ਪੁੱਤਰ-ਮੋਹ ਨੂੰ ਤਿਆਗ ਕੇ ''ਥਾਣੇਦਾਰ ਨੇ ਪੇਸ਼ ਕੀਤੀ ਫਰਜ਼ ਦੀ ਪਾਲਣਾ ਦੀ ਮਿਸਾਲ''

03/23/2017 8:21:07 AM

ਅੱਜ ਦੇਸ਼ ''ਚ ਹਰ ਪਾਸੇ ਭ੍ਰਿਸ਼ਟਾਚਾਰ, ਘਟੀਆ ਪ੍ਰਸ਼ਾਸਨ, ਲਾ-ਕਾਨੂੰਨੀ, ਪੱਖਪਾਤ ਅਤੇ ਪਰਿਵਾਰਵਾਦ ਦਾ ਬੋਲਬਾਲਾ ਹੈ। ਇਸ ਨੈਤਿਕ-ਚਰਿਤ੍ਰਿਕ ਪਤਨ ਕਾਰਨ ਦੇਸ਼ ਦੇ ਹਾਲਾਤ ਬਦ ਤੋਂ ਬਦਤਰ ਹੋ ਰਹੇ ਹਨ ਤੇ ਚਾਰੇ ਪਾਸੇ ਨੈਤਿਕਤਾ, ਆਦਰਸ਼ਾਂ ਦੀ ਘੋਰ ਘਾਟ ਦਿਖਾਈ ਦੇ ਰਹੀ ਹੈ। ਅਜਿਹੇ ਨਿਰਾਸ਼ਾਜਨਕ ਮਾਹੌਲ ''ਚ ਅਪਵਾਦ ਵਜੋਂ ਜਨਤਕ ਜੀਵਨ ਨਾਲ ਜੁੜੇ ਕੁਝ ਲੋਕ ਪਰਿਵਾਰਵਾਦ ਅਤੇ ਪੱਖਪਾਤ ਦੀ ਭਾਵਨਾ ਤੋਂ ਉੱਪਰ ਉੱਠ ਕੇ ਫਰਜ਼ਾਂ ਪ੍ਰਤੀ ਆਪਣੀ ਅਟੁੱਟ ਵਫਾਦਾਰੀ ਤੇ ਰਾਸ਼ਟਰਵਾਦ ਦੀ ਅਮਲਯੋਗ ਮਿਸਾਲ ਪੇਸ਼ ਕਰ ਰਹੇ ਹਨ। ਅਜਿਹੇ ਹੀ ਫਰਜ਼ਾਂ ਪ੍ਰਤੀ ਵਫਾਦਾਰ ਸਰਕਾਰੀ ਮੁਲਾਜ਼ਮਾਂ ''ਚੋਂ ਇਕ ਹਨ ਬਿਹਾਰ ਦੇ ਦਰਭੰਗਾ ''ਚ ਤਾਇਨਾਤ ਥਾਣੇਦਾਰ ਪ੍ਰਭਾਸ਼ੰਕਰ ਸਿੰਘ, ਜਿਨ੍ਹਾਂ ਨੇ ਨਿੱਜੀ ਮੋਹ ''ਤੇ ਫਰਜ਼ ਦੀ ਪਾਲਣਾ ਨੂੰ ਤਰਜੀਹ ਦਿੰਦਿਆਂ ਬਿਹਾਰ ''ਚ ਸ਼ਰਾਬ ''ਤੇ ਪੂਰੀ ਤਰ੍ਹਾਂ ਪਾਬੰਦੀ ਦੇ ਬਾਵਜੂਦ ਪਿਛਲੇ ਦਿਨੀਂ ਆਪਣੇ ਹੀ ਬੇਟੇ ਨੂੰ ਸ਼ਰਾਬ ਦੀ ਸਮੱਗਲਿੰਗ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕਰਵਾਇਆ।
ਜ਼ਿਕਰਯੋਗ ਹੈ ਕਿ ਦਰਭੰਗਾ ਸ਼ਹਿਰ ਦੇ ਯੂਨੀਵਰਸਿਟੀ ਥਾਣਾ ਖੇਤਰ ''ਚ ਉਕਤ ਥਾਣੇਦਾਰ ਦੇ ਬੇਟੇ ਇੰਦਰਜੀਤ ਨੇ ਸ਼ਰਾਬ ਵੇਚ ਕੇ ਮੋਟੀ ਰਕਮ ਕਮਾਉਣ ਦੇ ਉਦੇਸ਼ ਨਾਲ ਆਪਣੇ ਘਰ ''ਚ ਵਿਦੇਸ਼ੀ ਸ਼ਰਾਬ ਦੀਆਂ 25 ਬੋਤਲਾਂ ਲੁਕੋ ਕੇ ਰੱਖੀਆਂ ਹੋਈਆਂ ਸਨ।
ਥਾਣੇਦਾਰ ਪ੍ਰਭਾਸ਼ੰਕਰ ਸਿੰਘ ਨੂੰ ਜਿਵੇਂ ਹੀ ਇਸ ਦੀ ਭਿਣਕ ਲੱਗੀ, ਉਸ ਨੇ ਪੁੱਤਰ-ਮੋਹ ''ਚ ਨਾ ਪੈ ਕੇ ਤੁਰੰਤ ਉੱਚ ਅਧਿਕਾਰੀਆਂ ਨੂੰ ਇਸ ਸੰਬੰਧ ''ਚ ਸੂਚਿਤ ਕਰ ਦਿੱਤਾ ਤੇ ਉਨ੍ਹਾਂ ਨੇ ਇੰਦਰਜੀਤ ਨੂੰ ਗ੍ਰਿਫਤਾਰ ਕਰ ਕੇ ਅਦਾਲਤ ''ਚ ਪੇਸ਼ ਕਰਨ ਤੋਂ ਬਾਅਦ ਜੇਲ ਭਿਜਵਾ ਦਿੱਤਾ।
ਅੱਜ ਜਦੋਂ ਸਿਆਸਤ, ਪ੍ਰਸ਼ਾਸਨ ਤੇ ਅਫਸਰਸ਼ਾਹੀ ''ਚ ਪਰਿਵਾਰਵਾਦ ਦਾ ਬੋਲਬਾਲਾ ਹੈ, ਪ੍ਰਭਾਸ਼ੰਕਰ ਸਿੰਘ ਨੇ ਪੁੱਤਰ-ਮੋਹ ਤਿਆਗ ਕੇ ਫਰਜ਼ਾਂ ਦੀ ਪਾਲਣਾ ਦੀ ਅਮਲਯੋਗ ਮਿਸਾਲ ਪੇਸ਼ ਕੀਤੀ ਹੈ। ਜੇਕਰ ਸਾਰੇ ਲੋਕ ਅਜਿਹਾ ਆਚਰਣ ਅਪਣਾ ਲੈਣ ਤਾਂ ਦੇਸ਼ ਦੇ ਜਨਤਕ ਜੀਵਨ ''ਚ ਪਾਕੀਜ਼ਗੀ ਲਿਆਉਣ ''ਚ ਕਾਫੀ ਮਦਦ ਮਿਲ ਸਕਦੀ ਹੈ।
ਇਸ ਲਈ ਉੱਚ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਉਹ ਫਰਜ਼ਾਂ ਪ੍ਰਤੀ ਵਫਾਦਾਰ ਇਸ ਪੁਲਸ ਅਧਿਕਾਰੀ ਨੂੰ ਇਨਾਮ ਵਜੋਂ ਵਿਸ਼ੇਸ਼ ਤਰੱਕੀ ਦੇਣ ਤਾਂ ਕਿ ਇਸ ਨਾਲ ਹੋਰਨਾਂ ਅਧਿਕਾਰੀਆਂ ਨੂੰ ਵੀ ਨਿੱਜੀ ਸਵਾਰਥਾਂ ਨੂੰ ਛੱਡ ਕੇ ਫਰਜ਼ਾਂ ਦੀ ਪਾਲਣਾ ਕਰਨ ਅਤੇ ਦੇਸ਼, ਸਮਾਜ ਦੇ ਹਿੱਤ ਨੂੰ ਸਭ ਤੋਂ ਉੱਪਰ ਰੱਖਣ ਦੀ ਪ੍ਰੇਰਨਾ ਅਤੇ ਉਤਸ਼ਾਹ ਮਿਲੇ।
—ਵਿਜੇ ਕੁਮਾਰ

Vijay Kumar Chopra

This news is Chief Editor Vijay Kumar Chopra