ਪਹਿਲਾਂ ਦੇਸ਼ ਨੂੰ ਗਜ਼ਨੀ, ਗੌਰੀ ਤੇ ਅੰਗਰੇਜ਼ਾਂ ਨੇ ਲੁੱਟਿਆ ਤੇ ਹੁਣ ਉਦਯੋਗਪਤੀ ਲੁੱਟ ਰਹੇ ਹਨ : ਸ਼ਾਂਤਾ ਕੁਮਾਰ

02/20/2018 3:02:33 AM

ਲੱਗਭਗ ਇਕ ਮਹੀਨੇ ਅੰਦਰ ਦੇਸ਼ ਵਿਚ 2 ਵੱਡੇ ਬੈਂਕ ਘਪਲੇ ਜ਼ਾਹਿਰ ਹੋਏ। ਦੇਸ਼ ਦੇ ਦੂਜੇ ਸਭ ਤੋਂ ਵੱਡੇ ਕੌਮੀਕ੍ਰਿਤ ਬੈਂਕ ਪੰਜਾਬ ਨੈਸ਼ਨਲ ਬੈਂਕ ਨਾਲ 11400 ਕਰੋੜ ਰੁਪਏ ਦੇ ਕਰਜ਼ਾ ਘਪਲੇ, ਜੋ ਕੁਝ ਬੈਂਕਰਾਂ ਅਤੇ ਸਰਕਾਰੀ ਅਧਿਕਾਰੀਆਂ ਮੁਤਾਬਿਕ 20,000 ਕਰੋੜ ਰੁਪਏ ਤਕ ਪਹੁੰਚ ਸਕਦਾ ਹੈ, ਵਿਚ ਸ਼ਾਮਿਲ ਮੁੱਖ ਦੋਸ਼ੀ 'ਫਾਇਰ ਸਟਾਰ ਡਾਇਮੰਡਜ਼' ਦਾ ਮਾਲਕ ਨੀਰਵ ਮੋਦੀ ਦੇਸ਼ ਛੱਡ ਕੇ ਜਾ ਚੁੱਕਾ ਹੈ, ਜਦਕਿ ਇਕ ਹੋਰ ਦੋਸ਼ੀ 'ਗੀਤਾਂਜਲੀ ਜੈਮਸ' ਦਾ ਮਾਲਕ ਮੇਹੁਲ ਚੋਕਸੀ ਵੀ ਭਾਰਤ ਤੋਂ ਬਾਹਰ ਹੈ। 
ਇਸ ਘਪਲੇ ਨੂੰ ਲੈ ਕੇ ਉੱਠਿਆ ਤੂਫਾਨ ਅਜੇ ਰੁਕਿਆ ਵੀ ਨਹੀਂ ਸੀ ਕਿ 'ਰੋਟੋਮੈਕ ਪੈੱਨ ਕੰਪਨੀ' ਦੇ ਮਾਲਕ ਪ੍ਰਸਿੱਧ ਉਦਯੋਗਪਤੀ ਵਿਕਰਮ ਕੋਠਾਰੀ ਵਲੋਂ ਵੱਖ-ਵੱਖ ਬੈਂਕਾਂ ਨੂੰ ਕਰੋੜਾਂ ਦਾ ਚੂਨਾ ਲਾਉਣ ਦੀ ਖ਼ਬਰ ਆ ਗਈ।
ਅੱਜ ਜਦੋਂ ਹਰ ਪਾਸੇ ਵੱਡੇ ਕਾਰੋਬਾਰੀਆਂ ਵਲੋਂ ਬੈਂਕ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਅਰਬਾਂ ਰੁਪਏ ਇਧਰੋਂ-ਉਧਰ ਕੀਤੇ ਜਾ ਰਹੇ ਹਨ, ਮੈਨੂੰ ਇੰਦਰਾ ਗਾਂਧੀ ਦੇ ਸ਼ਾਸਨਕਾਲ 'ਚ 1975-76 ਦੌਰਾਨ ਬੈਂਕਾਂ ਵਲੋਂ ਗਰੀਬਾਂ ਨੂੰ ਰਿਕਸ਼ਾ ਖਰੀਦਣ ਲਈ ਸ਼ੁਰੂ ਕਰਵਾਈ ਗਈ ਕਰਜ਼ਾ ਦੇਣ ਦੀ ਮੁਹਿੰਮ ਦਾ ਚੇਤਾ ਆ ਰਿਹਾ ਹੈ। 
ਜਿਨ੍ਹੀਂ ਦਿਨੀਂ ਇਹ ਮੁਹਿੰਮ ਸ਼ੁਰੂ ਕੀਤੀ ਗਈ ਸੀ, ਸਟੇਟ ਬੈਂਕ ਆਫ ਇੰਡੀਆ ਜਲੰਧਰ, ਜਿਥੇ ਸਾਡਾ ਅਕਾਊਂਟ ਸੀ, ਦੇ ਬ੍ਰਾਂਚ ਮੈਨੇਜਰ ਸਾਡੇ ਕੋਲ ਆਏ ਅਤੇ 200-250 ਰਿਕਸ਼ਾ ਚਾਲਕਾਂ ਨੂੰ ਰਿਕਸ਼ਾ ਖਰੀਦਣ ਲਈ ਦਿੱਤੇ ਜਾਣ ਵਾਲੇ ਕਰਜ਼ਾ ਵੰਡ ਸਮਾਗਮ ਵਿਚ ਆਉਣ ਲਈ ਮੈਨੂੰ ਅਤੇ ਵੱਡੇ ਭਰਾ ਰਮੇਸ਼ ਜੀ ਨੂੰ ਸੱਦਾ ਦਿੱਤਾ। 
ਅਸੀਂ ਸਮਾਗਮ 'ਚ ਗਏ, ਜਿਥੇ ਭਾਰੀ ਰੌਣਕ ਅਤੇ ਖੁਸ਼ੀ ਭਰੇ ਮਾਹੌਲ ਦਰਮਿਆਨ ਕਰਜ਼ਾ ਵੰਡਿਆ ਗਿਆ ਅਤੇ ਬਾਅਦ ਵਿਚ ਜਦੋਂ ਅਸੀਂ ਚਾਹ ਪੀਣ ਬੈਠੇ ਤਾਂ ਮੈਂ ਬੈਂਕ ਮੈਨੇਜਰ ਸਾਹਮਣੇ ਖਦਸ਼ਾ ਜ਼ਾਹਿਰ ਕਰਦਿਆਂ ਕਿਹਾ ਕਿ ਕੀ ਇਹ ਪੈਸੇ ਵਾਪਿਸ ਆ ਜਾਣਗੇ? ਇਸ 'ਤੇ ਉਨ੍ਹਾਂ ਕਿਹਾ ਕਿ ਇਹ ਪੈਸੇ ਤਾਂ ਵਾਪਿਸ ਆ ਜਾਣਗੇ, ਸਗੋਂ 'ਵੱਡੇ' ਲੋਕਾਂ ਨੂੰ ਦਿੱਤਾ ਹੋਇਆ ਕਰਜ਼ਾ ਵਾਪਿਸ ਆਉਣਾ ਮੁਸ਼ਕਿਲ ਹੁੰਦਾ ਹੈ। 
ਇਹ ਤਾਂ ਉਨ੍ਹਾਂ ਦਿਨਾਂ ਦੀ ਗੱਲ ਹੈ, ਜਦੋਂ ਬੈਂਕਾਂ 'ਚ ਠੱਗੀ ਦੇ ਛੋਟੇ-ਮੋਟੇ ਮਾਮਲੇ ਹੀ ਸਾਹਮਣੇ ਆਉਂਦੇ ਸਨ ਪਰ ਅੱਜ ਤਾਂ ਪੂਰੀ ਤਰ੍ਹਾਂ ਹਾਲਾਤ ਵਿਗੜ ਚੁੱਕੇ ਹਨ। ਇਕ ਪਾਸੇ ਜਿਥੇ ਗਰੀਬ ਤੇ ਆਮ ਲੋਕ ਈਮਾਨਦਾਰੀ ਭਰਿਆ ਜੀਵਨ ਜੀਅ ਰਹੇ ਹਨ ਅਤੇ ਬੈਂਕਾਂ ਦਾ ਕਰਜ਼ਾ ਨਾ ਚੁਕਾ ਸਕਣ ਦੀ 'ਸ਼ਰਮਿੰਦਗੀ' ਵਿਚ ਕਿਸਾਨ ਖ਼ੁਦਕੁਸ਼ੀਆਂ ਕਰ ਰਹੇ ਹਨ, ਉਥੇ ਹੀ ਦੂਜੇ ਪਾਸੇ ਸਮਾਜ ਦੇ ਕਥਿਤ ਪ੍ਰਭਾਵਸ਼ਾਲੀ ਅਤੇ ਉੱਚ ਵਰਗ ਨਾਲ ਸਬੰਧਤ ਚੰਦ ਹਾਈ-ਪ੍ਰੋਫਾਈਲ ਲੋਕ ਬੈਂਕਾਂ ਦਾ ਧਨ ਹੜੱਪ ਰਹੇ ਹਨ। 
ਇਸੇ ਬਾਰੇ ਸੀਨੀਅਰ ਭਾਜਪਾ ਨੇਤਾ ਸ਼੍ਰੀ ਸ਼ਾਂਤਾ ਕੁਮਾਰ ਨੇ ਇਕ ਬਿਆਨ ਵਿਚ ਇਹੋ ਗੱਲ ਕਹੀ ਹੈ ਕਿ ''ਅੱਜ ਕਰਜ਼ੇ ਦੇ ਬੋਝ ਹੇਠਾਂ ਦੱਬੇ ਕਿਸਾਨ ਤਾਂ ਖ਼ੁਦਕੁਸ਼ੀਆਂ ਕਰ ਰਹੇ ਹਨ, ਜਦਕਿ ਵਪਾਰੀ ਜਨਤਕ ਬੈਂਕਾਂ ਦਾ ਪੈਸਾ ਲੈ ਕੇ ਵਿਦੇਸ਼ ਭੱਜ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਰੋਸਾ ਦਿੱਤਾ ਸੀ ਕਿ ਅਜਿਹੇ ਲੋਕਾਂ ਨੂੰ ਕਰਜ਼ੇ ਨਹੀਂ ਦਿੱਤੇ ਜਾਣਗੇ ਪਰ ਸੱਚਾਈ ਇਸ ਨਾਲੋਂ ਵੱਖਰੀ ਹੈ ਅਤੇ ਮੁਗ਼ਲਾਂ ਤੇ ਅੰਗਰੇਜ਼ਾਂ ਵਾਂਗ ਦੇਸ਼ ਨੂੰ ਲੁੱਟਣ ਦਾ ਰੁਝਾਨ ਅਜੇ ਵੀ ਜਾਰੀ ਹੈ।''
''ਲੰਮੇ ਸਮੇਂ ਤਕ ਭਾਰਤ ਨੂੰ ਗਜ਼ਨੀ, ਗੌਰੀ ਅਤੇ ਅੰਗਰੇਜ਼ਾਂ ਨੇ ਲੁੱਟਿਆ ਅਤੇ ਹੁਣ ਦੇਸ਼ ਦੇ ਉਦਯੋਗਪਤੀ ਆਧੁਨਿਕ ਦੌਰ ਦੇ ਗਜ਼ਨੀ ਤੇ ਗੌਰੀ ਬਣ ਗਏ ਹਨ। ਫਰਕ ਸਿਰਫ ਇੰਨਾ ਹੈ ਕਿ ਪਹਿਲਾਂ ਸਾਡੀ ਜਾਇਦਾਦ ਲੁੱਟਣ ਵਾਲੇ ਅਜਨਬੀ ਸਨ, ਹੁਣ ਸਾਡੀ ਆਪਣੀ ਸਰਕਾਰ ਇਸ ਦੀ ਇਜਾਜ਼ਤ ਦੇ ਰਹੀ ਹੈ, ਜੋ ਕਿ ਮੰਦਭਾਗੀ ਗੱਲ ਹੈ।''
''ਫਸਲ ਨਾ ਹੋਣ 'ਤੇ ਕਿਸਾਨ ਕਰਜ਼ਾ ਨਾ ਮੋੜ ਸਕੇ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਂਦੀ ਹੈ ਪਰ ਬਿਜ਼ਨੈੱਸ ਟਾਈਕੂਨਾਂ ਦੇ ਮਾਮਲੇ ਵਿਚ ਅਜਿਹਾ ਨਹੀਂ ਕੀਤਾ ਜਾ ਰਿਹਾ। ਹੁਣ ਤਕ ਕਰਜ਼ੇ ਕਾਰਨ 3 ਲੱਖ ਕਿਸਾਨ ਖ਼ੁਦਕੁਸ਼ੀਆਂ ਕਰ ਚੁੱਕੇ ਹਨ ਪਰ ਕਰੋੜਾਂ ਰੁਪਏ ਲੈ ਕੇ ਵਿਦੇਸ਼ ਭੱਜ ਜਾਣ ਵਾਲਿਆਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।''
''ਆਜ਼ਾਦੀ ਦੇ 70 ਸਾਲਾਂ ਬਾਅਦ ਵੀ ਦੇਸ਼ ਨੂੰ ਲੁੱਟਣ ਦਾ ਰੁਝਾਨ ਪਹਿਲਾਂ ਵਰਗਾ ਹੀ ਹੈ। ਲੋਕ ਉਹੀ ਹਨ, ਸਿਰਫ ਸ਼ੋਸ਼ਣ ਕਰਨ ਵਾਲਿਆਂ ਦੇ ਚਿਹਰੇ ਬਦਲ ਗਏ ਹਨ। ਚੰਦ ਬਿਜ਼ਨੈੱਸ ਟਾਈਕੂਨਾਂ ਨੇ ਨਿਯਮਾਂ ਦੀ ਅਣਦੇਖੀ ਤੇ ਆਪਣੇ ਪ੍ਰਭਾਵ ਦੀ ਵਰਤੋਂ ਕਰ ਕੇ ਜਨਤਕ ਖੇਤਰ ਦੇ ਬੈਂਕਾਂ ਤੋਂ ਭਾਰੀ ਕਰਜ਼ੇ ਲਏ।''
''ਇਨ੍ਹਾਂ ਕਰਜ਼ਿਆਂ ਤੇ ਸਰਕਾਰ ਵਲੋਂ ਡਿਫਾਲਟਰਾਂ ਵਿਰੁੱਧ ਐਕਸ਼ਨ ਨਾ ਲੈਣ ਕਾਰਨ ਭਾਰਤ ਵਿਚ ਬੈਂਕਾਂ ਦੀ ਵਿੱਤੀ ਹਾਲਤ ਖਰਾਬ ਹੋ ਗਈ ਹੈ ਅਤੇ ਸਰਕਾਰ ਨੂੰ 88,000 ਕਰੋੜ ਰੁਪਿਆ ਬੈਂਕਾਂ ਨੂੰ ਦੇਣਾ ਪਿਆ ਹੈ, ਜੋ ਦੇਸ਼ ਦੇ ਗਰੀਬ ਤੇ ਆਮ ਲੋਕਾਂ ਦਾ ਪੈਸਾ ਹੈ।''
ਉਨ੍ਹਾਂ ਦੇ ਇਸ ਬਿਆਨ ਨੇ ਮੈਨੂੰ ਇੰਗਲੈਂਡ ਦੇ ਸਵਰਗਵਾਸੀ ਪ੍ਰਧਾਨ ਮੰਤਰੀ ਸਰ ਵਿੰਸਟਨ ਚਰਚਿਲ ਦੇ ਪ੍ਰਸਿੱਧ ਕਥਨ ਦਾ ਚੇਤਾ ਕਰਵਾ ਦਿੱਤਾ ਕਿ ''ਭਾਰਤੀ ਲੋਕ ਰਾਜ ਕਰਨ ਦੇ ਕਾਬਿਲ ਨਹੀਂ, ਉਹ ਸਿਰਫ ਆਪਣੇ ਉਪਰ ਰਾਜ ਕਰਵਾਉਣ ਦੇ ਹੀ ਕਾਬਿਲ ਹਨ।'' (9ndians are not fit to rule, they are fit to be ruled.)
ਅੱਜ ਮੈਨੂੰ ਸਟੇਟ ਬੈਂਕ ਦੇ ਮੈਨੇਜਰ ਦਾ ਉਹ ਕਥਨ ਚੇਤੇ ਆ ਰਿਹਾ ਹੈ ਕਿ ਰਿਕਸ਼ੇ ਵਾਲਿਆਂ ਨੂੰ ਦਿੱਤੇ ਹੋਏ ਪੈਸੇ ਤਾਂ ਵਾਪਿਸ ਆ ਜਾਣਗੇ, ਸਗੋਂ ਵੱਡੇ ਲੋਕਾਂ ਨੂੰ ਦਿੱਤਾ ਕਰਜ਼ਾ ਵਾਪਿਸ ਆਉਣਾ ਮੁਸ਼ਕਿਲ ਹੁੰਦਾ ਹੈ। ਇਸ ਸਬੰਧ ਵਿਚ ਸ਼ਾਂਤਾ ਜੀ ਨੇ ਜੋ ਬਿਆਨ ਦਿੱਤਾ ਹੈ, ਉਹ ਵੀ ਤੱਥਾਂ 'ਤੇ ਆਧਾਰਿਤ ਹੈ, ਜਿਸ ਦੇ ਲਈ ਉਹ ਸ਼ਾਬਾਸ਼ ਦੇ ਪਾਤਰ ਹਨ।  
—ਵਿਜੇ ਕੁਮਾਰ

Vijay Kumar Chopra

This news is Chief Editor Vijay Kumar Chopra