ਅੱਤਵਾਦ ਨੂੰ ਨਾ ਰੋਕਣ ਕਾਰਨ ਪਾਕਿਸਤਾਨ ਖੁਦ ਇਸ ਦੀ ਅੱਗ ''ਚ ਝੁਲਸ ਰਿਹੈ

02/18/2017 6:22:41 AM

ਪਾਕਿਸਤਾਨ ਦੇ ਹੁਕਮਰਾਨ ਸ਼ੁਰੂ ਤੋਂ ਹੀ ਭਾਰਤ ਵਿਰੋਧੀ ਸਰਗਰਮੀਆਂ ਨੂੰ ਸ਼ਹਿ ਦੇਣ ਲਈ ਅੱਤਵਾਦੀ ਗਿਰੋਹਾਂ ਨੂੰ ਲਗਾਤਾਰ ਪਨਾਹ ਅਤੇ ਹੱੱਲਾਸ਼ੇਰੀ ਦਿੰਦੇ ਆ ਰਹੇ ਹਨ ਪਰ ਉਨ੍ਹਾਂ ਦੀ ਅਤੇ ਉਥੋਂ ਦੀ ਫੌਜ ਦੀ ਸ਼ਹਿ ਦੇ ਦਮ ''ਤੇ ਹੁਣ ਇਨ੍ਹਾਂ ਦਾ ਹੌਸਲਾ ਇੰਨਾ ਵਧ ਗਿਆ ਹੈ ਕਿ ਇਹ ਭਾਰਤ ਅਤੇ ਅਫਗਾਨਿਸਤਾਨ ਵਰਗੇ ਗੁਆਂਢੀ ਦੇਸ਼ਾਂ ਦੇ ਨਾਲ-ਨਾਲ ਖੁਦ ਪਾਕਿਸਤਾਨ ਦੀ ਹੋਂਦ ਲਈ ਵੀ ਖਤਰਾ ਬਣ ਗਏ ਹਨ।
ਇਸੇ ਦੇ ਮੱਦੇਨਜ਼ਰ ਅਮਰੀਕੀ ਵਿਦੇਸ਼ ਮੰਤਰੀ ਜੌਨ ਕੈਰੀ ਨੇ 14 ਜਨਵਰੀ 2015 ਨੂੰ ਕਿਹਾ ਸੀ ਕਿ ''''ਤਾਲਿਬਾਨ, ਲਸ਼ਕਰ-ਏ-ਤੋਇਬਾ, ਹੱਕਾਨੀ ਨੈੱਟਵਰਕ ਵਰਗੇ ਸਮੂਹ ਨਾ ਸਿਰਫ ਪਾਕਿਸਤਾਨ ਸਗੋਂ ਉਸ ਦੇ ਗੁਆਂਢੀ ਦੇਸ਼ਾਂ ਤੇ ਸਮੁੱਚੀ ਦੁਨੀਆ ਲਈ ਖਤਰਾ ਬਣ ਗਏ ਹਨ, ਇਸ ਲਈ ਪਾਕਿ ਸਰਕਾਰ ਨੂੰ ਉਨ੍ਹਾਂ ਵਿਰੁੱਧ ਸਖਤ ਕਾਰਵਾਈ ਕਰਨੀ ਚਾਹੀਦੀ ਹੈ।''''
ਇਸ ਸਮੇਂ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਵੀ ਪਾਕਿਸਤਾਨ ਅਤੇ ਹੋਰਨਾਂ ਦੇਸ਼ਾਂ ਨੂੰ ਅੱਤਵਾਦ ਵਿਰੁੱਧ ਸਖਤ ਸੰਦੇਸ਼ ਦੇਣ ਦੇ ਬਾਵਜੂਦ ਪਾਕਿਸਤਾਨ ਨੇ ਅੱਤਵਾਦੀਆਂ ਨੂੰ ਸ਼ਹਿ ਦੇਣ ਦਾ ਸਿਲਸਿਲਾ ਬੰਦ ਨਹੀਂ ਕੀਤਾ।
''ਸਾਊਥ ਏਸ਼ੀਆ ਟੈਰੇਰਿਜ਼ਮ ਪੋਰਟਲ'' ਦੀ ਇਕ ਰਿਪੋਰਟ ਅਨੁਸਾਰ ਸੰਨ 2003 ਤੋਂ ਹੁਣ ਤਕ ਇਨ੍ਹਾਂ ਹਮਲਿਆਂ ''ਚ ਮਾਰੇ ਗਏ ਲੋਕਾਂ ਦੀ ਗਿਣਤੀ 21527 ਤੋਂ ਵੀ ਜ਼ਿਆਦਾ ਹੋ ਗਈ ਹੈ, ਜਦਕਿ 2016 ''ਚ ਪਾਕਿਸਤਾਨ ''ਚ ਅੱਤਵਾਦੀਆਂ ਨੇ ਲੱਗਭਗ 612 ਨਾਗਰਿਕਾਂ ਅਤੇ 293 ਸੁਰੱਖਿਆ ਮੁਲਾਜ਼ਮਾਂ ਨੂੰ ਮੌਤ ਦੇ ਘਾਟ ਉਤਾਰਿਆ। ਹੱਦ ਇਹ ਹੈ ਕਿ ਇਸੇ ਹਫਤੇ ਪਾਕਿਸਤਾਨ ''ਚ ਘੱਟੋ-ਘੱਟ 6 ਅੱਤਵਾਦੀ ਹਮਲੇ ਹੋ ਚੁੱਕੇ ਹਨ :
* 13 ਫਰਵਰੀ ਨੂੰ ਲਾਹੌਰ ''ਚ ਵਿਧਾਨ ਸਭਾ ਭਵਨ ਦੇ ਬਾਹਰ ਆਤਮਘਾਤੀ ਬੰਬ ਧਮਾਕੇ ''ਚ 16 ਵਿਅਕਤੀਆਂ ਦੀ ਮੌਤ ਹੋ ਗਈ ਤੇ 71 ਹੋਰ ਜ਼ਖ਼ਮੀ ਹੋਏ।
* 13 ਫਰਵਰੀ ਨੂੰ ਹੀ ਕੋਏਟਾ ''ਚ ਅੱਤਵਾਦੀਆਂ ਵਲੋਂ ਪਲਾਂਟ ਕੀਤੇ ਗਏ ਬੰਬ ਨੂੰ ਨਕਾਰਾ ਕਰਦੇ ਸਮੇਂ ਹੋਏ ਧਮਾਕੇ ''ਚ ਬੰਬ ਨਿਰੋਧਕ ਦਸਤੇ ਦੇ ਦੋ ਮੈਂਬਰ ਮਾਰੇ ਗਏ।
* 15 ਫਰਵਰੀ ਨੂੰ ''ਮੁਹੰਮਦ'' ਕਬਾਇਲੀ ਇਲਾਕੇ  ''ਚ ਆਤਮਘਾਤੀ ਹਮਲੇ ''ਚ 4 ਸੁਰੱਖਿਆ ਮੁਲਾਜ਼ਮਾਂ ਸਮੇਤ 8 ਵਿਅਕਤੀਆਂ ਦੀ ਮੌਤ ਹੋ ਗਈ ਤੇ ਕਈ ਗੰਭੀਰ ਜ਼ਖ਼ਮੀ ਹੋਏ।
* 15 ਫਰਵਰੀ ਨੂੰ ਹੀ ਪੇਸ਼ਾਵਰ ''ਚ ਜੱਜਾਂ ਨੂੰ ਲੈ ਕੇ ਜਾ ਰਹੀ ਗੱਡੀ ''ਤੇ ਅੱਤਵਾਦੀ ਹਮਲੇ ''ਚ ਡਰਾਈਵਰ ਦੀ ਮੌਤ ਹੋ ਗਈ ਤੇ 18 ਵਿਅਕਤੀ ਜ਼ਖ਼ਮੀ ਹੋਏ।
* 16 ਫਰਵਰੀ ਨੂੰ ਸਿੰਧ ਸੂਬੇ ''ਚ ਪ੍ਰਸਿੱਧ ਸੂਫੀ ਸੰਤ  ਲਾਲ ਸ਼ਾਹਬਾਜ਼ ਕਲੰਦਰ ਦੀ ਦਰਗਾਹ ''ਚ ਹੋਏ ਭਿਆਨਕ ਬੰਬ ਧਮਾਕੇ ''ਚ 100 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਅਤੇ 200 ਤੋਂ ਜ਼ਿਆਦਾ ਜ਼ਖ਼ਮੀ ਹੋਏ।
* 17 ਫਰਵਰੀ ਨੂੰ ਪੇਸ਼ਾਵਰ ''ਚ ਪੁਲਸ ਵੈਨ ''ਤੇ ਹੋਏ ਹਮਲੇ ''ਚ 4 ਪੁਲਸ ਮੁਲਾਜ਼ਮ ਮਾਰੇ ਗਏ।
ਬੇਸ਼ੱਕ ਸਮੇਂ-ਸਮੇਂ ''ਤੇ ਨਵਾਜ਼ ਸ਼ਰੀਫ ਨੇ ਪਾਕਿਸਤਾਨ ''ਚ ਸਰਗਰਮ ਅੱਤਵਾਦੀਆਂ ਵਿਰੁੱਧ ਕੁਝ ਕਾਰਵਾਈ ਕੀਤੀ ਵੀ ਹੈ ਅਤੇ ਉਕਤ ਹਮਲਿਆਂ ਨੂੰ ਵੀ ''ਜਿੱਨਾਹ ਦੇ ਪਾਕਿਸਤਾਨ ''ਤੇ ਸਿੱਧਾ ਹਮਲਾ'' ਕਰਾਰ ਦਿੰਦਿਆਂ ਇਸ ਨਾਲ ਸਖਤੀ ਨਾਲ ਨਜਿੱਠਣ ਦੀ ਗੱਲ ਕਹੀ ਹੈ ਪਰ ਫੌਜ ਨੇ ਕਦੇ ਵੀ ਉਨ੍ਹਾਂ ਦੀਆਂ ਗੱਲਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਅਤੇ ਅੱਤਵਾਦੀਆਂ ਨਾਲ ਨਜਿੱਠਣ ਦੇ ਮਾਮਲੇ ''ਚ ਹਮੇਸ਼ਾ ਲਾਪਰਵਾਹ ਹੀ ਰਹੀ ਹੈ।
ਕੁਝ ਸਾਲ ਪਹਿਲਾਂ ਭਾਰਤ ਦੀ ਯਾਤਰਾ ''ਤੇ ਆਏ ਪਾਕਿਸਤਾਨ ਦੇ ਸਾਬਕਾ ਰੱਖਿਆ ਸਲਾਹਕਾਰ ਮੇਜਰ ਜਨਰਲ ਮਹਿਬੂਬ ਦੁੱਰਾਨੀ ਨੇ ਕਿਹਾ ਸੀ ਕਿ ''''ਪਾਕਿਸਤਾਨ ਨੂੰ ਆਪਣੀਆਂ ਗਲਤ ਨੀਤੀਆਂ ਦੀ ਕੀਮਤ ਚੁਕਾਉਣੀ ਪੈ ਰਹੀ ਹੈ ਤੇ ਸਾਡੀ ਖੁਫੀਆ ਏਜੰਸੀ ''ਆਈ. ਐੱਸ. ਆਈ.'' ਨੂੰ ਸਹੀ ਰਾਹ ''ਤੇ ਲਿਆਉਣ ਦੀ ਲੋੜ ਹੈ। ਇਹ ਕਾਰਵਾਈ ਕਰਨ ਦਾ ਸਮਾਂ ਹੈ, ਨਹੀਂ ਤਾਂ ਅਸੀਂ ਇਸ ਅੱਗ ''ਚ ਸੜ ਕੇ ਸਵਾਹ ਹੋ ਜਾਵਾਂਗੇ।''''
ਸਪੱਸ਼ਟ ਤੌਰ ''ਤੇ ਮੇਜਰ ਜਨਰਲ ਮਹਿਬੂਬ ਦੁੱਰਾਨੀ ਦਾ ਇਸ਼ਾਰਾ ਪਾਕਿਸਤਾਨ ''ਚ ਫੌਜ ਤੇ ਸਰਕਾਰ ਵਿਚਾਲੇ ਬਣੇ ਗੁੰਝਲਦਾਰ ਸੰਬੰਧਾਂ ਵੱਲ ਹੈ ਕਿਉਂਕਿ ਅੱਤਵਾਦੀਆਂ ਨੂੰ ਸ਼ਹਿ ਦੇਣ ''ਚ ਉਥੋਂ ਦੀ ਫੌਜ ਵੀ ਬਰਾਬਰ ਦੀ ਭਾਈਵਾਲ ਰਹੀ ਹੈ। 
ਕੁਝ ਹੀ ਸਮਾਂ ਪਹਿਲਾਂ ਨਵਾਜ਼ ਸ਼ਰੀਫ ਵਲੋਂ ਪਾਕਿਸਤਾਨ ਦੇ ਸੈਨਾ ਮੁਖੀ ਬਣਾਏ ਗਏ ਜਨਰਲ ਕਮਰ ਜਾਵੇਦ ਬਾਜਵਾ ਨੇ ਵੀ ਹੁਣ ਮੇਜਰ ਜਨਰਲ ਮਹਿਬੂਬ ਦੁੱਰਾਨੀ ਦੇ ਵਿਚਾਰਾਂ ਨਾਲ ਮਿਲਦੇ-ਜੁਲਦੇ ਵਿਚਾਰ ਪ੍ਰਗਟਾਏ ਹਨ ਤੇ ਕਿਹਾ ਹੈ ਕਿ ''''ਪਾਕਿਸਤਾਨ ਦੇ ਫੌਜੀ ਅਧਿਕਾਰੀਆਂ ਨੂੰ ਭਾਰਤੀ ਲੋਕਤੰਤਰ ਤੋਂ ਸਿੱਖਿਆ ਲੈ ਕੇ ਸਿਆਸਤ ਤੋਂ ਦੂਰ ਰਹਿਣਾ ਚਾਹੀਦਾ ਹੈ, ਸਰਕਾਰ ਚਲਾਉਣਾ ਫੌਜ ਦਾ ਕੰਮ ਨਹੀਂ ਹੈ।''''
ਸਪੱਸ਼ਟ ਹੈ ਕਿ ਜਦੋਂ ਤਕ ਪਾਕਿ ਸਰਕਾਰ ਅਤੇ ਫੌਜ ਵਲੋਂ ਅੱਤਵਾਦੀਆਂ ਵਿਰੁੱਧ ਸਖਤ ਕਾਰਵਾਈ ਨਹੀਂ ਕੀਤੀ ਜਾਂਦੀ, ਉਦੋਂ ਤਕ ਪਾਕਿਸਤਾਨ ਇਸੇ ਤਰ੍ਹਾਂ ਅੱਤਵਾਦ ਦੀ ਅੱਗ ''ਚ ਝੁਲਸਦਾ ਹੀ ਰਹੇਗਾ।
ਇਸ ਲਈ ਉਥੋਂ ਦੀ ਸਰਕਾਰ ਤੇ ਫੌਜ ਵਲੋਂ ਜਿੰਨੀ ਸਖਤੀ ਨਾਲ ਅੱਤਵਾਦੀਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ, ਪਾਕਿਸਤਾਨ ਦੀ ਸੁੱਖ-ਸਮ੍ਰਿਧੀ ਲਈ ਓਨਾ ਹੀ ਚੰਗਾ ਹੋਵੇਗਾ। ਹੁਣ ਸਮਾਂ ਆ ਗਿਆ ਹੈ ਕਿ ਅੱਤਵਾਦੀਆਂ ਪ੍ਰਤੀ ਨਰਮ ਰਵੱਈਏ ''ਚ ਤਬਦੀਲੀ ਲਿਆਉਂਦਿਆਂ ਫੌਜ ਉਨ੍ਹਾਂ ਵਿਰੁੱਧ ਲਗਾਤਾਰ ਸਖਤ ਕਾਰਵਾਈ ਕਰੇ ਤਾਂ ਕਿ ਪਾਕਿਸਤਾਨ ਅੱਤਵਾਦ ਦੀ ਅੱਗ ''ਚ ਝੁਲਸਣ ਤੋਂ ਬਚ ਜਾਵੇ, ਜਿਸ ਤਰ੍ਹਾਂ ਸਿੰਧ ''ਚ ਅੱਤਵਾਦੀ ਹਮਲੇ ਤੋਂ ਬਾਅਦ ਕਾਰਵਾਈ ਕਰ ਕੇ ਪਾਕਿਸਤਾਨੀ ਸੁਰੱਖਿਆ ਬਲਾਂ ਨੇ 58 ਅੱਤਵਾਦੀ ਮਾਰ ਮੁਕਾਏ ਹਨ।                                  
—ਵਿਜੇ ਕੁਮਾਰ

Vijay Kumar Chopra

This news is Chief Editor Vijay Kumar Chopra