ਸਿਆਸਤ ਦੀਆਂ ਕੁਝ ਵੱਡੀਆਂ ਹਸਤੀਆਂ ਸੈਕਸ ਸ਼ੋਸ਼ਣ ਦੇ ਦੋਸ਼ਾਂ ਦੇ ਘੇਰੇ ’ਚ

11/07/2023 4:42:34 AM

ਅੱਜਕਲ ਭਾਰਤੀ ਸਿਆਸਤ ਨਾਲ ਜੁੜੇ ਕੁਝ ਵੱਡੇ ਨੇਤਾ-ਸੰਸਦ ਮੈਂਬਰ ਭਾਰਤੀ ਕੁਸ਼ਤੀ ਫੈੱਡਰੇਸ਼ਨ ਦੇ ਸਾਬਕਾ ਪ੍ਰਧਾਨ ਬ੍ਰਿਜਭੂਸ਼ਣ ਸ਼ਰਨ ਸਿੰਘ, ਹਰਿਆਣਾ ਦੇ ਸਾਬਕਾ ਖੇਡ ਮੰਤਰੀ ਸੰਦੀਪ ਸਿੰਘ ਅਤੇ ਸਾਬਕਾ ਕੇਂਦਰੀ ਮੰਤਰੀ ਅਤੇ ਭਾਜਪਾ ਆਗੂ ਸ਼ਾਹਨਵਾਜ਼ ਹੁਸੈਨ ਅਤੇ ਸਾਬਕਾ ਵਿਧਾਇਕ ਵਿਜੇ ਮਿਸ਼ਰ ਸੈਕਸ ਸ਼ੋਸ਼ਣ ਦੇ ਦੋਸ਼ਾਂ ’ਚ ਘਿਰੇ ਹੋਏ ਹਨ।

ਬ੍ਰਿਜਭੂਸ਼ਣ ਸ਼ਰਨ ਸਿੰਘ ’ਤੇ ਵੱਖ-ਵੱਖ ਮਹਿਲਾ ਪਹਿਲਵਾਨਾਂ ਨੇ ਲਗਭਗ ਇਕ ਦਹਾਕੇ ਦੇ ਸਮੇਂ ਦੇ ਦੌਰਾਨ ਸੈਕਸ ਸ਼ੋਸ਼ਣ, ਬੇਲੋੜੇ ਢੰਗ ਨਾਲ ਛੂਹਣ (ਬੈਡ ਟਚ), ਟਟੋਲਨ, ਪਿੱਛਾ ਕਰਨ ਅਤੇ ਡਰਾਉਣ ਧਮਕਾਉਣ ਆਦਿ ਦੇ ਮਾਮਲਿਆਂ ’ਚ ਐੱਫ.ਆਈ.ਆਰ. ਦਰਜ ਕਰਵਾਈ ਹੈ। ਬ੍ਰਿਜਭੂਸ਼ਣ ਸਿੰਘ ਨੇ ਇਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ ਹੈ। ਅਜੇ ਇਹ ਮਾਮਲਾ ਅਦਾਲਤ ’ਚ ਚੱਲ ਰਿਹਾ ਹੈ।

ਦੂਜਾ ਮਾਮਲਾ ਹਰਿਆਣਾ ਦੇ ਸਾਬਕਾ ਖੇਡ ਮੰਤਰੀ ਅਤੇ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਸੰਦੀਪ ਸਿੰਘ ਦਾ ਹੈ, ਜਿਨ੍ਹਾਂ ’ਤੇ ਇਕ ਜੂਨੀਅਰ ਮਹਿਲਾ ਕੋਚ ਨੇ ਸੈਕਸ ਸ਼ੋਸ਼ਣ ਕਰਨ ਦੇ ਦੋਸ਼ ਲਾਏ ਹਨ।

ਇਸ ਮਾਮਲੇ ਨੂੰ ਲੈ ਕੇ ਵਿਰੋਧੀ ਪਾਰਟੀਆਂ ਨੇ ਮੰਤਰੀ ਦੇ ਅਸਤੀਫੇ ਦੀ ਮੰਗ ਕੀਤੀ ਸੀ ਪਰ ਮੁੱਖ ਮੰਤਰੀ ਮਨੋਹਰ ਲਾਲ ਨੇ ਸਿਰਫ ਉਨ੍ਹਾਂ ਕੋਲੋਂ ਖੇਡ ਵਿਭਾਗ ਲੈ ਲਿਆ ਸੀ। ਮਹਿਲਾ ਕੋਚ ਨੇ ਮੰਤਰੀ ਵਿਰੁੱਧ ਪੰਜ ਪਟੀਸ਼ਨਾਂ ਦਾਇਰ ਕੀਤੀਆਂ ਹੋਈਆਂ ਹਨ ਅਤੇ ਕੇਸ ਦੀ ਸੁਣਵਾਈ ਮੈਜਿਸਟ੍ਰੇਟ ਕੋਰਟ ਦੀ ਬਜਾਏ ਸੈਸ਼ਨ ਕੋਰਟ ’ਚ ਕਰਨ ਦੀ ਮੰਗ ਕੀਤੀ ਹੈ।

3 ਨਵੰਬਰ ਨੂੰ ਉਕਤ ਮਾਮਲੇ ’ਚ ਚੰਡੀਗੜ੍ਹ ਦੀ ਜ਼ਿਲਾ ਅਦਾਲਤ ’ਚ ਪੇਸ਼ ਹੋ ਕੇ ਸੰਦੀਪ ਸਿੰਘ ਨੇ ਸ਼ਿਕਾਇਤਕਰਤਾ ਕੋਚ ਵੱਲੋਂ ਦਾਇਰ ਕੀਤੀਆਂ ਗਈਆਂ ਅਰਜ਼ੀਆਂ ਸਬੰਧੀ ਆਪਣਾ ਲਿਖਤੀ ਜਵਾਬ ਦਾਖਲ ਕੀਤਾ। ਹੁਣ ਇਸ ਮਾਮਲੇ ’ਚ ਅਗਲੀ ਸੁਣਵਾਈ ਲਈ 2 ਦਸੰਬਰ ਦੀ ਮਿਤੀ ਤੈਅ ਕੀਤੀ ਗਈ ਹੈ।

ਇਸ ਦੇ ਨਾਲ ਹੀ ਪੀੜਤਾ ਦੀ ਪਛਾਣ ਉਜਾਗਰ ਕਰਨ ਦੇ ਮਾਮਲੇ ’ਚ ਮੁਲਜ਼ਮਾਂ ’ਤੇ ਕੀਤੀ ਗਈ ਕਾਰਵਾਈ ਵੀ ਸਟੇਟਸ ਰਿਪੋਰਟ ਵੀ ਯੂ.ਟੀ. ਪੁਲਿਸ ਵੱਲੋਂ ਅਦਾਲਤ ’ਚ ਦਾਖਲ ਕਰ ਦਿੱਤੀ ਗਈ ਹੈ।

ਤੀਜਾ ਹਾਈ ਪ੍ਰੋਫਾਈਲ ਮਾਮਲਾ ਭਾਜਪਾ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਸਈਦ ਸ਼ਾਹਨਵਾਜ਼ ਹੁਸੈਨ ਦਾ ਹੈ, ਜਿਨ੍ਹਾਂ ਨੂੰ ਦਿੱਲੀ ਦੀ ਇਕ ਮੈਜਿਸਟ੍ਰੇਟ ਅਦਾਲਤ ਨੇ ਜਬਰ-ਜ਼ਨਾਹ ਅਤੇ ਅਪਰਾਧਿਕ ਧਮਕੀ ਦਿੱਤੇ ਜਾਣ ਦਾ ਦੋਸ਼ ਲਾਉਣ ਵਾਲੀ ਇਕ ਅੌਰਤ ਦੀ ਸ਼ਿਕਾਇਤ ’ਤੇ 11 ਅਕਤੂਬਰ ਨੂੰ ਤਲਬ ਕਰਨ ਪਿੱਛੋਂ ਕਥਿਤ ਅਪਰਾਧ ਦਾ ਨੋਟਿਸ ਲੈ ਕੇ 20 ਅਕਤੂਬਰ ਨੂੰ ਅਦਾਲਤ ’ਚ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਸੀ।

ਪਰ 17 ਅਕਤੂਬਰ ਨੂੰ ਨਵੀਂ ਦਿੱਲੀ ਦੀ ਇਕ ਅਦਾਲਤ ਵੱਲੋਂ ਸ਼ਾਹਨਵਾਜ਼ ਹੁਸੈਨ ਵਿਰੁੱਧ ਜਾਰੀ ਸੰਮਨ ’ਤੇ ਵਿਸ਼ੇਸ਼ ਅਦਾਲਤ ਨੇ ਰੋਕ ਲਾਉਣ ਪਿੱਛੋਂ ਸ਼ਿਕਾਇਤਕਰਤਾ ਨੂੰ ਇਕ ਨੋਟਿਸ ਜਾਰੀ ਕਰ ਕੇ 8 ਨਵੰਬਰ ਤੱਕ ਉਸ ਕੋਲੋਂ ਜਵਾਬ ਮੰਗਿਆ ਹੈ। ਵਰਨਣਯੋਗ ਹੈ ਕਿ ਸ਼ਾਹਨਵਾਜ਼ ਹੁਸੈਨ ਨੇ ਇਨ੍ਹਾਂ ਸਭ ਦੋਸ਼ਾਂ ਤੋਂ ਇਨਕਾਰ ਕੀਤਾ ਹੈ।

ਅਤੇ ਹੁਣ 4 ਨਵੰਬਰ ਨੂੰ ਭਦੋਹੀ (ਉੱਤਰ ਪ੍ਰਦੇਸ਼) ਦੀ ਇਕ ਫਾਸਟ ਟ੍ਰੈਕ ਅਦਾਲਤ (ਦੋਇਮ) ਦੇ ਜਸਟਿਸ ਸੁਬੋਧ ਸਿੰਘ ਨੇ ਵਾਰਾਨਸੀ ਦੀ ਇਕ ਗਾਇਕਾ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ੀ ਸਾਬਕਾ ਵਿਧਾਇਕ ਵਿਜੇ ਮਿਸ਼ਰ ਨੂੰ 15 ਸਾਲ ਦੀ ਕੈਦ ਅਤੇ 1 ਲੱਖ ਰੁਪਏ ਜੁਰਮਾਨਾ ਅਤੇ ਇਸ ਦੇ ਨਾਲ ਹੀ ਧਮਕੀ ਦੇਣ ਦੇ ਦੋਸ਼ ਹੇਠ ਦੋ ਸਾਲ ਦੀ ਕੈਦ ਅਤੇ 10,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ।

ਵਾਰਾਨਸੀ ਦੀ ਰਹਿਣ ਵਾਲੀ ਇਕ ਗਾਇਕਾ ਨੇ ਸਾਲ 2020 ’ਚ ਪੁਲਿਸ ਨੂੰ ਸ਼ਿਕਾਇਤ ਪੱਤਰ ਦਿੰਦੇ ਹੋਏ ਦੋਸ਼ ਲਾਇਆ ਸੀ ਕਿ ਬਾਹੁਬਲੀ ਅਤੇ ਗਿਆਨਪੁਰ ਦੇ ਸਾਬਕਾ ਵਿਧਾਇਕ ਵਿਜੇ ਮਿਸ਼ਰ, ਉਸਦੇ ਬੇਟੇ ਵਿਸ਼ਨੂੰ ਮਿਸ਼ਰ ਅਤੇ ਪੋਤਰੇ ਜੋਤੀ ਉਰਫ ਵਿਕਾਸ ਮਿਸ਼ਰ ਨੇ 2014 ਦੀਆਂ ਚੋਣਾਂ ਦੌਰਾਨ ਪ੍ਰੋਗਰਾਮ ਦੇ ਬਹਾਨੇ ਬੁਲਾ ਕੇ ਉਸ ਨਾਲ ਸਮੂਹਿਕ ਜਬਰ-ਜ਼ਨਾਹ ਕੀਤਾ ਸੀ ਪਰ ਉਸ ਸਮੇਂ ਵਿਜੇ ਮਿਸ਼ਰ ਦੇ ਦਬਦਬੇ ਕਾਰਨ ਉਹ ਕੁਝ ਨਹੀਂ ਕਰ ਸਕੀ।

ਵਿਜੇ ਮਿਸ਼ਰ ’ਤੇ ਉੱਤਰ ਪ੍ਰਦੇਸ਼ ਦੇ ਵੱਖ-ਵੱਖ ਜ਼ਿਲਿਆਂ ’ਚ ਕੁੱਲ 83 ਮੁਕੱਦਮੇ ਦਰਜ ਹਨ ਅਤੇ ਇਹ ਤੀਜਾ ਮਾਮਲਾ ਹੈ ਜਿਸ ’ਚ ਉਸ ਨੂੰ ਸਜ਼ਾ ਸੁਣਾਈ ਗਈ ਹੈ ਜਦੋਂ ਕਿ ਉਸ ਦੇ ਬੇਟੇ ਅਤੇ ਪੋਤਰੇ ਨੂੰ ਦੋਸ਼ ਮੁਕਤ ਕਰਾਰ ਦੇ ਦਿੱਤਾ ਗਿਆ ਹੈ।

ਜਸਟਿਸ ਸੁਬੋਧ ਸਿੰਘ ਨੇ ਸਜ਼ਾ ਸੁਣਾਉਂਦੇ ਹੋਏ ਆਪਣੀ ਟਿੱਪਣੀ ’ਚ ਕਿਹਾ , ‘‘ ਜਿਸ ਵਿਅਕਤੀ ਨੂੰ ਲੋਕ ਆਪਣਾ ਪ੍ਰਤੀਨਿਧੀ ਚੁਣਦੇ ਹਨ, ਉਸ ਦਾ ਜਬਰ-ਜ਼ਨਾਹ ਵਰਗੇ ਕੰਮਾਂ ’ਚ ਸ਼ਾਮਲ ਹੋਣਾ ਲੋਕਾਂ ਨਾਲ ਧੋਖੇ ਤੋਂ ਘੱਟ ਨਹੀਂ ਹੈ ਅਤੇ ਲੋਕ ਪ੍ਰਤੀਨਿਧੀਆਂ ਦੇ ਇਸ ਤਰ੍ਹਾਂ ਦੇ ਕੰਮਾਂ ਨਾਲ ਉਨ੍ਹਾਂ ਤੋਂ ਲੋਕਾਂ ਦਾ ਭਰੋਸਾ ਟੁੱਟਦਾ ਹੈ।’’

ਉਕਤ ਸਭ ਹਾਈ ਪ੍ਰੋਫਾਈਲ ਮਾਮਲਿਆਂ ’ਚ ਵੱਡੀਆਂ ਸਿਆਸੀ ਹਸਤੀਆਂ ਦੀ ਇੱਜ਼ਤ ਦਾਅ ’ਤੇ ਲੱਗੀ ਹੋਈ ਹੈ ਅਤੇ ਫੈਸਲਾ ਹੋਣ ਤੱਕ ਇਹ ਮਾਮਲੇ ਇਨ੍ਹਾਂ ਦੀ ਬਦਨਾਮੀ ਦਾ ਕਾਰਨ ਬਣਦੇ ਰਹਿਣਗੇ। ਇਸ ਲਈ ਜਲਦੀ ਤੋਂ ਜਲਦੀ ਇਨ੍ਹਾਂ ਦਾ ਫੈਸਲਾ ਕੀਤਾ ਜਾਣਾ ਚਾਹੀਦਾ ਹੈ।

-ਵਿਜੇ ਕੁਮਾਰ

Anmol Tagra

This news is Content Editor Anmol Tagra