‘ਬੰਪਰ ਸਫਲਤਾ’ ਤੋਂ ਬਾਅਦ ਮੋਦੀ ਸਰਕਾਰ ਦਾ ‘ਗਰੀਬ-ਨਵਾਜ਼ ਬਜਟ’

07/06/2019 5:54:36 AM

ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਨ ਨੇ 5 ਜੁਲਾਈ ਨੂੰ ਲੋਕ ਸਭਾ ’ਚ ਇਸ ਸਾਲ ਦਾ ਬਜਟ ਪੇਸ਼ ਕਰਦੇ ਸਮੇਂ ਪੁਰਾਣੀ ਰਵਾਇਤ ਤੋੜ ਕੇ ਇਕ ਨਵੀਂ ਰਵਾਇਤ ਸ਼ੁਰੂ ਕੀਤੀ। ਉਹ ਬਜਟ ਦੀ ਕਾਪੀ ਬ੍ਰੀਫਕੇਸ ਦੀ ਬਜਾਏ ਲਾਲ ਰੰਗ ਦੇ ਕੱਪੜੇ ’ਚ ਲਪੇਟ ਕੇ ਲਿਆਈ ਅਤੇ ਇਸ ਨੂੰ ਨਾਂ ਦਿੱਤਾ ‘ਵਹੀ-ਖਾਤਾ’।

ਹਾਲਾਂਕਿ ਚੋਣ ਵਰ੍ਹਾ ਹੋਣ ਕਰਕੇ ਇਸ ਤੋਂ ਪਹਿਲਾਂ 1 ਫਰਵਰੀ ਨੂੰ ਤੱਤਕਾਲੀ ਕਾਰਜਵਾਹਕ ਵਿੱਤ ਮੰਤਰੀ ਪਿਊਸ਼ ਗੋਇਲ 2019-20 ਦਾ ਅੰਤ੍ਰਿਮ ਬਜਟ ਪੇਸ਼ ਕਰ ਚੁੱਕੇ ਸਨ, ਜੋ ਚੋਣਾਂ ਤੋਂ ਪਹਿਲਾਂ ਦਾ ਬਜਟ ਹੋਣ ਕਰਕੇ ਲੋਕ-ਲੁਭਾਊ ਬਜਟ ਸੀ ਪਰ ਸੀਤਾਰਮਨ ਵਲੋਂ ਪੇਸ਼ ਕੀਤੇ ਇਸ ਬਜਟ ’ਚ ਉਮੀਦ ਕੀਤੀ ਜਾ ਰਹੀ ਸੀ ਕਿ ਚੋਣਾਂ ’ਚ ਬੰਪਰ ਜਿੱਤ ਦੀ ਖੁਸ਼ੀ ’ਚ ਸਰਕਾਰ ਲੋਕਾਂ ਨੂੰ ਕੁਝ ਹੋਰ ਰਿਆਇਤਾਂ ਦੇਵੇਗੀ।

ਸ਼੍ਰੀਮਤੀ ਸੀਤਾਰਮਨ ਨੇ ਆਪਣੇ ਬਜਟ ਨੂੰ ‘ਪਿੰਡ, ਗਰੀਬ ਅਤੇ ਕਿਸਾਨ ਕੇਂਦ੍ਰਿਤ ਬਜਟ’ ਕਰਾਰ ਦਿੱਤਾ ਅਤੇ ਮੋਦੀ ਸਰਕਾਰ ਦੀਆਂ ਪਿਛਲੀਆਂ ਪ੍ਰਾਪਤੀਆਂ ਗਿਣਾਉਂਦੇ ਹੋਏ ਕਿਹਾ ਕਿ ਮੋਦੀ ਸਰਕਾਰ ਨੇ ਪਹਿਲੇ ਦੌਰ ’ਚ ਦੇਸ਼ ਨੂੰ ਧੂੰਏਂ ਤੋਂ ਮੁਕਤੀ ਦਿਵਾਉਣ, ਨਿੱਜੀ ਉਦਯੋਗਾਂ ਦੇ ਜ਼ਰੀਏ ਅਰਥ ਵਿਵਸਥਾ ਮਜ਼ਬੂਤ ਕਰਨ ਤੋਂ ਇਲਾਵਾ ਕਈ ਸੁਧਾਰਵਾਦੀ ਕਦਮ ਚੁੱਕੇ।

ਉਨ੍ਹਾਂ ਮੁਤਾਬਿਕ ਹੁਣ ਅਗਲੇ ਦੌਰ ’ਚ ਸਰਕਾਰ ਵਲੋਂ ‘ਰਿਫਾਰਮ, ਪ੍ਰਫਾਰਮ ਅਤੇ ਟਰਾਂਸਫਾਰਮ’ ਉੱਤੇ ਜ਼ੋਰ ਦੇਣ ਦੇ ਨਾਲ ਹੀ ਭਾਰਤ ਨੂੰ ਮੋਸਟ ਫੇਵਰੇਟ ਐੱਫ. ਡੀ. ਆਈ. (ਪ੍ਰਤੱਖ ਵਿਦੇਸ਼ੀ ਨਿਵੇਸ਼) ਦੇਸ਼ ਬਣਾਉਣ ਅਤੇ ਨਾਰੀ ਸਸ਼ਕਤੀਕਰਨ, ਦੇਸ਼ ਦੇ ਬੁਨਿਆਦੀ ਢਾਂਚੇ ਦੇ ਵਿਕਾਸ, ਰੋਜ਼ਗਾਰ ਦੇ ਜ਼ਿਆਦਾ ਮੌਕੇ ਪੈਦਾ ਕਰਨ, ਰੇਲਵੇ ਅਤੇ ਹੋਰ ਸਹੂਲਤਾਂ ਦੇ ਵਿਕਾਸ ਵਰਗੀਆਂ ਯੋਜਨਾਵਾਂ ’ਤੇ ਜ਼ੋਰ ਰਹੇਗਾ।

ਬਜਟ ਦੀਆਂ ਖਾਸ ਗੱਲਾਂ :

* 45 ਲੱਖ ਰੁਪਏ ਤਕ ਦਾ ਮਕਾਨ ਖਰੀਦਣ ’ਤੇ ਹਾਊਸਿੰਗ ਲੋਨ ’ਤੇ ਵਿਆਜ ਦੀ ਛੋਟ ਹੱਦ 2 ਤੋਂ ਵਧਾ ਕੇ 3.5 ਲੱਖ ਰੁਪਏ ਕਰਨ ਦੀ ਤਜਵੀਜ਼ ਹੈ।

* ਮੁਦਰਾ ਯੋਜਨਾ ਦੇ ਤਹਿਤ ਔਰਤਾਂ ਨੂੰ 1 ਲੱਖ ਰੁਪਏ ਤਕ ਦਾ ਕਰਜ਼ਾ ਦੇਣ, ਹਰੇਕ ਔਰਤ ਦਾ ਜਨ-ਧਨ ਯੋਜਨਾ ਦੇ ਤਹਿਤ ਬੈਂਕ ਖਾਤਾ ਖੋਲ੍ਹਣ ਅਤੇ 5 ਹਜ਼ਾਰ ਰੁਪਏ ਦਾ ਓਵਰਡ੍ਰਾਫਟ ਦੇਣ ਦੀ ਤਜਵੀਜ਼ ਹੈ।

* ਔਰਤਾਂ ਦੀ ਅਗਵਾਈ ਹੇਠ ਕਈ ਯੋਜਨਾਵਾਂ ਚਲਾਉਣ ਤੋਂ ਇਲਾਵਾ ਔਰਤਾਂ ਦੇ ਸਵੈ-ਸਹਾਇਤਾ ਸਮੂਹਾਂ ਨੂੰ ਸਬਸਿਡੀ ਦਿੱਤੀ ਜਾਵੇਗੀ। ਮਹਿਲਾ ਸਸ਼ਕਤੀਕਰਨ ਨੂੰ ਹੱਲਾਸ਼ੇਰੀ ਦੇਣ ਲਈ ‘ਨਾਰੀ ਤੂ ਨਾਰਾਇਣੀ’ ਦਾ ਨਵਾਂ ਨਾਅਰਾ ਦਿੱਤਾ ਗਿਆ ਹੈ।

* ਭਾਰਤ ’ਚ ਨਵੀਂ ਸਿੱਖਿਆ ਨੀਤੀ ਲਿਆਉਣ, ‘ਖੇਲੋ ਇੰਡੀਆ’ ਯੋਜਨਾ ਦਾ ਵਿਸਤਾਰ ਕਰਨ ਅਤੇ ਕੌਮੀ ਖੇਡ ਬੋਰਡ ਸਥਾਪਿਤ ਕਰਨ ਦੀ ਤਜਵੀਜ਼ ਹੈ।

* ਖੇਤੀ ’ਚ ਵਿਆਪਕ ਨਿਵੇਸ਼ ਕਰਨ ਦੇ ਨਾਲ ਹੀ ਅੰਨਦਾਤਾ ਨੂੰ ਊਰਜਾਦਾਤਾ ਬਣਾਉਣ ਲਈ ਕਈ ਯੋਜਨਾਵਾਂ ਸ਼ੁਰੂ ਕੀਤੀਆਂ ਜਾਣਗੀਆਂ।

* 59 ਮਿੰਟਾਂ ’ਚ ਛੋਟੇ ਦੁਕਾਨਦਾਰਾਂ ਨੂੰ ਕਰਜ਼ਾ ਮੁਹੱਈਆ ਕਰਵਾਉਣ ਅਤੇ ਰਿਟੇਲ ਕਾਰੋਬਾਰੀਆਂ ਨੂੰ ਪੈਨਸ਼ਨ ਦੇਣ ਦੇ ਮਤੇ ਤੋਂ ਇਲਾਵਾ ‘ਹਰ ਘਰ ਨੂੰ ਨਲ ਅਤੇ ਜਲ’ ਦੇਣ ਦੀ ਯੋਜਨਾ ’ਤੇ ਵੀ ਕੰਮ ਕੀਤਾ ਜਾਵੇਗਾ।

* ਇਲੈਕਟ੍ਰਿਕ ਵਾਹਨਾਂ ਦੀ ਖਰੀਦ ਨੂੰ ਹੱਲਾਸ਼ਰੀ ਦੇਣ ਲਈ ਇਨ੍ਹਾਂ ’ਤੇ ਜੀ. ਐੱਸ. ਟੀ. 12 ਤੋਂ ਘਟਾ ਕੇ 5 ਫੀਸਦੀ ਕੀਤਾ ਗਿਆ। ਇਨ੍ਹਾਂ ਨੂੰ ਖਰੀਦਣ ਲਈ ਕਰਜ਼ੇ ’ਤੇ ਚੁਕਾਏ ਜਾਣ ਵਾਲੇ ਵਿਆਜ ’ਤੇ ਵੀ ਇਨਕਮ ਟੈਕਸ ’ਚ 1.5 ਲੱਖ ਰੁਪਏ ਦੀ ਵਾਧੂ ਛੋਟ ਮਿਲੇਗੀ।

* ਹਾਊਸਿੰਗ ਫਾਇਨਾਂਸ ਕੰਪਨੀਆਂ ਨੂੰ ਹੁਣ ਸਿੱਧੇ ਆਰ. ਬੀ. ਆਈ. ਦੀ ਨਿਗਰਾਨੀ ’ਚ ਲਿਆਉਣ ਦੀ ਤਜਵੀਜ਼ ਹੈ।

* ਸਰਕਾਰੀ ਕੰਪਨੀਆਂ ਨੂੰ ਵੇਚ ਕੇ 10 ਲੱਖ 5 ਹਜ਼ਾਰ ਕਰੋੜ ਰੁਪਏ ਦੇ ਵਿਨਿਵੇਸ਼ ਦੀ ਤਜਵੀਜ਼ ਹੈ। ਏਅਰ ਇੰਡੀਆ ਨੂੰ ਵੇਚਣ ਲਈ ਨਵੇਂ ਸਿਰੇ ਤੋਂ ਕੋਸ਼ਿਸ਼ ਕੀਤੀ ਜਾਵੇਗੀ।

* 400 ਕਰੋੜ ਰੁਪਏ ਸਾਲਾਨਾ ਟਰਨਓਵਰ ਵਾਲੀਆਂ ਕੰਪਨੀਆਂ ਨੂੰ ਕਾਰਪੋਰੇਟ ਟੈਕਸ ’ਚ ਛੋਟ ਵਧਾ ਕੇ 25 ਫੀਸਦੀ ਕਰ ਦਿੱਤੀ ਗਈ ਹੈ, ਜੋ ਪਹਿਲਾਂ 250 ਕਰੋੜ ਰੁਪਏ ਤਕ ਸੀ।

* ਅਮੀਰਾਂ ’ਤੇ ਟੈਕਸ ਦਾ ਬੋਝ ਵਧਾ ਕੇ 5 ਕਰੋੜ ਰੁਪਏ ਤੋਂ ਵੱਧ ਆਮਦਨ ’ਤੇ 7 ਫੀਸਦੀ ਵਾਧੂ ਟੈਕਸ ਲਗਾਉਣ ਅਤੇ ਬੈਂਕ ਖਾਤੇ ’ਚੋਂ ਇਕ ਸਾਲ ’ਚ 1 ਕਰੋੜ ਤੋਂ ਜ਼ਿਆਦਾ ਦੀ ਨਿਕਾਸੀ ’ਤੇ 2 ਫੀਸਦੀ ਟੀ. ਡੀ. ਐੱਸ. ਲਾਉਣ ਦੀ ਤਜਵੀਜ਼ ਹੈ।

* 12 ਸਾਲਾਂ ’ਚ ਰੇਲਵੇ ’ਚ 50 ਲੱਖ ਕਰੋੜ ਰੁਪਏ ਦੇ ਨਿਵੇਸ਼ ਦੀ ਲੋੜ ਹੋਵੇਗੀ।

* ਬਜਟ ’ਚ ਆਮ ਟੈਕਸਦਾਤਾ ਨੂੂੰ ਕੋਈ ਨਵੀਂ ਰਾਹਤ ਨਹੀਂ ਦਿੱਤੀ ਗਈ ਹੈ।

* ਪੈਟਰੋਲ, ਡੀਜ਼ਲ, ਸੋਨੇ ਅਤੇ ਕੁਝ ਹੋਰ ਚੀਜ਼ਾਂ ’ਤੇ ਕਸਟਮ ਡਿਊਟੀ ਵਧਾ ਦਿੱਤੀ ਗਈ ਹੈ। ਪੈਟਰੋਲ-ਡੀਜ਼ਲ ’ਤੇ 1-1 ਫੀਸਦੀ ਵਾਧੂ ਸੈੱਸ ਲੱਗਣ ਨਾਲ ਇਹ ਮਹਿੰਗੇ ਹੋ ਜਾਣਗੇ। ਇਸ ਨਾਲ ਮਾਲ ਦੀ ਢੁਆਈ ’ਤੇ ਆਉਣ ਵਾਲਾ ਖਰਚਾ ਵਧ ਜਾਵੇਗਾ, ਜਿਸ ਦਾ ਅਸਰ ਲੱਗਭਗ ਹਰੇਕ ਚੀਜ਼ ਦੀ ਕੀਮਤ ’ਤੇ ਪਵੇਗਾ।

* ਸੋਨੇ ’ਤੇ ਡਿਊਟੀ 10 ਫੀਸਦੀ ਤੋਂ ਵਧਾ ਕੇ 12.5 ਫੀਸਦੀ ਕਰ ਦਿੱਤੀ ਗਈ ਹੈ।

* ਤੰਬਾਕੂ ’ਤੇ ਵੀ ਵਾਧੂ ਡਿਊਟੀ ਲਾਈ ਜਾਵੇਗੀ।

* ਦਰਾਮਦਸ਼ੁਦਾ ਕਿਤਾਬਾਂ ’ਤੇ ਵੀ 5 ਫੀਸਦੀ ਕਸਟਮ ਡਿਊਟੀ ਵਧਾਈ ਗਈ ਹੈ।

* ਸੀ. ਸੀ. ਟੀ. ਵੀ., ਪੀ. ਵੀ. ਸੀ. ਅਤੇ ਮਾਰਬਲ ’ਤੇ ਵੀ ਕਸਟਮ ਡਿਊਟੀ ਵਧਾ ਦਿੱਤੀ ਗਈ ਹੈ।

ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹੋਰਨਾਂ ਭਾਜਪਾ ਆਗੂਆਂ ਨੇ ਇਹ ਬਜਟ ਪੇਸ਼ ਕਰਨ ਲਈ ਨਿਰਮਲਾ ਸੀਤਾਰਮਨ ਨੂੰ ਵਧਾਈ ਦਿੱਤੀ ਹੈ, ਉਥੇ ਹੀ ਕਾਂਗਰਸੀ ਨੇਤਾ ਅਤੇ ਸਾਬਕਾ ਕੇਂਦਰੀ ਵਿੱਤ ਮੰਤਰੀ ਪੀ. ਚਿਦਾਂਬਰਮ ਨੇ ਇਸ ਨੂੰ ਹੁਣ ਤਕ ਦੇ ਸਭ ਤੋਂ ਅਸਪੱਸ਼ਟ ਭਾਸ਼ਣਾਂ ’ਚੋਂ ਇਕ ਦੱਸਦਿਆਂ ਬਿਨਾਂ ਪੈਨ ਕਾਰਡ ਦੇ ਸਿਰਫ ਆਧਾਰ ਕਾਰਡ ਨਾਲ ਆਈ. ਟੀ. ਆਰ. ਦਾਖਲ ਕਰ ਸਕਣ ਦੇ ਐਲਾਨ ਨੂੰ ਕਾਮੇਡੀ ਕਰਾਰ ਦਿੱਤਾ ਅਤੇ ਕਿਹਾ ਕਿ ‘‘ਸਰਕਾਰ ਕਦੇ ਕੁਝ ਕਰਦੀ ਹੈ, ਕਦੇ ਕੁਝ, ਜਿਵੇਂ ਕੋਈ ਕਾਮੇਡੀ ਚੱਲ ਰਹੀ ਹੋਵੇ।’’

ਲੋਕ ਸਭਾ ’ਚ ਕਾਂਗਰਸ ਦੇ ਨੇਤਾ ਅਧੀਰ ਰੰਜਨ ਚੌਧਰੀ ਨੇ ਇਸ ਬਜਟ ਨੂੰ ‘ਨਵੀਂ ਬੋਤਲ ’ਚ ਪੁਰਾਣੀ ਸ਼ਰਾਬ’ ਕਰਾਰ ਦਿੰਦਿਆਂ ਕਿਹਾ ਹੈ ਕਿ ‘‘ਇਸ ’ਚ ਕੁਝ ਵੀ ਨਵਾਂ ਨਹੀਂ ਹੈ ਅਤੇ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਆਦਿ ਲਈ ਕੋਈ ਯੋਜਨਾ ਨਹੀਂ ਹੈ।’’

ਇਸੇ ਤਰ੍ਹਾਂ ‘ਆਮ ਆਦਮੀ ਪਾਰਟੀ’ ਦੇ ਸੰਸਦ ਮੈਂਬਰ ਸੰਜੇ ਸਿੰਘ ਅਨੁਸਾਰ, ‘‘ਇਹ ਸ਼ਸ਼ੋਪੰਜ ਵਾਲਾ ਬਜਟ ਹੈ, ਜਿਸ ਵਿਚ ਕਿਸੇ ਲਈ ਕੁਝ ਵੀ ਸਪੱਸ਼ਟ ਨਹੀਂ ਹੈ ਅਤੇ ਇਸ ’ਚ ਕਿਸਾਨਾਂ, ਔਰਤਾਂ ਤੇ ਨੌਜਵਾਨਾਂ ਸਭ ਨੂੰ ਝਟਕਾ ਦਿੱਤਾ ਗਿਆ ਹੈ।’’

ਬਸਪਾ ਸੁਪਰੀਮੋ ਮਾਇਆਵਤੀ ਅਨੁਸਾਰ, ‘‘ਇਹ ਬਜਟ ਕੁਝ ਵੱਡੇ-ਵੱਡੇ ਪੂੰਜੀਪਤੀਆਂ ਅਤੇ ਧਨਾਢਾਂ ਦੀ ਹਰ ਤਰ੍ਹਾਂ ਨਾਲ ਮਦਦ ਕਰਨ ਵਾਲਾ ਹੈ, ਜਿਸ ਨਾਲ ਮਹਿੰਗਾਈ, ਗਰੀਬੀ, ਬੇਰੋਜ਼ਗਾਰੀ, ਕਿਸਾਨਾਂ ਤੇ ਦਿਹਾਤੀਆਂ ਦੀ ਸਮੱਸਿਆ ਹੋਰ ਵੀ ਗੁੰਝਲਦਾਰ ਬਣੇਗੀ।’’

ਕੁਲ ਮਿਲਾ ਕੇ ਇਹ ਇਕ ਸੁਧਾਰਵਾਦੀ ਬਜਟ ਹੈ।

–ਵਿਜੇ ਕੁਮਾਰ
 

Bharat Thapa

This news is Content Editor Bharat Thapa