ਭਾਰਤੀਆਂ ਨੂੰ ਆਪਣੇ ਰੂਪ-ਜਾਲ ’ਚ ਫਸਾਉਂਦੀਆਂ ਪਾਕਿਸਤਾਨੀ ਜਾਸੂਸ ਔਰਤਾਂ (ਹਨੀਟ੍ਰੈਪ)

07/29/2022 1:06:06 AM

ਪੁਰਾਣੇ ਜ਼ਮਾਨੇ ’ਚ ਭਾਰਤ ਦੇ ਹਾਕਮ ਦੁਸ਼ਮਣਾਂ ਦਾ ਪਤਾ ਲਗਾਉਣ ਲਈ ਰੂਪਵਾਨ ਔਰਤਾਂ ਦੀ ਵਰਤੋਂ ਕਰਦੇ ਸਨ ਜਿਨ੍ਹਾਂ ਨੂੰ ‘ਵਿਸ਼ ਕੰਨਿਆ’ ਕਿਹਾ ਜਾਂਦਾ ਸੀ। ਸ਼ਾਇਦ ਮੌਜੂਦਾ  ਸਮੇਂ  ’ਚ ਪ੍ਰਚਲਿਤ ‘ਹਨੀਟ੍ਰੈਪ’ ਉਸੇ  ਦਾ  ਬਦਲਿਆ ਹੋਇਆ ਰੂਪ ਹੈ।
ਇਸ ਦੇ ਰਾਹੀਂ ਖੁਫੀਆ ਏਜੰਸੀਆਂ ਦੂਜੇ ਦੇਸ਼ਾਂ ਦੀ ਫੌਜੀ ਜਾਣਕਾਰੀ, ਗੁਪਤ ਦਸਤਾਵੇਜ਼, ਨਕਸ਼ੇ ਆਦਿ ਹਾਸਲ ਕਰਨ ਲਈ ਸੁੰਦਰ ਔਰਤਾਂ ਨੂੰ ਜਾਸੂਸ ਬਣਾ ਕੇ ਹਥਿਆਰ ਦੇ ਰੂਪ ’ਚ ਵਰਤੋਂ  ਕਰਦੀਆਂ  ਹਨ। ਦੇਸ਼ ’ਚ ਕੁਝ ਸਮੇਂ ਤੋਂ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਟ੍ਰੇਂਡ ਖੂਬਸੂਰਤ ਔਰਤਾਂ ਦੀ ਵਰਤੋਂ ਕਰ ਰਹੀ ਹੈ, ਜੋ ਭਾਰਤੀ ਸੁਰੱਖਿਆ ਬਲਾਂ ਦੇ ਕੁਝ ਕੁ ਮੈਂਬਰਾਂ ਅਤੇ ਹੋਰਨਾਂ ਲੋਕਾਂ ਨੂੰ ਵੀ ਆਪਣੇ ਰੂਪ-ਜਾਲ ’ਚ ਫਸਾ ਕੇ ਭਾਰਤ ਦੀਆਂ ਖੁਫੀਆ ਸੂਚਨਾਵਾਂ ਹਾਸਲ ਕਰਦੀਆਂ ਹਨ। ਇਸੇ ਨੂੰ ‘ਹਨੀਟ੍ਰੈਪ’ ਕਹਿੰਦੇ ਹਨ। ਪਿਛਲੇ ਲਗਭਗ ਢਾਈ ਮਹੀਨਿਆਂ ਦੇ ਦੌਰਾਨ ਸਾਹਮਣੇ ਆਈਆਂ  ਅਜਿਹੀਆਂ  ਹੀ ਕੁਝ ਉਦਾਹਰਣਾਂ ਹੇਠਾਂ ਦੇ ਰਹੇ ਹਾਂ :
* 14 ਮਈ ਨੂੰ ਆਈ. ਐੱਸ. ਆਈ. ਦੀ ਰੂਪਸੀ ਏਜੰਟ ਦੇ ਪ੍ਰੇਮਜਾਲ ’ਚ ਫਸ ਕੇ ਪਾਕਿਸਤਾਨ ਦੇ ਲਈ ਜਾਸੂਸੀ ਕਰਨ ਦੇ ਦੋਸ਼ ’ਚ ਰਾਜਸਥਾਨ ਪੁਲਸ ਨੇ ਭਾਰਤੀ ਫੌਜ ਦੇ ਜਵਾਨ ਪ੍ਰਦੀਪ ਕੁਮਾਰ ਨੂੰ ਗ੍ਰਿਫਤਾਰ ਕੀਤਾ। ਪਾਕਿਸਤਾਨੀ ਰੂਪਸੀ ਨੇ ਪ੍ਰਦੀਪ ਨੂੰ ਕੁਝ ਗੰਦੇ ਅਤੇ ਗਲਤ ਵੀਡੀਓ ਦਿਖਾ ਕੇ ਆਪਣੇ ਪ੍ਰੇਮਜਾਲ ’ਚ ਫਸਾਇਆ ਅਤੇ ਫਿਰ ਉਸ  ਕੋਲੋਂ ਦੇਸ਼ ਦੀ ਸੁਰੱਖਿਆ ਸਬੰਧੀ ਮਹੱਤਵਪੂਰਨ ਖੁਫੀਆ ਜਾਣਕਾਰੀ ਹਾਸਲ ਕਰ ਲਈ।
*17 ਜੂਨ ਨੂੰ ਹੈਦਰਾਬਾਦ ਸਥਿਤ ‘ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਲੈਬਾਰਟਰੀ’ ’ਚ  ਤਾਇਨਾਤ ਇੰਜੀਨੀਅਰ ਡੀ. ਮੱਲਿਕਾਰਜੁਨ ਰੈਡੀਕੋ ਨੂੰ ਇਕ ਪਾਕਿਸਤਾਨੀ ਜਾਸੂਸ ਮੁਟਿਆਰ ਦੇ ਰੂਪ-ਜਾਲ ’ਚ ਫਸ ਕੇ ਭਾਰਤ ਦੇ ਮਿਜ਼ਾਈਲ ਪ੍ਰੋਗਰਾਮ ਦੀ ਜਾਣਕਾਰੀ ਲੀਕ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ।
ਖੁਦ ਨੂੰ ਨਤਾਸ਼ਾ ਰਾਵ ਦੱਸਣ ਵਾਲੀ ਇਸ ਜਾਸੂਸ ਨੇ ਫੇਸਬੁੱਕ ਦੇ ਰਾਹੀਂ ਉਸ ਨਾਲ ਦੋਸਤੀ  ਗੰਢੀ ਅਤੇ ਵਿਆਹ ਦਾ ਝਾਂਸਾ ਦੇ ਕੇ ਉਸ ਕੋਲੋਂ ਮਹੱਤਵਪੂਰਨ ਜਾਣਕਾਰੀਆਂ ਹਾਸਲ ਕੀਤੀਆਂ। ਇਸ ’ਚ ਪ੍ਰਮਾਣੂ ਸਮਰੱਥਾ ਸੰਪੰਨ ‘ਇੰਟਰਕਾਂਟੀਨੈਂਟਲ ਬੈਲਿਸਟਿਕ ਮਿਜ਼ਾਈਲਾਂ’ ਆਦਿ ਦੇ ਨਿਰਮਾਣ ਸਬੰਧੀ ਜਾਣਕਾਰੀ ਵੀ ਸ਼ਾਮਲ ਸੀ।
* 5 ਜੁਲਾਈ ਨੂੰ ਰਾਜਸਥਾਨ ਦੇ ਬਾੜਮੇਰ ’ਚ ਸਰਹੱਦੀ ਸੁਰੱਖਿਆ ਨਾਲ ਜੁੜੀ ਜਾਣਕਾਰੀ ਲੀਕ ਕਰਨ ਦੇ ਦੋਸ਼ ’ਚ ਖੁਫੀਆ ਏਜੰਸੀਆਂ ਨੇ ਇਕ ਪਾਕਿਸਤਾਨੀ ਮਹਿਲਾ ਏਜੰਟ ਦੇ ਹਨੀ ਟ੍ਰੈਪ ’ਚ ਫਸੇ ਰਾਮ ਸਿੰਘ ਨਾਂ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ।
ਰਤਨਗੜ੍ਹ ’ਚ ਇਕ ਫੈਕਟਰੀ ’ਚ ਕੰਮ ਕਰਨ ਵਾਲਾ ਰਾਮ ਸਿੰਘ ਲਗਭਗ ਇਕ ਸਾਲ ਤੋਂ ਪਾਕਿਸਤਾਨੀ ਖੁਫੀਆ ਏਜੰਸੀ ਆਈ. ਐੱਸ. ਆਈ. ਦੇ ਸੰਪਰਕ ’ਚ ਸੀ। ਉਸ ਨੇ ਸਰਹੱਦੀ  ਇਲਾਕੇ  ਦੀ  ਜੰਗੀ  ਮਹੱਤਵ  ਦੀ ਜਾਣਕਾਰੀ, ਫੋਟੋਗ੍ਰਾਫ ਅਤੇ ਵੀਡੀਓ ਆਈ. ਐੱਸ. ਆਈ. ਨਾਲ ਸਾਂਝੀ ਕਰਨ ਦੇ ਬਦਲੇ  ਵਿਚ ਉਨ੍ਹਾਂ  ਕੋਲੋਂ  ਧਨ ਹਾਸਲ ਕਰਨਾ  ਮੰਨਿਅਾ  ਸੀ।
* 26 ਜੁਲਾਈ ਨੂੰ ਰਾਜਸਥਾਨ ਪੁਲਸ ਦੀ  ਖੁਫੀਆ ਸ਼ਾਖਾ ਨੇ ਜੈਪੁਰ ਦੀ ਆਰਟਿਲਰੀ ਯੂਨਿਟ ’ਚ ਤਾਇਨਾਤ ਫੌਜ ਦੇ ਜਵਾਨ ਸ਼ਾਂਤੀਮਯ ਰਾਣਾ ਨੂੰ 2 ਪਾਕਿਸਤਾਨੀ  ਮਹਿਲਾ  ਏਜੰਟਾਂ ਨੂੰ ਖੁਫੀਆ ਜਾਣਕਾਰੀ ਲੀਕ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ।
ਡੀ. ਜੀ. ਇੰਟੈਲੀਜੈਂਸ ਉਮੇਸ਼ ਮਿਸ਼ਰਾ ਦੇ ਅਨੁਸਾਰ, ‘‘ਗੁਰਨੂਰ ਕੌਰ ਉਰਫ ਅੰਕਿਤਾ ਅਤੇ ਨਿਸ਼ਾ ਦੇ ਰੂਪ ’ਚ ਪਛਾਣੀਆਂ ਗਈਆਂ ਪਾਕਿਸਤਾਨੀ ਏਜੰਟਾਂ ਨੇ ਸੋਸ਼ਲ ਮੀਡੀਆ ਰਾਹੀਂ ਉਕਤ ਦੋਸ਼ੀ ਨਾਲ ਸੰਪਰਕ ਕੀਤਾ। ਬਾਅਦ ’ਚ ਦੋਵਾਂ ਨੇ ਉਸ ਦਾ ਵਿਸ਼ਵਾਸ ਜਿੱਤ ਕੇ ਉਸ ਕੋਲੋਂ ਖੁਫੀਆ ਜਾਣਕਾਰੀ ਹਾਸਲ ਕਰਨੀ ਸ਼ੁਰੂ ਕਰ ਦਿੱਤੀ ਅਤੇ  ਇਸ  ਦੇ ਲਈ ਰਾਣਾ ਦੇ ਖਾਤੇ ’ਚ ਬਾਕਾਇਦਾ ਧਨ ਵੀ ਟਰਾਂਸਫਰ ਕੀਤਾ।’’
ਇਨ੍ਹਾਂ ਜਾਸੂਸ ਔਰਤਾਂ ਨੇ ਸ਼ਾਂਤੀਮਯ ਰਾਣਾ ਤੋਂ ਭਾਰਤੀ ਫੌਜ ਨਾਲ ਸਬੰਧਤ  ਗੁਪਤ ਦਸਤਾਵੇਜ਼ਾਂ  ’ਚ ਫੋਟੋ ਅਤੇ ਜੰਗੀ ਅਭਿਆਸ ਦੇ ਵੀਡੀਓ ਵੀ ਹਾਸਲ ਕੀਤੇ।
ਵਰਨਣਯੋਗ ਹੈ ਕਿ ਭਾਰਤ ਸ਼ੁਰੂ ਤੋਂ ਹੀ ਪਾਕਿਸਤਾਨ ’ਤੇ ਦੇਸ਼ ’ਚ ਨਸ਼ੀਲੇ ਪਦਾਰਥਾਂ, ਨਕਲੀ ਕਰੰਸੀ ਅਤੇ ਹਥਿਆਰਾਂ ਦੀ ਸਮੱਗਲਿੰਗ ਅਤੇ ਹੋਰ ਭਾਰਤ ਵਿਰੋਧੀ ਸਰਗਰਮੀਆਂ ਕਰਾਉਣ ਦੇ ਦੋਸ਼ ਲਾਉਂਦਾ ਰਿਹਾ ਹੈ ਪਰ ਇਸ ’ਚ ਸਾਡੇ ਹੀ ਲੋਕਾਂ ਦਾ ਹੱਥ ਪਾਇਅਾ ਜਾ ਰਿਹਾ ਹੈ।
1 ਜੁਲਾਈ, 2012 ਨੂੰ  ਪਾਕਿਸਤਾਨ ਰੇਂਜਰਸ (ਪੰਜਾਬ) ਦੇ ਮਹਾਨਿਰਦੇਸ਼ਕ ਮੀਆਂ ਮੋ. ਹਿਲਾਲ ਹੁਸੈਨ ਨੇ ਇਸ ਦੇ ਲਈ ਭਾਰਤ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਕਿਹਾ :
‘‘‘ਸਰਹੱਦ  ’ਤੇ ਭਾਰਤ ਵੱਲੋਂ ਹੀ ਫੈਂਸਿੰਗ ਲਾਈ ਗਈ ਹੈ। ਇਸ ਦੇ ਇਲਾਵਾ ਸਰਚ ਲਾਈਟ ਤੇ ਫੈਂਸਿੰਗ ’ਚ  ਕਰੰਟ ਵੀ ਬੀ. ਐੱਸ. ਐੱਫ. ਵੱਲੋਂ ਛੱਡਿਆ ਗਿਆ ਹੈ। ਅਜਿਹੇ ’ਚ ਭਲਾ ਅਸੀਂ ਭਾਰਤ ’ਚ  ਘੁਸਪੈਠ ਤੇ ਸਮੱਗਲਿੰਗ ਕਿਵੇਂ ਕਰਵਾ ਸਕਦੇ ਹਾਂ? ਕਿਸੇ ਦੀ ਇਜਾਜ਼ਤ ਦੇ ਬਿਨਾਂ ਕਿਸੇ ਦੇ ਮਕਾਨ  ’ਚ ਭਲਾ ਕੋਈ ਕਿਵੇਂ ਵੜ ਸਕਦਾ ਹੈ!’’
ਪਾਕਿਸਤਾਨ ਦੇ ਉਕਤ ਅਧਿਕਾਰੀ ਦੀ ਗੱਲ ਉਦੋਂ  ਵੀ ਸੱਚੀ ਸੀ ਅਤੇ ਅੱਜ ਵੀ ਸੱਚ ਹੈ। ਉਕਤ ਬਿਆਨ ਦੇ ਸੰਦਰਭ ’ਚ ਜੇਕਰ ਅਸੀਂ ਦੇਖੀਏ ਤਾਂ ਇਸ  ਤੋਂ ਇਹੀ ਧਾਰਨਾ ਬਣਦੀ ਹੈ ਕਿ ਸਾਡੀ ਸੁਰੱਖਿਆ ’ਚ ਕਿਤੇ ਖਾਮੀਆਂ ਹਨ।
ਸਰਹੱਦ ’ਤੇ  ਸਮੁੱਚੇ ਤੌਰ ’ਤੇ ਚੈਕਿੰਗ ਨਹੀਂ ਹੁੰਦੀ ਜਾਂ ਸਮੱਗਲਰਾਂ ਅਤੇ ਅਧਿਕਾਰੀਆਂ ਦੀ ਮਿਲੀਭੁਗਤ  ਹੋ ਸਕਦੀ ਹੈ ਕਿਉਂਕਿ ਇਸ ਤਰ੍ਹਾਂ ਦੀਆਂ ਦੇਸ਼ ਵਿਰੋਧੀ ਸਰਗਰਮੀਆਂ ’ਚ ਪਾਕਿਸਤਾਨੀਆਂ ਦੇ ਨਾਲ-ਨਾਲ ਸਾਡੇ ਆਪਣੇ ਲੋਕ ਵੀ ਸ਼ਾਮਲ ਪਾਏ ਜਾ ਰਹੇ ਹਨ।
ਯਕੀਨਨ ਹੀ  ਰਾਸ਼ਟਰੀ ਸੁਰੱਖਿਆ  ਦੇ ਲਈ ਹਨੀਟ੍ਰੈਪ ਬੜਾ ਵੱਡਾ ਖਤਰਾ ਬਣ ਰਿਹਾ ਹੈ। ਇਸ ਲਈ ਲੋੜ ਇਸ ਗੱਲ ਦੀ ਹੈ ਕਿ ਸਾਡੇ  ਸੁਰੱਖਿਆ ਬਲਾਂ ਦੇ ਮੈਂਬਰਾਂ ਅਤੇ ਹੋਰਨਾਂ ਲੋਕਾਂ  ਨੂੰ ਨਿੱਜੀ ਸਵਾਰਥਾਂ ਤੋਂ ਉਪਰ ਰਾਸ਼ਟਰੀ  ਹਿੱਤ ਨੂੰ ਸਭ ਤੋਂ ਉਪਰ ਰੱਖਣ ਦੇ ਲਈ ਜਾਗਰੂਕ ਕੀਤਾ ਜਾਵੇ ਤਾਂ ਕਿ ਉਹ ਕਿਸੇ ਲਾਲਚ ’ਚ ਨਾ ਆਉਣ ਅਤੇ ਜੋ ਲੋਕ ਫੜੇ ਗਏ ਹਨ, ਉਨ੍ਹਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ।

ਵਿਜੇ ਕੁਮਾਰ

Karan Kumar

This news is Content Editor Karan Kumar