ਹੁਣ ਕਾਸ਼ੀ ’ਚ ਧਾਰਮਿਕ ਸੈਰ-ਸਪਾਟੇ ਨੂੰ ਹੋਰ ਮਿਲੇਗਾ ਉਤਸ਼ਾਹ

12/21/2021 12:03:13 AM

ਪ੍ਰੋ. ਦਰਬਾਰੀ ਲਾਲ ਸਾਬਕਾ ਡਿਪਟੀ ਸਪੀਕਰ, ਪੰਜਾਬ ਵਿਧਾਨ ਸਭਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਾਚੀਨ ਅਤੇ ਅਧਿਆਤਮ ਦੇ ਪ੍ਰਮੁੱਖ ਕੇਂਦਰ ਕਾਸ਼ੀ ’ਚ ਬਾਬਾ ਵਿਸ਼ਵਨਾਥ ਧਾਮ ਕਾਰੀਡੋਰ ਦਾ ਨਿਰਮਾਣ ਕਰਕੇ ਇਸ ਧਾਰਮਿਕ ਸਥਾਨ ਦਾ ਮਾਣ ਹੀ ਨਹੀਂ ਵਧਾਇਆ, ਸਗੋਂ ਧਾਰਮਿਕ ਸੈਰ-ਸਪਾਟੇ ਨੂੰ ਵੀ ਉਤਸ਼ਾਹਿਤ ਕੀਤਾ ਹੈ। ਇਸ ਨਾਲ ਸਮੁੱਚੇ ਰਾਸ਼ਟਰ ’ਚ ਵੱਖ-ਵੱਖ ਥਾਵਾਂ ’ਤੇ ਪ੍ਰਾਚੀਨ ਮੰਦਰਾਂ ਦੀ ਮੁੜ ਉਸਾਰੀ ਕਰਨ ਦਾ ਇਕ ਸੁਨਹਿਰੀ ਮੌਕਾ ਮਿਲੇਗਾ ਜੋ ਭਾਰਤ ਦੀ ਮਾਣਮੱਤੀ ਅਤੇ ਵਿਸ਼ਾਲ ਸੱਭਿਆਚਾਰ ਦੇ ਅਨਿੱਖੜਵੇਂ ਅੰਗ ਹਨ। ਇਹ ਧਾਰਮਿਕ ਸਥਾਨ ਸਿਰਫ 3000 ਵਰਗ ਫੁੱਟ ’ਚ ਬਣਿਆ ਸੀ, ਜਦਕਿ ਕਾਰੀਡੋਰ ਦੇ ਨਿਰਮਾਣ ਨਾਲ ਇਹ 5 ਲੱਖ ਵਰਗ ਫੁੱਟ ਦੇ ਲਗਭਗ ਹੋ ਗਿਆ ਹੈ। ਇਸ ਨਾਲ ਸ਼ਰਧਾਲੂਆਂ ਨੂੰ ਛੋਟੀਆਂ ਅਤੇ ਤੰਗ ਗਲੀਆਂ ’ਚੋਂ ਲੰਘਣ ਦੀ ਬਜਾਏ ਖੁੱਲ੍ਹੀਆਂ ਥਾਵਾਂ ਤੋਂ ਹੋ ਕੇ ਬਾਬਾ ਵਿਸ਼ਵਨਾਥ ਦੇ ਦਰਸ਼ਨ ਕਰਨ ਦਾ ਮੌਕਾ ਮਿਲੇਗਾ। ਇਸ ਦੇ ਨਾਲ-ਨਾਲ ਕੁਝ ਬਹੁਤ ਹੀ ਖੂਬਸੂਰਤ ਇਮਾਰਤਾਂ ਦੀ ਵੀ ਉਸਾਰੀ ਕੀਤੀ ਗਈ ਹੈ, ਜਿਨ੍ਹਾਂ ਦੀ ਸ਼ਾਨ ਅਤੇ ਆਧੁਨਿਕਤਾ ਨਾਲ ਇਸ ਦੀ ਸ਼ਾਨ ’ਚ ਵਾਧਾ ਹੋਵੇਗਾ।

ਕਾਸ਼ੀ ਭਾਰਤ ਦੇ ਪ੍ਰਾਚੀਨ ਸ਼ਹਿਰਾਂ ’ਚੋਂ ਹੈ ਕਿਉਂਕਿ ਸਨਾਤਨ ਧਰਮ ਦੇ ਪ੍ਰਾਚੀਨ ਗ੍ਰੰਥਾਂ ’ਚ ਇਸ ਦੀ ਸ਼ੋਭਾ ਅਤੇ ਵਿੱਦਿਅਕ ਕੇਂਦਰਾਂ ਦਾ ਜ਼ਿਕਰ ਆਉਂਦਾ ਹੈ। ਚਾਰ ਪਵਿੱਤਰ ਵੇਦਾਂ ’ਚੋਂ ਰਿਗਵੇਦ ’ਚ ਕਾਸ਼ੀ ਬਾਰੇ ਵਿਸਥਾਰਪੂਰਵਕ ਵਰਨਣ ਹੈ। ਸਕੰਦ ਪੁਰਾਣ, ਸ਼੍ਰੀ ਰਾਮਾਇਣ ਅਤੇ ਵਿਸ਼ਾਲ ਗ੍ਰੰਥ ਮਹਾਭਾਰਤ ’ਚ ਵੀ ਕਾਸ਼ੀ ਦਾ ਹੀ ਵਰਨਣ ਆਉਂਦਾ ਹੈ। ਵਿਸ਼ਵ ਪ੍ਰਸਿੱਧ ਇਤਿਹਾਸਕਾਰ ਅਤੇ ਖੋਜਕਰਤਾ ਮਾਰਕ ਟਵੇਨ ਨੇ ਵੀ ਆਪਣੀ ਪੁਸਤਕ ’ਚ ਲਿਖਿਆ ਹੈ ਕਿ ਕਾਸ਼ੀ ਭਾਰਤ ਦੀਆਂ ਪ੍ਰਾਚੀਨ ਰਵਾਇਤਾਂ ਤੋਂ ਵੀ ਪ੍ਰਾਚੀਨ ਹੈ ਅਤੇ ਇਹ ਨਗਰੀ ਲੋਕ ਕਥਾਵਾਂ ਤੋਂ ਵੀ ਪੁਰਾਣੀ ਹੈ।

ਕਾਸ਼ੀ ਸੰਸਕ੍ਰਿਤ ਦਾ ਸ਼ਬਦ ਹੈ, ਜਿਸ ਦਾ ਭਾਵ ਹੈ ਚਮਕਣਾ। ਹਿੰਦੂ ਧਰਮ ਨਾਲ ਸਬੰਧਤ ਕਈ ਗ੍ਰੰਥਾਂ ’ਚ ਇਸ ਸ਼ਹਿਰ ਨੂੰ ਵੱਖ-ਵੱਖ ਉਪ-ਨਾਵਾਂ ਨਾਲ ਪੁਕਾਰਿਆ ਗਿਆ ਹੈ। ਅਵਿਮੁਕਤਾ ਦਾ ਅਰਥ ਹੈ ਕਦੀ ਨਾ ਛੱਡਣ ਵਾਲਾ। ਆਨੰਦਕਾਨਨ ਦਾ ਅਰਥ ਹੈ ਖੁਸ਼ੀ ਦਾ ਜੰਗਲ। ਰੁਦਰਾਵਾਸ ਦਾ ਅਰਥ ਜਿੱਥੇ ਸ਼ਿਵ ਰਹਿੰਦੇ ਹਨ। ਕਾਸ਼ੀ ਬਾਰੇ ਸਭ ਤੋਂ ਪਹਿਲਾਂ ਅਵਿਮੁਕਤੇਸ਼ਵਰ ਦੀ ਮੋਹਰ ਤੋਂ ਗਿਆਨ ਹਾਸਲ ਹੁੰਦਾ ਹੈ। ਇਸ ਸ਼ਹਿਰ ਦਾ ਸਬੰਧ ਭਗਵਾਨ ਮਹਾਵੀਰ ਜੈਨ ਅਤੇ ਬੁੱਧ ਧਰਮ ਦੇ ਸੰਸਥਾਪਕ ਮਹਾਤਮਾ ਬੁੱਧ ਨਾਲ ਰਿਹਾ ਹੈ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਆਪਣੇ ਉਪਦੇਸ਼ ਇੱਥੇ ਦਿੱਤੇ। ਗੁਪਤਵੰਸ਼ ਦੇ ਸਮੇਂ ਕਾਸ਼ੀ ਵਿਸ਼ਵਨਾਥ ਧਾਮ ਦੇ ਨਾਲ-ਨਾਲ ਸੈਂਕੜੇ ਹੋਰਨਾਂ ਮੰਦਰਾਂ ਦਾ ਵੀ ਜ਼ਿਕਰ ਆਉਂਦਾ ਹੈ। ਚੀਨ ਤੋਂ ਭਾਰਤ ਦੀ ਯਾਤਰਾ ’ਤੇ ਆਏ ਹਿਊਨਸਾਂਗ 635 ਈਸਵੀ ’ਚ ਆਪਣੀ ਪੁਸਤਕ ’ਚ ਇਸ ਸ਼ਹਿਰ ਦੇ ਬਾਰੇ ’ਚ ਲਿਖਦੇ ਹਨ ਕਿ ਇਹ ਸੰਘਣੀ ਆਬਾਦੀ ਵਾਲਾ ਇਕ ਬੜਾ ਵੱਡਾ ਵਪਾਰਕ ਸ਼ਹਿਰ ਸੀ ਅਤੇ ਸਿੱਖਿਆ ਦਾ ਵੀ ਸ਼ਾਨਦਾਰ ਕੇਂਦਰ ਸੀ ਅਤੇ ਵੱਡੇ-ਵੱਡੇ ਮੰਦਰਾਂ ਕਾਰਨ ਇਸ ਦੀ ਸ਼ੋਭਾ ਨੂੰ ਚਾਰ ਚੰਨ ਲੱਗੇ ਹੋਏ ਸਨ। ਇਸ ਤੋਂ ਸਪੱਸ਼ਟ ਹੈ ਕਿ ਕਾਸ਼ੀ ਕਿਸੇ ਜ਼ਮਾਨੇ ’ਚ ਉੱਤਰੀ ਭਾਰਤ ਦਾ ਬੜਾ ਹੀ ਪ੍ਰਸਿੱਧ ਵਪਾਰਕ ਸ਼ਹਿਰ ਸੀ।

1194 ’ਚ ਮੁਹੰਮਦ ਗੌਰੀ ਨੇ ਦਿੱਲੀ ’ਤੇ ਕਬਜ਼ਾ ਕਰਨ ਦੇ ਬਾਅਦ ਆਪਣੇ ਗੁਲਾਮ ਕੁਤੁਬੁਦੀਨ ਐਬਕ ਨੂੰ ਇਸ ਮੰਦਰ ਨੂੰ ਡੇਗਣ ਦਾ ਹੁਕਮ ਜਾਰੀ ਕੀਤਾ ਅਤੇ ਉਸ ਨੇ ਸਿਰਫ ਇਸ ਮੰਦਰ ਨੂੰ ਹੀ ਨਹੀਂ ਸਗੋਂ ਹੋਰ ਇਕ ਹਜ਼ਾਰ ਮੰਦਰਾਂ ਨੂੰ ਵੀ ਢਹਿ-ਢੇਰੀ ਕਰ ਦਿੱਤਾ ਅਤੇ ਸ਼ਹਿਰ ’ਚ ਲੁੱਟ-ਮਾਰ ਨਾਲ ਵੀ ਹਾਹਾਕਾਰ ਮਚ ਗਈ 1210 ਤੋਂ 1236 ਦੇ ਦੌਰਾਨ ਇਸ ਮੰਦਰ ਦੀ ਮੁੜ ਉਸਾਰੀ ਕਰ ਿਦੱਤੀ ਗਈ ਅਤੇ ਹਜ਼ਾਰਾਂ ਦੀ ਗਿਣਤੀ ’ਚ ਲੋਕ ਰੋਜ਼ਾਨਾ ਦਰਸ਼ਨਾਂ ਲਈ ਜਾਣ ਲੱਗੇ ਪਰ ਫਿਰੋਜ਼ਸ਼ਾਹ ਤੁਗਲਕ ਨੇ 1300 ਈਸਵੀ ’ਚ ਇਸ ਨੂੰ ਮੁੜ ਤਬਾਹ ਕਰ ਦਿੱਤਾ। ਇਸੇ ਤਰ੍ਹਾਂ ਸਿਕੰਦਰ ਲੋਧੀ ਨੇ ਵੀ ਇਸ ਨੂੰ ਮੁੜ ਡੇਗ ਦਿੱਤਾ।

1584-85 ’ਚ ਨਾਰਾਇਣ ਭੱਟ ਨੇ ਇਸ ਦਾ ਮੁੜ ਨਿਰਮਾਣ ਕੀਤਾ ਅਤੇ ਮੁਗਲ ਬਾਦਸ਼ਾਹ ਅਕਬਰ ਨੇ ਵੀ ਇਸ ਦੇ ਨਿਰਮਾਣ ਅਤੇ ਹੋਰ ਇਮਾਰਤਾਂ ਦੀ ਉਸਾਰੀ ਲਈ ਮਦਦ ਕੀਤੀ। 1669 ’ਚ ਔਰੰਗਜ਼ੇਬ ਨੇ ਇਸ ਪਵਿੱਤਰ ਮੰਦਰ ਨੂੰ ਡੇਗ ਕੇ ਇਕ ਮਸਜਿਦ ਦੀ ਉਸਾਰੀ ਕਰਵਾ ਦਿੱਤੀ। 108 ਸਾਲ ਬਾਅਦ 1777 ’ਚ ਇੰਦੌਰ ਦੀ ਮਹਾਰਾਣੀ ਅਹਿੱਲਿਆ ਬਾਈ ਹੋਲਕਰ ਨੇ ਇਸ ਦੀ ਮੁੜ ਉਸਾਰੀ ਕਰਵਾਈ। ਇਸ ਪਵਿੱਤਰ ਮੰਦਰ ਲਈ ਪੰਜਾਬ ਤੋਂ ਮਹਾਰਾਜਾ ਰਣਜੀਤ ਸਿੰਘ ਨੇ ਸੋਨੇ ਦਾ ਛਤਰ ਭਿਜਵਾਇਆ ਸੀ।

ਅਸਲ ’ਚ ਇਸ ਮੰਦਰ ਨੂੰ ਕਈ ਵਾਰ ਡੇਗਿਆ ਗਿਆ ਅਤੇ ਮੁੜ ਉਸਾਰਿਆ ਗਿਆ ਅਤੇ 21ਵੀਂ ਸ਼ਤਾਬਦੀ ’ਚ ਨਰਿੰਦਰ ਮੋਦੀ ਨੇ ਇਸ ਦਾ ਮੁੜ ਨਿਰਮਾਣ ਕਰ ਕੇ ਅਤੇ ਇਕ ਖੁੱਲ੍ਹਾ ਕਾਰੀਡੋਰ ਬਣਾ ਕੇ ਇਸ ਨੂੰ ਵਿਸ਼ਾਲਤਾ ਮੁਹੱਈਆ ਕੀਤੀ ਹੈ ਜੋ ਸਨਾਤਨ ਧਰਮ ’ਚ ਆਸਥਾ ਰੱਖਣ ਵਾਲਿਆਂ ਲਈ ਬੜੇ ਮਾਣ ਦਾ ਵਿਸ਼ਾ ਹੈ। ਇੱਥੇ ਬੁੱਧੀ ਦਾ ਖੂਹ ਵੀ ਉਸਰਿਆ ਹੈ ਅਤੇ ਇਹ ਸਿੱਖਿਆ ਦਾ ਕੇਂਦਰ ਰਿਹਾ ਹੈ।

ਭਾਰਤ ਦੇ 7 ਪਵਿੱਤਰ ਸ਼ਹਿਰਾਂ ਜਿਨ੍ਹਾਂ ’ਚ ਅਯੁੱਧਿਆ, ਮਥੁਰਾ, ਹਰਿਦਵਾਰ, ਕਾਚੀ, ਅਵਨਤੀ, ਦਵਾਰਕਾ ਦੇ ਨਾਲ ਕਾਸ਼ੀ ਵੀ ਹੈ, ’ਚੋਂ ਕਾਸ਼ੀ ’ਚ ਹੀ ਬਾਬਾ ਵਿਸ਼ਵਨਾਥ ਧਾਮ ਦੇ ਨਾਲ ਸੰਕਟਮੋਚਨ ਮੰਦਰ, ਦੁਰਗਾ ਮੰਦਰ ਵੀ ਸੁਸ਼ੋਭਿਤ ਹਨ। ਇਸ ਸ਼ਹਿਰ ’ਚ ਵੱਡੇ-ਵੱਡੇ ਕਵੀਆਂ, ਦਾਰਸ਼ਨਿਕਾਂ, ਲੇਖਕਾਂ, ਸੰਗੀਤਕਾਰਾਂ ਨੇ ਜਨਮ ਲਿਆ ਹੈ। ਇੱਥੇ ਭਾਰਤ ਦੇ ਪ੍ਰਸਿੱਧ ਸੁਤੰਤਰਤਾ ਸੈਨਾਨੀ ਅਤੇ ਮਹਾਨ ਵਿਦਵਾਨ ਪੰਡਿਤ ਮਦਨ ਮੋਹਨ ਮਾਲਵੀਯ ਜੀ ਨੇ ਬਨਾਰਸ ਹਿੰਦੂ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਸੀ। ਇੱਥੇ ਹੀ ਭਾਰਤ ਦੇ ਪ੍ਰਸਿੱਧ ਚਿੰਤਕ ਅਤੇ ਕਵੀ ਸੰਤ ਤੁਲਸੀਦਾਸ ਜੀ ਨੇ ਵੀ ਸ਼੍ਰੀ ਰਾਮਚਰਿੱਤ ਮਾਨਸ ਦੀ ਰਚਨਾ ਕੀਤੀ। ਇਸੇ ਨਗਰੀ ’ਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਆਪਣੀ ਪਵਿੱਤਰ ਬਾਣੀ ਦੀ ਰਚਨਾ ਕੀਤੀ, ਜਿਸ ਦੇ ਕੁਝ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ’ਚ ਵੀ ਸ਼ਾਮਲ ਕੀਤੇ ਗਏ।

ਇਸੇ ਨਗਰੀ ’ਚ ਮਨੁੱਖਤਾ ਦਾ ਸੰਦੇਸ਼ ਦੇਣ ਵਾਲੇ ਸੰਤ ਕਬੀਰ ਜੀ ਨੇ ਆਪਣੀ ਬਾਣੀ ਦੀ ਰਚਨਾ ਕੀਤੀ ਅਤੇ ਸਿੱਖ ਧਰਮ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ ਜੀ ਵੀ 1507 ’ਚ ਇਸ ਪਵਿੱਤਰ ਨਗਰੀ ’ਚ ਆਏ।

ਇਤਿਹਾਸ ਗਵਾਹ ਹੈ ਕਿ ਹਸਤਿਨਾਪੁਰ ਦੇ ਰਾਜਾ ਵਚਿਤਰਵੀਰਯ ਦਾ ਵਿਆਹ ਕਾਸ਼ੀ ਦੇ ਰਾਜਾ ਦੀਆਂ ਧੀਆਂ ਅੰਬਾ ਅਤੇ ਅੰਬਾਲਿਕਾ ਨਾਲ ਹੋਇਆ ਸੀ, ਜਿਨ੍ਹਾਂ ਤੋਂ ਪਾਂਡੂ ਅਤੇ ਧ੍ਰਿਤਰਾਸ਼ਟਰ ਨੇ ਜਨਮ ਲਿਆ ਸੀ ਅਤੇ ਇਨ੍ਹਾਂ ਦੋਵਾਂ ਦੇ ਉਤਰਾਧਿਕਾਰੀਆਂ ਨੇ ਕੁਰੂਕਸ਼ੇਤਰ ’ਚ ਜ਼ਬਰਦਸਤ ਯੁੱਧ ਕੀਤਾ ਅਤੇ ਉਸੇ ਮੈਦਾਨ ’ਚ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਅਰਜੁਨ ਜੀ ਨੂੰ ਜੋ ਸੰਦੇਸ਼ ਦਿੱਤਾ , ਉਹ ਸ਼੍ਰੀਮਦ ਭਾਗਵਤ ਗੀਤਾ ’ਚ ਸ਼ਾਮਲ ਕੀਤਾ ਗਿਆ। ਇਸ ਤਰ੍ਹਾਂ ਕਾਸ਼ੀ ਸਮੁੱਚੇ ਭਾਰਤ ’ਚ ਹੀ ਨਹੀਂ, ਵਿਸ਼ਵ ਦੇ ਲੋਕਾਂ ਲਈ ਮਹੱਤਵਪੂਰਨ ਸਥਾਨ ਰੱਖਦੀ ਹੈ।

ਪਵਿੱਤਰ ਸਥਾਨਾਂ ਦੇ ਨਵਨਿਰਮਾਣ ਨਾਲ ਸੈਲਾਨੀਆਂ ਦੀ ਗਿਣਤੀ ਵਧੇਗੀ ਅਤੇ ਹਜ਼ਾਰਾਂ ਲੋਕਾਂ ਨੂੰ ਕੰਮ ਕਰਨ ਦਾ ਮੌਕਾ ਮਿਲੇਗਾ। ਕਾਸ਼ੀ ਖੁਸ਼ਹਾਲ ਤੋਂ ਖੁਸ਼ਹਾਲਤਮ ਹੋਵੇਗੀ। ਜੇਕਰ ਭਾਰਤ ਦੇ ਪ੍ਰਾਚੀਨ ਮੰਦਰਾਂ ਦੇ ਆਲੇ-ਦੁਆਲੇ ਚੰਗੇ ਕਾਰੀਡੋਰਾਂ ਦਾ ਨਿਰਮਾਣ ਕਰ ਦਿੱਤਾ ਜਾਵੇ ਤਾਂ ਉਹ ਵੀ ਯਕੀਨੀ ਤੌਰ ’ਤੇ ਖਿੱਚ ਦਾ ਕੇਂਦਰ ਬਣਨਗੇ, ਜਿੱਥੇ ਹਜ਼ਾਰਾਂ ਲੋਕ ਦਰਸ਼ਨ-ਦੀਦਾਰ ਕਰਨ ਲਈ ਜਾਣਗੇ ਅਤੇ ਸਥਾਨਕ ਲੋਕਾਂ ਨੂੰ ਖੁਸ਼ਹਾਲ ਹੋਣ ਦਾ ਮੌਕਾ ਮਿਲੇਗਾ।

ਪ੍ਰਧਾਨ ਮੰਤਰੀ ਨੂੰ ਸਾਰੇ ਧਰਮਾਂ ਦੇ ਪ੍ਰਾਚੀਨ ਅਤੇ ਮਹੱਤਵਪੂਰਨ ਧਾਰਮਿਕ ਸਥਾਨਾਂ ਨੂੰ ਖੂਬਸੂਰਤ ਬਣਾਉਣ, ਖੁੱਲ੍ਹੇ ਕਾਰੀਡੋਰ ਬਣਾਉਣ ਅਤੇ ਲੋੜ ਅਨੁਸਾਰ ਉੱਥੇ ਇਮਾਰਤਾਂ ਦੀ ਉਸਾਰੀ ਕਰਨ ਦਾ ਫੈਸਲਾ ਲੈਣਾ ਚਾਹੀਦਾ ਹੈ ਕਿਉਂਕਿ ਭਾਰਤ ’ਚ ਹਿੰਦੂ ਧਰਮ ਦੇ ਨਾਲ-ਨਾਲ ਮੁਸਲਿਮ, ਸਿੱਖ, ਇਸਾਈ, ਬੁੱਧ, ਜੈਨ, ਪਾਰਸੀ, ਯਹੂਦੀ ਅਤੇ ਕਈ ਹੋਰ ਛੋਟੇ-ਛੋਟੇ ਧਰਮਾਂ ਦੇ ਲੋਕ ਰਹਿੰਦੇ ਹਨ, ਜਿਨ੍ਹਾਂ ਦੇ ਧਾਰਮਿਕ ਅਸਥਾਨਾਂ ਨੂੰ ਸੁਧਾਰਨ ਦੀ ਲੋੜ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਾਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

Inder Prajapati

This news is Content Editor Inder Prajapati