ਦੇਸ਼ ਦੇ ਦੋ ਭਾਜਪਾ ਨੇਤਾਵਾਂ ਵਲੋਂ ਬੇਹੂਦਾ ਅਤੇ ਸ਼ਰਮਨਾਕ ਬਿਆਨ

01/04/2018 7:50:47 AM

ਸਿਆਸਤਦਾਨਾਂ ਤੋਂ ਆਸ ਕੀਤੀ ਜਾਂਦੀ ਹੈ ਕਿ ਉਹ ਕੋਈ ਵੀ ਕਾਨੂੰਨ ਵਿਰੋਧੀ ਕੰਮ ਨਹੀਂ ਕਰਨਗੇ ਅਤੇ ਆਮ  ਲੋਕਾਂ ਦੀਆਂ ਮੁਸ਼ਕਿਲਾਂ ਸੁਲਝਾਉਣ 'ਚ ਮਦਦ ਕਰਨਗੇ ਪਰ ਅੱਜ ਇਹੀ ਲੋਕ ਆਪਣੇ ਜ਼ਹਿਰੀਲੇ ਬਿਆਨਾਂ ਅਤੇ ਭੈੜੇ ਕੰਮਾਂ ਨਾਲ ਦੇਸ਼ ਦਾ ਵਾਤਾਵਰਣ ਵਿਗਾੜ ਰਹੇ ਹਨ। ਇਸ ਸਮੇਂ ਜਦਕਿ ਦੇਸ਼ ਦੇ ਵੀਰ ਜਵਾਨ ਜਾਨ ਤਲੀ 'ਤੇ ਧਰ ਕੇ ਸਰਹੱਦਾਂ ਦੀ ਰਖਵਾਲੀ ਕਰ ਰਹੇ ਹਨ, ਉੱਤਰ ਪ੍ਰਦੇਸ਼ ਦੇ ਰਾਮਪੁਰ ਤੋਂ ਭਾਜਪਾ ਸੰਸਦ ਮੈਂਬਰ ਨੇਪਾਲ ਸਿੰਘ ਨੇ ਫੌਜ ਦੇ ਜਵਾਨਾਂ ਨੂੰ ਲੈ ਕੇ ਇਕ ਬੇਹੂਦਾ ਬਿਆਨ ਦਿੱਤਾ ਹੈ।  ਦੇਸ਼ ਦੀ ਸੁਰੱਖਿਆ 'ਚ ਤਾਇਨਾਤ ਫੌਜ ਦੇ ਜਵਾਨਾਂ ਦੀਆਂ ਸ਼ਹਾਦਤਾਂ ਨੂੰ ਲੈ ਕੇ ਕੀਤੇ ਗਏ ਸਵਾਲ ਦੇ ਜਵਾਬ 'ਚ ਨੇਪਾਲ ਸਿੰਘ ਨੇ ਕਿਹਾ, ''ਫੌਜ ਦੇ ਜਵਾਨ ਹਨ ਤਾਂ ਮਰਨਗੇ ਹੀ...ਫੌਜ 'ਚ ਹਨ ਤਾਂ ਮਰਨਗੇ ਹੀ, ਸਾਨੂੰ ਕੋਈ ਅਜਿਹਾ ਡਿਵਾਈਸ ਦੱਸੋ, ਜਿਸ ਨਾਲ ਇਹ ਨਾ ਮਰਨ।''
ਇਸੇ ਤਰ੍ਹਾਂ ਉੱਤਰ ਪ੍ਰਦੇਸ਼ ਦੇ ਹੀ ਖਤੌਲੀ ਤੋਂ ਭਾਜਪਾ ਦੇ ਵਿਧਾਇਕ ਵਿਕਰਮ ਸੈਣੀ ਨੇ ਮੁਜ਼ੱਫਰਨਗਰ 'ਚ ਇਕ ਸਮਾਰੋਹ 'ਚ ਕਿਹਾ, ''ਇਸ ਦੇਸ਼ ਦਾ ਨਾਂ ਹਿੰਦੋਸਤਾਨ ਹੈ ਭਾਵ ਹਿੰਦੂਆਂ ਦਾ ਦੇਸ਼, ਸਾਡੇ ਕੁਝ ਨਾਲਾਇਕ ਨੇਤਾਵਾਂ ਨੇ ਇਨ੍ਹਾਂ ਦਾੜ੍ਹੀ ਵਾਲਿਆਂ ਨੂੰ ਰੋਕ ਲਿਆ, ਜਿਸ ਕਾਰਨ ਅੱਜ ਅਸੀਂ ਮੁਸੀਬਤ 'ਚ ਹਾਂ। ਇਹ ਜੇਕਰ ਚਲੇ ਗਏ ਹੁੰਦੇ ਤਾਂ ਜੋ ਇਹ ਇੰਨੀ ਧਨ-ਦੌਲਤ ਅਤੇ ਜ਼ਮੀਨ ਘੇਰੀ ਬੈਠੇ ਹਨ, ਉਹ ਵੀ ਹਿੰਦੂਆਂ ਦੀ ਹੁੰਦੀ।''
''ਹੁਣ  ਕੰਨਿਆ ਨੂੰ ਪੜ੍ਹਾਈ ਲਈ ਦਿੱਤਾ ਜਾਣ ਵਾਲਾ ਵਿੱਦਿਆ ਧਨ ਹੋਵੇ ਜਾਂ ਕੁਝ ਹੋਰ ਸਭ ਨੂੰ ਬਰਾਬਰ ਮਿਲਦਾ ਹੈ। ਪਹਿਲਾਂ ਜਿਸ ਦੀ ਜਿੰਨੀ ਲੰਬੀ ਦਾੜ੍ਹੀ ਦੇਖੀ, ਉਸ ਨੂੰ ਓਨਾ ਲੰਬਾ ਚੈੱਕ ਮਿਲਦਾ ਸੀ।'' ਉਕਤ ਦੋਵਾਂ ਹੀ ਬਿਆਨਾਂ ਲਈ ਨੇਪਾਲ ਸਿੰਘ ਅਤੇ ਵਿਕਰਮ ਸੈਣੀ ਦੀ ਭਾਰੀ ਆਲੋਚਨਾ ਹੋ ਰਹੀ ਹੈ। ਅੱਜ ਜਦਕਿ ਸਰਹੱਦਾਂ ਦੇ ਰਖਵਾਲੇ ਸਾਡੇ ਜਵਾਨ ਜਾਨ 'ਤੇ ਖੇਡ ਕੇ ਸਾਡੇ ਦੇਸ਼ ਦੀ ਰੱਖਿਆ ਲਈ ਆਪਣਾ ਬਲੀਦਾਨ ਦੇ ਰਹੇ ਹਨ, ਉਥੇ ਨੇਪਾਲ ਸਿੰਘ ਨੇ ਜਵਾਨਾਂ ਦੇ ਬਲੀਦਾਨ ਦਾ ਅਪਮਾਨ ਕੀਤਾ ਹੈ ਅਤੇ ਵਿਕਰਮ ਸੈਣੀ ਨੇ ਵੀ ਆਪਣੇ ਬਿਆਨ ਨਾਲ ਦੇਸ਼ ਦੀ ਫਿਰਕੂ ਸੁਹਿਰਦਤਾ ਵਿਗਾੜਨ ਦਾ ਹੀ ਕੰਮ ਕੀਤਾ ਹੈ। ਅੱਜ ਜਦਕਿ ਦੇਸ਼ ਦੇ ਅੰਦਰ ਸਰਹੱਦਾਂ 'ਤੇ ਭਾਰੀ ਖਤਰਾ ਮੰਡਰਾਅ ਰਿਹਾ ਹੈ, ਇਸ ਤਰ੍ਹਾਂ ਦੇ ਬਿਆਨ ਦੇਣ ਵਾਲੇ ਦੇਸ਼ ਦੀ ਕਿਹੜੀ ਸੇਵਾ ਕਰ ਰਹੇ ਹਨ ਅਤੇ ਉਹ ਆਪਣੇ ਬਿਆਨਾਂ ਨਾਲ ਦੇਸ਼ 'ਚ ਸਦਭਾਵਨਾ ਵਧਾ ਰਹੇ ਹਨ ਜਾਂ ਦੁਰਭਾਵਨਾ।
—ਵਿਜੇ ਕੁਮਾਰ