ਨਵੇਂ ਟਰੈਫਿਕ ਨਿਯਮਾਂ ਕਾਰਨ ਭਾਰੀ ਜੁਰਮਾਨੇ ਬਣੇ ਮੁਸੀਬਤ

09/10/2019 2:02:44 AM

ਟਰੈਫਿਕ ਨਿਯਮਾਂ ਦੀ ਉਲੰਘਣਾ ਕਾਰਨ ਹੋਣ ਵਾਲੇ ਸੜਕ ਹਾਦਸੇ ਰੋਕਣ ਲਈ 1 ਸਤੰਬਰ ਨੂੰ ਕੇਂਦਰ ਸਰਕਾਰ ਵਲੋਂ ਜਾਰੀ ਨਵਾਂ ‘ਮੋਟਰ ਵ੍ਹੀਕਲ ਕਾਨੂੰਨ-2019’ ਦੇਸ਼ ਦੇ ਜ਼ਿਆਦਾਤਰ ਸੂਬਿਆਂ ’ਚ ਲਾਗੂ ਕਰ ਦਿੱਤਾ ਗਿਆ, ਜਿਸ ’ਚ ਟਰੈਫਿਕ ਨਿਯਮਾਂ ਦੀ ਉਲੰਘਣਾ ’ਤੇ ਜੁਰਮਾਨੇ ਦੀ ਰਕਮ ਜ਼ਿਆਦਾ ਰੱਖੀ ਗਈ।

ਇਸ ਨੂੰ ਲਾਗੂ ਕਰਨ ਤੋਂ ਬਾਅਦ 5 ਦਿਨਾਂ ਵਿਚ ਹੀ ਸਿਰਫ 2 ਸੂਬਿਆਂ ਹਰਿਆਣਾ ਅਤੇ ਓਡਿਸ਼ਾ ’ਚ 1.4 ਕਰੋੜ ਰੁਪਏ ਅਤੇ ਬੈਂਗਲੁਰੂ ’ਚ 72 ਲੱਖ ਰੁਪਏ ਦੇ ਚਲਾਨ ਕੱਟੇ ਗਏ, ਜਦਕਿ ਬਾਕੀ ਸੂਬਿਆਂ ’ਚ ਵਸੂਲੀ ਜਾਣ ਵਾਲੀ ਰਕਮ ਇਸ ਤੋਂ ਇਲਾਵਾ ਹੈ।

ਟਰੈਫਿਕ ਨਿਯਮਾਂ ਦੀ ਉਲੰਘਣਾ ਅਤੇ ਦਸਤਾਵੇਜ਼ ਆਦਿ ਪੇਸ਼ ਕਰਨ ’ਚ ਨਾਕਾਮ ਰਹਿਣ ਵਾਲਿਆਂ ਨੂੰ ਕਿਸ ਤਰ੍ਹਾਂ ਜੁਰਮਾਨੇ ਕੀਤੇ ਜਾ ਰਹੇ ਹਨ, ਇਹ ਹੇਠ ਲਿਖੇ ਤੋਂ ਸਪੱਸ਼ਟ ਹੈ :

* 04 ਸਤੰਬਰ ਨੂੰ ਭੁਵਨੇਸ਼ਵਰ ’ਚ ਪੁਲਸ ਨੇ ਇਕ ਆਟੋ ਚਾਲਕ ਨੂੰ ਸ਼ਰਾਬ ਪੀ ਕੇ ਆਟੋ ਚਲਾਉਣ ’ਤੇ 47,500 ਰੁਪਏ ਜੁਰਮਾਨਾ ਕੀਤਾ।

* 04 ਸਤੰਬਰ ਨੂੰ ਹੀ ਦਿੱਲੀ ’ਚ ਇਕ ਮੋਟਰਸਾਈਕਲ ਸਵਾਰ ਨੂੰ ਹੈਲਮੇਟ ਨਾ ਪਹਿਨਣ ’ਤੇ 23,000 ਰੁਪਏ ਜੁਰਮਾਨਾ ਠੋਕਿਆ।

* 04 ਸਤੰਬਰ ਨੂੰ ਹੀ ਗੁਰੂਗ੍ਰਾਮ ’ਚ 3 ਆਟੋ ਚਾਲਕਾਂ ਦੇ ਕ੍ਰਮਵਾਰ 94,000 ਰੁਪਏ, 37,000 ਰੁਪਏ ਅਤੇ 27,000 ਰੁਪਏ ਦੇ ਚਲਾਨ ਕੱਟੇ ਗਏ।

* 04 ਸਤੰਬਰ ਨੂੰ ਹੀ ਗੁਰੂਗ੍ਰਾਮ ’ਚ ਇਕ ਆਟੋ ਚਾਲਕ ’ਤੇ 32,000 ਰੁਪਏ ਅਤੇ ਇਕ ਟਰੈਕਟਰ ਚਾਲਕ ’ਤੇ 59,000 ਰੁਪਏ ਜੁਰਮਾਨਾ ਲਾਇਆ ਗਿਆ।

* 05 ਸਤੰਬਰ ਨੂੰ ਰੇਵਾੜੀ ਦੇ ਕੋਸਲੀ ’ਚ 8 ਕਿਲੋਮੀਟਰ ਤਕ ਪਿੱਛਾ ਕਰਨ ਤੋਂ ਬਾਅਦ ਫੜੇ ਗਏ ਇਕ ਬਾਈਕ ਸਵਾਰ ਨੂੰ 27,000 ਰੁਪਏ ਜੁਰਮਾਨਾ ਕੀਤਾ ਗਿਆ।

* 05 ਸਤੰਬਰ ਨੂੰ ਹੀ ਬੱਲਭਗੜ੍ਹ ’ਚ ਪੁਲਸ ਦੇ ਰੋਕਣ ਦੇ ਇਸ਼ਾਰੇ ਤੋਂ ਬਾਅਦ ਵੀ ਮੋਟਰਸਾਈਕਲ ਨਾ ਰੋਕਣ, ਵਿਸ਼ੇਸ਼ ਢੰਗ ਨਾਲ ਮੋਟਰਸਾਈਕਲ ਨੂੰ ਇਕੱਠਿਆਂ ਬੰਦ ਅਤੇ ਚਾਲੂ ਕਰ ਕੇ ਪਟਾਕਿਆਂ ਵਰਗੀ ਉੱਚੀ ਆਵਾਜ਼ ਕੱਢਣ ਅਤੇ ਹੋਰ ਬੇਨਿਯਮੀਆਂ ਕਾਰਨ 2 ਬਾਈਕ ਸਵਾਰਾਂ ਦਾ 81,000 ਰੁਪਏ ਦਾ ਚਲਾਨ ਕੱਟਿਆ ਗਿਆ।

* 05 ਸਤੰਬਰ ਨੂੰ ਹੀ ਸਿਰਸਾ ’ਚ ਪਟਿਆਲਾ ਦੇ ਇਕ ਮੋਟਰਸਾਈਕਲ ਸਵਾਰ ਨੌਜਵਾਨ ਦਾ 23,500 ਰੁਪਏ ਦਾ ਚਲਾਨ ਕੱਟਿਆ ਗਿਆ।

* 05 ਸਤੰਬਰ ਨੂੰ ਹੀ ਅਲੀਗੜ੍ਹ ’ਚ ਇਕ ਟਰੈਫਿਕ ਪੁਲਸ ਮੁਲਾਜ਼ਮ ਨੇ ਇਕ ਕਾਰ ਚਾਲਕ ਦਾ ਹੀ ਹੈਲਮੇਟ ਨਾ ਪਹਿਨਣ ’ਤੇ ਚਲਾਨ ਕੱਟ ਦਿੱਤਾ।

* 06 ਸਤੰਬਰ ਨੂੰ ਨਵੀਂ ਦਿੱਲੀ ’ਚ ਨਸ਼ੇ ਵਿਚ ਮੋਟਰਸਾਈਕਲ ਚਲਾਉਣ ’ਤੇ ਫੜੇ ਗਏ ਇਕ ਨੌਜਵਾਨ ਦਾ ਜਦੋਂ 16,000 ਰੁਪਏ ਦਾ ਚਲਾਨ ਕੱਟਿਆ ਗਿਆ ਤਾਂ ਉਸ ਨੇ ਗੁੱਸੇ ’ਚ ਆ ਕੇ ਆਪਣੇ ਮੋਟਰਸਾਈਕਲ ਨੂੰ ਹੀ ਅੱਗ ਲਾ ਦਿੱਤੀ।

* 08 ਸਤੰਬਰ ਨੂੰ ਭੁਵਨੇਸ਼ਵਰ ’ਚ ਵਿਧਾਇਕ ਅਨੰਤ ਨਾਰਾਇਣ ਆਪਣੀ ਕਾਰ ਗਲਤ ਜਗ੍ਹਾ ’ਤੇ ਖੜ੍ਹੀ ਕਰ ਕੇ ਲੋਕਾਂ ਨੂੰ ਨਵੇਂ ਟਰੈਫਿਕ ਨਿਯਮਾਂ ਬਾਰੇ ਜਾਗਰੂਕ ਕਰਨ ਲਈ ਉਨ੍ਹਾਂ ਨੂੰ ਪੈਂਫਲੇਟ ਅਤੇ ਚਾਕਲੇਟ ਵੰਡ ਰਹੇ ਸਨ, ਜਿਸ ’ਤੇ ਉਨ੍ਹਾਂ ਨੂੰ 500 ਰੁਪਏ ਜੁਰਮਾਨਾ ਕਰ ਦਿੱਤਾ ਗਿਆ।

* 08 ਸਤੰਬਰ ਨੂੰ ਹੀ ਓਡਿਸ਼ਾ ਦੇ ਸੰਬਲਪੁਰ ’ਚ ਇਕ ਟਰੱਕ ਡਰਾਈਵਰ ਨੂੰ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ’ਤੇ 86,500 ਰੁਪਏ ਜੁਰਮਾਨਾ ਕੀਤਾ ਗਿਆ।

ਨਵੇਂ ਟਰੈਫਿਕ ਨਿਯਮਾਂ ਨੂੰ ਲਾਗੂ ਕਰਨ ਦੇ ਜਨੂੰਨ ’ਚ ਵਾਹਨ ਚਾਲਕਾਂ ਨੂੰ ਕੀਤੇ ਜਾਣ ਵਾਲੇ ਜੁਰਮਾਨਿਆਂ ਦਾ ਸੋਸ਼ਲ ਮੀਡੀਆ ’ਚ ਖੂਬ ਮਜ਼ਾਕ ਉਡਾਇਆ ਜਾ ਰਿਹਾ ਹੈ। ਕਈ ਲੋਕਾਂ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ’ਤੇ ਪਾਈਆਂ ਹਨ, ਜਿਨ੍ਹਾਂ ਵਿਚ ਉਹ ਬਿਨਾਂ ਹੈਲਮੇਟ ਪਹਿਨੀ ਸਕੂਟਰ ਚਲਾਉਂਦੇ ਦਿਖਾਈ ਦੇ ਰਹੇ ਹਨ।

ਨਵੇਂ ਟਰੈਫਿਕ ਨਿਯਮਾਂ ਅਨੁਸਾਰ ਲਾਏ ਗਏ ਜੁਰਮਾਨੇ ਨੂੰ ਦੇਖਦਿਆਂ ਹੀ ਅਸੀਂ ਆਪਣੇ 3 ਸਤੰਬਰ ਦੇ ਸੰਪਾਦਕੀ ‘ਸੜਕ ਹਾਦਸੇ ਰੋਕਣ ਲਈ ਭਾਰੀ ਜੁਰਮਾਨੇ ਦੀ ਵਿਵਸਥਾ’ ਵਿਚ ਲਿਖਿਆ ਸੀ ਕਿ :

‘‘ਬੇਸ਼ੱਕ ਅੱਜ ਲੋਕ ਕਾਰਾਂ, ਸਕੂਟਰ, ਮੋਟਰਸਾਈਕਲ ਆਦਿ ਖਰੀਦ ਰਹੇ ਹਨ ਪਰ ਜ਼ਿਆਦਾਤਰ ਲੋਕ ਇਨ੍ਹਾਂ ਨੂੰ ਇਕਮੁਸ਼ਤ ਰਕਮ ਦੇ ਕੇ ਨਹੀਂ ਖਰੀਦਦੇ, ਸਗੋਂ ਸ਼ੁਰੂ ਵਿਚ ਥੋੜ੍ਹੀ ਜਿਹੀ ਰਕਮ ਦੇ ਕੇ ਬਾਕੀ ਰਕਮ ਦਾ ਲੋਨ ਲੈ ਕੇ ਕਿਸ਼ਤਾਂ ’ਤੇ ਖਰੀਦਦੇ ਹਨ ਅਤੇ ਉਨ੍ਹਾਂ ’ਤੇ ਹਰ ਮਹੀਨੇ ਕਿਸ਼ਤਾਂ ਦੀ ਅਦਾਇਗੀ ਦਾ ਬੋਝ ਹੁੰਦਾ ਹੈ।’’

ਇਸੇ ਲਈ ਲੋੜ ਇਸ ਗੱਲ ਦੀ ਹੈ ਕਿ ਨਵੇਂ ਟਰੈਫਿਕ ਨਿਯਮਾਂ ’ਚ ਊਣਤਾਈਆਂ ਦੂਰ ਕਰ ਕੇ ਇਨ੍ਹਾਂ ਨੂੰ ਕੁਝ ਘੱਟ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਅਜਿਹੀ ਸਥਿਤੀ ਦਾ ਸਾਹਮਣਾ ਨਾ ਕਰਨਾ ਪਵੇ, ਜਿਸ ਦਾ ਜ਼ਿਕਰ ਉਪਰ ਕੀਤਾ ਗਿਆ ਹੈ ਤੇ ਉਨ੍ਹਾਂ ਨੂੰ ਕੁਝ ਰਾਹਤ ਦਿੱਤੀ ਜਾਵੇ ਤਾਂ ਕਿ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਫੜੇ ਜਾਣ ’ਤੇ ਜੁਰਮਾਨੇ ਤੋਂ ਬਚਣ ਲਈ ਉਹ ‘ਭੱਜਣ’ ਦੀ ਕੋਸ਼ਿਸ਼ ਨਾ ਕਰਨ।

ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਕਿਸੇ ਨੂੰ ਪਹਿਲੀ ਵਾਰ ਅਪਰਾਧ ਕਰਦਾ ਫੜੇ ਜਾਣ ’ਤੇ ਜੁਰਮਾਨੇ ਦੀ ਰਕਮ ਘੱਟ ਰੱਖੀ ਜਾਵੇ ਅਤੇ ਦੁਬਾਰਾ ਫੜੇ ਜਾਣ ’ਤੇ ਜੁਰਮਾਨਾ ਹਰ ਵਾਰ ਪਹਿਲਾਂ ਨਾਲੋਂ ਜ਼ਿਆਦਾ ਵਧਾ ਦਿੱਤਾ ਜਾਵੇ।

Bharat Thapa

This news is Content Editor Bharat Thapa