‘ਅੰਫਾਨ ਤੂਫਾਨ’ ਨੂੰ ਲੈ ਕੇ ‘ਮੋਦੀ ਤੇ ਮਮਤਾ’ ਵਲੋਂ ‘ਹਵਾਈ ਸਰਵੇਖਣ’

05/23/2020 2:05:40 AM

 

ਦੇਸ਼ ਦੇ ਕਈ ਹਿੱਸਿਅਾਂ ਨੂੰ ਆਪਣੀ ਲਪੇਟ ’ਚ ਲੈਣ ਵਾਲੇ ‘ਅੰਫਾਨ ਚੱਕਰਵਾਤੀ’ ਤੂਫਾਨ ਨੇ 21 ਸਾਲ ਪਹਿਲਾਂ 1999 ’ਚ ਆਏ ਭਿਆਨਕ ਚੱਕਰਵਾਤੀ ਤੂਫਾਨ ਦੀ ਯਾਦ ਦਿਵਾ ਦਿੱਤੀ ਹੈ ਜਿਸ ਦੇ ਸਿੱਟੇ ਵਜੋਂ ਬੰਗਾਲ ’ਚ ਜਾਨਮਾਲ ਦਾ ਭਾਰੀ ਨੁਕਸਾਨ ਹੋਇਆ ਅਤੇ 80 ਲੋਕ ਮਾਰੇ ਗਏ ਸਨ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਅਨੁਸਾਰ, ‘‘ਅੰਫਾਨ ਤੂਫਾਨ ਨਾਲ ਇਕ ਲੱਖ ਕਰੋੜ ਰੁਪਏ ਦੀ ਜਾਇਦਾਦ ਦਾ ਨੁਕਸਾਨ ਹੋਇਆ ਹੈ। ਮੈਂ ਅਜਿਹੀ ਬਰਬਾਦੀ ਜ਼ਿੰਦਗੀ ’ਚ ਪਹਿਲਾਂ ਕਦੇ ਨਹੀਂ ਦੇਖੀ ਜਿਸ ਨੇ ਸਭ ਕੁਝ ਤਬਾਹ ਕਰ ਦਿੱਤਾ ਹੈ।’’

‘ਅੰਫਾਨ’ ਦੇ ਕਾਰਨ ਜਿਥੇ ਅਜੇ ਤਕ ਪੱਛਮੀ ਬੰਗਾਲ, ਓਡਿਸ਼ਾ ਅਤੇ ਆਸਾਮ ਆਦਿ ਦੇ ਪ੍ਰਭਾਵਿਤ ਖੇਤਰਾਂ ’ਚ ਹੜ੍ਹ ਦੀ ਸਥਿਤੀ ਬਣੀ ਹੋਈ ਹੈ, ਉਥੇ ਇਕੱਲੇ ਪੱਛਮੀ ਬੰਗਾਲ ’ਚ ਹੀ ਹਜ਼ਾਰਾਂ ਦੀ ਗਿਣਤੀ ’ਚ ਮੋਬਾਇਲ ਟਾਵਰ ਅਤੇ ਬਿਜਲੀ ਦੇ ਖੰਭੇ ਟੁੱਟਣ ਨਾਲ ਸੰਚਾਰ ਵਿਵਸਥਾ ਦੇ ਨਾਲ-ਨਾਲ ਬਿਜਲੀ ਅਤੇ ਪਾਣੀ ਦੀ ਸਪਲਾਈ ਸੂਬੇ ਦੇ ਵੱਡੇ ਹਿੱਸੇ ’ਚ ਠੱਪ ਹੋ ਗਈ ਹੈ। ਇਹੀ ਨਹੀਂ, ਸੂਬੇ ’ਚ ਘੱਟ ਤੋਂ ਘੱਟ 55,000 ਮਕਾਨ ਤਬਾਹ ਹੋ ਗਏ ਅਤੇ ਵੱਡੀ ਗਿਣਤੀ ’ਚ ਦੂਸਰੀਅਾਂ ਉਸਾਰੀਅਾਂ ਨੂੰ ਵੀ ਨੁਕਸਾਨ ਪੁੱਜਾ ਹੈ। ਇਸ ਨੂੰ ਦੇਖਦੇ ਹੋਏ ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ 36 ਦਾ ਅੰਕੜਾ ਹੋਣ ਬਾਵਜੂਦ ਖੁਦ ਉਨ੍ਹਾਂ ਨੂੰ ਇਥੇ ਆ ਕੇ ਤਬਾਹੀ ਦਾ ਹਾਲ ਦੇਖਣ ਦੀ ਅਪੀਲ ਕੀਤੀ ਜਿਸ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 83 ਦਿਨਾਂ ਤੋਂ ਬਾਅਦ ਪਹਿਲੀ ਵਾਰ ਦਿੱਲੀ ਤੋਂ ਬਾਹਰ ਨਿਕਲੇ ਅਤੇ ਪੱਛਮੀ ਬੰਗਾਲ ਅਤੇ ਓਡਿਸ਼ਾ ’ਚ ਹੋਈ ਤਬਾਹੀ ਦਾ ਹਵਾਈ ਸਰਵੇਖਣ ਕੀਤਾ ਜਿਸ ’ਚ ਮਮਤਾ ਬੈਨਰਜੀ ਉਨ੍ਹਾਂ ਨਾਲ ਰਹੀ।

ਪੱਛਮੀ ਬੰਗਾਲ ਅਤੇ ਓਡਿਸ਼ਾ ਦੇ ਦੌਰੇ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਪੱਛਮੀ ਬੰਗਾਲ ਨੂੰ 1000 ਕਰੋੜ ਰੁਪਏ ਅਤੇ ਓਡਿਸ਼ਾ ਨੂੰ 500 ਕਰੋੜ ਰੁਪਏ ਦੀ ‘ਤਤਕਾਲ’ ਰਾਹਤ ਦੇਣ ਦਾ ਐਲਾਨ ਤਾਂ ਕੀਤਾ ਹੈ ਪਰ ਇਸ ਦੇ ਨਾਲ ਹੀ ਇਹ ਵੀ ਕਿਹਾ ਕਿ ਇਸ ਸੰਬੰਧੀ ਸਰਵੇ ਕਰਨ ਲਈ ਕੇਂਦਰ ਤੋਂ ਇਕ ਟੀਮ ਉਥੇ ਜਾਵੇਗੀ। ਜ਼ਾਹਿਰ ਹੈ ਕਿ ਇਸ ਸਭ ’ਚ ਕੁਝ ਸਮਾਂ ਲੱਗੇਗਾ ਜਦਕਿ ਲੋਕਾਂ ਨੂੰ ਤਾਂ ਫੌਰੀ ਸਹਾਇਤਾ ਦੀ ਲੋੜ ਹੈ ਜਿਸ ਦੀ ਘਾਟ ’ਚ ਉਹ ਕਿਸੇ ਨਾ ਕਿਸੇ ਤਰ੍ਹਾਂ ਗੁਜ਼ਾਰਾ ਕਰਨ ਲਈ ਮਜਬੂਰ ਹੋਣਗੇ। ਲਿਹਾਜ਼ਾ ਸਮੇਂ ਦੀ ਮੰਗ ਹੈ ਕਿ ਜੋ ਵੀ ਅਤੇ ਜਿੰਨੀ ਵੀ ਸਹਾਇਤਾ ਦਿੱਤੀ ਜਾਣੀ ਹੈ, ਫੌਰੀ ’ਤੌਰ ’ਤੇ ਮੁਹੱਈਆ ਕਰਵਾ ਦਿੱਤੀ ਜਾਵੇ ਤਾਂਕਿ ਤੂਫਾਨ ਨਾਲ ਪ੍ਰਭਾਵਿਤ ਲੋਕਾਂ ਨੂੰ ਉਸ ਦਾ ਅਸਲ ’ਚ ਕੁਝ ਲਾਭ ਮਿਲ ਸਕੇ। ਜਿਥੇ ਪ੍ਰਧਾਨ ਮੰਤਰੀ ਨੇ ਪੱਛਮੀ ਬੰਗਾਲ ਅਤੇ ਓਡਿਸ਼ਾ ਸਰਕਾਰਾਂ ਦੀ ਸਹਾਇਤਾ ਕਰਕੇ ਆਪਣਾ ‘ਰਾਸ਼ਟਰ ਧਰਮ’ ਨਿਭਾਇਆ ਹੈ ਤਾਂ ਦੂਜੇ ਪਾਸੇ ਮਮਤਾ ਵੀ ਆਪਣੇ ਸਮਰਥਕਾਂ ਅਤੇ ਵਿਰੋਧੀਅਾਂ ਨੂੰ ਇਹ ਸੰਦੇਸ਼ ਦੇ ਸਕਦੀ ਹੈ ਕਿ ਇਸ ਅੌਖੀ ਘੜੀ ’ਚ ਉਨ੍ਹਾਂ ਨੇ ਆਪਣੇ ਕੱਟੜ ਵਿਰੋਧੀ ਸੱਤਾਧਿਰ ਪਾਰਟੀ ਕੋਲ ਸਹਾਇਤਾ ਦੀ ਅਪੀਲ ਕਰਕੇ ‘ਰਾਜ ਧਰਮ’ ਨਿਭਾਇਆ ਹੈ। ਇਸ ਲਈ ਇਸ ਤਰ੍ਹਾਂ ਦੀ ਸਥਿਤੀ ’ਚ ਇਹ ਕਹਿ ਸਕਣਾ ਔਖਾ ਹੀ ਜਾਪਦਾ ਹੁੰਦਾ ਹੈ ਕਿ ਅਗਲੇ ਸਾਲ ਪੱਛਮੀ ਬੰਗਾਲ ਵਿਧਾਨ ਸਭਾ ਦੀਅਾਂ ਹੋਣ ਵਾਲੀਅਾਂ ਚੋਣਾਂ ’ਚ ਇਸ ਦਾ ਲਾਭ ਭਾਜਪਾ ਨੂੰ ਮਿਲੇਗਾ ਜਾਂ ਤ੍ਰਿਣਮੂਲ ਕਾਂਗਰਸ ਨੂੰ?

–ਵਿਜੇ ਕੁਮਾਰ

Bharat Thapa

This news is Content Editor Bharat Thapa