ਹੁਣ ਜਹਾਜ਼ਾਂ ’ਚ ਵੀ ‘ਔਰਤਾਂ ਸੁਰੱਖਿਅਤ ਨਹੀਂ ਰਹੀਅਾਂ’

10/27/2018 6:17:20 AM

ਹੁਣ ਤਕ ਹਵਾਈ ਯਾਤਰਾ ਨੂੰ ਸੁਰੱਖਿਅਤ ਮੰਨਿਆ ਜਾਂਦਾ ਸੀ, ਜਿਥੇ ਔਰਤਾਂ ਨੂੰ ਕਿਸੇ ਤਰ੍ਹਾਂ ਦਾ ਖਤਰਾ ਨਹੀਂ ਹੁੰਦਾ ਪਰ ਹੁਣ ਹਾਲਾਤ ਬਦਲ ਰਹੇ ਹਨ ਤੇ ਜਹਾਜ਼ਾਂ ’ਚ ਵੀ ਔਰਤਾਂ ਨਾਲ ਕਿਤੇ-ਕਿਤੇ ਬਦਤਮੀਜ਼ੀ ਕੀਤੀ ਜਾਣ ਲੱਗੀ ਹੈ। 
* 27 ਫਰਵਰੀ 2017 ਨੂੰ ਜੈੱਟ ਏਅਰਵੇਜ਼ ਦੀ ਮੁੰਬਈ ਤੋਂ ਨਾਗਪੁਰ ਜਾ ਰਹੀ ਫਲਾਈਟ ’ਚ ਜਦੋਂ ਏਅਰ ਹੋਸਟੈੱਸ ਇਕ ਮੁਸਾਫਿਰ ਨੂੰ ਨਾਸ਼ਤਾ ਦੇਣ ਪਹੁੰਚੀ ਤਾਂ ਸ਼ਰਾਬ ਦੇ ਨਸ਼ੇ ’ਚ ਟੱਲੀ ਅਤੇ ਪੇਸ਼ੇ ਤੋਂ ਹਾਰਡਵੇਅਰ ਇੰਜੀਨੀਅਰ ਉਕਤ ਮੁਸਾਫਿਰ ਨੇ ਏਅਰ ਹੋਸਟੈੱਸ ਨਾਲ ਛੇੜਖਾਨੀ ਕੀਤੀ ਤੇ ਉਸ ਦਾ ਹੱਥ ਫੜ ਲਿਆ। ਏਅਰ ਹੋਸਟੈੱਸ ਵਲੋਂ ਅਧਿਕਾਰੀਅਾਂ ਨੂੰ ਸ਼ਿਕਾਇਤ ਕਰਨ ’ਤੇ ਮੁਸਾਫਿਰ ਨੂੰ ਸੀ. ਆਈ. ਐੱਸ. ਐੱਫ. ਦੇ ਹਵਾਲੇ ਕਰ ਦਿੱਤਾ ਗਿਆ। 
* 09 ਦਸੰਬਰ 2017 ਨੂੰ ਆਮਿਰ ਖਾਨ ਦੀ ਸੁਪਰਹਿੱਟ ਫਿਲਮ ‘ਦੰਗਲ’ ਦੀ ਅਭਿਨੇਤਰੀ ਜ਼ਾਇਰਾ ਵਸੀਮ ਨਾਲ ‘ਏਅਰ ਵਿਸਤਾਰਾ’ ਦੇ ਜਹਾਜ਼ ’ਚ ਅਜਿਹੀ ਹੀ ਘਟਨਾ ਵਾਪਰੀ, ਜਦੋਂ ਉਹ ਦਿੱਲੀ ਤੋਂ ਮੁੰਬਈ ਜਾ ਰਹੀ ਸੀ। 
ਅਭਿਨੇਤਰੀ ਮੁਤਾਬਿਕ, ‘‘ਪਿੱਛੇ ਬੈਠੇ ਵਿਅਕਤੀ ਨੇ ਆਪਣੇ ਪੈਰ ਮੇਰੇ ਲੱਕ ’ਤੇ ਰਗੜੇ। ਉਹ ਮੇਰੇ ਮੋਢਿਅਾਂ ’ਤੇ ਕੂਹਣੀ ਮਾਰ ਰਿਹਾ ਸੀ ਅਤੇ ਲਗਾਤਾਰ ਆਪਣੇ ਪੈਰ ਮੇਰੇ ਲੱਕ ਅਤੇ ਧੌਣ ’ਤੇ ਰਗੜ ਰਿਹਾ ਸੀ।’’ ਇਸ ਘਟਨਾ ਨੂੰ ਲੈ ਕੇ ਜਿਥੇ ਹਵਾਈ ਸੇਵਾ ਨੇ ਜ਼ਾਇਰਾ ਤੋਂ ਮੁਆਫੀ ਮੰਗੀ, ਉਥੇ ਹੀ ਪੁਲਸ ਨੇ ਜ਼ਾਇਰਾ ਨਾਲ ਛੇੜਖਾਨੀ ਕਰਨ ਵਾਲੇ ਮੁਸਾਫਿਰ ਨੂੰ ਗ੍ਰਿਫਤਾਰ ਕਰ ਲਿਆ।
* ਸੰਨ 2018 ਵੀ ਅਜਿਹੀਅਾਂ ਘਟਨਾਵਾਂ ਤੋਂ ਮੁਕਤ ਨਹੀਂ ਰਿਹਾ ਅਤੇ 6 ਜਨਵਰੀ 2018 ਨੂੰ ਅਮਰੀਕਾ ’ਚ ਆਪਣੀ ਪਤਨੀ ਨਾਲ ਜਹਾਜ਼ ਰਾਹੀਂ ਲਾਸ ਵੇਗਾਸ ਤੋਂ ਡੈਟ੍ਰਾਇਟ ਜਾ ਰਹੇ ‘ਪ੍ਰਭੂ ਰਾਮਮੂਰਤੀ’ ਨਾਮੀ ਇਕ 34 ਸਾਲਾ ਭਾਰਤੀ ਮੁਸਾਫਿਰ ਨੂੰ ਉਡਾਣ ਦੌਰਾਨ ਆਪਣੀ ਨਾਲ ਵਾਲੀ ਸੀਟ ’ਤੇ ਸੁੱਤੀ ਪਈ ਮਹਿਲਾ ਸਹਿ-ਯਾਤਰੀ ਨਾਲ ਜਿਨਸੀ ਦੁਰਵਿਵਹਾਰ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ।
ਪੀੜਤਾ ਨੇ ਰੋਂਦਿਅਾਂ ਫਲਾਈਟ ਅਟੈਂਡੈਂਟਾਂ ਨੂੰ ਦੱਸਿਆ ਕਿ ਉਹ ਨੀਂਦ ’ਚ ਸੀ ਅਤੇ ਜਦੋਂ ਉਸ ਦੀ ਜਾਗ ਖੁੱਲ੍ਹੀ ਤਾਂ ਉਸ ਨੇ ਦੇਖਿਆ ਕਿ ਉਸ ਦੀ ਪੈਂਟ ਅਤੇ ਸ਼ਰਟ ਦੇ ਬਟਨ ਖੁੱਲ੍ਹੇ ਹੋਏ ਸਨ ਅਤੇ ਦੋਸ਼ੀ ਦਾ ਹੱਥ ਉਸ ਦੀ ਪੈਂਟ ਦੇ ਅੰਦਰ ਸੀ। ‘ਪ੍ਰਭੂ ਰਾਮਮੂਰਤੀ’ ਨੂੰ ਮਿਸ਼ੀਗਨ ਦੀ ਫੈਡਰਲ ਕੋਰਟ ’ਚ ਪੇਸ਼ ਕੀਤਾ ਗਿਆ। ਜਾਂਚ ਦੌਰਾਨ ਉਹ ਦੋਸ਼ੀ ਸਿੱਧ ਹੋਇਆ ਅਤੇ 12 ਦਸੰਬਰ ਨੂੰ ਉਸ ਨੂੰ ਸਜ਼ਾ ਸੁਣਾਈ ਜਾਵੇਗੀ। 
* 28 ਮਾਰਚ ਨੂੰ ਲਖਨਊ ਤੋਂ ਦਿੱਲੀ ਆਉਣ ਵਾਲੀ ‘ਵਿਸਤਾਰਾ ਏਅਰਲਾਈਨਜ਼’ ਦੀ ਉਡਾਣ ’ਚ ਇਕ ਔਰਤ ਨਾਲ ਛੇੜਖਾਨੀ ਕਰਨ ਦੇ ਦੋਸ਼ ਹੇਠ ਇਕ ਮੁਸਾਫਿਰ ਨੂੰ ਗ੍ਰਿਫਤਾਰ ਕੀਤਾ ਗਿਆ। ਜਹਾਜ਼ ਜਦੋਂ ਦਿੱਲੀ ਪਹੁੰਚਿਆ ਅਤੇ ਮੁਸਾਫਿਰ ਹੇਠਾਂ ਉਤਰਨ ਲੱਗੇ ਤਾਂ ਸਭ ਤੋਂ ਅਖੀਰ ’ਚ ਉਤਰਨ ਵਾਲੇ ਰਾਜੀਵ ਕੁਮਾਰ ਦਾਨੀ ਨਾਮੀ ਮੁਸਾਫਿਰ ਨੇ ਜਹਾਜ਼ ’ਚੋਂ ਉਤਰ ਰਹੀ ਮੇਘਾਲਿਆ ਦੀ ਰਹਿਣ ਵਾਲੀ ਇਕ ਔਰਤ ਨੂੰ ਕਈ ਵਾਰ ਗਲਤ ਢੰਗ ਨਾਲ ਛੂਹਣ ਦੀ ਕੋਸ਼ਿਸ਼ ਕੀਤੀ।
* 16 ਅਕਤੂਬਰ ਨੂੰ ਮੁੰਬਈ ਤੋਂ ਬੈਂਗਲੁਰੂ ਜਾ ਰਹੇ ਇੰਡੀਗੋ ਦੇ ਜਹਾਜ਼ ’ਚ ਇਕ ਏਅਰ ਹੋਸਟੈੱਸ ਨਾਲ ਕਥਿਤ ਤੌਰ ’ਤੇ ਛੇੜਖਾਨੀ ਦੇ ਮਾਮਲੇ ’ਚ ਇਕ ਮੁਸਾਫਿਰ ਨੂੰ ਗ੍ਰਿਫਤਾਰ ਕੀਤਾ ਗਿਆ। 
ਏਅਰ ਹੋਸਟੈੱਸ ਦੀ ਸ਼ਿਕਾਇਤ ਅਨੁਸਾਰ ਮੁੁੰਬਈ ਹਵਾਈ ਅੱਡੇ ਤੋਂ ਜਹਾਜ਼ ਦੇ ਰਵਾਨਾ ਹੋਣ ਤੋਂ ਪਹਿਲਾਂ ਮੁਸਾਫਿਰ ਨੇ ਉਸ ਨਾਲ ਛੇੜਖਾਨੀ ਕੀਤੀ ਅਤੇ ਉਦੋਂ ਉਸ ਦੀ ਪਿੱਠ ਦਬਾਈ, ਜਦੋਂ ਉਹ ਉਸ ਦੇ ਨੇੜਿਓਂ ਲੰਘ ਰਹੀ ਸੀ। ਜਦੋਂ ਏਅਰ ਹੋਸਟੈੱਸ ਨੇ ਉਸ ਨੂੰ ਡਾਂਟਿਆ ਤਾਂ ਮੁਸਾਫਿਰ ਨੇ ਉਸ ਨੂੰ ਗਾਲ੍ਹਾਂ ਕੱਢੀਅਾਂ।
* 23 ਅਕਤੂਬਰ ਨੂੰ ਸਹਾਰ ਪੁਲਸ ਨੇ ਬੈਂਕਾਕ ਤੋਂ ਮੁੰਬਈ ਆ ਰਹੇ ਥਾਈ ਏਅਰਵੇਜ਼ ਦੇ ਜਹਾਜ਼ ਰਾਹੀਂ ਮੁੰਬਈ ਆ ਰਹੀ ਇਕ 29 ਸਾਲਾ ਮਹਿਲਾ ਵਕੀਲ ਨਾਲ ਛੇੜਖਾਨੀ ਕਰਨ ਦੇ ਦੋਸ਼ ਹੇਠ ਚੰਦਰਹਾਸ ਤ੍ਰਿਪਾਠੀ ਨਾਮੀ ਇਕ ਸੀਨੀਅਰ ਸੇਲਜ਼ ਐਗਜ਼ੀਕਿਊਟਿਵ ਨੂੰ ਗ੍ਰਿਫਤਾਰ ਕੀਤਾ।
ਪੀੜਤਾ ਦਾ ਦੋਸ਼ ਹੈ ਕਿ ਬੈਂਕਾਕ ਦੇ ‘ਡਾਨ ਮੁਏਅਾਂਗ’ ਕੌਮਾਂਤਰੀ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਬਾਅਦ ਜਦੋਂ ਜਹਾਜ਼ ਦੀਅਾਂ ਬੱਤੀਅਾਂ ਬੁਝਾ ਦਿੱਤੀਅਾਂ ਗਈਅਾਂ ਤਾਂ ਚੰਦਰਹਾਸ ਤ੍ਰਿਪਾਠੀ ਨੇ ਉਸ ਨੂੰ ਗਲਤ ਢੰਗ ਨਾਲ ਛੂਹਿਆ। 
ਤ੍ਰਿਪਾਠੀ ਨੇ ਇਹ ਯਕੀਨੀ ਬਣਾਉਣ ਲਈ ਕਿ ਉਹ ਸੌਂ ਰਹੀ ਹੈ, ਪਹਿਲਾਂ ਪੀੜਤਾ ਦੀਅਾਂ ਉਂਗਲਾਂ ਛੂਹੀਅਾਂ ਅਤੇ ਫਿਰ ਉਸ ਨੂੰ ਗਲਤ ਢੰਗ ਨਾਲ ਛੂਹਿਆ ਤੇ ਖ਼ੁਦ ਨੀਂਦ ’ਚ ਹੋਣ ਦਾ ਨਾਟਕ ਕਰਦਿਅਾਂ ਉਸ ਦੇ ਪੱਟਾਂ ਨੂੰ ਦਬਾਇਆ।
ਧਰਤੀ ’ਤੇ ਗਲੀਅਾਂ-ਮੁਹੱਲਿਅਾਂ ’ਚ ਹੋਣ ਵਾਲੇ ਜਿਨਸੀ ਅਪਰਾਧਾਂ ਵਾਂਗ ਹੀ ਜਹਾਜ਼ਾਂ ’ਚ ਵੀ ਔਰਤਾਂ ਨਾਲ ਛੇੜਖਾਨੀ ਤੇ ਜਿਨਸੀ ਅਪਰਾਧਾਂ ਦਾ ਸ਼ੁਰੂ  ਹੋਣਾ ਇਕ ਖਤਰਨਾਕ ਰੁਝਾਨ ਦਾ ਸੰਕੇਤ ਹੈ, ਜਿਸ ਨੂੰ ਹੋਰ ਵਧਣ ਤੋਂ ਰੋਕਣ ਲਈ ਦੋਸ਼ੀਅਾਂ ਨੂੰ ਬਿਨਾਂ ਦੇਰੀ ਸਖਤ ਅਤੇ ਸਿੱਖਿਆਦਾਇਕ ਸਜ਼ਾ ਦੇ ਕੇ ਦੂਜਿਅਾਂ ਲਈ ਮਿਸਾਲ ਪੇਸ਼ ਕਰਨ ਦੀ ਲੋੜ ਹੈ।                                                     –ਵਿਜੇ ਕੁਮਾਰ