ਹੁਣ ਰੂਸੀ-ਚੀਨੀ ਭਾਈ-ਭਾਈ

06/10/2019 4:36:11 AM

ਪੈਂਟਾਗਨ ਦਾ ਕਹਿਣਾ ਹੈ ਕਿ ਸ਼ੁੱਕਰਵਾਰ ਨੂੰ ਪ੍ਰਸ਼ਾਂਤ ਮਹਾਸਾਗਰ ’ਚ ਦੋਹਾਂ ਦੇਸ਼ਾਂ ਦੇ ‘ਵਾਰ ਸ਼ਿੱਪਸ’ ਦੇ ਲੱਗਭਗ ਟਕਰਾਉਣ ਦੀ ਸਥਿਤੀ ਲਈ ਰੂਸ ਹੀ ਜ਼ਿੰਮੇਵਾਰ ਹੈ ਪਰ ਪੂਰਬੀ ਚੀਨ ਸਾਗਰ ’ਚ ਹੋਈ ਇਸ ਘਟਨਾ ਨੇ ‘ਗਲੋਬਲ ਪਾਵਰ’ ਦੇ ਰੂਪ ’ਚ ਅਮਰੀਕਾ ਨਾਲ ਮੁਕਾਬਲੇ ਲਈ ਚੀਨ ਅਤੇ ਰੂਸ ’ਚ ਵਧਦੀ ਦੋਸਤੀ ਨੂੰ ਲੈ ਕੇ ਜ਼ਰੂਰ ਚਿੰਤਾ ਦੀਆਂ ਲਕੀਰਾਂ ਖਿੱਚ ਦਿੱਤੀਆਂ ਹਨ।

ਇਕ ਸਾਬਕਾ ਨੇਵੀ ਕੈਪਟਨ ਅਤੇ ਇੰਟੈਲੀਜੈਂਸ ਸੈਂਟਰ ਦੇ ਡਾਇਰੈਕਟਰ ਕਾਰਲ ਸਕਸਟਰ ਅਨੁਸਾਰ, ‘‘ਰੂਸੀ ਆਮ ਤੌਰ ’ਤੇ ਸਾਡੇ ਜਹਾਜ਼ਾਂ ਨੂੰ ਉਦੋਂ ਪ੍ਰੇਸ਼ਾਨ ਕਰਦੇ ਹਨ, ਜਦੋਂ ਉਹ ਰੂਸੀ ਪ੍ਰਭਾਵ ਵਾਲੇ ਖੇਤਰ (ਬਲੈਕ-ਸੀ, ਬੈਰੇਂਟਰਸ-ਸੀ ਅਤੇ ਵਲਾਦਵੋਸਤੋਕ ਦੇ ਆਸ-ਪਾਸ) ਵਿਚ ਹੁੰਦੇ ਹਨ। ਸ਼ੁੱਕਰਵਾਰ ਨੂੰ ਰੂਸ ਅਤੇ ਅਮਰੀਕੀ ਜਹਾਜ਼ਾਂ ਦੇ ਆਹਮੋ-ਸਾਹਮਣੇ ਆਉਣ ਦੇ ਸਬੰਧ ’ਚ ਧਿਆਨ ਦੇਣ ਵਾਲੀ ਗੱਲ ਹੈ ਕਿ ਇਹ ਘਟਨਾ ਚੀਨ ਅਤੇ ਰੂਸ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਵਲਾਦੀਮੀਰ ਪੁਤਿਨ ਵਿਚਾਲੇ 70 ਸਾਲਾਂ ਦੀ ਦੋਸਤੀ ਨੂੰ ਮਨਾਉਣ ਲਈ ਕ੍ਰੈਮਲਿਨ ’ਚ ਹੋਈ ਮੁਲਾਕਾਤ ਤੋਂ ਦੋ ਦਿਨ ਬਾਅਦ ਹੋਈ ਹੈ।’’

ਦੋ ਦਿਨ ਦੀ ਇਸ ਵਾਰਤਾ ਦੌਰਾਨ ਦੋਹਾਂ ਦੇਸ਼ਾਂ ਵਿਚਾਲੇ ਅਨੇਕ ਸੰਧੀਆਂ ’ਤੇ ਦਸਤਖਤ ਹੋਏ, ਜਿਨ੍ਹਾਂ ’ਚ ਵਪਾਰ, ਊਰਜਾ, ਹਵਾਈ ਜਹਾਜ਼ਾਂ ਅਤੇ ਹੈਲੀਕਾਪਟਰਾਂ ਦੇ ਨਿਰਮਾਣ ਤੋਂ ਲੈ ਕੇ ਪੁਲਾੜ ’ਚ ਖੋਜ ਅਤੇ ਵਿਗਿਆਨਿਕ, ਤਕਨੀਕੀ ਅਤੇ ਨਵੀਆਂ ਖੋਜਾਂ ਬਾਰੇ ਜਾਣਕਾਰੀ ਸਾਂਝੀ ਕਰਨਾ ਤਕ ਸ਼ਾਮਿਲ ਹੈ।

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਹੈ ਕਿ ਚੀਨ ਅਤੇ ਰੂਸ ਦੇ ਸਬੰਧ ਨਵੀਆਂ ਉਚਾਈਆਂ ’ਤੇ ਪਹੁੰਚ ਚੁੱਕੇ ਹਨ, ਤਾਂ ਸ਼ੀ ਜਿਨਪਿੰਗ ਨੇ ਪੁਤਿਨ ਨੂੰ ਆਪਣਾ ਸਭ ਤੋਂ ‘ਕਰੀਬੀ ਦੋਸਤ’ ਅਤੇ ‘ਮਹਾਨ ਸਹਿਯੋਗੀ’ ਦੱਸਿਆ।

ਦੋਹਾਂ ਦੀ ਮੁਲਾਕਾਤ ਨੂੰ ‘ਪਾਂਡਾ ਡਿਪਲੋਮੇਸੀ’ ਵੀ ਕਿਹਾ ਜਾ ਰਿਹਾ ਹੈ ਕਿਉਂਕਿ ਚੀਨ ਨੇ ਰੂਸ ਨੂੰ ਚੀਨ ਦੇ ਰਾਸ਼ਟਰੀ ਪ੍ਰਤੀਕ ਦੋ ‘ਜਾਇੰਟ ਪਾਂਡਾ’ ਭੇਟ ਕੀਤੇ ਹਨ।

ਅਮਰੀਕਾ ਅਤੇ ਚੀਨ ਵਿਚਾਲੇ ਵਪਾਰ ਵਾਰਤਾ ਦੇ ਰੂਪ ’ਚ ਸ਼ੁਰੂ ਹੋਈ ਗੱਲਬਾਤ ਬੇਹੱਦ ਠੰਡੇ ਦੌਰ ’ਚ ਪਹੁੰਚ ਗਈ, ਜਦੋਂ ਸੋਮਵਾਰ ਨੂੰ ਤਿਨਾਨਮਿਨ ਸਕੁਏਅਰ ਕਤਲੇਆਮ ਦੀ 30ਵੀਂ ਵਰ੍ਹੇਗੰਢ ’ਤੇ ਅਮਰੀਕਾ ਨੇ ਖੁੱਲ੍ਹ ਕੇ ਇਸ ਦਾ ਜ਼ਿਕਰ ਕਰਦਿਆਂ ਹਾਂਗਕਾਂਗ ’ਚ ਵਿਦਿਆਰਥੀਆਂ ਦੀ ਪ੍ਰਾਰਥਨਾ ਸਭਾ ’ਚ ਉਨ੍ਹਾਂ ਦਾ ਸਮਰਥਨ ਕੀਤਾ। ਇਹ ਇਕ ਅਜਿਹਾ ਦਿਨ ਹੈ, ਜਿਸ ਨੂੰ ਚੀਨ ਆਪਣੀਆਂ ਇਤਿਹਾਸ ਦੀਆਂ ਕਿਤਾਬਾਂ, ਜਨਤਾ ਦੀ ਯਾਦਦਾਸ਼ਤ ਅਤੇ ਸਿਆਸੀ ਪੱਧਰ ’ਤੇ ਪੂਰੀ ਤਰ੍ਹਾਂ ਮਿਟਾ ਚੁੱਕਾ ਹੈ।

ਅਜਿਹੇ ਹਾਲਾਤ ’ਚ ਚੀਨ ਅਤੇ ਰੂਸ ਦੀ ਦੋਸਤੀ ਅਤੇ ਸਹਿਯੋਗ ਨਵੇਂ ਖੇਤਰਾਂ ’ਚ ਦਾਖਲ ਹੋ ਰਹੇ ਹਨ। ਇਸ ਵਿਚ ਸੁਰੱਖਿਆ ਪ੍ਰੀਸ਼ਦ ’ਚ 2 ਸਥਾਈ ਮੈਂਬਰਾਂ ਦੇ ਰੂਪ ’ਚ ਹੱਥ ਮਿਲਾਉਣਾ ਅਤੇ ਈਰਾਨ, ਕੋਰੀਆ ਅਤੇ ਸੀਰੀਆ ਦਾ ਸਮਰਥਨ, ਵੈਨੇਜ਼ੁਏਲਾ ’ਚ ਸ਼ਾਂਤੀ ਲਿਆਉਣ ਦੇ ਯਤਨ ਕਰਨ ਤੋਂ ਲੈ ਕੇ ਦੱਖਣ-ਪੂਰਬ ਏਸ਼ੀਆ ’ਚ ਸੰਯੁਕਤ ਨੀਤੀ ਦੀ ਸਰਗਰਮੀ ਨਾਲ ਪਾਲਣਾ ਕਰਨਾ ਸ਼ਾਮਿਲ ਹੈ। ਧਿਆਨ ’ਚ ਰਹੇ ਕਿ ਦੋਹਾਂ ਦੇਸ਼ਾਂ ’ਚ ਤਾਨਾਸ਼ਾਹੀ ਵਿਚਾਰਧਾਰਾ ਵਾਲੇ ਨੇਤਾ ਸੱਤਾਧਾਰੀ ਹਨ, ਭਾਵ ਇਸ ਗੱਲ ’ਚ ਕੋਈ ਸ਼ੱਕ ਨਹੀਂ ਕਿ ‘ਹੁਣ ਰੂਸੀ-ਚੀਨੀ ਭਾਈ-ਭਾਈ’ ਹਨ।

Bharat Thapa

This news is Content Editor Bharat Thapa