‘ਹੁਣ ਸਾਡੇ ਨੇਤਾਵਾਂ ’ਤੇ ਲੱਗ ਰਹੇ’ ‘ਜਬਰ-ਜ਼ਨਾਹ ਅਤੇ ਸੈਕਸ ਸ਼ੋਸ਼ਣ ਦੇ ਦੋਸ਼’

01/14/2021 2:38:47 AM

ਆਪਣੇ 13 ਜਨਵਰੀ ਦੇ ਲੇਖ ’ਚ ਅਸੀਂ ਲਿਖਿਆ ਸੀ ਕਿ ਜਿਥੇ ਪਿਛਲਾ ਸਾਲ 2020 ਨੇਤਾਵਾਂ ਦੇ ਪੁੱਠੇ-ਸਿੱਧੇ ਬਿਆਨਾਂ ਦਾ ਸਾਲ ਰਿਹਾ ਤੇ ਨਵੇਂ ਸਾਲ ’ਚ ਵੀ ਉਨ੍ਹਾਂ ਦਾ ਅਜਿਹਾ ਹੀ ਵਤੀਰਾ ਜਾਰੀ ਹੈ, ਇਹੀ ਗੱਲ ਸਾਡੇ ਕੁਝ ਨੇਤਾਵਾਂ ਵਲੋਂ ਔਰਤਾਂ ਦੇ ਸੈਕਸ ਸ਼ੋਸ਼ਣ ’ਤੇ ਵੀ ਲਾਗੂ ਹੁੰਦੀ ਹੈ, ਜਿਸ ਦੀਆਂ ਹਾਲ ਹੀ ਦੀਆਂ ਕੁਝ ਉਦਾਹਰਣਾਂ ਹੇਠਾਂ ਦਰਜ ਹਨ :

* 13 ਜਨਵਰੀ ਨੂੰ ਉੱਤਰਾਖੰਡ ਹਾਈਕੋਰਟ ਨੇ ‘ਭਾਜਪਾ ਵਿਧਾਇਕ ਮਹੇਸ਼ ਨੇਗੀ’ ਨੂੰ ਜਬਰ-ਜ਼ਨਾਹ ਦੇ ਇਕ ਮਾਮਲੇ ’ਚ ਰਾਹਤ ਦੇਣ ਤੋਂ ਨਾਂਹ ਕਰ ਦਿੱਤੀ। ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਦੇਹਰਾਦੂਨ ਦੀ ਅਦਾਲਤ ਨੇ ਇਕ ਪੀੜਤ ਔਰਤ ਦੀ ਅਰਜ਼ੀ ’ਤੇ ‘ਨੇਗੀ’ ਦਾ ਡੀ.ਐੱਨ.ਏ. ਟੈਸਟ ਕਰਵਾਉਣ ਦੇ ਹੁਕਮ ਦਿੱਤੇ ਸਨ, ਜਿਸ ਦੇ ਵਿਰੁੱਧ ਨੇਗੀ ਨੇ ਉੱਤਰਾਖੰਡ ਹਾਈਕੋਰਟ ’ਚ ਰਿੱਟ ਦਾਇਰ ਕੀਤੀ ਸੀ।

ਵਰਣਨਯੋਗ ਹੈ ਕਿ 17 ਅਗਸਤ, 2020 ਨੂੰ ਉਕਤ ਔਰਤ ਨੇ ‘ਮਹੇਸ਼ ਨੇਗੀ’ ਉੱਤੇ ਜਬਰ-ਜ਼ਨਾਹ ਦਾ ਦੋਸ਼ ਲਗਾਉਂਦੇ ਹੋਏ ਕਿਹਾ ਸੀ ਕਿ ਉਹ ਆਪਣੀ ਮਾਂ ਦੇ ਇਲਾਜ ਲਈ ਵਿਧਾਇਕ ਕੋਲੋਂ ਮਦਦ ਮੰਗਣ ਗਈ ਸੀ।

ਉਦੋਂ ‘ਨੇਗੀ’ ਨੇ ਮਦਦ ਦੇ ਬਹਾਨੇ ਉਸ ਨਾਲ ਸਰੀਰਕ ਸੰਬੰਧ ਬਣਾ ਕੇ 2 ਸਾਲ ਤਕ ਉਸ ਦਾ ਰੇਪ ਕੀਤਾ ਅਤੇ ਪੀੜਤਾ ਉਸ ਦੇ ਬੱਚੇ ਦੀ ਮਾਂ ਵੀ ਬਣੀ। ‘ਨੇਗੀ’ ’ਤੇ ਇਸ ਮਾਮਲੇ ’ਚ ਦੇਹਰਾਦੂਨ ਦੇ ਨਹਿਰੂ ਕਾਲੋਨੀ ਥਾਣੇ ’ਚ ਜਬਰ-ਜ਼ਨਾਹ ਦਾ ਮਾਮਲਾ ਦਰਜ ਕੀਤਾ ਗਿਆ ਹੈ।

* 11 ਜਨਵਰੀ ਨੂੰ ਮਹਾਰਾਸ਼ਟਰ ਦੀ ‘ਸ਼ਿਵਸੈਨਾ’ ਵਾਲੀ ਗਠਜੋੜ ਸਰਕਾਰ ’ਚ ਸਮਾਜਿਕ ਨਿਆਂ ਮੰਤਰੀ ਧਨੰਜਯ ਮੁੰਡੇ’ (ਰਾਕਾਂਪਾ) ’ਤੇ ਰੇਣੂਕਾ ਸ਼ਰਮਾ ਨਾਂ ਦੀ ਇਕ ਗਾਇਕਾ ਨੇ ਉਸ ਦੇ ਨਾਲ ਜਬਰ-ਜ਼ਨਾਹ ਕਰਨ ਦਾ ਦੋਸ਼ ਲਗਾਇਆ। ਗਾਇਕਾ ਨੇ ਧਨੰਜਯ ਮੁੰਡੇ ਵਿਰੁੱਧ ਪੁਲਸ ਵਲੋਂ ਐੱਫ.ਆਈ.ਆਰ. ਦਰਜ ਨਾ ਕਰਨ ’ਤੇ ਟਵੀਟ ਕਰਕੇ ਦੋਸ਼ ਲਗਾਇਆ ਹੈ ਕਿ ਹੁਣ ਤਕ ਨਾ ਤਾਂ ਪੁਲਸ ਨੇ ਨੋਟਿਸ ਲਿਆ ਅਤੇ ਨਾ ਹੀ ਕੋਈ ਕਾਰਵਾਈ ਕੀਤੀ ਹੈ।

ਗਾਇਕਾ ਦਾ ਦੋਸ਼ ਹੈ ਕਿ ਮੁੰਡੇ ਦੇ ਨਾਲ ਉਸ ਦੀ ਵੱਡੀ ਭੈਣ ਦਾ ਪ੍ਰੇਮ ਵਿਆਹ ਹੋਇਆ ਸੀ ਅਤੇ ਸਾਲ 2006 ’ਚ ਉਹ ਆਪਣੀ ਭੈਣ ਦੇ ਜਣੇਪੇ ਲਈ ਇੰਦੌਰ ਗਈ ਸੀ। ਉਦੋਂ ਉਸ ਦੀ ਇੱਛਾ ਦੇ ਵਿਰੁੱਧ ‘ਮੁੰਡੇ’ ਨੇ ਉਸ ਨਾਲ ਸਬੰਧ ਬਣਾਏ। ਉਹ 2006 ਤੋਂ ਹੀ ਵਾਰ-ਵਾਰ ਉਸ ਦਾ ਜਬਰ-ਜ਼ਨਾਹ ਕਰ ਰਹੈ ਹਨ ਅਤੇ ਉਸ ਨੂੰ ‘ਧਨੰਜਯ ਮੁੰਡੇ’ ਤੋਂ ਜਾਨ ਦਾ ਖਤਰਾ ਹੈ।

* 10 ਜਨਵਰੀ, 2021 ਨੂੰ ਵਾਰਾਣਸੀ ਤੋਂ ‘ਭਾਜਪਾ ਦੇ ਸਾਬਕਾ ਵਿਧਾਇਕ ਮਾਇਆਸ਼ੰਕਰ ਤ੍ਰਿਪਾਠੀ’ ਉੱਤੇ ਉਨ੍ਹਾਂ ਵਲੋਂ ਸੰਚਾਲਿਤ ਸਿੱਖਿਆ ਸੰਸਥਾਨ ਦੀ ਇਕ ਵਿਦਿਆਰਥਣ ਵਲੋਂ ਛੇੜਖਾਨੀ ਦਾ ਦੋਸ਼ ਲਗਾਉਣ ’ਤੇ ਲੋਕਾਂ ਨੇ ਉਸ ਦੀ ਕੁੱਟਮਾਰ ਕਰ ਦਿੱਤੀ।

* 14 ਦਸੰਬਰ, 2020 ਨੂੰ ਉੱਤਰ ਪ੍ਰਦੇਸ਼ ’ਚ ‘ਸਮਾਜਵਾਦੀ ਪਾਰਟੀ’ ਨੇਤਾ ਇੰਤਜ਼ਾਰ ਤਿਆਗੀ’ ਉੱਤੇ ਇਕ ਕੌਮਾਂਤਰੀ ਮਹਿਲਾ ਖਿਡਾਰੀ ਨੇ ਪਿਸਤੌਲ ਦੀ ਨੋਕ ’ਤੇ ਉਸ ਦੇ ਨਾਲ ਜਬਰ-ਜ਼ਨਾਹ ਕਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਦੋਸ਼ੀ ਨੇ ਆਪਣੇ ਮੋਬਾਇਲ ਨਾਲ ਉਸ ਦੀਆਂ ਅਸ਼ਲੀਲ ਫੋਟੋਆਂ ਖਿੱਚ ਲਈਆਂ ਅਤੇ ਉਦੋਂ ਤੋਂ ਉਨ੍ਹਾਂ ਨੂੰ ਜਨਤਕ ਕਰਨ ਦੀ ਧਮਕੀ ਦੇ ਕੇ ਉਸ ਦਾ ਸਰੀਰਕ ਸ਼ੋਸ਼ਣ ਕਰ ਰਿਹਾ ਹੈ।

ਇਨ੍ਹੀਂ ਦਿਨੀਂ ਦੱਖਣੀ ਭਾਰਤ ’ਚ ਤਾਮਿਲਨਾਡੂ ਦੇ ਪੋਲਾਚੀ ’ਚ ਦੋ ਸਾਲ ਪਹਿਲਾਂ ਹੋਏ ਸੈਕਸ ਸ਼ੋਸ਼ਣ ਦੇ ਮਾਮਲੇ ਨੂੰ ਲੈ ਕੇ ਉਥੋਂ ਦੀ ਸਿਆਸਤ ਗਰਮਾਈ ਹੋਈ ਹੈ। ‘ਦਰੁਮਕ ਦੇ ਵਿਧਾਇਕ ਐੱਨ. ਕਾਰਤਿਕ’ ਨੇ ਦੋਸ਼ ਲਗਾਇਆ ਕਿ ਸਰਕਾਰ 2019 ਦੇ ਇਸ ਮਾਮਲੇ ’ਚ ਮੁਲਜ਼ਮਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਸਰਕਾਰ ਦੀ ਮਿਲੀਭੁਗਤ ਦੇ ਕਾਰਨ ਹੀ 2 ਸਾਲ ਤਕ ਇਸ ਮਾਮਲੇ ’ਚ ਕੋਈ ਕਾਰਵਾਈ ਨਹੀਂ ਹੋ ਸਕੀ।

ਇਹ ਪੂਰਾ ਮਾਮਲਾ 12 ਫਰਵਰੀ, 2019 ਦਾ ਹੈ, ਜਦੋਂ 19 ਸਾਲਾ ਇਕ ਕਾਲਜ ਵਿਦਿਆਰਥਣ ਦੇ ਨਾਲ 4 ਵਿਅਕਤੀਆਂ ਨੇ ਜਬਰ-ਜ਼ਨਾਹ ਕਰ ਕੇ ਉਸ ਦੀ ਵੀਡੀਓ ਬਣਾ ਲਈ। ਇਸ ਮਾਮਲੇ ’ਚ ਸੀ.ਬੀ.ਆਈ. ਨੇ ‘ਅੰਨਾਦਰੁਮਕ ਦੇ ਵਿਦਿਆਰਥੀ ਵਿੰਗ ਦੇ ਸਕੱਤਰ ਅਰੁਣਾਥੱਲਮ’ ਸਮੇਤ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ।

ਇਹੀ ਨਹੀਂ, ਸਾਬਕਾ ਕੇਂਦਰੀ ਮੰਤਰੀ ‘ਚਿਨਮਯਾਨੰਦ’ ਨੂੰ ਸਤੰਬਰ 2019 ’ਚ ਉਨ੍ਹਾਂ ’ਤੇ ਲੱਗੇ ਜਬਰ-ਜ਼ਨਾਹ ਦੇ ਦੋਸ਼ਾਂ ’ਚ ਗ੍ਰਿਫਤਾਰ ਕੀਤਾ ਗਿਆ ਸੀ ਜਦਕਿ ਸਾਬਕਾ ਕੇਂਦਰੀ ਮੰਤਰੀ ‘ਨਿਹਾਲਚੰਦ ਮੇਘਵਾਲ’ ਉੱਤੇ ਵੀ ਜਬਰ-ਜ਼ਨਾਹ ਕਰਨ ਦਾ ਦੋਸ਼ ਲੱਗਾ।

ਰਾਜਸਥਾਨ ਦੇ ਸਾਬਕਾ ਮੰਤਰੀ ‘ਮਹਿਪਾਲ ਮਦੇਰਣਾ’ (ਕਾਂਗਰਸ) ਦੇ ਨਰਸ ‘ਭੰਵਰੀ ਦੇਵੀ’ ਦੇ ਨਾਲ ਸਬੰਧਤਾਂ ਕਾਰਨ ਸਾਲ 2011 ’ਚ ਰਾਜਸਥਾਨ ਦੀ ਕਾਂਗਰਸ ਸਰਕਾਰ ਦੀ ਜੰਮ ਕੇ ਕਿਰਕਰੀ ਹੋਈ ਸੀ। ਇਸ ਮਾਮਲੇ ’ਚ ਮਦੇਰਣਾ ਅਤੇ ਕਾਂਗਰਸ ਦੇ ਇਕ ਵਿਧਾਇਕ ਦੇ ਭਰਾ ਨੂੰ ਗ੍ਰਿਫਤਾਰ ਕੀਤਾ ਗਿਆ ਸੀ।

ਉੱਤਰਾਖੰਡ ਦੇ ‘ਹਰਕ ਸਿੰਘ ਰਾਵਤ’, ਗੁਜਰਾਤ ਦੇ ‘ਜਯੰਤੀ ਭਾਨੂਸ਼ਾਲੀ’, ਉੱਤਰ ਪ੍ਰਦੇਸ਼ ਦੇ ਬਾਂਗਰਮਊ ਤੋਂ ਵਿਧਾਇਕ ‘ਕੁਲਦੀਪ ਸਿੰਘ ਸੇਂਗਰ’ ਅਤੇ ਬਦਾਯੂੰ ਤੋਂ ਵਿਧਾਇਕ ‘ਕੁਸ਼ਾਗਰ ਸਾਗਰ’ ਦੇ ਵਿਰੁੱਧ ਜਬਰ-ਜ਼ਨਾਹ ਦੇ ਕੇਸ ਦਰਜ ਕਰਵਾਏ ਗਏ ਹਨ ਅਤੇ ਮੱਧ ਪ੍ਰਦੇਸ਼ ਦੇ ‘ਰਾਜਾਰਾਮ’ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਮਹਾਰਾਸ਼ਟਰ ਦੇ ਇਕ ਨੇਤਾ ‘ਰਵਿੰਦ ਬਾਵੰਠਾਡੇ’ ਨੂੰ ਚਲਦੀ ਬੱਸ ’ਚ ਔਰਤ ਦਾ ਚੁੰਬਨ ਲੈਂਦੇ ਹੋਏ ਕੈਮਰੇ ’ਚ ਕੈਦ ਹੋਣ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ।

‘ਰਾਜਦ’ ਨੇਤਾ ‘ਅਰੁਣ ਯਾਦਵ’ ਉੱਤੇ ਨਾਬਾਲਿਗ ਨਾਲ ਜਬਰ-ਜ਼ਨਾਹ ਦਾ ਦੋਸ਼ ਲੱਗਣ ਤੋਂ ਬਾਅਦ ਉਹ ਫਰਾਰ ਹੋ ਗਿਆ ਜਦਕਿ ਅਯੁੱਧਿਆ ’ਚ ‘ਬਸਪਾ’ ਨੇਤਾ ‘ਬਜ਼ਮੀ ਸਿੱਦੀਕੀ’ ਅਤੇ ਉਸ ਦੇ ਸਾਥੀਆਂ ਦੇ ਵਿਰੁੱਧ ਇਕ ਮੁਟਿਆਰ ਨੇ ਸਮੂਹਿਕ ਜਬਰ-ਜ਼ਨਾਹ ਕਰਨ ਦਾ ਦੋਸ਼ ਲਗਾਇਆ।

ਇਕ ਰਿਪੋਰਟ ਅਨੁਸਾਰ 2009 ਤੋਂ 2019 ਦਰਮਿਆਨ 10 ਸਾਲਾਂ ’ਚ ਸੰਸਦ ਮੈਂਬਰਾਂ ਵਲੋਂ ਔਰਤਾਂ ਦੇ ਵਿਰੁੱਧ ਦਰਜ ਅਪਰਾਧਾਂ ’ਚ 830 ਦਾ ਫੀਸਦੀ ਵਾਧਾ ਹੋਇਆ ਹੈ।

ਆਪਣੇ ਦੇਸ਼ ਦੇ ਕੁਝ ਕੁ ਨੇਤਾਵਾਂ ਦੀਆਂ ਉਕਤ ਕਰਤੂਤਾਂ ਅਸੀਂ ਪਾਠਕਾਂ ਦੇ ਸਾਹਮਣੇ ਰੱਖੀਆਂ ਹਨ ਜਿਸ ਤੋਂ ਸਪੱਸ਼ਟ ਹੈ ਕਿ ਇਹ ਨੇਤਾ ਆਚਰਣ ਦੇ ਮਾਮਲੇ ’ਚ ਸ਼ੱਕ ਦੇ ਘੇਰੇ ’ਚ ਆਏ ਹੋਏ ਹਨ। ਯਕੀਨਨ ਹੀ ਇਹ ਦੇਸ਼ ਲਈ ਕੋਈ ਸ਼ੁੱਭ ਲੱਛਣ ਨਹੀਂ ਹੈ, ਜਿਸ ਨਾਲ ਸਿਆਸੀ ਪਾਰਟੀਆਂ ਦੇ ਪੱਧਰ ’ਚ ਗਿਰਾਵਟ ਆ ਰਹੀ ਹੈ।

ਇਸ ਲਈ ਸਿਆਸੀ ਪਾਰਟੀਆਂ ਦੇ ਸੀਨੀਅਰ ਨੇਤਾਵਾਂ ਨੂੰ ਚਾਹੀਦਾ ਹੈ ਕਿ ਉਹ ਅਜਿਹੇ ਕਿਰਦਾਰ ਵਾਲਿਆਂ ਨੂੰ ਪਾਰਟੀ ’ਚ ਸ਼ਾਮਲ ਨਾ ਕਰਨ ਅਤੇ ਜੇਕਰ ਕੋਈ ਅਜਿਹਾ ਨੇਤਾ ਉਨ੍ਹਾਂ ਦੀ ਪਾਰਟੀ ’ਚ ਹੈ ਤਾਂ ਉਸ ਨੂੰ ਤੁਰੰਤ ਕੱਢ ਕੇ ਬਾਹਰ ਕਰਨ ਤਾਂਕਿ ਦੂਸਰਿਆਂ ਨੂੰ ਨਸੀਹਤ ਮਿਲੇ।

–ਵਿਜੇ ਕੁਮਾਰ

Bharat Thapa

This news is Content Editor Bharat Thapa