ਹੁਣ ਹਸਪਤਾਲ ਵੀ ਚੋਰ-ਉਚੱਕਿਆਂ ਦੀ ਮਾਰ ਤੋਂ ਆਜ਼ਾਦ ਨਹੀਂ ਰਹੇ

08/11/2023 3:04:53 AM

ਅਜੇ ਤਕ ਤਾਂ ਘਰਾਂ, ਦੁਕਾਨਾਂ, ਸਕੂਲਾਂ ਆਦਿ ’ਚ ਹੀ ਚੋਰੀਆਂ ਹੁੰਦੀਆਂ ਸਨ ਪਰ ਹੁਣ ਤਾਂ ਰੋਗੀਆਂ ਨੂੰ ਜੀਵਨ ਦੇਣ ਵਾਲੇ ਹਸਪਤਾਲਾਂ ’ਤੇ ਵੀ ਚੋਰਾਂ ਨੇ ਹੱਲਾ ਬੋਲਣਾ ਸ਼ੁਰੂ ਕਰ ਦਿੱਤਾ ਹੈ, ਜਿਸ ਦੀਆਂ ਕੁਝ ਉਦਾਹਰਣਾਂ ਹੇਠਾਂ ਦਰਜ ਹਨ :

* 8 ਅਗਸਤ ਨੂੰ ਜੈਪੁਰ (ਰਾਜਸਥਾਨ) ’ਚ ਚਾਂਦਪੋਲ ਜਨਾਨਾ ਹਸਪਤਾਲ ਦੀ ਪਾਰਕਿੰਗ ’ਚ ਖੜ੍ਹੀ ਕਾਰ ਦੇ ਸ਼ੀਸ਼ੇ ਤੋੜ ਕੇ ਚੋਰ ਉਸ ’ਚ ਰੱਖੇ 30,000 ਰੁਪਏ ਲੈ ਉੱਡੇ।

* 5 ਅਗਸਤ ਨੂੰ ਕੇਂਦਰੀ ਰੇਲਵੇ ਹਸਪਤਾਲ, ਜਬਲਪੁਰ (ਮੱਧ ਪ੍ਰਦੇਸ਼) ਦੇ ਸਟੋਰ ਰੂਮ ’ਚ ਸਟਾਕ ਮਿਲਾਉਣ ਦੌਰਾਨ ਵੱਖ-ਵੱਖ ਬੀਮਾਰੀਆਂ ਦੇ ਇਲਾਜ ’ਚ ਕੰਮ ਆਉਣ ਵਾਲੇ 5.30 ਲੱਖ ਰੁਪਏ ਮੁੱਲ ਦੇ ਇੰਜੈਕਸ਼ਨਾਂ ਦੀ ਚੋਰੀ ਦਾ ਪਤਾ ਲੱਗਾ।

* 25-26 ਜੁਲਾਈ ਦੀ ਦਰਮਿਆਨੀ ਰਾਤ ਨੂੰ ਕਪੂਰਥਲਾ (ਪੰਜਾਬ) ਦੇ ਪਿੰਡ ‘ਮੋਠਾਂਵਾਲਾ’ ਸਥਿਤ ਸਰਕਾਰੀ ਹਸਪਤਾਲ ਦੇ ਬਾਥਰੂਮ ’ਚੋਂ ਚੋਰ ਟੂਟੀਆਂ, ਬਲੱਡ ਪ੍ਰੈਸ਼ਰ ਜਾਂਚਣ ਅਤੇ ਭਾਰ ਤੋਲਣ ਵਾਲੀਆਂ ਮਸ਼ੀਨਾਂ ਆਦਿ ਚੋਰੀ ਕਰ ਕੇ ਲੈ ਗਏ।

* 18 ਜੁਲਾਈ ਨੂੰ ਮੁੰਬਈ ਸਥਿਤ ਇਕ ਵੱਡੇ ਹਸਪਤਾਲ ’ਚ ਇਲਾਜ ਦੌਰਾਨ ਸਾਹ ਦੀ ਤਕਲੀਫ ਨਾਲ ਗੰਭੀਰ ਤੌਰ ’ਤੇ ਪੀੜਤ ਬਜ਼ੁਰਗ ਮਹਿਲਾ ਨੂੰ ਆਈ. ਸੀ. ਯੂ. ’ਚ ਲੈ ਕੇ ਜਾਂਦੇ ਸਮੇਂ ਉਸ ਦਾ ਮੰਗਲਸੂਤਰ ਅਤੇ ਅੰਗੂਠੀ ਚੋਰੀ ਕਰ ਲਈ ਗਈ।

* 11 ਜੁਲਾਈ ਨੂੰ ਅਲਮੋੜਾ (ਉੱਤਰਾਖੰਡ) ਦੇ ਜ਼ਿਲਾ ਹਸਪਤਾਲ ’ਚ ਐਕਸ-ਰੇ ਕਰਵਾਉਣ ਲਈ ਆਪਣੀ ਵਾਰੀ ਦੀ ਉਡੀਕ ਕਰ ਰਹੀ ਮਹਿਲਾ ਨੂੰ ਇਕ ਠੱਗ ਨੇ ਐਕਸ-ਰੇ ਤੋਂ ਪਹਿਲਾਂ ਮੰਗਲਸੂਤਰ ਉਤਾਰਨ ਨੂੰ ਕਿਹਾ ਤਾਂ ਮਹਿਲਾ ਨੇ ਉਸ ਨੂੰ ਉੱਥੋਂ ਦਾ ਕਰਮਚਾਰੀ ਸਮਝ ਕੇ ਮੰਗਲਸੂਤਰ ਉਤਾਰ ਕੇ ਦੇ ਦਿੱਤਾ, ਜਿਸ ਨੂੰ ਲੈ ਕੇ ਉਹ ਫਰਾਰ ਹੋ ਗਿਆ।

* 5 ਮਈ ਨੂੰ ਫਿਰੋਜ਼ਪੁਰ (ਪੰਜਾਬ) ਸਥਿਤ ਸਰਕਾਰੀ ਹਸਪਤਾਲ ਤੋਂ ਚੋਰ ਉੱਥੇ ਲੱਗੇ ਏਅਰ ਕੰਡੀਸ਼ਨਰਾਂ ਦੇ 20 ਪਾਈਪ ਅਤੇ ਦੂਜੀਆਂ ਫਿਟਿੰਗਜ਼ ਉਤਾਰ ਕੇ ਲੈ ਗਏ।

* 29 ਅਪ੍ਰੈਲ ਨੂੰ ਸ਼ਾਮਲੀ (ਉੱਤਰ ਪ੍ਰਦੇਸ਼) ਸਥਿਤ ਸਰਕਾਰੀ ਹਸਪਤਾਲ ਤੋਂ ਇਕ ਕੂਲਰ, ਡਸਟਬਿਨ, ਪਾਣੀ ਦੀ ਮੋਟਰ ਅਤੇ ਹਜ਼ਾਰਾਂ ਰੁਪਏ ਮੁੱਲ ਦਾ ਹੋਰ ਸਾਮਾਨ ਚੋਰੀ ਕਰਨ ਦੇ ਦੋਸ਼ ’ਚ 2 ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।

* 11 ਜਨਵਰੀ ਨੂੰ ਬੈਂਗਲੁਰੂ (ਕਰਨਾਟਕ) ਸਥਿਤ ‘ਸੇਂਟ ਫਿਲੋਮਿਨਾ ਹਸਪਤਾਲ’ ਦੀ ਇਕ ਨਰਸ ਲਕਸ਼ਮੀ ਨੂੰ ਉੱਥੇ ਇਲਾਜ ਦੌਰਾਨ ਰੋਗੀਆਂ ਦੇ ਲੱਖਾਂ ਰੁਪਏ ਮੁੱਲ ਦੇ ਗਹਿਣੇ ਚੋਰੀ ਕਰਨ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਗਿਆ।

ਹਸਪਤਾਲਾਂ ’ਚ ਬੀਮਾਰ ਲੋਕ ਆਪਣੀਆਂ ਤਕਲੀਫਾਂ ਤੋਂ ਛੁਟਕਾਰਾ ਪਾਉਣ ਜਾਂਦੇ ਹਨ, ਅਜਿਹੀਆਂ ਥਾਵਾਂ ’ਤੇ ਵੀ ਅਪਰਾਧੀ ਤੱਤਾਂ ਵੱਲੋਂ ਅਜਿਹੀਆਂ ਵਾਰਦਾਤਾਂ ਕਰਨਾ ਮਨੁੱਖਤਾ ਪ੍ਰਤੀ ਘੋਰ ਅਪਰਾਧ ਹੈ। ਇਸ ਲਈ ਅਜਿਹੇ ਲੋਕਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।
-ਵਿਜੇ ਕੁਮਾਰ
 

Manoj

This news is Content Editor Manoj