‘ਪਾਕਿਸਤਾਨ ਦੀ ਇਮਰਾਨ ਸਰਕਾਰ ਬਚੀ’ ‘... ਪਰ ਤਲਵਾਰ ਹਾਲੇ ਲਟਕੀ ਹੋਈ ਹੈ’

03/07/2021 2:38:04 AM

ਕ੍ਰਿਕਟਰ ਤੋਂ ਸਿਆਸਤਦਾਨ ਬਣੇ ਇਮਰਾਨ ਖਾਨ ਨਿਆਜ਼ੀ ਦਾ ਜਨਮ 5 ਅਕਤੂਬਰ, 1952 ਨੂੰ ਲਾਹੌਰ ਦੇ ਇਕ ਰਈਸ ਪਰਿਵਾਰ ’ਚ ਹੋਇਆ। ਉਨ੍ਹਾਂ ਨੇ 1975 ’ਚ ਗ੍ਰੈਜੂਏਸ਼ਨ ਕੀਤੀ। ਉਹ 1971 ਤੋਂ 1992 ਤੱਕ ਪਾਕਿਸਤਾਨੀ ਕ੍ਰਿਕਟ ਟੀਮ ਲਈ ਖੇਡੇ।

3 ਵਿਆਹ ਕਰਵਾਉਣ ਵਾਲੇ ਇਮਰਾਨ ਖਾਨ 1996 ’ਚ ਆਪਣੀ ਪਾਰਟੀ ‘ਪਾਕਿਸਤਾਨ- ਤਹਿਰੀਕ-ਏ–ਇਨਸਾਫ’ ਬਣਾ ਕੇ ਸਿਆਸਤ ’ਚ ਕੁੱਦੇ ਅਤੇ ਚੋਣ ਜਿੱਤ ਕੇ 18 ਅਗਸਤ 2018 ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣੇ।

ਇਮਰਾਨ ਖਾਨ ਦੀ ਸਰਕਾਰ ਸੱਤਾ ’ਚ ਆਉਣ ਦੇ ਸਮੇਂ ਤੋਂ ਹੀ ਲਗਾਤਾਰ ਵਧ ਰਹੇ ਲੋਕਾਂ ਦੇ ਅਸੰਤੋਸ਼ ਦਾ ਸ਼ਿਕਾਰ ਬਣੀ ਹੋਈ ਹੈ ਅਤੇ ਦੇਸ਼ ਕੰਗਾਲੀ ਅਤੇ ਮੰਦਹਾਲੀ ਦੇ ਕੰਢੇ ’ਤੇ ਪਹੁੰਚ ਗਿਆ ਹੈ। ਦੇਸ਼ ਦੀ ਜੀ. ਡੀ. ਪੀ. ’ਚ ਗਿਰਾਵਟ ਆ ਰਹੀ ਹੈ ਅਤੇ ਕੌਮਾਂਤਰੀ ਕਰਜ਼ਾ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਦਾ ਵਿਆਜ ਅਦਾ ਕਰਨ ਲਈ ਵੀ ਪਾਕਿਸਤਾਨ ਦੇ ਹਾਕਮਾਂ ਨੂੰ ਦੂਸਰੇ ਦੇਸ਼ਾਂ ਤੋਂ ਵਿਆਜ ’ਤੇ ਕਰਜ਼ਾ ਲੈਣਾ ਪੈ ਰਿਹਾ ਹੈ।

ਪਾਕਿਸਤਾਨ ’ਚ ਪੈਦਾ ਹੋਈ ਮਹਿੰਗਾਈ ਅਤੇ ਭ੍ਰਿਸ਼ਟਾਚਾਰ ਦੇ ਕਾਰਨ ਇਸ ਦੀ ਜਨਤਾ ਦਾ ਜਿਉਣਾ ਦੁੱਭਰ ਹੋ ਗਿਆ ਹੈ। ਇਸ ਕਾਰਨ ਬਜ਼ੁਰਗ ਨੇਤਾ ਫਜ਼ਲੁਰਰਹਿਮਾਨ ਨੇ ‘ਪਾਕਿਸਤਾਨ ਡੈਮੋਕ੍ਰੇਟਿਕ ਮੂਵਮੈਂਟ’ ਦਾ ਗਠਨ ਕਰਕੇ 11 ਵਿਰੋਧੀ ਪਾਰਟੀਆਂ ਦੇ ਨਾਲ ਰਲ ਕੇ ਇਮਰਾਨ ਸਰਕਾਰ ਦੇ ਵਿਰੁੱਧ ਅੰਦੋਲਨ ਛੇੜਿਆ ਹੋਇਆ ਹੈ।

ਇਸ ’ਚ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਪਾਰਟੀ ‘ਪਾਕਿਸਤਾਨ ਮੁਸਲਿਮ ਲੀਗ (ਨਵਾਜ਼)’ ਦੀ ਨੇਤਾ ਮਰੀਅਮ ਨਵਾਜ਼ ਅਤੇ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੀ ‘ਪਾਕਿਸਤਾਨ ਪੀਪਲਜ਼ ਪਾਰਟੀ’ ਦੇ ਨੇਤਾ ਬਿਲਾਵਲ ਭੁੱਟੋ ਵੀ ਸ਼ਾਮਲ ਹਨ।

ਵਿਰੋਧੀ ਪਾਰਟੀਆਂ ਦੇ ਲਗਾਤਾਰ ਤੇਜ਼ ਹੁੰਦੇ ਜਾ ਰਹੇ ਅੰਦੋਲਨ ਦੇ ਸਿੱਟੇ ਵਜੋਂ ਬੀਤੇ ਸਾਲ ਅਕਤੂਬਰ ’ਚ ਸਿੰਧ ’ਚ ਪਾਕਿਸਤਾਨੀ ਫੌਜ ਦੇ ਵਿਰੁੱਧ ਬਗਾਵਤ ਹੋ ਗਈ। ਇਸ ’ਚ ਸਿੰਧ ਫੌਜ ਦੇ 10 ਸਿਪਾਹੀ ਅਤੇ ਪਾਕਿਸਤਾਨੀ ਫੌਜ ਦੇ 5 ਫੌਜੀ ਮਾਰੇ ਗਏ ਸਨ। ਇਹੀ ਨਹੀਂ ਕਰਾਚੀ ਅਤੇ ਦੇਸ਼ ਦੇ ਹੋਰਨਾਂ ਸ਼ਹਿਰਾਂ ’ਚ ਲੁੱਟ-ਮਾਰ, ਭੰਨ-ਤੋੜ ਅਤੇ ਸਾੜ-ਫੂਕ ਦੀਆਂ ਘਟਨਾਵਾਂ ਵੀ ਜਾਰੀ ਹਨ।

ਲੋਕਾਂ ’ਚ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਦੇ ਵਿਰੁੱਧ ਇੰਨਾ ਜ਼ਿਆਦਾ ਗੁੱਸਾ ਹੈ ਕਿ ਕੁਝ ਸਮੇਂ ਪਹਿਲਾਂ ਉਨ੍ਹਾਂ ਨੇ ਜਨਰਲ ਬਾਜਵਾ ਦੇ ਇਕ ਰਿਸ਼ਤੇਦਾਰ ਦੇ ਕਰਾਚੀ ਸਥਿਤ ਸ਼ਾਪਿੰਗ ਮਾਲ ’ਤੇ ਹਮਲਾ ਕਰ ਕੇ ਉਸ ਨੂੰ ਲੁੱਟ ਲਿਆ ਅਤੇ ਅੱਗ ਲਗਾ ਦਿੱਤੀ।

ਇਸ ਤਰ੍ਹਾਂ ਦੇ ਘਟਨਾਕ੍ਰਮ ਦੇ ਕਾਰਨ ਇਹ ਲੱਗਣ ਲੱਗਾ ਸੀ ਕਿ ਹੁਣ ਇਮਰਾਨ ਸਰਕਾਰ ਕੁਝ ਹੀ ਦਿਨਾਂ ਦੀ ਮਹਿਮਾਨ ਹੈ। ਇਹ ਖਦਸ਼ਾ ਇਸ ਸਾਲ 3 ਮਾਰਚ ਨੂੰ ਹੋਰ ਵਧ ਗਿਆ ਜਦੋਂ ਇਮਰਾਨ ਸਰਕਾਰ ’ਚ ਵਿੱਤ ਮੰਤਰੀ ਅਬਦੁਲ ਹਫੀਜ਼ ਸ਼ੇਖ ਨੂੰ ਇਸਲਾਮਾਬਾਦ ਦੀ ਸੀਟ ਤੋਂ ਸੀਨੇਟ ਦੀ ਚੋਣ ’ਚ ਸਾਬਕਾ ਪ੍ਰਧਾਨ ਮੰਤਰੀ ਯੁਸੂਫ ਰਾਜਾ ਗਿਲਾਨੀ (ਪਾਕਿਸਤਾਨ ਪੀਪਲਜ਼ ਪਾਰਟੀ) ਨੇ 5 ਵੋਟਾਂ ਨਾਲ ਹਰਾ ਦਿੱਤਾ।

ਇਸ ਨੂੰ ਇਮਰਾਨ ਖਾਨ ਦੇ ਲਈ ਬਹੁਤ ਜ਼ਿਆਦਾ ਝਟਕਾ ਮੰਨਿਆ ਜਾ ਰਿਹਾ ਸੀ। ਇਸ ਦੇ ਬਾਅਦ ‘ਪਾਕਿਸਤਾਨ ਪੀਪਲਜ਼ ਪਾਰਟੀ’ ਦੇ ਚੇਅਰਮੈਨ ਬਿਲਾਵਲ ਭੁੱਟੋ ਜ਼ਰਦਾਰੀ ਨੇ 4 ਮਾਰਚ ਨੂੰ ਕਿਹਾ ਕਿ ਹੁਣ ਇਮਰਾਨ ਸਰਕਾਰ ਨੂੰ ਕੋਈ ਵੀ ਬਚਾਅ ਨਹੀਂ ਸਕਦਾ।

ਦੂਸਰੇ ਪਾਸੇ ਆਪਣੇ ਵਿੱਤ ਮੰਤਰੀ ਦੀ ਹਾਰ ਤੋਂ ਖਿੱਝ ਕੇ ਇਮਰਾਨ ਖਾਨ ਨੇ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਚੋਰ ਦੱਸਦੇ ਹੋਏ ਦੋਸ਼ ਲਗਾਇਆ ਕਿ :

‘‘ਮੈਨੂੰ ਬਲੈਕਮੇਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਮੇਰੀ ਪਾਰਟੀ ਦੇ 15-16 ਸੰਸਦ ਮੈਂਬਰਾਂ ਦੇ ਵਿਕ ਜਾਣ ਅਤੇ ਪਾਰਟੀ ਲਾਈਨ ਤੋਂ ਹਟ ਕੇ ਵੋਟ ਦੇਣ ਦੇ ਕਾਰਨ ਸੀਨੇਟ ਚੋਣਾਂ ’ਚ ਹਾਰ ਹੋਈ ਹੈ ਅਤੇ ਮੈਂ ਵਿਰੋਧੀ ਧਿਰ ’ਚ ਬੈਠਣ ਲਈ ਤਿਆਰ ਹਾਂ।’’

‘‘ਮੈਂ ਆਪਣੀ ਸਰਕਾਰ ਦੀ ਜਾਇਜ਼ਤਾ ਸਿੱਧ ਕਰਨ ਲਈ 6 ਮਾਰਚ ਨੂੰ ਭਰੋਸੇ ਦੀ ਵੋਟ ਦਾ ਸਾਹਮਣਾ ਕਰਾਂਗਾ ਅਤੇ ਵੋਟਿੰਗ ’ਚ ਜੋ ਵੀ ਫੈਸਲਾ ਹੋਵੇਗਾ ਉਸ ਦਾ ਸਨਮਾਨ ਕਰਾਂਗਾ।’’

ਆਪਣੇ ਇਸੇ ਐਲਾਨ ਦੇ ਅਨੁਸਾਰ 6 ਮਾਰਚ ਨੂੰ ਭਰੋਸੇ ਦੀ ਵੋਟ ਦਾ ਸਾਹਮਣਾ ਕਰਨ ਤੋਂ ਪਹਿਲਾਂ ਇਮਰਾਨ ਖਾਨ ਨੇ ਆਪਣੀ ਪਾਰਟੀ ‘ਪਾਕਿਸਤਾਨ-ਤਹਿਰੀਕ-ਏ–ਇਨਸਾਫ’ ਦੇ ਸੰਸਦ ਮੈਂਬਰਾਂ ਨੂੰ ਪੱਤਰ ਲਿਖ ਕੇ ਪਾਰਟੀ ਲਾਈਨ ’ਤੇ ਵੋਟ ਪਾਉਣ ਜਾਂ ਅਨੁਸ਼ਾਸਨੀ ਕਾਰਵਾਈ ਦਾ ਸਾਹਮਣਾ ਕਰਨ ਦੇ ਲਈ ਤਿਆਰ ਰਹਿਣ ਦੀ ਚਿਤਾਵਨੀ ਵੀ ਦੇ ਦਿੱਤੀ।

ਇਸ ਵਾਰ ਬੇਭਰੋਸਗੀ ਮਤੇ ਦੇ ਦੌਰਾਨ ਸੀਕ੍ਰੇਟ ਵੋਟਿੰਗ ਦੀ ਬਜਾਏ ਪ੍ਰਤੱਖ ਵੋਟਿੰਗ ਕਰਵਾਉਣ ਦਾ ਪ੍ਰਬੰਧ ਕੀਤਾ ਗਿਆ। ਨੈਸ਼ਨਲ ਅਸੈਂਬਲੀ ਦੀ ਬੈਠਕ ਸਵੇਰੇ ਕੁਰਾਨ ਦੇ ਪਾਠ ਨਾਲ ਸ਼ੁਰੂ ਹੋਈ ਤੇ ਵਿਰੋਧੀ ਪਾਰਟੀਆਂ ਨੇ ਵੋਟਿੰਗ ਦਾ ਬਾਈਕਾਟ ਕਰ ਦਿੱਤਾ।

ਰਵਾਇਤ ਦੇ ਅਨੁਸਾਰ ਮਤੇ ਦੇ ਪੱਖ ’ਚ ਵੋਟਾਂ ਪਾਉਣ ਵਾਲਿਆਂ ਨੂੰ ਲਾਬੀ ਦੇ ਸੱਜੇ ਪਾਸੇ ਇਕੱਠੇ ਹੋਣ ਲਈ ਕਿਹਾ ਗਿਆ। 341 ਮੈਂਬਰਾਂ ਦੇ ਸਦਨ ’ਚ ਇਮਰਾਨ ਖਾਨ ਨੂੰ ਬਹੁਮਤ ਹਾਸਲ ਕਰਨ ਲਈ 172 ਵੋਟਾਂ ਦੀ ਲੋੜ ਸੀ ਪਰ 178 ਵੋਟਾਂ ਹਾਸਲ ਕਰ ਕੇ ਉਹ ਭਰੋਸੇ ਦੀ ਵੋਟ ਜਿੱਤ ਗਏ। ਭਰੋਸੇ ਦਾ ਮਤਾ ਪਾਸ ਕਰਨ ਦੇ ਬਾਅਦ ਇਮਰਾਨ ਨੇ ਦੇਸ਼ ਦੇ ਸੰਸਦ ਮੈਂਬਰਾਂ ਵੱਲੋਂ ਉਨ੍ਹਾਂ ’ਚ ਭਰੋਸਾ ਪ੍ਰਗਟ ਕਰਨ ਲਈ ਧੰਨਵਾਦ ਕੀਤਾ।

ਵਰਨਣਯੋਗ ਹੈ ਕਿ ਵੋਟਾਂ ਪੈਣ ਤੋਂ ਪਹਿਲਾਂ ਇਮਰਾਨ ਦੀ ਪਾਰਟੀ ‘ਪਾਕਿਸਤਾਨ- ਤਹਿਰੀਕ-ਏ–ਇਨਸਾਫ’ ਅਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਪਾਰਟੀ ‘ਪਾਕਿਸਤਾਨ ਮੁਸਲਿਮ ਲੀਗ (ਨਵਾਜ਼)’ ਦੇ ਵਰਕਰਾਂ ਦੇ ਦਰਮਿਆਨ ਨੈਸ਼ਨਲ ਅਸੈਂਬਲੀ ਦੇ ਬਾਹਰ ਮਾਰਾਮਾਰੀ ਵੀ ਹੋਈ ਜਿਸ ’ਚ ਕਈ ਲੋਕ ਜ਼ਖਮੀ ਵੀ ਹੋਏ।

ਇਮਰਾਨ ਸਮਰਥਕਾਂ ਨੇ (ਨਵਾਜ਼) ਪਾਰਟੀ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਨੂੰ ਕੁੱਟਿਆ ਅਤੇ ਇਕ ਹੋਰ ਨਵਾਜ਼ ਸਮਰਥਕ ਨੂੰ ਜੁੱਤੀ ਮਾਰੀ। ‘ਸ਼ਾਹਿਦ ਖਾਕਾਨ ਅੱਬਾਸੀ’ ਨੇ ਇਮਰਾਨ ਨੂੰ ਲਲਕਾਰਿਆ, ‘‘ਤੂੰ ਗੁੰਡਿਆਂ ਦੇ ਪਿੱਛੇ ਲੁਕਿਆ ਹੈਂ। ਅਸੀਂ ਵੀ ਦੇਖਦੇ ਹਾਂ ਕਿ ਤੇਰੇ ’ਚ ਕਿੰਨੀ ਗੈਰਤ ਹੈ। ਹੁਣੇ ਆ ਜਾ ਸਾਹਮਣੇ।’’

‘ਨਵਾਜ਼ ਪਾਰਟੀ’ ਦੇ ਹੀ ਇਕ ਹੋਰ ਨੇਤਾ ਮਰੀਅਮ ਔਰੰਗਜ਼ੇਬ ਨੇ ਕਿਹਾ, ‘‘ਉਹ (ਇਮਰਾਨ ਖਾਨ) ਕਿਰਾਏ ਦੇ ਗੁੰਡੇ ਲਿਆਉਂਦਾ ਹੈ। ਕਿਰਾਏ ਦੇ ਪ੍ਰਧਾਨ ਮੰਤਰੀ ਨੂੰ ਘਰ ਜਾਣਾ ਹੀ ਹੋਵੇਗਾ। ਤੁਸੀਂ ਜਿੰਨੀ ਗੁੰਡਾਗਰਦੀ ਕਰੋਗੇ ਅਸੀਂ ਉਸ ਨਾਲੋਂ ਜ਼ਿਆਦਾ ਗੁੰਡਾਗਰਦੀ ਕਰਾਂਗੇ।’’

ਹਾਲਾਂਕਿ ਇਮਰਾਨ ਨੇ ਅਜੇ ਤਾਂ ਆਪਣੀ ਸਰਕਾਰ ਬਚਾ ਲਈ ਹੈ ਪਰ ਕਿਹਾ ਨਹੀਂ ਜਾ ਸਕਦਾ ਕਿ ਇਸ ਨਾਲ ਉਨ੍ਹਾਂ ਦੀਆਂ ਸਮੱਸਿਆਵਾਂ ਟਲ ਗਈਆਂ ਹਨ। ਦੇਸ਼ ’ਚ ਮਹਿੰਗਾਈ, ਲਾਕਾਨੂੰਨੀ ਅਤੇ ਭ੍ਰਿਸ਼ਟਾਚਾਰ ਆਦਿ ਦੇ ਵਿਰੁੱਧ ਵਿਰੋਧੀ ਪਾਰਟੀਆਂ ਦੀ ਮੁਹਿੰਮ ਅੱਗੇ ਵੀ ਜਾਰੀ ਰਹੇਗੀ। ‘ਪਾਕਿਸਤਾਨ ਮੁਸਲਿਮ ਲੀਗ (ਨਵਾਜ਼)’ ਦੀ ਨੇਤਾ ਮਰੀਅਮ ਨਵਾਜ਼ ਨੇ ਇਸ ਭਰੋਸੇ ਦੀ ਵੋਟ ਨੂੰ ਵਿਅਰਥ ਦੱਸਿਆ ਅਤੇ ਕਿਹਾ ਕਿ ਇਮਰਾਨ ਸਰਕਾਰ ਦੇ ਦਿਨ ਗਿਣਤੀ ਦੇ ਰਹਿ ਗਏ ਹਨ। ਅਜਿਹੇ ’ਚ ਹਰ ਸਮੇਂ ਇਮਰਾਨ ਸਰਕਾਰ ’ਤੇ ਅਨਿਸ਼ਚਿਤਤਾ ਦੀ ਤਲਵਾਰ ਲਟਕਦੀ ਹੀ ਰਹੇਗੀ। ਇਸ ਲਈ ਜਾਂ ਤਾਂ ਉਨ੍ਹਾਂ ਨੂੰ ਆਪਣੇ ਦੇਸ਼ ਦੇ ਵਿਗੜੇ ਹੋਏ ਹਾਲਾਤ ਸੁਧਾਰਨੇ ਹੋਣਗੇ ਅਤੇ ਜਾਂ ਫਿਰ ਇਸੇ ਤਰ੍ਹਾਂ ਦੇ ਅੰਦੋਲਨਾਂ ਲਈ ਤਿਆਰ ਰਹਿਣਾ ਪਵੇਗਾ।

-ਵਿਜੇ ਕੁਮਾਰ

Bharat Thapa

This news is Content Editor Bharat Thapa