...ਹੁਣ ਚੰਡੀਗੜ੍ਹ ਦੇ ਮੇਅਰ ਨੂੰ ਲੈ ਕੇ ''ਭਾਜਪਾ ਵਿਚ ਘਮਾਸਾਨ''

01/06/2018 5:09:32 AM

ਇਸ ਸਮੇਂ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਭਾਜਪਾ ਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਦਾ ਬੇਸ਼ੱਕ ਹੀ ਦੇਸ਼ ਦੇ 19 ਸੂਬਿਆਂ 'ਤੇ ਰਾਜ ਹੈ ਪਰ ਇਸ ਦੇ ਬਾਵਜੂਦ ਇਹ ਇਕ ਤ੍ਰਾਸਦੀ ਹੀ ਹੈ ਕਿ ਭਾਜਪਾ 'ਚ ਸਭ ਠੀਕ ਨਹੀਂ ਚੱਲ ਰਿਹਾ ਤੇ ਇਸ ਦੀਆਂ ਕਈ ਸੂਬਾ ਇਕਾਈਆਂ 'ਚ ਬਾਗ਼ੀ ਸੁਰ ਰਹਿ-ਰਹਿ ਕੇ ਸੁਣਾਈ ਦੇ ਰਹੇ ਹਨ। 
ਜਿਥੇ ਗੁਜਰਾਤ 'ਚ ਵਿਭਾਗਾਂ ਦੀ ਵੰਡ ਨੂੰ ਲੈ ਕੇ ਉਪ-ਮੁੱਖ ਮੰਤਰੀ ਨਿਤਿਨ ਪਟੇਲ ਦੀ ਨਾਰਾਜ਼ਗੀ ਦੂਰ ਕਰਨ ਲਈ ਭਾਜਪਾ ਲੀਡਰਸ਼ਿਪ ਨੂੰ ਸ਼੍ਰੀ ਪਟੇਲ ਨੂੰ ਉਨ੍ਹਾਂ ਦਾ ਪਸੰਦੀਦਾ ਵਿੱਤ ਵਿਭਾਗ ਦੇਣਾ ਹੀ ਪਿਆ, ਉਥੇ ਹੀ ਕੋਲੀ ਭਾਈਚਾਰੇ ਦੇ ਇਕ ਮੰਤਰੀ ਪੁਰਸ਼ੋਤਮ ਸੋਲੰਕੀ ਨੇ ਵਿਭਾਗਾਂ ਦੀ ਵੰਡ ਨੂੰ ਲੈ ਕੇ ਨਾਰਾਜ਼ਗੀ ਪ੍ਰਗਟਾਈ ਹੈ।
ਕਰਨਾਟਕ ਵਿਚ ਵੀ ਪਾਰਟੀ ਦੇ ਸੂਬਾ ਪ੍ਰਧਾਨ ਬੀ. ਐੱਸ. ਯੇਦੀਯੁਰੱਪਾ ਅਤੇ ਹੋਰਨਾਂ ਨੇਤਾਵਾਂ ਵਿਚਾਲੇ ਅਗਲੀਆਂ ਚੋਣਾਂ 'ਚ ਟਿਕਟਾਂ ਦੀ ਵੰਡ ਨੂੰ ਲੈ ਕੇ ਹੁਣ ਤੋਂ ਹੀ ਖਟਪਟ ਹੋਣ ਦੀਆਂ ਖ਼ਬਰਾਂ ਸੁਣਨ ਨੂੰ ਮਿਲ ਰਹੀਆਂ ਹਨ। 
ਬੰਗਾਲ ਭਾਜਪਾ ਵੀ ਫੁੱਟ ਦੀ ਸ਼ਿਕਾਰ ਹੈ, ਜਿਥੇ ਪਾਰਟੀ ਦੇ ਇਕ ਸੀਨੀਅਰ ਆਗੂ ਦੀਪਾਂਸ਼ੂ ਚੌਧਰੀ ਨੇ ਪਾਰਟੀ ਛੱਡ ਕੇ ਤ੍ਰਿਣਮੂਲ ਕਾਂਗਰਸ ਦਾ ਪੱਲਾ ਫੜ ਲਿਆ ਹੈ। ਇਸੇ ਤਰ੍ਹਾਂ ਪੰਜਾਬ 'ਚ ਪਿਛਲੇ ਦਿਨੀਂ ਹੋਈਆਂ ਨਗਰ ਨਿਗਮ ਚੋਣਾਂ ਦੌਰਾਨ ਭਾਜਪਾ ਕਾਡਰ 'ਚ ਵੀ ਫੁੱਟ ਦੀਆਂ ਖ਼ਬਰਾਂ ਸੁਣਾਈ ਦਿੱਤੀਆਂ, ਜਿਸ ਦਾ ਖਮਿਆਜ਼ਾ ਵੀ ਪਾਰਟੀ ਨੂੰ ਭੁਗਤਣਾ ਪਿਆ।
ਜਿਵੇਂ ਕਿ ਇੰਨਾ ਹੀ ਕਾਫੀ ਨਹੀਂ ਸੀ, ਚੰਡੀਗੜ੍ਹ ਨਗਰ ਨਿਗਮ ਦੀਆਂ ਚੋਣਾਂ 'ਚ ਭਾਰੀ ਬਹੁਮਤ ਨਾਲ ਸੱਤਾ ਵਿਚ ਆਈ ਭਾਜਪਾ 'ਚ 3 ਜਨਵਰੀ ਨੂੰ ਉਦੋਂ ਬਗ਼ਾਵਤ ਖੁੱਲ੍ਹ ਕੇ ਸਾਹਮਣੇ ਆ ਗਈ, ਜਦੋਂ ਅਲੱਗ-ਥਲੱਗ ਹੋਈ ਮੌਜੂਦਾ ਮੇਅਰ ਆਸ਼ਾ ਜਸਵਾਲ ਨੇ 9 ਜਨਵਰੀ ਨੂੰ ਹੋਣ ਵਾਲੀ ਮੇਅਰ ਦੀ ਚੋਣ ਲਈ ਬਾਗ਼ੀ ਹੋ ਕੇ ਆਜ਼ਾਦ ਉਮੀਦਵਾਰ ਵਜੋਂ ਆਪਣੇ ਕਾਗਜ਼ ਦਾਖਲ ਕਰ ਦਿੱਤੇ।
ਮੇਅਰ ਦੀ ਚੋਣ ਨੂੰ ਲੈ ਕੇ ਦਿੱਲੀ ਤੋਂ ਚੰਡੀਗੜ੍ਹ ਪਹੁੰਚੇ ਭਾਜਪਾ ਦੇ ਚੰਡੀਗੜ੍ਹ ਇੰਚਾਰਜ ਪ੍ਰਭਾਤ ਝਾਅ 3 ਜਨਵਰੀ ਨੂੰ ਸਵੇਰੇ 7 ਵਜੇ ਤੋਂ ਮੇਅਰ ਦੇ ਨਾਂ ਲਈ ਕੌਂਸਲਰਾਂ ਤੇ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਮਗਜ਼ਮਾਰੀ ਕਰਦੇ ਰਹੇ। ਉਹ ਇਸ ਅਹੁਦੇ ਲਈ ਇਕ ਨਾਂ 'ਤੇ ਸਹਿਮਤੀ ਬਣਾਉਣ 'ਚ ਲੱਗੇ ਰਹੇ ਪਰ ਕਾਮਯਾਬ ਨਹੀਂ ਹੋਏ।
ਧੜੇਬੰਦੀ ਕਾਰਨ ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਸੰਜੇ ਟੰਡਨ ਦਾ ਧੜਾ ਅਰੁਣ ਸੂਦ ਨੂੰ ਮੇਅਰ ਦੇ ਅਹੁਦੇ ਦਾ ਉਮੀਦਵਾਰ ਬਣਾਉਣ ਲਈ ਦਬਾਅ ਪਾਉਂਦਾ ਰਿਹਾ ਪਰ ਉਸ ਦੀ ਇਕ ਨਹੀਂ ਚੱਲੀ ਤੇ ਸੰਸਦ ਮੈਂਬਰ ਕਿਰਨ ਖੇਰ ਦੇ ਧੜੇ 'ਚੋਂ ਦੇਵੇਸ਼ ਮੋਦਗਿਲ ਦਾ ਨਾਂ ਫਾਈਨਲ ਕਰ ਦਿੱਤਾ ਗਿਆ।
ਦੱਸਿਆ ਜਾਂਦਾ ਹੈ ਕਿ ਸੰਜੇ ਟੰਡਨ ਧੜੇ ਦੇ ਸਮਰਥਕਾਂ ਨੇ ਦੇਵੇਸ਼ ਤੋਂ ਪਹਿਲਾਂ ਜਾ ਕੇ ਆਸ਼ਾ ਜਸਵਾਲ ਤੋਂ ਆਜ਼ਾਦ ਉਮੀਦਵਾਰ ਵਜੋਂ ਮੇਅਰ ਦੇ ਅਹੁਦੇ ਦੇ ਕਾਗਜ਼ ਦਾਖਲ ਕਰਵਾ ਕੇ ਨਿਗਮ 'ਚ ਆਪਣਾ ਗ਼ਲਬਾ ਕਾਇਮ ਰੱਖਣ ਲਈ ਆਸ਼ਾ ਜਸਵਾਲ ਨੂੰ ਅੱਗੇ ਕਰ ਦਿੱਤਾ। ਇਸ ਤੋਂ ਬਾਅਦ ਜਦੋਂ ਮੋਦਗਿਲ ਕਾਗਜ਼ ਦਾਖਲ ਕਰਨ ਪਹੁੰਚੇ ਤਾਂ ਟੰਡਨ ਉਨ੍ਹਾਂ ਦੇ ਨਾਲ ਸਨ। 
ਆਪਣੀ ਨਾਮਜ਼ਦਗੀ ਨੂੰ ਪਾਰਟੀ ਦੀ ਭਲਾਈ ਲਈ ਕਰਾਰ ਦਿੰਦਿਆਂ ਆਸ਼ਾ ਜਸਵਾਲ ਨੇ ਕਿਹਾ ਕਿ ਜਦ ਸਾਡੇ ਸੀਨੀਅਰਾਂ ਨੇ ਸਾਡਾ ਪੱਖ ਸੁਣਨ ਤੋਂ ਇਨਕਾਰ ਕਰ ਦਿੱਤਾ, ਉਦੋਂ ਮੈਂ ਫੈਸਲਾ ਲਿਆ ਕਿ ਮੈਨੂੰ ਪਾਰਟੀ ਬਚਾਉਣ ਲਈ ਆਜ਼ਾਦ ਉਮੀਦਵਾਰ ਵਜੋਂ ਕਾਗਜ਼ ਦਾਖਲ ਕਰਨੇ ਚਾਹੀਦੇ ਹਨ। 
ਮੇਅਰ ਦੇ ਅਹੁਦੇ ਲਈ ਮੋਦਗਿਲ ਦੀ ਪਾਤਰਤਾ 'ਤੇ ਸਵਾਲੀਆ ਨਿਸ਼ਾਨ ਲਾਉਂਦਿਆਂ ਆਸ਼ਾ ਜਸਵਾਲ ਨੇ ਕਿਹਾ ਕਿ ''ਭਾਜਪਾ ਨੇ ਇਕ ਅਜਿਹੇ ਵਿਅਕਤੀ ਨੂੰ ਚੁਣਿਆ ਹੈ, ਜੋ ਝੂਠਾ ਤੇ ਭ੍ਰਿਸ਼ਟਾਚਾਰ ਵਿਚ ਸ਼ਾਮਿਲ ਹੈ ਤੇ ਪਾਰਟੀ ਪ੍ਰਧਾਨ ਦਾ ਸਨਮਾਨ ਨਹੀਂ ਕਰਦਾ।''
''ਮੈਂ ਪ੍ਰਭਾਤ ਝਾਅ ਨੂੰ ਮਿਲ ਕੇ ਇਹ ਗੱਲਾਂ ਦੱਸੀਆਂ। ਉਹ ਮੇਰੀ ਗੱਲ ਨਾਲ ਸਹਿਮਤ ਵੀ ਹੋਏ। ਇਸ ਦੇ ਬਾਵਜੂਦ ਉਹ ਹੁਣ ਇਕ ਗਲਤ ਵਿਅਕਤੀ ਦਾ ਸਮਰਥਨ ਕਰ ਰਹੇ ਹਨ।'' ਆਸ਼ਾ ਜਸਵਾਲ ਨੇ ਇਹ ਵੀ ਕਿਹਾ ਕਿ ਉਹ ਕਿਸੇ ਵੀ ਹਾਲਤ 'ਚ ਆਪਣਾ ਨਾਂ ਵਾਪਿਸ ਨਹੀਂ ਲਵੇਗੀ। 
ਇਸ ਸਾਰੀ ਘਟਨਾ ਦੇ ਸਬੰਧ ਵਿਚ ਸੰਜੇ ਟੰਡਨ ਦਾ ਕਹਿਣਾ ਹੈ ਕਿ ''ਅਸੀਂ ਆਪਣੇ ਪੱਧਰ 'ਤੇ ਪਾਰਟੀ ਦੇ ਫੈਸਲੇ ਮੁਤਾਬਿਕ ਚੱਲਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਤੇ ਅਸੀਂ ਉਸ ਦੇ ਫੈਸਲੇ ਦੀ ਪਾਲਣਾ ਕਰਾਂਗੇ। ਇਸ ਸਬੰਧ ਵਿਚ ਮੈਂ ਕੁਝ ਨਹੀਂ ਕਹਿ ਸਕਦਾ ਕਿ ਆਜ਼ਾਦ ਪਾਰਟੀ ਮੈਂਬਰ ਆਪਣਾ ਨਾਂ ਵਾਪਿਸ ਲੈਣਗੇ ਜਾਂ ਨਹੀਂ?''
ਕੁਲ ਮਿਲਾ ਕੇ ਇਸ ਸਮੇਂ ਮੇਅਰ ਦੀ ਚੋਣ ਨੂੰ ਲੈ ਕੇ ਚੰਡੀਗੜ੍ਹ ਭਾਜਪਾ 'ਚ ਇਕ ਅਨੋਖੀ ਸਥਿਤੀ ਪੈਦਾ ਹੋ ਗਈ ਹੈ, ਜਿਸ ਦਾ ਲਾਭ ਕਾਂਗਰਸ ਵੀ ਉਠਾ ਸਕਦੀ ਹੈ। ਭਾਜਪਾ ਇਸ ਗੱਲ ਨੂੰ ਲੈ ਕੇ ਡਰੀ ਹੋਈ ਵੀ ਹੈ ਕਿਉਂਕਿ ਉਹ ਨਹੀਂ ਚਾਹੁੰਦੀ ਕਿ ਇਕ ਵਾਰ ਫਿਰ 2001 ਵਾਲਾ ਕਿੱਸਾ ਦੁਹਰਾਇਆ ਜਾਵੇ, ਜਦੋਂ ਕ੍ਰਾਸ ਵੋਟਿੰਗ ਕਾਰਨ ਕਾਂਗਰਸ ਮੇਅਰ ਦੀ ਚੋਣ ਜਿੱਤ ਗਈ ਸੀ। 
ਭਾਜਪਾ ਮੈਂਬਰਾਂ ਦਰਮਿਆਨ ਅੰਦਰੂਨੀ ਕਲੇਸ਼ ਕਾਰਨ ਕਾਂਗਰਸ ਇਹ ਉਮੀਦ ਲਾਈ ਬੈਠੀ ਹੈ ਕਿ ਕ੍ਰਾਸ ਵੋਟਿੰਗ ਕਰ ਕੇ ਸਿਰਫ 4 ਭਾਜਪਾ ਮੈਂਬਰ ਉਸ ਨੂੰ ਚੋਟੀ ਦਾ ਅਹੁਦਾ ਜਿਤਾ ਸਕਦੇ ਹਨ ਅਤੇ ਹੁਣ ਚੰਡੀਗੜ੍ਹ ਦੇ ਮੇਅਰ ਦੇ ਅਹੁਦੇ ਦੀ ਚੋਣ 'ਭਾਜਪਾ ਬਨਾਮ ਭਾਜਪਾ' ਦੀ ਲੜਾਈ ਦਾ ਰੂਪ ਧਾਰਨ ਕਰ ਚੁੱਕੀ ਹੈ।                 
—ਵਿਜੇ ਕੁਮਾਰ

Vijay Kumar Chopra

This news is Chief Editor Vijay Kumar Chopra