ਜੋਸ਼ੀਮਠ (ਉਤਰਾਖੰਡ) ਦੇ ਬਾਅਦ ਹੁਣ ਡੋਡਾ (ਜੰਮੂ) ਦੇ ਮਕਾਨਾਂ ’ਚ ਆਈਆਂ ਤਰੇੜਾਂ

02/06/2023 3:25:44 AM

ਕੁਝ ਸਮੇਂ ਤੋਂ ਭਾਰਤ ਸਮੇਤ ਵਿਸ਼ਵ ਦੇ ਆਲੇ-ਦੁਆਲੇ ਭੂਚਾਲਾਂ ਦਾ ਪ੍ਰਕੋਪ ਲਗਾਤਾਰ ਜਾਰੀ ਹੈ, ਜੋ ਚਿਤਾਵਨੀ ਦੇ ਰਿਹਾ ਹੈ ਕਿ ਵਾਤਾਵਰਣ ਨਾਲ ਛੇੜਛਾੜ ਕਦੀ ਵੀ ਤਬਾਹੀ ਲਿਆ ਸਕਦੀ ਹੈ। ਕੋਈ ਵੀ ਦਿਨ ਅਜਿਹਾ ਨਹੀਂ ਲੰਘਦਾ ਜਦੋਂ ਕਿਤੇ ਨਾ ਕਿਤੇ ਭੂਚਾਲ ਨਾ ਆ ਰਿਹਾ ਹੋਵੇ ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਨ੍ਹਾਂ ’ਚੋਂ ਵਧੇਰੇ ਭੂਚਾਲ ਭਾਰਤ ਦੇ ਹੀ ਵੱਖ-ਵੱਖ ਹਿੱਸਿਆਂ ’ਚ ਆ ਰਹੇ ਹਨ।

ਇਨ੍ਹੀਂ ਦਿਨੀਂ ਉਤਰਾਖੰਡ ਦਾ ਜੋਸ਼ੀਮਠ ਅਤੇ ਸੂਬੇ ਦੇ ਕਈ ਹਿੱਸੇ ਜ਼ਮੀਨ ਦੇ ਧਸਣ ਅਤੇ ਮਕਾਨਾਂ ’ਚ ਆ ਰਹੀਆਂ ਤਰੇੜਾਂ ਨੂੰ ਲੈ ਕੇ ਚਰਚਾ ’ਚ ਹਨ। ਇਸ ਦੇ ਲਈ ਇਸ ਖੇਤਰ ’ਚ ਭੂਚਾਲਾਂ ਦੇ ਇਲਾਵਾ ਢਲਾਨ ਵਾਲੀਆਂ ਥਾਵਾਂ ’ਤੇ ਬੇਕਾਬੂ ਭਵਨ ਨਿਰਮਾਣ, ਵੱਖ-ਵੱਖ ਪ੍ਰਾਜੈਕਟਾਂ ਦੇ ਲਈ ਨਿਰਮਾਣ ਅਤੇ ਬਲਾਸਟਿੰਗ ਨੂੰ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ।

ਇਸ ਦਰਮਿਆਨ ਦੇਸ਼ ਦੇ ਕਈ ਹਿੱਸਿਆਂ ’ਚ ਜੋਸ਼ੀਮਠ ਵਰਗੀ ਸਥਿਤੀ ਪੈਦਾ ਹੋਣ ਦੇ ਸੰਕੇਤ ਮਿਲ ਰਹੇ ਹਨ। ਹਿਮਾਚਲ ਦੇ ਸਾਬਕਾ ਮੁੱਖ ਮੰਤਰੀ ਸ਼੍ਰੀ ਸ਼ਾਂਤਾ ਕੁਮਾਰ ਅਨੁਸਾਰ ਮੈਕਲੋੜਗੰਜ ਵੀ ਜੋਸ਼ੀਮਠ ਦੇ ਰਸਤੇ ’ਤੇ ਹੀ ਜਾਣ ਦੀ ਤਿਆਰੀ ਕਰ ਰਿਹਾ ਹੈ।

ਉਨ੍ਹਾਂ ਦੇ ਅਨੁਸਾਰ, "ਵਿਕਾਸ ਦੇ ਨਾਂ ’ਤੇ ਪਹਾੜਾਂ ’ਤੇ ਬਿਜਲੀ ਪ੍ਰਾਜੈਕਟ ਅਤੇ ਸੜਕਾਂ ਦੇ ਨਿਰਮਾਣ ਦੇ ਲਈ ਬਿਨਾਂ ਸੋਚੇ-ਸਮਝੇ ਪਹਾੜਾਂ ਦੀ ਖੁਦਾਈ ਨਾਲ ਪਹਾੜਾਂ ਦੀ ਛਾਤੀ ਛਲਣੀ ਹੋ ਗਈ ਹੈ, ਇਸੇ ਕਾਰਨ ਪੂਰੇ ਭਾਰਤ ਦੇ ਪਹਾੜੀ ਸੂਬਿਆਂ ’ਚ ਵੀ ਉਹੀ ਹੋਣ ਵਾਲਾ ਹੈ ਜੋ ਜੋਸ਼ੀਮਠ ’ਚ ਹੋ ਰਿਹਾ ਹੈ।’’

ਦਾਰਜਲਿੰਗ ਅਤੇ ਸਿੱਕਮ ’ਤੇ ਵੀ ਜੋਸ਼ੀਮਠ ਵਰਗੇ ਹਾਦਸੇ ਦਾ ਖਤਰਾ ਮੰਡਰਾ ਰਿਹਾ ਹੈ। ਦਾਰਜਲਿੰਗ ਦੇ ‘‘ਤਿੰਨ ਤਾਰੀਆ’ ਸ਼ਹਿਰ ਦੇ ਮਕਾਨਾਂ ਚ ਤਰੇੜਾਂ ਆਉਣ ਦਾ ਸਿਲਸਿਲਾ ਕੁਝ ਸਾਲ ਪਹਿਲਾਂ ਹੀ ਸ਼ੁਰੂ ਹੋ ਗਿਆ ਸੀ ਅਤੇ ਇਸ ਇਲਾਕੇ ਨੂੰ ਵੀ ‘ਸਿਕਿੰਗ ਜ਼ੋਨ’ ’ਚ ਸ਼ਾਮਲ ਕੀਤਾ ਗਿਆ ਹੈ।

ਜੋਸ਼ੀਮਠ ਦੀ ਘਟਨਾ ਦੇ ਸਾਹਮਣੇ ਆਉਣ ਦੇ ਕੁਝ ਹੀ ਦਿਨ ਬਾਅਦ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਅਤੇ ‘ਪੀਪਲਜ਼ ਡੈਮੋਕ੍ਰੇਟਿਕ ਪਾਰਟੀ’ ਦੀ ਮੁਖੀ ਮਹਿਬੂਬਾ ਮੁਫਤੀ ਨੇ ਚਿਤਾਵਨੀ ਦਿੱਤੀ ਸੀ ਕਿ ‘‘ਜੋਸ਼ੀਮਠ ਤਾਂ ਸ਼ੁਰੂਆਤ ਹੈ ਅਮਰਨਾਥ ਅਤੇ ਵੈਸ਼ਨੂੰ ਦੇਵੀ ’ਚ ਵੀ ਇਹੀ ਸਥਿਤੀ ਪੈਦਾ ਹੋਣ ਨਾਲ ਇਸੇ ਤਰ੍ਹਾਂ ਦੀ ਆਫਤ ਆ ਸਕਦੀ ਹੈ।’

ਮਹਿਬੂਬਾ ਮੁਫਤੀ ਦੀ ਉਕਤ ਭਵਿੱਖਬਾਣੀ ਸੱਚ ਹੁੰਦੀ ਪ੍ਰਤੀਤ ਹੋ ਰਹੀ ਹੈ। ਹਾਲ ਹੀ ’ਚ ਜੰਮੂ-ਕਸ਼ਮੀਰ ਦੇ ਡੋਡਾ ਜ਼ਿਲੇ ਦੇ ਠਾਠਰੀ ਪਿੰਡ ’ਚ ਵੀ ਜ਼ਮੀਨ ਧਸਣ ਦੇ ਕਾਰਨ ਦਰਜਨਾਂ ਮਕਾਨਾਂ ’ਚ ਦਰਾਰਾਂ ਆ ਜਾਣ ਨਾਲ ਪੂਰੀ ਬਸਤੀ ’ਚ ਡਰ ਪੈਦਾ ਹੈ।

ਕੁਝ ਮਕਾਨ ਡਿੱਗ ਵੀ ਗਏ ਹਨ। ਇਸੇ ਦਰਮਿਆਨ ਪ੍ਰਸ਼ਾਸਨ ਨੇ ਸਾਰੇ ਪ੍ਰਭਾਵਿਤ ਮਕਾਨ ਖਾਲੀ ਕਰਵਾ ਲਏ ਹਨ ਅਤੇ ਪ੍ਰਭਾਵਿਤ ਪਰਿਵਾਰਾਂ ਦੇ ਘੱਟ ਤੋਂ ਘੱਟ 300 ਮੈਂਬਰਾਂ ਨੂੰ ਸੁਰੱਖਿਅਤ ਥਾਵਾਂ ’ਤੇ ਲਿਜਾਇਆ ਗਿਆ ਹੈ।

ਜਾਣਕਾਰੀ ਅਨੁਸਾਰ 1 ਮਹੀਨਾ ਪਹਿਲਾਂ ਠਾਠਰੀ ਦੀ ਨਵੀਂ ਬਸਤੀ ਇਲਾਕੇ ’ਚ ਇਕ ਰਿਹਾਇਸ਼ੀ ਮਕਾਨ ’ਚ ਤਰੇੜ ਆਉਣ ਦੀ ਸ਼ਿਕਾਇਤ ਪ੍ਰਸ਼ਾਸਨ ਦੇ ਕੋਲ ਆਈ ਸੀ। ਹੌਲੀ-ਹੌਲੀ ਦੂਜੇ ਘਰਾਂ ’ਚ ਵੀ ਤਰੇੜਾਂ ਆਉਣੀਆਂ ਸ਼ੁਰੂ ਹੋ ਗਈਆਂ, ਜਦਕਿ ਬੀਤੇ 2-3 ਦਿਨਾਂ ’ਚ ਤਰੇੜਾਂ ਤੇਜ਼ੀ ਨਾਲ ਵੱਧਣੀਆਂ ਸ਼ੁਰੂ ਹੋ ਗਈਆਂ।

ਹਾਲਾਂਕਿ ਅਜੇ ਮਕਾਨਾਂ ’ਚ ਤਰੇੜਾਂ ਪੈਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਪਰ ਸਥਾਨਕ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਹ ਜੋਸ਼ੀਮਠ ’ਚ ਪੈਦਾ ਹੋਈ ਸਥਿਤੀ ਨਾਲ ਮਿਲਦੀ-ਜੁਲਦੀ ਹੈ। ਡੋਡਾ ਖੇਤਰ ਭੂਚਾਲ ਵਾਲੇ ਖੇਤਰ-4 (Seismiczone-4) ’ਚ ਆਉਂਦਾ ਹੈ, ਜਿਸ ਦੇ ਅਨੁਸਾਰ ਇਹ ਭੂਚਾਲਾਂ ਨਾਲ ਭਾਰੀ ਤਬਾਹੀ ਦੇ ਜੋਖਮ ’ਤੇ ਹੈ।

ਪਿਛਲੇ ਕੁਝ ਦਹਾਕਿਆਂ ਦੇ ਦੌਰਾਨ ਜੋਸ਼ੀਮਠ ਦੇ ਵਾਂਗ ਹੀ ਇੱਥੇ ਵੀ ਵੱਡੇ ਪੱਧਰ ’ਤੇ ਇਮਾਰਤਾਂ ਦਾ ਨਿਰਮਾਣ ਹੋਇਆ। ਇਸ ਖੇਤਰ ’ਚ ਇਕ ਸੜਕ ਦੇ ਨਿਰਮਾਣ ਨੂੰ ਵੀ ਜ਼ਮੀਨ ਧਸਣ ਦੇ ਲਈ ਜ਼ਿੰਮੇਵਾਰ ਮੰਨਿਆ ਜਾ ਰਿਹਾ ਹੈ।

ਭੂ-ਵਿਗਿਆਨੀਆਂ ਦੀ ਇਕ ਟੀਮ ਦਾ ਕਹਿਣਾ ਹੈ ਕਿ ਇਹ ਸਮੁੱਚਾ ਇਲਾਕਾ ਕਈ ਕਾਰਨਾਂ ਕਰ ਕੇ ਧਸ ਰਿਹਾ ਹੈ, ਜਿਸ ’ਚ ਜ਼ਮੀਨ ’ਚੋਂ ਪਾਣੀ ਰਿਸਣਾ ਵੀ ਸ਼ਾਮਲ ਹੈ।

ਫਿਲਹਾਲ ਹੁਣ ਜਦਕਿ ਦੇਸ਼ ਦੇ ਕਈ ਹਿੱਸਿਆਂ ’ਚ ਕੁਦਰਤੀ ਆਫਤਾਂ ਦੇ ਸੰਕੇਤ ਮਿਲਣ ਲੱਗੇ ਹਨ, ਇਸ ਤੋਂ ਪਹਿਲਾਂ ਕਿ ਦੇਸ਼ ਨੂੰ ਹੋਰ ਤਬਾਹੀ ਝੱਲਣੀ ਪਵੇ, ਮਿਲ ਰਹੀ ਚਿਤਾਵਨੀਆਂ ਨੂੰ ਗੰਭੀਰਤਾਪੂਰਵਕ ਲੈਂਦੇ ਹੋਏ ਇਸ ਦੇ ਹੱਲ ਲਈ ਕੇਂਦਰ ਤੇ ਸੂਬਾ ਸਰਕਾਰਾਂ ਜਿੰਨੀ ਤੇਜ਼ੀ ਨਾਲ ਕਦਮ ਚੁੱਕਣਗੀਆਂ ਓਨਾ ਹੀ ਚੰਗਾ ਹੋਵੇਗਾ।

-ਵਿਜੇ ਕੁਮਾਰ

Mukesh

This news is Content Editor Mukesh