ਦਿੱਲੀ ਨਗਰ ਨਿਗਮ ਚੋਣਾਂ ਦੀਆਂ ''ਦਿਲਚਸਪ ਝਲਕੀਆਂ''

04/19/2017 1:05:28 AM

ਵਰ੍ਹੇ ਦੀ ਸ਼ੁਰੂਆਤ ''ਚ ਮਹਾਰਾਸ਼ਟਰ ਦੀਆਂ ਲੋਕਲ ਬਾਡੀਜ਼ ਚੋਣਾਂ ਤੋਂ ਬਾਅਦ 5 ਸੂਬਿਆਂ ਪੰਜਾਬ, ਯੂ. ਪੀ., ਉੱਤਰਾਖੰਡ, ਗੋਆ ਅਤੇ ਮਣੀਪੁਰ ''ਚ ਵਿਧਾਨ ਸਭਾਵਾਂ ਦੀਆਂ ਚੋਣਾਂ ਹੋਈਆਂ ਤੇ ਹੁਣ 23 ਅਪ੍ਰੈਲ ਨੂੰ ਦਿੱਲੀ ਮਹਾਨਗਰ ਨਿਗਮ ਦੇ 272 ਵਾਰਡਾਂ ਦੇ ਕੌਂਸਲਰਾਂ ਲਈ ਚੋਣਾਂ ਹੋ ਰਹੀਆਂ ਹਨ। ਇਨ੍ਹਾਂ ਚੋਣਾਂ ''ਚ 1,10,639 ਵੋਟਰ ਪਹਿਲੀ ਵਾਰ ਵੋਟਿੰਗ ਕਰਨਗੇ।
ਸਾਬਕਾ ਏਕੀਕ੍ਰਿਤ ਦਿੱਲੀ ਨਗਰ ਨਿਗਮ (ਐੱਮ. ਸੀ. ਡੀ.) ਨੂੰ 2012 ''ਚ 3 ਹਿੱਸਿਆਂ ''ਚ ਵੰਡ ਦਿੱਤਾ ਗਿਆ ਸੀ। ਐੱਨ. ਡੀ. ਐੱਮ. ਸੀ. ਅਤੇ ਐੱਸ. ਡੀ. ਐੱਮ. ਸੀ. ਦੋਹਾਂ ''ਚ 104-104 ਵਾਰਡ ਅਤੇ ਈ. ਡੀ. ਐੱਮ. ਸੀ.''ਚ 64 ਵਾਰਡ ਹਨ। ਹਰੇਕ ਵਾਰਡ ''ਚ ਘੱਟੋ-ਘੱਟ ਤਿੰਨ  ਅਤੇ ਵੱਧ ਤੋਂ ਵੱਧ 21 ਤੋਂ 23 ਤਕ ਉਮੀਦਵਾਰ ਚੋਣਾਂ ਲੜ ਰਹੇ ਹਨ।
* 18 ਰਜਿਸਟਰਡ ਪਾਰਟੀਆਂ ਦੇ ਉਮੀਦਵਾਰਾਂ ਤੋਂ ਇਲਾਵਾ ਇਨ੍ਹਾਂ ਚੋਣਾਂ ''ਚ 1174 ਆਜ਼ਾਦ ਉਮੀਦਵਾਰ ਮੈਦਾਨ ''ਚ ਹਨ। ਕਮਿਸ਼ਨ ਨੇ ਇਨ੍ਹਾਂ ਨੂੰ ਕਾਫੀ ਦਿਲਚਸਪ ਚੋਣ ਨਿਸ਼ਾਨ ਦਿੱਤੇ ਹਨ। ਇਨ੍ਹਾਂ ''ਚ ਬੱਲੇਬਾਜ਼, ਡਰਿੱਲ ਮਸ਼ੀਨ, ਏਅਰ ਕੰਡੀਸ਼ਨਰ, ਮੂੰਗਫਲੀ, ਡੋਲੀ, ਨਾਰੀਅਲ, ਨਾਰੀਅਲ ਦਾ ਖੇਤ, ਹਰੀ ਮਿਰਚ, ਗੋਭੀ, ਚੱਪਲ, ਗੇਂਦ, ਖਿੜਕੀ, ਕੈਂਚੀ, ਪਲੇਟ, ਪਲੇਟ ਸਟੈਂਡ, ਤੌਲੀਆ, ਲਾਲਟੇਨ ਆਦਿ ਸ਼ਾਮਲ ਹਨ।
* ਲੋਕਲ ਬਾਡੀਜ਼ ਚੋਣਾਂ ''ਚ ਪਹਿਲੀ ਵਾਰ ''ਨੋਟਾ'' (None of  the above) ਦੀ ਵਿਵਸਥਾ ਕੀਤੀ ਜਾਵੇਗੀ।
*  ਚੋਣਾਂ ''ਚ ਧਨਬਲ ਅਤੇ ਬਾਹੂਬਲ ਦੀ ਭਾਰੀ ਵਰਤੋਂ ਹੋ ਰਹੀ ਹੈ। ਪੁਲਸ ਨੇ ਸੰਗਮ ਵਿਹਾਰ ਇਲਾਕੇ ''ਚੋਂ ਸੁਪਾਰੀ ਲੈ ਕੇ ਕਥਿਤ ਕਤਲ ਕਰਨ ਵਾਲੇ ''ਇਕਬਾਲ ਭੱਲਾ ਗਿਰੋਹ'' ਦੇ ਸਰਗਣੇ ਅਤੇ ਹਿੱਟਮੈਨ ਰਾਜ ਕੁਮਾਰ ਉਰਫ ਆਰੀਅਨ ਨੂੰ ਫੜਿਆ, ਜੋ ਇਕ ਉਮੀਦਵਾਰ ਦੇ ਪੱਖ ''ਚ ਵੋਟਿੰਗ ਕਰਨ ਲਈ ਵੋਟਰਾਂ ਨੂੰ ਧਮਕਾ ਰਿਹਾ ਸੀ।
* ਅਰਵਿੰਦ ਕੇਜਰੀਵਾਲ ਦੀ ''ਆਪ'' ਨਾਲੋਂ ਅੱਡ ਹੋ ਕੇ ''ਸਵਰਾਜ ਇੰਡੀਆ ਪਾਰਟੀ'' ਬਣਾਉਣ ਵਾਲੇ ਯੋਗੇਂਦਰ ਯਾਦਵ ਨੂੰ ਚੋਣ ਕਮਿਸ਼ਨ ਨੇ ਸਾਂਝਾ ਚੋਣ ਨਿਸ਼ਾਨ ਦੇਣ ਤੋਂ ਇਨਕਾਰ ਕਰ ਦਿੱਤਾ ਪਰ ਉਸ ਨੇ ਪਾਰਟੀ ਉਮੀਦਵਾਰਾਂ ਨੂੰ ''ਸੀਟੀ'' ਚੋਣ ਨਿਸ਼ਾਨ ਵਜੋਂ ਇਸਤੇਮਾਲ ਕਰਨ ਦੀ ਇਜਾਜ਼ਤ ਦਿੱਤੀ ਹੈ।
* 10 ਸਾਲਾਂ ਤੋਂ ਐੱਮ. ਸੀ. ਡੀ. ''ਤੇ ਕਾਬਜ਼ ਅਤੇ ਹੁਣੇ-ਹੁਣੇ ਰਾਜੌਰੀ ਵਿਧਾਨ ਸਭਾ ਸੀਟ ਦੀ ਉਪ-ਚੋਣ ''ਚ ਜਿੱਤ ਤੋਂ ਉਤਸ਼ਾਹਿਤ ਭਾਜਪਾ ਨੇ ਐੱਮ. ਸੀ. ਡੀ. ''ਤੇ ਆਪਣੇ ਕਬਜ਼ੇ ਦੀ ਤਿਕੜੀ ਜਮਾਉਣ ਲਈ ਆਪਣੇ ਮੌਜੂਦਾ 153 ਕੌਂਸਲਰਾਂ ''ਚੋਂ ਕਿਸੇ ਨੂੰ ਵੀ ਟਿਕਟ ਨਾ ਦੇ ਕੇ ਨਵੇਂ ਚਿਹਰੇ ਹੀ ਮੈਦਾਨ ''ਚ ਉਤਾਰੇ ਹਨ।
*  ਸਭ ਤੋਂ ਵੱਧ ਸਟਾਰ ਪ੍ਰਚਾਰਕ ਭਾਜਪਾ ''ਚ ਹਨ, ਜਿਨ੍ਹਾਂ ''ਚ ਸੰਸਦ ਮੈਂਬਰ-ਅਭਿਨੇਤਾ ਪਰੇਸ਼ ਰਾਵਲ ਅਤੇ ਹੇਮਾ ਮਾਲਿਨੀ, ਭਾਜਪਾ ਦੇ ਦਿੱਲੀ ਪ੍ਰਦੇਸ਼ ਪ੍ਰਧਾਨ ਅਤੇ ਭੋਜਪੁਰੀ ਫਿਲਮਾਂ ਦੇ ਗੀਤਕਾਰ ਮਨੋਜ ਤਿਵਾੜੀ ਤੇ ਸੁਪਰਸਟਾਰ ਰਵੀ ਕਿਸ਼ਨ ਆਦਿ ਮੁੱਖ ਹਨ।
* ਚੋਣ ਪ੍ਰਚਾਰ ਦੌਰਾਨ ਬਿਨਾਂ ਹੈਲਮੇਟ ਸਕੂਟੀ ਚਲਾਉਂਦਿਆਂ ਫੜੇ ਜਾਣ ''ਤੇ ਮਨੋਜ ਤਿਵਾੜੀ ਨੇ ਤਾਂ ਚਲਾਨ ਵੀ ਕਟਵਾ ਲਿਆ ਅਤੇ 100 ਰੁਪਏ ਜੁਰਮਾਨਾ  ਭਰਿਆ।
* ਇਨ੍ਹਾਂ ਚੋਣਾਂ ''ਚ ਇਕ ਕਿੰਨਰ (ਖੁਸਰਾ) ਬੌਬੀ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ''ਚ ਹੈ। ਬੌਬੀ ਦਾ ਕਹਿਣਾ ਹੈ ਕਿ ਐੱਮ. ਸੀ. ਡੀ. ਦੀ ਚੋਣ ਲੜਨ ਲਈ ਪਾਰਟੀ ਨੇ ਉਸ ਤੋਂ 50 ਲੱਖ ਰੁਪਏ ਮੰਗੇ ਸਨ ਪਰ ਉਸ ਨੇ ਇਹ ਰਕਮ ਦੇਣ ਤੋਂ ਇਨਕਾਰ ਕਰ ਕੇ ਆਜ਼ਾਦ ਤੌਰ ''ਤੇ ਚੋਣ ਲੜਨ ਦਾ ਫੈਸਲਾ ਕੀਤਾ ਹੈ।
* ਚੋਣਾਂ ''ਚ ਤਜਰਬੇਕਾਰ ਸਿਆਸਤਦਾਨਾਂ ਦੇ ਨਾਲ-ਨਾਲ ਨੌਜਵਾਨ ਉਮੀਦਵਾਰ ਵੀ ਖੜ੍ਹੇ ਹਨ, ਜਿਨ੍ਹਾਂ ''ਚ ਔਰਤਾਂ ਦੀ ਚੰਗੀ-ਖਾਸੀ ਗਿਣਤੀ ਹੈ। ਇਨ੍ਹਾਂ ''ਚੋਂ ਹੀ ਇਕ ਰਾਣੀਬਾਗ ਤੋਂ ਆਜ਼ਾਦ ਉਮੀਦਵਾਰ ਜੋਤੀ ਨੇ ਕਦੇ ਬਾਲ ਮਜ਼ਦੂਰ ਵਜੋਂ ਵੀ ਕੰਮ ਕੀਤਾ ਸੀ।
*  ਵੋਟਰਾਂ ਨੂੰ ਰਿਝਾਉਣ ਲਈ ਖੂਬ ਤੋਹਫੇ, ਹਿੰਦੂ ਤੇ ਮੁਸਲਿਮ ਧਰਮ ਗ੍ਰੰਥਾਂ ਤੋਂ ਲੈ ਕੇ ਤੁਲਸੀ ਦੇ ਪੌਦੇ ਤੱਕ ਵੰਡੇ ਜਾ ਰਹੇ ਹਨ ਤੇ ਮਹਿਲਾ ਉਮੀਦਵਾਰਾਂ ਨੇ ਮਹਿਲਾ ਵੋਟਰਾਂ ਨੂੰ ਮੇਕਅਪ ਸਮੱਗਰੀ ਵੰਡਣ ਦਾ ਸਿਲਸਿਲਾ ਸ਼ੁਰੂ ਕੀਤਾ ਹੋਇਆ ਹੈ।
* ਗਰਮੀ ਦਾ ਮੌਸਮ ਹੋਣ ਕਾਰਨ ਕਈ ਉਮੀਦਵਾਰ ਆਪਣੇ ਨਾਲ ਕੋਲਡ ਡ੍ਰਿੰਕ, ਜੂਸ ਆਦਿ ਦੀ ਗੱਡੀ ਲੈ ਕੇ ਚੱਲਦੇ ਹਨ ਅਤੇ ਪ੍ਰਚਾਰ ਮੁਹਿੰਮ ਦੌਰਾਨ ਖੁਦ ਵੀ ਪੀਂਦੇ ਹਨ ਅਤੇ ਦੂਜਿਆਂ ਨੂੰ ਵੀ ਪਿਲਾਉਂਦੇ ਹਨ।
*  ਨਹਿਰੂ ਅਤੇ ਇੰਦਰਾ ਗਾਂਧੀ ਦੇ ਜ਼ਮਾਨੇ ਤੋਂ ਕਾਂਗਰਸ ਦੇ ਵਫਾਦਾਰ 76 ਸਾਲਾ ਰਮੇਸ਼ ਦੱਤਾ 1971 ਤੋਂ ਬਾਅਦ ਲਗਾਤਾਰ 9 ਵਾਰ ਕੌਂਸਲਰ ਦੀ ਚੋਣ ਜਿੱਤ ਚੁੱਕੇ ਹਨ। ਉਨ੍ਹਾਂ ਕੋਲ ਆਪਣਾ ਘਰ ਤਾਂ ਕੀ, ਮੋਬਾਇਲ ਫੋਨ ਅਤੇ ਬੈਂਕ ਖਾਤਾ ਤੱਕ ਨਹੀਂ ਹੈ। ਇਸ ਵਾਰ ਕਾਂਗਰਸ ਨੇ ਉਨ੍ਹਾਂ ਦੀ ਟਿਕਟ ਕੱਟ ਦਿੱਤੀ ਸੀ, ਲਿਹਾਜ਼ਾ ਉਹ ਦਿੱਲੀ ਗੇਟ ਦੇ ਵਾਰਡ ਨੰ. 88 ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ।
* ਐੱਮ. ਸੀ. ਡੀ. ਚੋਣਾਂ ਦਰਮਿਆਨ ਹੀ ਦਿੱਲੀ ਕਾਂਗਰਸ ਨੂੰ ਵੱਡਾ ਝਟਕਾ ਲੱਗਾ, ਜਦੋਂ 18 ਅਪ੍ਰੈਲ ਦੀ ਸ਼ਾਮ ਨੂੰ ਦਿੱਲੀ ਕਾਂਗਰਸ ਦੇ ਘਾਗ ਨੇਤਾ ਅਤੇ ਪਾਰਟੀ ਦਾ ਵੱਡਾ ਸਿੱਖ ਚਿਹਰਾ ਮੰਨੇ ਜਾਣ ਵਾਲੇ ਅਰਵਿੰਦਰ ਸਿੰਘ ਲਵਲੀ ਭਾਜਪਾ ''ਚ ਸ਼ਾਮਲ ਹੋ ਗਏ। ਮੁੰਬਈ ਮਹਾਨਗਰ ਨਿਗਮ ਵਾਂਗ ਹੀ ਦਿੱਲੀ ਨਗਰ ਨਿਗਮ ''ਤੇ ਸੱਤਾਧਾਰੀ ਸਿਆਸੀ ਪਾਰਟੀ ਦਾ ਆਪਣਾ ਹੀ ਇਕ ਰੁਤਬਾ ਹੁੰਦਾ ਹੈ ਤੇ ਇਨ੍ਹਾਂ ਚੋਣਾਂ ''ਚ ਆਪਣਾ ਗਲਬਾ ਕਾਇਮ ਕਰਨ ਲਈ ਤਿੰਨਾਂ ਹੀ ਮੁੱਖ ਪਾਰਟੀਆਂ ਨੇ ਅੱਡੀ-ਚੋਟੀ ਦਾ ਜ਼ੋਰ ਲਾਇਆ ਹੋਇਆ ਹੈ। ਹੁਣ ਕਿਸ ਦੀ ਕਿਸਮਤ ''ਚ ਕੀ ਲਿਖਿਆ ਹੈ, ਇਸ ਦਾ ਪਤਾ ਤਾਂ 26 ਅਪ੍ਰੈਲ ਨੂੰ ਚੋਣ ਨਤੀਜਿਆਂ ਦਾ ਐਲਾਨ ਹੋਣ ''ਤੇ ਹੀ ਲੱਗੇਗਾ।        
- ਵਿਜੇ ਕੁਮਾਰ

Vijay Kumar Chopra

This news is Chief Editor Vijay Kumar Chopra