‘ਹੁਣ ਓਬਾਮਾ ਨੇ ਖੋਲ੍ਹ ਦਿੱਤੀ ਹੈ’ ‘ਪਾਕਿਸਤਾਨੀ ਆਈ.ਐੱਸ.ਆਈ. ਅਤੇ ਅੱਤਵਾਦੀਆਂ ਦੀ ਪੋਲ’

11/19/2020 3:54:37 AM

ਸਾਡੇ ਦੇਸ਼ ’ਚ ਹੋਣ ਵਾਲੇ ਅੱਤਵਾਦੀ ਹਮਲਿਅਾਂ ਲਈ ਭਾਰਤ ਸਰਕਾਰ ਕਈ ਵਾਰ ਪਾਕਿਸਤਾਨ ਦੀ ਸਰਕਾਰ ਅਤੇ ਉਥੋਂ ਦੀ ਫੌਜ ਨੂੰ ਜ਼ਿੰਮੇਵਾਰ ਠਹਿਰਾ ਚੁੱਕੀ ਹੈ। ਹਰ ਵਾਰ ਪਾਕਿਸਤਾਨ ਦੇ ਨੇਤਾਵਾਂ ਨੇ ਇਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ ਹੈ ਪਰ ਸਮੇਂ-ਸਮੇਂ ’ਤੇ ਪਾਕਿਸਤਾਨ ਦੇ ਸੱਤਾ ਦੇ ਗਲਿਆਰਿਅਾਂ ਨਾਲ ਜੁੜੇ ਲੋਕ ਹੀ ਆਪਣੀ ਸਰਕਾਰ ਅਤੇ ਉਸ ਦੇ ਨੇਤਾਵਾਂ ਦੇ ਝੂਠ ਦੀ ਪੋਲ ਖੋਲ੍ਹਦੇ ਆਏ ਹਨ ਅਤੇ ਹੁਣ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ‘ਬਰਾਕ ਓਬਾਮਾ’ ਨੇ ਵੀ ਪਾਕਿਸਤਾਨ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ।

ਉਦਾਹਰਣ ਵਜੋਂ 1999 ਦੀ ਕਾਰਗਿਲ ਜੰਗ ’ਚ ਪਾਕਿਸਤਾਨ ਦੀ ਨਿਯਮਿਤ ਫੌਜ ਦਾ ਹੱਥ ਹੋਣ ਤੋਂ ਇਨਕਾਰ ਕਰ ਕੇ ਮੁਸ਼ੱਰਫ ਹਮੇਸ਼ਾ ਹੀ ਇਹੀ ਕਹਿੰਦਾ ਰਿਹਾ ਕਿ, ‘‘ਕਾਰਗਿਲ ’ਚ ਘੁਸਪੈਠ ਕਰਨ ਵਾਲੇ ਉਸ ਦੇ ਫੌਜੀ ਨਹੀਂ ਸਗੋਂ ਕਸ਼ਮੀਰੀ ਅੱਤਵਾਦੀ ਸਨ।’’

ਮੁਸ਼ੱਰਫ ਦੇ ਇਸ ਸਫੈਦ ਝੂਠ ਦਾ ਪਰਦਾਫਾਸ਼ ਪਾਕਿਸਤਾਨ ਦੀ ਹੀ ਖੁਫੀਆ ਏਜੰਸੀ ‘ਆਈ.ਐੱਸ.ਆਈ.’ ਦੇ ‘ਅਨੇਲੇਸਿਸ ਵਿੰਗ’ ਦੇ ਸਾਬਕਾ ਮੁਖੀ ਲੈਫਟੀਨੈਂਟ ਜਨਰਲ ਸ਼ਾਹਿਦ ਅਜ਼ੀਜ਼ ਨੇ ਜਨਵਰੀ 2013 ’ਚ ਪ੍ਰਕਾਸ਼ਿਤ ਆਪਣੀ ਪੁਸਤਕ ‘ਪੁਟਿੰਗ ਅਵਰ ਚਿਲਡਰਨ ਇਨ ਫਾਇਰ’ ਵਿਚ ਕਰਦੇ ਹੋਏ ਮੁਸ਼ੱਰਫ ’ਤੇ ਦੋਸ਼ ਲਗਾਇਆ ਸੀ ਕਿ :

‘‘ਉਥੇ ਕੋਈ ਮੁਜ਼ਾਹਿਦੀਨ ਨਹੀਂ ਸੀ। ਟੇਪ ਕਰ ਕੇ ਭੇਜੇ ਗਏ ਝੂਠੇ ਵਾਇਰਲੈੱਸ ਸੰਦੇਸ਼ਾਂ ’ਚ ਸਾਡੇ ਫੌਜੀਅਾਂ ਨੂੰ ਆਪਣੇ ਹਥਿਆਰਾਂ ਅਤੇ ਹੋਰ ਅਸਲੇ ਦੇ ਨਾਲ ਖਾਲੀ ਪਈਅਾਂ ਪਹਾੜੀਅਾਂ ’ਤੇ ਜਾਣ ਲਈ ਕਿਹਾ ਗਿਆ ਜਿਥੇ ਉਨ੍ਹਾਂ ਨੇ ਭੁੱਖੇ-ਪਿਆਸੇ ਦਮ ਤੋੜ ਦਿੱਤਾ।’’

ਫਿਰ 27 ਮਾਰਚ, 2013 ਨੂੰ ਇਸਲਾਮਾਬਾਦ ’ਚ ਮੁਸ਼ੱਰਫ ਨੇ ਖੁਦ ਹੀ ਆਪਣੀ ਬਹਾਦੁਰੀ ਦਾ ਢਿੰਡੋਰਾ ਪਿੱਟਦੇ ਹੋਏ ਕਹਿ ਦਿੱਤਾ ਕਿ, ‘‘ਮੈਨੂੰ ਕਾਰਗਿਲ ਆਪ੍ਰੇਸ਼ਨ ’ਤੇ ਮਾਣ ਹੈ, ਜਿਸ ਦੌਰਾਨ ਪਾਕਿਸਤਾਨੀ ਫੌਜ 5 ਥਾਵਾਂ ’ਤੇ ਭਾਰਤ ਦੇ ਅੰਦਰ ਦਾਖਲ ਹੋ ਗਈ ਸੀ।’’

ਫਿਰ ਇਕ ਧਮਾਕਾ ਪਾਕਿਸਤਾਨ ਸਰਕਾਰ ’ਚ ਮੰਤਰੀ ਫਵਾਦ ਚੌਧਰੀ ਨੇ 29 ਅਕਤੂਬਰ, 2020 ਨੂੰ ਪਾਕਿਸਤਾਨ ਦੀ ਸੰਸਦ ’ਚ ਇਹ ਬਿਆਨ ਦੇ ਕੇ ਕੀਤਾ ਕਿ :

‘‘ਅਸੀਂ ਹਿੰਦੁਸਤਾਨ ਨੂੰ ਘਰ ’ਚ ਵੜ ਕੇ ਮਾਰਿਆ ਹੈ ਅਤੇ ਪੁਲਵਾਮਾ ’ਚ ਸਾਡੀ ਕਾਮਯਾਬੀ ਇਮਰਾਨ ਖਾਨ ਦੀ ਅਗਵਾਈ ’ਚ ਇਸ ਕੌਮ ਦੀ ਕਾਮਯਾਬੀ ਹੈ ਜਿਸ ਦੇ ਹਿੱਸੇਦਾਰ ਅਸੀਂ ਵੀ ਹਾਂ ਅਤੇ ਪਾਕਿਸਤਾਨ ਦੀਆਂ ਵਿਰੋਧੀ ਪਾਰਟੀਆਂ ਵੀ ਹਨ।’’

ਵਰਣਨਯੋਗ ਹੈ ਕਿ 14 ਫਰਵਰੀ, 2019 ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ ’ਚ ਹੋਏ ਅੱਤਵਾਦੀ ਹਮਲੇ ’ਚ ਸੀ.ਆਰ.ਪੀ. ਐੱਫ. ਦੇ 40 ਤੋਂ ਵੱਧ ਜਵਾਨ ਸ਼ਹੀਦ ਹੋਏ ਸਨ ਅਤੇ ਜਦੋਂ ਫਵਾਦ ਚੌਧਰੀ ਨੇ ਇਹ ਗੱਲ ਕਹੀ ਤਾਂ ਪਾਕਿ ਸੰਸਦ ’ਚ ਮੌਜੂਦ ਕਈ ਸੰਸਦ ਮੈਂਬਰਾਂ ਨੇ ਮੇਜਾਂ ਨੂੰ ਥਪਥਪਾ ਕੇ ਇਸ ਕਥਨ ਦਾ ਸਮਰਥਨ ਕੀਤਾ।

ਹੁਣ 12 ਨਵੰਬਰ, 2020 ਨੂੰ ਪਾਕਿਸਤਾਨ ਦੀ ‘ਫੈਡਰਲ ਜਾਂਚ ਏਜੰਸੀ’ ਵਲੋਂ ਜਾਰੀ ‘ਮੋਸਟ ਵਾਂਟੇਡ’ ਅੱਤਵਾਦੀਅਾਂ ਦੀ ਸੂਚੀ ’ਚ 8 ਅਜਿਹੇ ਅੱਤਵਾਦੀਅਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜੋ 2008 ਦੇ ਮੁੰਬਈ ਹਮਲਿਅਾਂ ’ਚ ਸ਼ਾਮਲ ਸਨ। ਇਹ ਸੂਚੀ ਜਾਰੀ ਕਰ ਕੇ ਪਾਕਿਸਤਾਨ ਸਰਕਾਰ ਨੇ ਇਕ ਵਾਰ ਫਿਰ ਆਪਣਾ ਗੁਨਾਹ ਮੰਨ ਲਿਆ ਜਿਨ੍ਹਾਂ ’ਚ 174 ਲੋਕ ਮਾਰੇ ਗਏ ਸਨ।

ਹੁਣ ਤਾਂ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ‘ਬਰਾਕ ਓਬਾਮਾ’ ਨੇ ਅਾਪਣੀ ਪੁਸਤਕ ‘ਏ ਪ੍ਰੋਮਿਸਡ ਲੈਂਡ’ ਵਿਚ ਵੀ ਪਾਕਿਸਤਾਨ ਦੀ ਫੌਜ ਅਤੇ ਵੱਖ-ਵੱਖ ਅੱਤਵਾਦੀ ਸੰਗਠਨਾਂ ਦੇ ਦਰਮਿਆਨ ਸਬੰਧਾਂ ਦੀ ਪੁਸ਼ਟੀ ਵੀ ਕੀਤੀ ਹੈ।

‘ਓਬਾਮਾ’ ਲਿਖਦੇ ਹਨ, ‘‘ਮੈਂ ਐਬਟਾਬਾਦ ’ਚ ਦੁਨੀਆ ਦੇ ‘ਮੋਸਟ ਵਾਂਟੇਡ ਅੱਤਵਾਦੀ’ ‘ਓਸਾਮਾ-ਬਿਨ-ਲਾਦੇਨ’ ਦੇ ਟਿਕਾਣੇ ’ਤੇ ਛਾਪਾ ਮਾਰਨ ਦੀ ਮੁਹਿੰਮ ’ਚ ਪਾਕਿਸਤਾਨ ਨੂੰ ਸ਼ਾਮਲ ਕਰਨ ਤੋਂ ਨਾਂਹ ਕਰ ਦਿੱਤੀ ਸੀ ਕਿਉਂਕਿ ਮੈਂ ਜਾਣਦਾ ਸੀ ਕਿ ਪਾਕਿਸਤਾਨ ਦੀ ਫੌਜ, ਖਾਸ ਕਰ ਕੇ ਇਸ ਦੀ ਖੁਫੀਆ ਏਜੰਸੀ (ਆਈ.ਐੱਸ.ਆਈ.) ’ਚ ਕੁਝ ਤੱਤਾਂ ਦੇ ‘ਤਾਲਿਬਾਨ’ ਅਤੇ ਸ਼ਾਇਦ ‘ਅਲਕਾਇਦਾ’ ਨਾਲ ਸਬੰਧ ਹਨ।’’

‘ਓਬਾਮਾ’ ਨੇ ਆਪਣੀ ਪੁਸਤਕ ’ਚ ਲਿਖਿਆ ਹੈ ਕਿ ‘‘ਪਾਕਿਸਤਾਨ ਦੀ ਫੌਜ ‘ਤਾਲਿਬਾਨ’ ਅਤੇ ਸ਼ਾਇਦ : ‘ਅਲ ਕਾਇਦਾ’ ਨੂੰ ਅਫਗਾਨਿਸਤਾਨ ਅਤੇ ਆਪਣੇ ਮੁੱਖ ਵਿਰੋਧੀ ਭਾਰਤ ਦੇ ਵਿਰੁੱਧ ਵਰਤਦੀ ਸੀ।

ਹਾਲਾਂਕਿ ਇਮਰਾਨ ਜਨਰਲ ਬਾਜਵਾ ਭਾਰਤ ਦੇ ਨਾਲ ਚੰਗੇ ਸਬੰਧਾਂ ਦੇ ਪੱਖ ’ਚ ਹਨ ਪਰ ਪਾਕਿਸਤਾਨ ਦੀ ਖੁਫੀਆ ਏਜੰਸੀ ਹੀ ਸਾਰੀਅਾਂ ਮੁਸੀਬਤਾਂ ਦੀ ਜੜ੍ਹ ਹੈ, ਜੋ ‘ਓਬਾਮਾ’ ਦੀ ਟਿੱਪਣੀ ਤੋਂ ਸਪਸ਼ਟ ਹੈ।

ਇਸੇ ਕਾਰਨ ਪਾਕਿਸਤਾਨ ’ਚ ਪੈਦਾ ਹੋ ਰਹੇ ਲੋਕਾਂ ਦੇ ਭਾਰੀ ਰੋਸ ਦੇ ਕਾਰਨ ਨਵਾਜ਼ ਸ਼ਰੀਫ ਦੀ ਮਰੀਅਮ ਨਵਾਜ਼ ਦੀ ਅਗਵਾਈ ’ਚ ਪਾਕਿਸਤਾਨ ਦੀਆਂ 11 ਪਾਰਟੀਅਾਂ ਦਾ ਗਠਜੋੜ ਇਮਰਾਨ ਸਰਕਾਰ ਦੇ ਵਿਰੁੱਧ ਸੜਕਾਂ ’ਤੇ ਉਤਰ ਆਇਆ ਹੈ ਅਤੇ ਉਥੇ ਰੋਸ ਵਿਖਾਵੇ ਜਾਰੀ ਹਨ।

‘ਆਈ.ਐੱਸ.ਆਈ.’ ਦੀ ਦਬੰਗਈ ਦੀ ਤਾਜ਼ਾ ਉਦਾਹਰਣ 4 ਨਵੰਬਰ ਨੂੰ ਮਿਲੀ ਜਦੋਂ ‘ਦਰਬਾਰ ਸਾਹਿਬ’ ਕਰਤਾਰਪੁਰ ਦਾ ਕੰਟਰੋਲ ‘ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ’ ਤੋਂ ਖੋਹਣ ਦਾ ਫੈਸਲਾ ਪਾਕਿਸਤਾਨ ਸਰਕਾਰ ਕੌਮਾਂਤਰੀ ਭਾਈਚਾਰੇ ਦੇ ਦਬਾਅ ਦੇ ਕਾਰਨ ਪਲਟਣ ਲਈ ਮਜਬੂਰ ਹੋਈ।

ਸਪੱਸ਼ਟ ਹੈ ਕਿ ਪਾਕਿਸਤਾਨ ’ਚ ਸਭ ਕੁਝ ‘ਆਈ.ਐੱਸ.ਆਈ.’ ਹੀ ਕਰਵਾ ਰਹੀ ਹੈ, ਜਿਸ ਕਾਰਨ ਉਥੇ ਹਾਲਾਤ ਇੰਨੇ ਵਿਗੜ ਗਏ ਹਨ ਕਿ ਪਾਕਿਸਤਾਨ ਖਾਨਾਜੰਗੀ ਦੇ ਕੰਢੇ ’ਤੇ ਪਹੁੰਚ ਗਿਆ ਹੈ।

–ਵਿਜੇ ਕੁਮਾਰ

Bharat Thapa

This news is Content Editor Bharat Thapa