ਵਿਰੁੱਧ ਦੀਨਾਨਗਰ ਥਾਣੇ ’ਚ ਕੇਸ ਦਰਜ ਕਰਨ ਪਿੱਛੋਂ ਪੁਲਸ ਇਨ੍ਹਾਂ ਦੋਹਾਂ ਦੀ ਭਾਲ ’ਚ ਛਾਪੇਮਾਰੀ ਕਰ ਰਹੀ ਹੈ।

ਜ਼ਿਕਰਯੋਗ ਹੈ ਕਿ ਅਜਿਹੇ ਹੀ ਮਾਮਲਿਆਂ ’ਚ ਆਸਾਰਾਮ ਬਾਪੂ, ਫਲਾਹਾਰੀ ਬਾਬਾ, ਗੁਰਮੀਤ ਰਾਮ ਰਹੀਮ ਸਿੰਘ, ਬਾਬਾ ਵੈਰਾਗਿਆ ਨੰਦਗਿਰੀ ਉਰਫ ‘ਮਿਰਚੀ ਬਾਬਾ’, ‘ਸ਼ਿਵਮੂਰਤੀ ਮੁਰੂਘਾ ਸ਼ਰਨਾਰੂ’ ਅਤੇ ਜਲੇਬੀ ਬਾਬਾ ਆਦਿ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।

ਇਹੀ ਨਹੀਂ, ਪਿਛਲੇ ਕੁਝ ਸਾਲਾਂ ਦੌਰਾਨ ਲੜਕੇ-ਲੜਕੀਆਂ ਦਾ ਸੈਕਸ ਸ਼ੋਸ਼ਣ ਕਰਨ, ਉਨ੍ਹਾਂ ਦਾ ਵੀਡੀਓ ਬਣਾ ਕੇ ਬਲੈਕਮੇਲ ਕਰਨ ਦੇ ਦੋਸ਼ਾਂ ’ਚ ਕੁਝ ਪਾਦਰੀ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ।

ਇਨ੍ਹਾਂ ’ਚ ‘ਸਾਇਰੋ ਮੇਲੰਕਾਰ ਕੈਥੋਲਿਕ ਚਰਚ’, ਕੰਨਿਆਕੁਮਾਰੀ ਦੇ ਪਾਦਰੀ ਬੈਨੇਡਿਕਟ ਐਂਟੋ, ‘ਮਾਰਤੋਮਾ ਸੀਰੀਅਨ ਚਰਚ’, ਐਰਨਾਕੁਲਮ ਦੇ ਪਾਦਰੀ ‘ਪਨਾਵਿਤਾ ਥਾਮਸ’ ਅਤੇ ਮੁੰਬਈ ਦੇ ਇਕ ਕੈਥੋਲਿਕ ਪਾਦਰੀ ‘ਫਾਦਰ ਜਾਨਸਨ ਲਾਰੈਂਸ’ ਆਦਿ ਸ਼ਾਮਲ ਹਨ।

ਇਸ ਨੂੰ ਦੇਖਦੇ ਹੋਏ 28 ਫਰਵਰੀ, 2013 ਨੂੰ ਵੈਟੀਕਨ ਦੇ 266ਵੇਂ ਪੋਪ ਬਣੇ ਪੋਪ ਫ੍ਰਾਂਸਿਸ ਨੇ ਅਹੁਦਾ ਸੰਭਾਲਦਿਆਂ ਹੀ ਪਾਦਰੀਆਂ ਵਲੋਂ ਸੈਕਸ ਸ਼ੋਸ਼ਣ, ਭ੍ਰਿਸ਼ਟਾਚਾਰ ਅਤੇ ਹੋਰ ਬੁਰਾਈਆਂ ਨੂੰ ਰੋਕਣ ਲਈ ਕਾਫੀ ਮਹੱਤਵਪੂਰਨ ਕ੍ਰਾਂਤੀਕਾਰੀ ਸੁਧਾਰ ਲਾਗੂ ਕਰਨੇ ਸ਼ੁਰੂ ਕਰ ਦਿੱਤੇ ਸਨ।

ਇਸੇ ਸਿਲਸਿਲੇ ’ਚ ਉਨ੍ਹਾਂ ਨੇ 2013 ’ਚ ਪਹਿਲੀ ਵਾਰ ਸਵੀਕਾਰ ਕੀਤਾ ਸੀ ਕਿ ਵੈਟੀਕਨ ’ਚ ‘ਗੇਅ’ ਹਮਾਇਤੀ ਲੌਬੀ ਮੌਜੂਦ ਹੈ ਜਿਸ ਦੀ ਉਨ੍ਹਾਂ ਨੇ ਘੋਰ ਨਿੰਦਾ ਕੀਤੀ। ਇਹੀ ਨਹੀਂ, ਅਗਲੇ ਸਾਲ ਅਮਰੀਕਾ ’ਚ ਮੈਰੋਨਾਈਟ ਕੈਥੋਲਿਕ ਗਿਰਜਾਘਰ ’ਚ ਇਕ ਸ਼ਾਦੀਸ਼ੁਦਾ ਵਿਅਕਤੀ ਨੂੰ ਪਾਦਰੀ ਬਣਾ ਕੇ ਇਕ ਨਵੀਂ ਪਹਿਲ ਕੀਤੀ ਗਈ।

ਸਾਲ 2021 ’ਚ ਪੋਪ ਫ੍ਰਾਂਸਿਸ ਨੇ ਔਰਤਾਂ ਨੂੰ ਕੈਥੋਲਿਕ ਚਰਚ ’ਚ ਬਰਾਬਰੀ ਦਾ ਦਰਜਾ ਅਤੇ ਉਨ੍ਹਾਂ ਨੂੰ ਚਰਚ ਦੀ ਪ੍ਰਾਰਥਨਾ ਕਰਵਾਉਣ ਦੀ ਪ੍ਰਕਿਰਿਆ ’ਚ ਸ਼ਾਮਲ ਹੋਣ ਦਾ ਅਧਿਕਾਰ ਦੇਣ ਦਾ ਫੈਸਲਾ ਲਿਆ ਅਤੇ ਕਿਹਾ ਕਿ ਪ੍ਰਾਰਥਨਾ ਪ੍ਰਕਿਰਿਆ ’ਚ ਸ਼ਾਮਲ ਔਰਤਾਂ ਕਿਸੇ ਦਿਨ ਪਾਦਰੀ ਦਾ ਦਰਜਾ ਵੀ ਪ੍ਰਾਪਤ ਕਰਨਗੀਆਂ।

ਸਾਲ 2022 ’ਚ ਪੋਪ ਨੇ ਵੈਟੀਕਨ ਦੇ 5300 ਬਿਸ਼ਪਾਂ (ਧਰਮ ਮੁਖੀਆਂ) ਦੀ ਚੋਣ ਲਈ ਉਨ੍ਹਾਂ ਨੂੰ ਸਲਾਹ ਦੇਣ ਵਾਲੀ ਕਮੇਟੀ ’ਚ ਪਹਿਲੀ ਵਾਰ ਔਰਤਾਂ ਨੂੰ ਨਿਯੁਕਤ ਕਰਨ ਦਾ ਐਲਾਨ ਕੀਤਾ।

ਇਸੇ ਸਾਲ ਪੋਪ ਫ੍ਰਾਂਸਿਸ ਨੇ ਸਵੀਕਾਰ ਕੀਤਾ ਕਿ ਕਈ ਪਾਦਰੀ ਅਤੇ ਨਨ ਵੀ ਪੋਰਨ ਦੇਖਦੇ ਹਨ। ਉਨ੍ਹਾਂ ਨੇ ਧਾਰਮਿਕ ਖੇਤਰ ਨਾਲ ਜੁੜੇ ਲੋਕਾਂ ਨੂੰ ਇਸ ਤੋਂ ਬਚਣ ਦੀ ਚਿਤਾਵਨੀ ਦਿੰਦਿਆਂ ਕਿਹਾ ਕਿ ‘‘ਸਾਡੀ ਜ਼ਿੰਦਗੀ ’ਚ ਸ਼ੈਤਾਨ ਹੁਣ ਇਸ ਮਾਧਿਅਮ ਰਾਹੀਂ ਪ੍ਰਵੇਸ਼ ਕਰ ਰਿਹਾ ਹੈ। ਜੋ ਜੀਸਸ ਦੀ ਸ਼ਰਨ ’ਚ ਹੋਣ ਦੀ ਗੱਲ ਕਰਦੇ ਹਨ, ਉਨ੍ਹਾਂ ਨੂੰ ਪੋਰਨ ਨਹੀਂ ਦੇਖਣਾ ਚਾਹੀਦਾ। ਤੁਹਾਨੂੰ ਇਸ ਨੂੰ ਆਪਣੇ ਫੋਨ ਤੋਂ ਬਾਹਰ ਕਰਨਾ ਪਵੇਗਾ।’’

ਇਹ ਸਿਰਫ ਈਸਾਈ ਫਿਰਕੇ ਲਈ ਹੀ ਨਹੀਂ ਸਗੋਂ ਸਮੁੱਚੇ ਸੱਭਿਅਕ ਸਮਾਜ ’ਤੇ ਲਾਗੂ ਹੁੰਦੇ ਹਨ। ਇਨ੍ਹਾਂ ਨੂੰ ਅਪਣਾਉਣ ਨਾਲ ਜ਼ਿੰਦਗੀ ’ਚ ਸੁੱਚਮਤਾ ਆਏਗੀ ਅਤੇ ਇਸ ਬੁਰਾਈ ਨੂੰ ਖਤਮ ਕਰਨ ’ਚ ਕੁਝ ਸਹਾਇਤਾ ਵੀ ਮਿਲ ਸਕੇਗੀ।

–ਵਿਜੇ ਕੁਮਾਰ

Mukesh

This news is Content Editor Mukesh