‘ਪੰਜਾਬ ਸਰਕਾਰ ਦਾ ਸਹੀ ਫੈਸਲਾ’, ‘ਦਫਤਰਾਂ ਦਾ ਸਮਾਂ ਸਵੇਰੇ 9 ਤੋਂ 5 ਤੱਕ’

07/16/2023 3:22:15 AM

ਗਰਮੀ ਦੇ ਮੌਸਮ ਨੂੰ ਦੇਖਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਿਜਲੀ ਦੀ ਬੱਚਤ ਦੇ ਉਦੇਸ਼ ਨਾਲ 2 ਮਈ, 2023 ਤੋਂ 15 ਜੁਲਾਈ ਤੱਕ ਲਈ ਸੂਬੇ ਦੇ ਸਰਕਾਰੀ ਦਫਤਰਾਂ ਦੇ ਸਮੇਂ ’ਚ ਬਦਲਾਅ ਕਰਦਿਆਂ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੇ ਹਾਜ਼ਰ ਰਹਿਣ ਦਾ ਸਮਾਂ ਸਵੇਰੇ 7 ਵਜੇ ਤੋਂ ਦੁਪਹਿਰ 2 ਵਜੇ ਤੱਕ ਕਰ ਦਿੱਤਾ ਸੀ ਤਾਂ ਕਿ ਲੋਕ ਗਰਮੀ ਵਧਣ ਤੋਂ ਪਹਿਲਾਂ-ਪਹਿਲਾਂ ਆਪਣੇ ਸਰਕਾਰੀ ਕੰਮ ਨਿਪਟਾ ਲੈਣ।

ਮੁੱਖ ਮੰਤਰੀ ਅਨੁਸਾਰ ਇਸ ਬਾਰੇ ‘ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ’ ਦੇ ਅਧਿਕਾਰੀਆਂ ਨੇ ਦੱਸਿਆ ਸੀ ਕਿ ਬਿਜਲੀ ਦਾ ਪੀਕ ਲੋਡ ਦੁਪਹਿਰ ਡੇਢ ਵਜੇ ਤੋਂ ਪੰਜ ਵਜੇ ਤੱਕ ਰਹਿੰਦਾ ਹੈ। ਇਸ ਲਈ ਸਰਕਾਰੀ ਦਫਤਰ ਬਾਅਦ ਦੁਪਹਿਰ 2 ਵਜੇ ਬੰਦ ਹੋਣ ’ਤੇ ਪੱਖੇ, ਬੱਲਬ, ਰੂਮ ਕੂਲਰ ਅਤੇ ਏਅਰਕੰਡੀਸ਼ਨਰ ਆਦਿ ਬੰਦ ਹੋਣ ਨਾਲ ਸੂਬੇ ’ਚ ਪੀਕ ਲੋਡ 300 ਮੈਗਾਵਾਟ ਤੋਂ 350 ਮੈਗਾਵਾਟ ਤੱਕ ਘੱਟ ਹੋ ਜਾਵੇਗਾ।

‘ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ’ ਦਾ ਕਹਿਣਾ ਸੀ ਕਿ ਇਸ ਨਾਲ ਝੋਨੇ ਦੀ ਬਿਜਾਈ ਦੇ ਸੀਜ਼ਨ ’ਚ ਕਿਸਾਨਾਂ ਵਲੋਂ ਬਿਜਲੀ ਦੀ ਵਧੀ ਹੋਈ ਮੰਗ ਪੂਰੀ ਕਰਨ ਅਤੇ 8 ਘੰਟੇ ਬਿਜਲੀ ਦੇਣ ਦਾ ਟੀਚਾ ਵੀ ਹਾਸਲ ਕੀਤਾ ਜਾ ਸਕੇਗਾ।

ਭਗਵੰਤ ਮਾਨ ਅਨੁਸਾਰ ਵਿਦੇਸ਼ਾਂ ’ਚ ਤਾਂ ਇਹ ਤਰੀਕਾ ਪਹਿਲਾਂ ਹੀ ਅਪਣਾਇਆ ਜਾ ਰਿਹਾ ਹੈ ਪਰ ਭਾਰਤ ’ਚ ਪਹਿਲੀ ਵਾਰੀ ਇਸ ਤਰ੍ਹਾਂ ਦਾ ਤਜਰਬਾ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਇਸ ਤਜਰਬੇ ਨਾਲ ਭਵਿੱਖ ’ਚ ਜ਼ਿਆਦਾ ਲਾਭ ਹੋਣ ਦੀ ਗੱਲ ਵੀ ਕਹੀ ਹੈ।

ਪੰਜਾਬ ਸਰਕਾਰ ਦੇ ਫੈਸਲੇ ਅਨੁਸਾਰ ਹੀ ਹੁਣ 17 ਜੁਲਾਈ ਤੋਂ ਪੰਜਾਬ ਅਤੇ ਚੰਡੀਗੜ੍ਹ ’ਚ ਸੂਬਾ ਸਰਕਾਰ ਦੇ ਸਰਕਾਰੀ ਦਫਤਰਾਂ ਦਾ ਸਮਾਂ ਪਹਿਲਾਂ ਵਾਂਗ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਕਰਨ ਦਾ ਫੈਸਲਾ ਕੀਤਾ ਗਿਆ ਹੈ, ਜਿਸ ਬਾਰੇ ਸੂਬੇ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਬਾਕਾਇਦਾ ਹੁਕਮ ਜਾਰੀ ਕਰ ਦਿੱਤੇ ਹਨ।

ਸਰਕਾਰੀ ਸੂਤਰਾਂ ਅਨੁਸਾਰ ਹਾਲਾਂਕਿ ਅਜੇ ਜ਼ਿਆਦਾ ਗਰਮੀ ਦੇ ਕੁਝ ਹਫਤੇ ਬਾਕੀ ਹਨ, ਫਿਰ ਵੀ ਸਰਕਾਰ ਕਾਫੀ ਬਿਜਲੀ ਬਚਾਉਣ ’ਚ ਸਫਲ ਹੋਈ ਹੈ।

ਕਿਉਂਕਿ ਜੂਨ ਮਹੀਨੇ ’ਚ ਵੀ ਬਰਸਾਤ ਹੁੰਦੀ ਰਹੀ, ਇਸ ਲਈ ਬਿਜਲੀ ਦੇ ਲੋਡ ’ਤੇ ਕੰਟਰੋਲ ਬਣਿਆ ਰਿਹਾ ਅਤੇ ਭਿਆਨਕ ਗਰਮੀ ਦੇ ਦਿਨਾਂ ’ਚ ਬਿਜਲੀ ਦੀ ਮੰਗ ਉੱਚਤਮ ਪੱਧਰ ਨੂੰ ਛੂਹਣ ’ਤੇ ਵੀ ਸਰਕਾਰੀ ਦਫਤਰਾਂ ’ਚ ਬਿਜਲੀ ਦੀ ਬੱਚਤ ਹੋਣ ਕਾਰਨ ‘ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ’ ਬਿਜਲੀ ਦੀ ਮੰਗ ਪੂਰੀ ਕਰਨ ’ਚ ਸਫਲ ਹੋਇਆ।

ਮੁੱਖ ਮੰਤਰੀ ਭਗਵੰਤ ਮਾਨ ਦੇ ਬਿਜਲੀ ਬਚਾਉਣ ਸਬੰਧੀ ਪਹਿਲੀ ਵਾਰੀ ਕੀਤੇ ਗਏ ਸਫਲ ਯਤਨਾਂ ਦੀ ਸ਼ਲਾਘਾ ‘ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ’ ਦੇ ਅਧਿਕਾਰੀਆਂ ਨੇ ਵੀ ਕੀਤੀ ਹੈ।

ਬਿਜਲੀ ਦੀ ਬੱਚਤ ਨਾਲ ਸਰਕਾਰੀ ਦਫਤਰਾਂ ਦੇ ਸਮੇਂ ਵਿਚ ਬਦਲਾਅ ਨਾਲ ਬਿਜਲੀ ਦੀ ਬੱਚਤ ਭਾਵੇਂ ਹੀ ਹੋਈ ਹੋਵੇ ਪਰ ਇਸ ਨਾਲ ਸਰਕਾਰੀ ਮੁਲਾਜ਼ਮਾਂ ਸਮੇਤ ਸਮਾਜ ਦੇ ਇਕ ਵੱਡੇ ਵਰਗ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਸੀ।

ਇਸ ਨਾਲ ਜਿਥੇ ਇਕ ਪਾਸੇ ਆਪਣੀ ਨਿਯੁਕਤੀ ਦੇ ਸਥਾਨ ਤੋਂ ਦੂਰ ਦੇ ਸਥਾਨਾਂ ’ਤੇ ਰਹਿਣ ਵਾਲੇ ਮੁਲਾਜ਼ਮਾਂ ਲਈ ਸਵੇਰੇ 7 ਵਜੇ ਡਿਊਟੀ ’ਤੇ ਪਹੁੰਚਣਾ ਮੁਸ਼ਕਲ ਹੋ ਰਿਹਾ ਸੀ ਅਤੇ ਲੇਟ ਹੋਣ ’ਤੇ ਜੁਰਮਾਨੇ ਤੱਕ ਦੀ ਨੌਬਤ ਆ ਰਹੀ ਸੀ, ਉਥੇ ਹੀ ਦੂਜੇ ਸ਼ਹਿਰਾਂ ਅਤੇ ਪਿੰਡਾਂ ਤੋਂ ਦੂਰ-ਦੁਰਾਡੇ ਦੇ ਸਰਕਾਰੀ ਦਫਤਰਾਂ ’ਚ ਆਪਣਾ ਕੰਮ ਕਰਵਾਉਣ ਲਈ ਆਉਣ ਵਾਲੇ ਲੋਕਾਂ ਨੂੰ ਵੀ ਸਮੇਂ ’ਤੇ ਪਹੁੰਚਣ ’ਚ ਮੁਸ਼ਕਲ ਆ ਰਹੀ ਸੀ।

ਇਸ ਲਈ ਕਈ ਮਾਮਲਿਆਂ ’ਚ ਤਾਂ ਲੋਕਾਂ ਨੂੰ ਇਕ ਦਿਨ ਪਹਿਲਾਂ ਹੀ ਸਬੰਧਤ ਦਫਤਰਾਂ ਵਾਲੇ ਸ਼ਹਿਰਾਂ ’ਚ ਪਹੁੰਚਣਾ ਪੈ ਰਿਹਾ ਸੀ। ਇਹੀ ਨਹੀਂ, ਸਵੇਰ ਦੇ ਸਮੇਂ ਆਪਣੇ ਬੱਚਿਆਂ ਨੂੰ ਸਕੂਲ ਛੱਡ ਕੇ ਵਾਪਸ ਆਪਣੇ ਦਫਤਰ ਜਾਣ ਵਾਲੇ ਮੁਲਾਜ਼ਮਾਂ ਨੂੰ ਵੀ ਬਹੁਤ ਪ੍ਰੇਸ਼ਾਨੀ ਹੋ ਰਹੀ ਸੀ।

ਇਸ ਲਿਹਾਜ਼ ਨਾਲ ਪੰਜਾਬ ਸਰਕਾਰ ਦਾ ਇਹ ਫੈਸਲਾ ਸਹੀ ਹੈ। ਇਸ ਨਾਲ ਜਿਥੇ ਸਰਕਾਰੀ ਮੁਲਾਜ਼ਮਾਂ ਨੂੰ ਆਪਣੇ ਘਰ ਦੇ ਕੰਮਕਾਜ ਤੋਂ ਵਿਹਲੇ ਹੋ ਕੇ ਦਫਤਰ ਪਹੁੰਚਣ ’ਚ ਸਹੂਲਤ ਹੋਵੇਗੀ, ਉਥੇ ਹੀ ਸਰਕਾਰੀ ਦਫਤਰਾਂ ’ਚ ਆਪਣੇ ਕੰਮ ਲਈ ਦੂਰ-ਦੁਰਾਡਿਓਂ ਆਉਣ ਵਾਲੇ ਲੋਕਾਂ ਨੂੰ ਵੀ ਪ੍ਰੇਸ਼ਾਨੀ ਤੋਂ ਮੁਕਤੀ ਮਿਲੇਗੀ।

-ਵਿਜੇ ਕੁਮਾਰ

Mukesh

This news is Content Editor Mukesh