ਭਰੀ ਅਦਾਲਤ ’ਚ ਮਹਿਲਾ ਜੱਜ ਦਾ ਸਰੀਰਕ ਸ਼ੋਸ਼ਣ, ਪੀੜਤਾ ਨੇ ਸੁਪਰੀਮ ਕੋਰਟ ਕੋਲੋਂ ਇੱਛਾ ਮੌਤ ਮੰਗੀ

12/16/2023 6:09:29 AM

ਨਿਆਪਾਲਿਕਾ ’ਚ ਦਾਖਲ ਹੋ ਗਏ ਕੁਝ ਅਣਚਾਹੇ ਤੱਤ ਇਸ ਪਵਿੱਤਰ ਪੇਸ਼ੇ ਦੀ ਬਦਨਾਮੀ ਦਾ ਕਾਰਨ ਬਣ ਰਹੇ ਹਨ। ਇਸੇ ਬਾਰੇ ਬਾਂਦਾ (ਉੱਤਰ ਪ੍ਰਦੇਸ਼) ਜ਼ਿਲੇ ’ਚ ਤਾਇਨਾਤ ਇਕ ਮਹਿਲਾ ਜੱਜ ਨੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ ਲਿਖੇ ਪੱਤਰ ’ਚ ਕਿਹਾ ਹੈ ਕਿ :

‘‘7 ਅਕਤੂਬਰ, 2022 ਨੂੰ ਬਾਰਾਬੰਕੀ ਜ਼ਿਲਾ ਬਾਰ ਐਸੋਸੀਏਸ਼ਨ ਨੇ ਨਿਆਇਕ ਕਾਰਜ ਦੇ ਬਾਈਕਾਟ ਦਾ ਪ੍ਰਸਤਾਵ ਪਾਸ ਕੀਤਾ ਹੋਇਆ ਸੀ। ਇਸ ਦੌਰਾਨ ਬਾਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਅਤੇ ਸੀਨੀਅਰ ਮੀਤ ਪ੍ਰਧਾਨ ਪ੍ਰਧਾਨ ਕਈ ਵਕੀਲਾਂ ਨਾਲ ਕੋਰਟ ਰੂਮ ’ਚ ਦਾਖਲ ਹੋ ਗਏ। ਮੈਨੂੰ ਭਰੀ ਅਦਾਲਤ ’ਚ ਗਾਲ਼ਾਂ ਦਿੱਤੀਆਂ ਗਈਆਂ। ਮੈਨੂੰ ਅਪਮਾਨਿਤ ਅਤੇ ਸਰੀਰਕ ਤੌਰ ’ਤੇ ਪ੍ਰੇਸ਼ਾਨ ਵੀ ਕੀਤਾ ਗਿਆ।’’

‘‘ਕਾਰਜ ਸਥਾਨ ’ਤੇ ਜਿਨਸੀ ਪ੍ਰੇਸ਼ਾਨੀ ਤੋਂ ਸੁਰੱਖਿਆ (ਪ੍ਰਿਵੈਂਸ਼ਨ ਆਫ ਸੈਕਸੂਅਲ ਹਰਾਸਮੈਂਟ) ਸਿਰਫ ਦਿਖਾਵਾ ਹੈ। ਨਾ ਕੋਈ ਸੁਣਨ ਵਾਲਾ ਹੈ ਅਤੇ ਨਾ ਹੀ ਕਿਸੇ ਨੂੰ ਫਰਕ ਪੈਂਦਾ ਹੈ।’’

‘‘ਜਦੋਂ ਮੈਂ ਕਹਿੰਦੀ ਹਾਂ ਕਿ ਕੋਈ ਨਹੀਂ ਸੁਣਦਾ ਤਾਂ ਇਸ ’ਚ ਸਿਖਰਲੀ ਅਦਾਲਤ ਵੀ ਸ਼ਾਮਲ ਹੈ। ਇਕ ਜੱਜ ਅਤੇ ਉਸ ਦੇ ਸਹਿਯੋਗੀਆਂ ਨੇ ਮੇਰਾ ਸਰੀਰਕ ਸ਼ੋਸ਼ਣ ਕੀਤਾ। ਮੈਨੂੰ ਕਿਹਾ ਗਿਆ ਕਿ ਮੈਂ ਰਾਤ ਨੂੰ ਉਨ੍ਹਾਂ ਨੂੰ ਮਿਲਣ ਆਵਾਂ।’’

ਮਹਿਲਾ ਜੱਜ ਨੇ ਕਿਹਾ, ‘‘ਨਿਆਂ ਲਈ ਪੁਕਾਰਦੇ ਹੋਏ ਮੈਂ 2022 ’ਚ ਹਾਈ ਕੋਰਟ ’ਚ ਅਤੇ ਫਿਰ ਜੁਲਾਈ-2023 ’ਚ ਹਾਈ ਕੋਰਟ ਦੀ ਇੰਟਰਨਲ ਕਮੇਟੀ ’ਚ ਸ਼ਿਕਾਇਤ ਕੀਤੀ ਪਰ 6 ਮਹੀਨੇ ’ਚ ਹਜ਼ਾਰਾਂ ਈ-ਮੇਲ ਭੇਜਣ ’ਤੇ ਵੀ ਜਾਂਚ ਤੱਕ ਸ਼ੁਰੂ ਨਹੀਂ ਹੋਈ।’’

‘‘ਇਸ ਜਾਂਚ ’ਚ ਜਿਨ੍ਹਾਂ ਨੂੰ ਗਵਾਹ ਬਣਾਇਆ ਜਾ ਰਿਹਾ ਹੈ, ਉਹ ਸਭ ਉਸ ਜੱਜ ਦੇ ਅਧੀਨ ਹਨ। ਅਜਿਹੇ ’ਚ ਨਿਰਪੱਖ ਜਾਂਚ ਸੰਭਵ ਨਹੀਂ ਅਤੇ ਨਿਆਂ ਮਿਲਣ ਦੀ ਕੋਈ ਆਸ ਨਹੀਂ ਹੈ। ਜਦੋਂ ਮੈਂ ਖੁਦ ਸਾਰੀਆਂ ਉਮੀਦਾਂ ਗੁਆ ਚੁੱਕੀ ਹਾਂ ਤਾਂ ਦੂਜਿਆਂ ਨੂੰ ਕੀ ਨਿਆਂ ਦੇਵਾਂਗੀ।’’

‘‘ਮੈਂ ਜਾਂਚ ਚੱਲਣ ਤੱਕ ਜੱਜ ਦੇ ਤਬਾਦਲੇ ਦੀ ਪੁਕਾਰ ਕੀਤੀ ਤਾਂ 8 ਸੈਕੰਡ ’ਚ ਹੀ ਮੇਰੀ ਅਪੀਲ ਡਿਸਮਿਸ ਕਰ ਦਿੱਤੀ ਗਈ ਤਾਂ ਮੈਨੂੰ ਇੰਝ ਲੱਗਾ ਜਿਵੇਂ ਮੇਰੀ ਜ਼ਿੰਦਗੀ, ਮੇਰੇ ਸਨਮਾਨ ਅਤੇ ਮੇਰੇ ਦਿਲ ਨੂੰ ਹੀ ਡਿਸਮਿਸ ਕਰ ਦਿੱਤਾ ਗਿਆ।’’

‘‘ਮੈਂ ਇਹ ਸੋਚ ਕੇ ਸਿਵਲ ਸੇਵਾ ਜੁਆਇਨ ਕੀਤੀ ਸੀ ਕਿ ਮੈਂ ਲੋਕਾਂ ਨਾਲ ਨਿਆਂ ਕਰਾਂਗੀ ਪਰ ਮੇਰੇ ਨਾਲ ਹੀ ਅਨਿਆਂ ਹੋ ਰਿਹਾ ਹੈ।’’

ਇਹ ਸਥਿਤੀ ਨਿਆਪਾਲਿਕਾ ’ਚ ਮੌਜੂਦ ਕੁਝ ਕਾਲੀਆਂ ਭੇਡਾਂ ਦੇ ਆਪਣੇ ਹੀ ਸਾਥੀਆਂ ਪ੍ਰਤੀ ਅਣਚਾਹੇ ਅਤੇ ਅਣਉਚਿਤ ਵਤੀਰੇ ਨੂੰ ਉਜਾਗਰ ਕਰਦੀ ਹੈ। ਅਜਿਹਾ ਵਤੀਰਾ ਕਰਨ ਵਾਲਿਆਂ ਨੂੰ ਸੋਚਣਾ ਚਾਹੀਦਾ ਹੈ ਕਿ ਜੇ ਕੱਲ ਨੂੰ ਉਨ੍ਹਾਂ ਦੀ ਧੀ ਇਸ ਕਿੱਤੇ ’ਚ ਆਵੇ ਅਤੇ ਉਸ ਨਾਲ ਅਜਿਹਾ ਵਿਹਾਰ ਹੋਵੇ ਤਾਂ ਫਿਰ ਉਹ ਕੀ ਕਰਨਗੇ।

ਇਸ ਲਈ ਇਸ ਤਰ੍ਹਾਂ ਦਾ ਵਤੀਰਾ ਕਰਨ ਵਾਲਿਆਂ ਵਿਰੁੱਧ ਜ਼ਰੂਰੀ ਕਾਰਵਾਈ ਕਰਨ ਅਤੇ ਪੀੜਤ ਮਹਿਲਾ ਜੱਜ ਨੂੰ ਤੁਰੰਤ ਨਿਆਂ ਦੇਣ ਦੀ ਲੋੜ ਹੈ।

- ਵਿਜੇ ਕੁਮਾਰ

Anmol Tagra

This news is Content Editor Anmol Tagra