ਪਾਕਿਸਤਾਨ ਅੱਤਵਾਦੀਆਂ ਨੂੰ ਸ਼ਹਿ ਦੇ ਕੇ ''ਘਰ ਫੂਕ ਕੇ ਤਮਾਸ਼ਾ ਦੇਖ ਰਿਹਾ ਹੈ''

07/26/2017 7:03:34 AM

ਪਾਕਿਸਤਾਨ ਦੇ ਸ਼ਾਸਕ ਸ਼ੁਰੂ ਤੋਂ ਹੀ ਭਾਰਤ ਵਿਰੋਧੀ ਸਰਗਰਮੀਆਂ ਨੂੰ ਸ਼ਹਿ ਦੇਣ ਲਈ ਕਈ ਅੱਤਵਾਦੀ ਅਤੇ ਵੱਖਵਾਦੀ ਗਿਰੋਹਾਂ ਨੂੰ ਲਗਾਤਾਰ ਪਨਾਹ, ਹੱਲਾਸ਼ੇਰੀ ਅਤੇ ਮਾਲੀ ਸਹਾਇਤਾ ਦਿੰਦੇ ਆ ਰਹੇ ਹਨ।  ਇਸ ਦਾ ਤਾਜ਼ਾ ਸਬੂਤ ਇਹ ਹੈ ਕਿ ਇਸ ਸਾਲ ਮਈ ਵਿਚ 3 ਵੱਖਵਾਦੀ ਨੇਤਾਵਾਂ ਵਲੋਂ ਕਸ਼ਮੀਰ ਵਾਦੀ 'ਚ ਅੱਤਵਾਦ ਫੈਲਾਉਣ ਲਈ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਅਤੇ ਅੱਤਵਾਦੀ ਸੰਗਠਨਾਂ ਤੋਂ ਧਨ ਮਿਲਣ ਦੀ ਗੱਲ ਕਬੂਲਣ ਤੋਂ ਬਾਅਦ 24 ਜੁਲਾਈ ਨੂੰ ਭਾਰਤ ਦੀ ਕੌਮੀ ਜਾਂਚ ਏਜੰਸੀ (ਐੱਨ. ਆਈ. ਏ.) ਨੇ ਟੈਰਰ ਫੰਡਿੰਗ ਕੇਸ ਵਿਚ ਜੰਮੂ-ਕਸ਼ਮੀਰ ਦੇ ਵੱਖਵਾਦੀ ਨੇਤਾ ਸਈਦ ਅਲੀ ਸ਼ਾਹ ਗਿਲਾਨੀ ਦੇ ਜਵਾਈ ਅਲਤਾਫ ਸਮੇਤ 7 ਵੱਖਵਾਦੀ ਨੇਤਾਵਾਂ ਨੂੰ ਗ੍ਰਿਫਤਾਰ ਕਰ ਲਿਆ ਹੈ। 
ਇਕ ਪਾਸੇ ਪਾਕਿ ਸਰਕਾਰ ਕਸ਼ਮੀਰ ਵਾਦੀ 'ਚ ਸਰਗਰਮ ਵੱਖਵਾਦੀਆਂ ਅਤੇ ਅੱਤਵਾਦੀਆਂ ਨੂੰ ਸਹਾਇਤਾ ਦੇ ਕੇ ਇਥੇ ਖੂਨ-ਖਰਾਬਾ ਕਰਵਾ ਰਹੀ ਹੈ ਤਾਂ ਦੂਜੇ ਪਾਸੇ ਪਾਕਿਸਤਾਨੀ ਫੌਜਾਂ ਵੀ ਲਗਾਤਾਰ ਜੰਗਬੰਦੀ ਦੀ ਉਲੰਘਣਾ ਕਰ ਰਹੀਆਂ ਹਨ ਤੇ ਇਸ ਸਾਲ 22 ਜੁਲਾਈ ਤਕ 250 ਤੋਂ ਜ਼ਿਆਦਾ ਵਾਰ ਜੰਗਬੰਦੀ ਦੀ ਉਲੰਘਣਾ ਕਰ ਚੁੱਕੀਆਂ ਹਨ। 
ਚੀਨ ਅਤੇ ਕੁਝ ਛੋਟੇ-ਮੋਟੇ ਇਸਲਾਮੀ ਦੇਸ਼ਾਂ ਨੂੰ ਛੱਡ ਕੇ ਲੱਗਭਗ ਸਾਰੀ ਦੁਨੀਆ ਪਾਕਿਸਤਾਨ 'ਤੇ ਅੱਤਵਾਦ ਨੂੰ ਸ਼ਹਿ ਦੇਣੀ ਬੰਦ ਕਰਨ ਲਈ ਦਬਾਅ ਪਾ ਰਹੀ ਹੈ ਪਰ ਪਾਕਿ ਸਰਕਾਰ ਅਤੇ ਉਥੋਂ ਦੀ ਫੌਜ 'ਤੇ ਇਸ ਦਾ ਕੋਈ ਅਸਰ ਹੁੰਦਾ ਨਜ਼ਰ ਨਹੀਂ ਆ ਰਿਹਾ। ਇਸੇ ਕਾਰਨ ਅਮਰੀਕਾ ਨੇ 26 ਜੂਨ ਨੂੰ ਬਦਨਾਮ ਪਾਕਿਸਤਾਨੀ ਅੱਤਵਾਦੀ ਸਲਾਹੂਦੀਨ ਨੂੰ ਅਮਰੀਕਾ ਦੀ ਪਾਬੰਦੀਸ਼ੁਦਾ ਸੂਚੀ 'ਚ ਪਾ ਦਿੱਤਾ ਹੈ। 
ਹੁਣ 19 ਜੁਲਾਈ ਨੂੰ ਅਮਰੀਕਾ ਨੇ ਪਾਕਿਸਤਾਨ ਨੂੰ 'ਅੱਤਵਾਦ ਦੇ ਪਨਾਹਗਾਹ' ਦੇਸ਼ਾਂ ਦੀ ਸੂਚੀ ਵਿਚ ਪਾਉਂਦਿਆਂ ਇਹ ਦੋਸ਼ ਲਾਇਆ ਹੈ ਕਿ ਉਹ ਲਸ਼ਕਰ ਅਤੇ ਜੈਸ਼ ਵਰਗੇ ਅੱਤਵਾਦੀ ਗਿਰੋਹਾਂ ਨੂੰ ਵਧਣ-ਫੁੱਲਣ ਦਾ ਮੌਕਾ ਦੇ ਕੇ ਉਨ੍ਹਾਂ ਨੂੰ ਦੁਨੀਆ ਭਰ ਵਿਚ ਦਹਿਸ਼ਤ ਮਚਾਉਣ 'ਚ ਸਹਾਇਤਾ ਦੇ ਰਿਹਾ ਹੈ। 
ਅਫਗਾਨਿਸਤਾਨ ਵਿਚ ਕਤਲੇਆਮ ਕਰ ਰਹੇ ਤਾਲਿਬਾਨ ਵਿਰੁੱਧ ਵੀ ਉਸ ਨੇ ਕੋਈ ਕਦਮ ਨਹੀਂ ਚੁੱਕਿਆ। ਇਸੇ ਕਾਰਨ ਅਮਰੀਕਾ ਨੇ ਉਸ ਨੂੰ 2016 ਦੇ 'ਗੱਠਜੋੜ ਸਮਰਥਨ ਫੰਡ' ਵਿਚੋਂ 35 ਕਰੋੜ ਡਾਲਰ ਦੀ ਸਹਾਇਤਾ ਦੀ ਅਦਾਇਗੀ ਨਾ ਕਰਨ ਦਾ ਫੈਸਲਾ ਲਿਆ ਹੈ। 
ਜਿਥੋਂ ਤਕ ਪਾਕਿਸਤਾਨ ਦੇ ਸਭ ਤੋਂ ਨੇੜਲੇ ਸਹਿਯੋਗੀ ਚੀਨ ਦਾ ਸੰਬੰਧ ਹੈ, ਪਾਕਿਸਤਾਨ ਵਿਚ ਚੱਲ ਰਹੀਆਂ ਅੱਤਵਾਦ ਦੀਆਂ ਫੈਕਟਰੀਆਂ ਦਾ ਸੇਕ ਹੁਣ ਉਸ ਤੱਕ ਵੀ ਪਹੁੰਚਣ ਲੱਗਾ ਹੈ। 2009 ਅਤੇ 2011 ਵਿਚ ਮਕਬੂਜ਼ਾ ਕਸ਼ਮੀਰ ਨੇੜੇ ਚੀਨ ਦੇ ਝਿੰਜਿਆਂਗ ਸੂਬੇ ਵਿਚ ਹੋਏ ਭਿਅੰਕਰ ਦੰਗਿਆਂ 'ਚ 225 ਵਿਅਕਤੀਆਂ ਦੀ ਹੱਤਿਆ ਵਿਚ ਸ਼ਾਮਿਲ ਅੱਤਵਾਦੀਆਂ ਨੂੰ ਪਾਕਿਸਤਾਨ ਵਿਚ ਸਿਖਲਾਈ ਮਿਲੇ ਹੋਣ ਦੀ ਪੁਸ਼ਟੀ ਹੋਣ 'ਤੇ ਚੀਨ ਦੇ ਰਾਸ਼ਟਰਪਤੀ ਹੂ-ਜਿਨ-ਤਾਓ ਨੇ ਪਾਕਿਸਤਾਨ ਦੇ ਰਾਸ਼ਟਰਪਤੀ ਜ਼ਰਦਾਰੀ ਨੂੰ ਫੋਨ ਕਰ ਕੇ ਇਸ 'ਤੇ ਚਿੰਤਾ ਪ੍ਰਗਟਾਈ ਸੀ। 
ਚੀਨ ਸਰਕਾਰ ਨੇ ਹੁਣ ਇਸ ਖੇਤਰ ਵਿਚ ਅੱਤਵਾਦੀ ਸਰਗਰਮੀਆਂ ਨੂੰ ਦੇਖਦਿਆਂ ਇਸ ਸਾਲ ਦੇਸ਼ ਦੇ ਮੁਸਲਿਮ ਬਹੁਲਤਾ ਵਾਲੇ ਇਲਾਕਿਆਂ ਵਿਚ ਉਥੋਂ ਦੀ ਸਥਾਨਕ ਆਬਾਦੀ 'ਤੇ ਵੱਖ-ਵੱਖ ਪਾਬੰਦੀਆਂ ਲਾ ਕੇ ਇਹ ਇਲਾਕਾ ਮੁਸਲਮਾਨਾਂ ਲਈ 'ਖੁੱਲ੍ਹੀ ਜੇਲ' ਵਿਚ ਤਬਦੀਲ ਕਰ ਦਿੱਤਾ ਹੈ। 
ਜਿਥੇ ਪਾਕਿਸਤਾਨ ਅੱਤਵਾਦ-ਵੱਖਵਾਦ ਨੂੰ ਸ਼ਹਿ ਦੇ ਕੇ ਇਸ ਸਮੁੱਚੇ ਖੇਤਰ ਵਿਚ ਸ਼ਾਂਤ ਮਾਹੌਲ ਭੰਗ ਕਰ ਰਿਹਾ ਹੈ, ਉਥੇ ਹੀ ਪਾਕਿਸਤਾਨ ਦੇ ਪਾਲੇ ਹੋਏ ਅੱਤਵਾਦੀ ਉਸ ਦੀ ਹੋਂਦ ਲਈ ਵੀ ਖਤਰਾ ਬਣ ਗਏ ਹਨ। 
* 23 ਜੂਨ ਨੂੰ ਕੋਇਟਾ ਵਿਚ ਸਥਿਤ ਆਈ. ਜੀ. ਪੁਲਸ ਦੇ ਦਫਤਰ ਨੇੜੇ ਜ਼ਬਰਦਸਤ ਬੰਬ ਧਮਾਕੇ 'ਚ 5 ਵਿਅਕਤੀਆਂ ਦੀ ਮੌਤ ਤੇ ਕਈ ਲੋਕ ਜ਼ਖ਼ਮੀ ਹੋ ਗਏ।
* ਇਸੇ ਦਿਨ ਖੁੱਰਮ ਏਜੰਸੀ ਦੇ ਪਰਚਿਨਾਰ ਸ਼ਹਿਰ ਵਿਚ ਲੜੀਵਾਰ ਬੰਬ ਧਮਾਕਿਆਂ 'ਚ ਘੱਟੋ-ਘੱਟ 44 ਵਿਅਕਤੀਆਂ ਦੀ ਮੌਤ ਤੇ 140 ਜ਼ਖ਼ਮੀ ਹੋ ਗਏ। 
* 10 ਜੁਲਾਈ ਨੂੰ ਬਲੋਚਿਸਤਾਨ ਸੂਬੇ ਦੇ ਚਮਨ ਇਲਾਕੇ 'ਚ ਈਦਗਾਹ ਚੌਕ 'ਚ ਹੋਏ ਬੰਬ ਧਮਾਕੇ ਵਿਚ ਇਕ ਸੀਨੀਅਰ ਪੁਲਸ ਅਧਿਕਾਰੀ ਸਮੇਤ 11 ਵਿਅਕਤੀਆਂ ਦੀ ਮੌਤ ਹੋ ਗਈ।
* 17 ਜੁਲਾਈ ਨੂੰ ਹਯਾਤਾਬਾਦ ਇਲਾਕੇ ਵਿਚ ਸਵੇਰੇ-ਸਵੇਰੇ ਹੋਏ ਬੰਬ ਧਮਾਕੇ 'ਚ 2 ਪੁਲਸ ਮੁਲਾਜ਼ਮ ਮਾਰੇ ਗਏ ਤੇ 2 ਗੱਡੀਆਂ ਤਬਾਹ ਹੋ ਗਈਆਂ।
* ਅਤੇ ਹੁਣ 24 ਜੁਲਾਈ ਨੂੰ ਲਾਹੌਰ ਸ਼ਹਿਰ ਵਿਚ ਪੰਜਾਬ ਦੇ ਮੁੱਖ ਮੰਤਰੀ ਸ਼ਾਹਬਾਜ਼ ਸ਼ਰੀਫ ਦੇ ਦਫਤਰ ਅਤੇ ਰਿਹਾਇਸ਼ ਨੇੜੇ ਇਕ ਤਾਕਤਵਰ ਬੰਬ ਧਮਾਕੇ 'ਚ ਕਈ ਪੁਲਸ ਮੁਲਾਜ਼ਮਾਂ ਸਮੇਤ 26 ਵਿਅਕਤੀਆਂ ਦੀ ਮੌਤ ਤੇ 30 ਹੋਰ ਜ਼ਖ਼ਮੀ ਹੋ ਗਏ।
ਇਸੇ ਦਿਨ ਗੁਆਂਢੀ ਅਫਗਾਨਿਸਤਾਨ ਦੇ ਕਾਬੁਲ 'ਚ ਇਕ ਬੱਸ 'ਤੇ ਹੋਏ ਹਮਲੇ 'ਚ 35 ਵਿਅਕਤੀਆਂ ਦੀ ਮੌਤ ਤੇ 40 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ। ਇਨ੍ਹਾਂ ਦੋਹਾਂ ਹੀ ਹਮਲਿਆਂ ਦੀ ਜ਼ਿੰਮੇਵਾਰੀ ਤਾਲਿਬਾਨ ਨੇ ਲੈ ਲਈ ਹੈ ਤੇ ਇਹ ਦੋਵੇਂ ਹੀ ਆਤਮਘਾਤੀ ਹਮਲੇ ਸਨ।
ਸਪੱਸ਼ਟ ਹੈ ਕਿ ਅੱਤਵਾਦ ਨੂੰ ਸ਼ਹਿ ਦੇਣ ਨਾਲ ਨਾ ਸਿਰਫ ਵਿਸ਼ਵ ਭਾਈਚਾਰੇ ਵਿਚ ਪਾਕਿਸਤਾਨ ਦੀ ਸਾਖ ਡਿਗ ਰਹੀ ਹੈ, ਸਗੋਂ ਉਸ ਦੇ ਪਾਲੇ ਹੋਏ ਅੱਤਵਾਦੀਆਂ ਨੇ ਪਾਕਿਸਤਾਨ ਦੇ ਆਸ-ਪਾਸ ਵਾਲੇ ਦੇਸ਼ਾਂ ਦਾ ਮਾਹੌਲ ਵਿਗਾੜਨ ਦੇ ਨਾਲ-ਨਾਲ ਹੁਣ ਉਸ ਨੂੰ ਵੀ ਡੰਗਣਾ ਸ਼ੁਰੂ ਕਰ ਦਿੱਤਾ ਹੈ, ਜਿਸ ਕਾਰਨ ਪਾਕਿਸਤਾਨ ਹੁਣ 'ਸਨੇਕ ਕੰਟਰੀ' ਵੀ ਅਖਵਾਉਣ ਲੱਗਾ ਹੈ। 
ਇਸ ਲਈ ਜਿੰਨੀ ਛੇਤੀ ਪਾਕਿ ਸਰਕਾਰ ਅੱਤਵਾਦੀਆਂ ਨੂੰ ਨੱਥ ਪਾਏਗੀ, ਓਨੀ ਛੇਤੀ ਇਸ ਇਲਾਕੇ ਦੇ ਅਸ਼ਾਂਤ ਮਾਹੌਲ ਦਾ ਸੁਧਾਰ ਹੋਵੇਗਾ ਅਤੇ ਇਥੇ ਸ਼ਾਂਤੀ ਤੇ ਖੁਸ਼ਹਾਲੀ ਦੇ ਨਵੇਂ ਅਧਿਆਏ ਦੀ ਸ਼ੁਰੂਆਤ ਹੋਵੇਗੀ।                                   
—ਵਿਜੇ ਕੁਮਾਰ

Vijay Kumar Chopra

This news is Chief Editor Vijay Kumar Chopra