ਫਲ-ਸਬਜ਼ੀਆਂ ’ਚ ਮੌਜੂਦ ‘ਕੀਟਨਾਸ਼ਕ’ ਲੈ ਰਹੇ ਹਨ ਲੋਕਾਂ ਦੀ ਜਾਨ

07/08/2020 3:30:10 AM

ਫਲ ਅਤੇ ਸਬਜ਼ੀ ਉਤਪਾਦਕਾਂ ਵਲੋਂ ਫਲਾਂ ਨੂੰ ਜਲਦੀ ਪਕਾਉਣ ਲਈ ਵੱਖ-ਵੱਖ ਰਸਾਇਣਾਂ, ਰਸਾਇਣਿਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਨਾਲ ਇਹ ਜ਼ਹਿਰੀਲੀਅਾਂ ਹੋ ਰਹੀਅਾਂ ਹਨ ਕਿਉਂਕਿ ਕੀਟਨਾਸ਼ਕਾਂ ਦਾ ਇਕ ਹਿੱਸਾ ਹੀ ਕੀੜਿਅਾਂ ਅਤੇ ਬੀਮਾਰੀਅਾਂ ਨੂੰ ਖਤਮ ਕਰਨ ਦੇ ਕੰਮ ਆਉਂਦਾ ਹੈ, ਜਦਕਿ ਬਾਕੀ ਹਿੱਸਾ ਉਸ ’ਚ ਸਮਾ ਕੇ ਖਾਣ ਵਾਲਿਅਾਂ ਨੂੰ ਬੀਮਾਰ ਕਰ ਸਕਦਾ ਹੈ।

ਅੰਬ ਨੂੰ ਜਲਦੀ ਪਕਾਉਣ ਲਈ ‘ਕੈਲਸ਼ੀਅਮ ਕਾਰਬਾਈਡ’ ਨਾਂ ਦੇ ਇਕ ਕੈਮੀਕਲ ਦਾ ਇਸਤੇਮਾਲ ਕੀਤਾ ਜਾਂਦਾ ਹੈ, ਜਦਕਿ ਫਲ-ਸਬਜ਼ੀਅਾਂ ’ਤੇ ਜ਼ਿਆਦਾ ਕੀਟਨਾਸ਼ਕਾਂ ਅਤੇ ਰਸਾਇਣਾਂ ਦੀ ਵਰਤੋਂ ਨਾਲ ਡਾਇਬਟੀਜ਼, ਅਲਜ਼ਾਈਮਰ, ਅਸਥਮਾ, ਪ੍ਰਜਣਨ ਸਬੰਧੀ ਬੀਮਾਰੀਅਾਂ ਅਤੇ ਆਟਿਜ਼ਮ ਆਦਿ ਤੋਂ ਇਲਾਵਾ ਕਈ ਤਰ੍ਹਾਂ ਦੇ ਕੈਂਸਰ ਹੋਣ ਦਾ ਖਤਰਾ ਰਹਿੰਦਾ ਹੈ। ਬੀਤੇ 20 ਸਾਲਾਂ ’ਚ ਡਾਕਟਰਾਂ ਨੂੰ ਕਈ ਮਰੀਜ਼ਾਂ ਦੀ ਜਾਂਚ ਦੌਰਾਨ ਉਨ੍ਹਾਂ ਦੇ ਖੂਨ ’ਚ ਅਲਫਾ ਅਤੇ ਬੀਟਾ ਐਂਡੋਸਲਫਾਨ, ਡੀ. ਡੀ. ਟੀ. ਅਤੇ ਡੀ. ਡੀ. ਈ., ਡਿਲਡ੍ਰਿਨ, ਐਲਡ੍ਰਿਨ ਅਤੇ ਗਾਮਾ ਐੱਚ. ਸੀ. ਅੈੱਚ. ਆਦਿ ਖਤਰਨਾਕ ਕੀਟਨਾਸ਼ਕ ਮੌਜੂਦ ਹੋਣ ਦਾ ਪਤਾ ਲੱਗਾ ਹੈ। ਅਤੇ ਹੁਣ ਭਾਰਤੀ ਖੇਤੀ ਖੋਜ ਪ੍ਰੀਸ਼ਦ ਵਲੋਂ ਵੱਖ-ਵੱਖ ਸੰਸਥਾਵਾਂ ਦੇ ਸਹਿਯੋਗ ਨਾਲ ਕਰਵਾਈ ਖੋਜ ’ਚ ਪੰਜਾਬ ਦੇ ਝੋਨਾ, ਜੰਮੂ ਦੇ ਸਬਜ਼ੀ ਅਤੇ ਕਸ਼ਮੀਰ ਘਾਟੀ ਦੇ ਸੇਬ ਉਤਪਾਦਕਾਂ ਵਲੋਂ ਕੀਟਨਾਸ਼ਕਾਂ ਦੇ ਜ਼ਿਆਦਾ ਇਸਤੇਮਾਲ ਦਾ ਪਤਾ ਲੱਗਾ ਹੈ। ਝੋਨਾ ਉਤਪਾਦਕ 5 ਕੀਟਨਾਸ਼ਕਾਂ ਦੇ ਕਾਕਟੇਲ ਸਮੇਤ ਹੋਰ 9 ਖਰਪਤਵਾਰ ਨਾਸ਼ਕਾਂ ਸਮੇਤ 20 ਤਰ੍ਹਾਂ ਦੇ ਕੀਟਨਾਸ਼ਕਾਂ ਦੀ ਵਰਤੋਂ ਕਰ ਰਹੇ ਹਨ, ਜਿਨ੍ਹਾਂ ’ਚੋਂ ਕੁਝ ਕੀਟਨਾਸ਼ਕਾਂ ਨੂੰ ਵਿਸ਼ਵ ਸਿਹਤ ਸੰਗਠਨ ਨੇ ਵਿਨਾਸ਼ਕਾਰੀ ਦੱਸਿਆ ਹੈ।

ਇਸੇ ਸਬੰਧ ’ਚ ਕੁਝ ਸਮਾਂ ਪਹਿਲਾਂ ਦਿੱਲੀ ਹਾਈਕੋਰਟ ਨੇ ਸਬਜ਼ੀਅਾਂ ’ਚ ਕੀਟਨਾਸ਼ਕਾਂ ਦੀ ਵਰਤੋਂ ਸਬੰਧੀ ਜਨਹਿੱਤ ਪਟੀਸ਼ਨ ’ਤੇ ਸੁਣਵਾਈ ਕਰਦੇ ਹੋਏ ਕਿਹਾ ਸੀ, ‘‘ਫਲਾਂ ਨੂੰ ਪਕਾਉਣ ਲਈ ਕੀਟਨਾਸ਼ਕਾਂ ਅਤੇ ਰਸਾਇਣਾਂ ਦੀ ਵਰਤੋਂ ਖਪਤਕਾਰਾਂ ਨੂੰ ਜ਼ਹਿਰ ਦੇਣ ਵਾਂਗ ਹੈ। ਇਸ ਲਈ ਅਜਿਹੇ ਲੋਕਾਂ ’ਤੇ ਕਾਨੂੰਨੀ ਕਾਰਵਾਈ ਨਾਲ ਹੀ ਇਹ ਰੁਕੇਗਾ।’’ ਜ਼ਿਆਦਾ ਲਾਭ ਦੇ ਲਾਲਚ ’ਚ ਫਲ-ਸਬਜ਼ੀਅਾਂ ਅਤੇ ਹੋਰ ਫਸਲਾਂ ’ਤੇ ਰਸਾਇਣਿਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਜ਼ਿਆਦਾ ਵਰਤੋਂ ਯਕੀਨਨ ਹੀ ਮਨੁੱਖਤਾ ਵਿਰੁੱਧ ਵੱਡਾ ਅਪਰਾਧ ਹੈ। ਇਸ ਲਈ ਇਨ੍ਹਾਂ ਦਾ ਇਕ ਤੈਅ ਹੱਦ ਤੋਂ ਵੱਧ ਇਸਤੇਮਾਲ ਕਿਸੇ ਵੀ ਸੂਰਤ ’ਚ ਨਹੀਂ ਹੋਣਾ ਚਾਹੀਦਾ ਤਾਂ ਕਿ ਮਨੁੱਖ ਜਾਤੀ ਨੂੰ ਸਿਹਤ ਸਬੰਧੀ ਖਤਰਿਅਾਂ ਤੋਂ ਬਚਾਇਆ ਜਾ ਸਕੇ। ਇਹ ਇਸ ਲਈ ਵੀ ਜ਼ਰੂਰੀ ਹੈ ਕਿਉਂਕਿ ‘ਕੋਰੋਨਾ’ ਮਹਾਮਾਰੀ ਨੇ ਪਹਿਲਾਂ ਹੀ ਸਿਹਤ ਲਈ ਵੱਡੀਅਾਂ ਸਮੱਸਿਆਵਾਂ ਖੜ੍ਹੀਅਾਂ ਕੀਤੀਅਾਂ ਹੋਈਅਾਂ ਹਨ।

–ਵਿਜੇ ਕੁਮਾਰ

Bharat Thapa

This news is Content Editor Bharat Thapa