‘ਨਾਬਾਲਗਾਂ ’ਚ ਵਧ ਰਿਹਾ ਅਪਰਾਧਪੁਣਾ’ ‘ਰੋਕਣ ਦੇ ਲਈ ਬਾਲਗ ਹੋਣ ਦੀ ਉਮਰ ਘਟਾਉਣਾ ਜ਼ਰੂਰੀ’

03/18/2021 3:31:43 AM

ਸਮਾਜ ’ਚ ਖੁੱਲ੍ਹਾਪਨ ਆਉਣ ਦੇ ਨਾਲ-ਨਾਲ ਅਪਰਾਧ ਵੀ ਵਧ ਰਹੇ ਹਨ ਅਤੇ ਛੋਟੀ ਉਮਰ ਦੇ ਨਾਬਾਲਗ ਵੀ ਤਰ੍ਹਾਂ-ਤਰ੍ਹਾਂ ਦੇ ਅਪਰਾਧਾਂ ’ਚ ਸ਼ਾਮਲ ਪਾਏ ਜਾ ਰਹੇ ਹਨ, ਜਿਨ੍ਹਾਂ ’ਚ ਹੱਤਿਆ, ਕੁੱਟ-ਮਾਰ, ਜਬਰ-ਜ਼ਨਾਹ ਅਤੇ ਵਾਹਨ ਹਾਦਸੇ ਕਰਨਾ ਤਕ ਸ਼ਾਮਲ ਹੈ।

‘ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ’ ਦੇ ਅਨੁਸਾਰ ਭਾਰਤ ’ਚ 2019 ’ਚ ਹਰ 8 ਘੰਟਿਆਂ ’ਚ ਇਕ ਨਾਬਾਲਗ ਨੂੰ ਕਿਸੇ ਔਰਤ ਜਾਂ ਲੜਕੀ ਦੇ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਫੜਿਆ ਗਿਆ ਜਦਕਿ ਨਾਬਾਲਗਾਂ ਵਲੋਂ ਕੀਤੇ ਜਾਣ ਵਾਲੇ ਹੋਰ ਅਪਰਾਧ ਇਨ੍ਹਾਂ ਤੋਂ ਇਲਾਵਾ ਹਨ ਜਿਨ੍ਹਾਂ ’ਚੋਂ ਕੁਝ ਹੇਠਾਂ ਦਰਜ ਹਨ :

* 26 ਅਗਸਤ, 2020 ਨੂੰ ਪੁਣੇ ’ਚ 2 ਨਾਬਾਲਗਾਂ ਨੇ ਸ਼ਰਾਬ ਦੇ ਅਹਾਤੇ ’ਚ ਹੋਈ ਲੜਾਈ ਦੇ ਦੌਰਾਨ ਤੇਜ਼ਧਾਰ ਹਥਿਆਰ ਨਾਲ ਇਕ ਵਿਅਕਤੀ ਦੀ ਹੱਤਿਆ ਕਰ ਦਿੱਤੀ।

* 12 ਦਸੰਬਰ ਨੂੰ ਆਂਧਰਾ ਪ੍ਰਦੇਸ਼ ਦੇ ‘ਕਡੱਪਾ’ ਵਿਚ ਇਕ ਅਨਸੂਚਿਤ ਜਾਤੀ ਦੀ ਔਰਤ ਦੀ ਹੱਤਿਆ ਦੇ ਦੋਸ਼ ’ਚ 2 ਨਾਬਾਲਿਗਾਂ ਨੂੰ ਗ੍ਰਿਫਤਾਰ ਕੀਤਾ ਗਿਆ।

* 26 ਦਸੰਬਰ ਨੂੰ ਬੇਂਗਲੁਰੂ ’ਚ 14-15 ਸਾਲਾ ਤਿੰਨ ਦੋਸਤਾਂ ’ਚ ਕਿਸੇ ਗੱਲ ’ਤੇ ਲੜਾਈ ਦੇ ਦੌਰਾਨ 2 ਲੜਕਿਆਂ ਨੇ ਰਲ ਕੇ ਆਪਣੇ ਤੀਸਰੇ ਦੋਸਤ ’ਤੇ ਹਮਲਾ ਕਰ ਕੇ ਉਸ ਨੂੰ ਮਾਰ ਦਿੱਤਾ।

* 12 ਜਨਵਰੀ, 2021 ਨੂੰ ਆਂਧਰਾ ਪ੍ਰਦੇਸ਼ ਦੇ ਹੈਦਰਾਬਾਦ ’ਚ ਸਾਈਬਰਾਬਾਦ ਦੀ ਪੁਲਸ ਨੇ ਇਕ ਆਟੋ ਚਾਲਕ ਦੀ ਹੱਤਿਆ ਦੇ ਦੋਸ਼ ’ਚ 2 ਨਾਬਾਲਗਾਂ ਨੂੰ ਫੜਿਆ।

* 12 ਫਰਵਰੀ ਨੂੰ ਲੁਧਿਆਣਾ ’ਚ ਇਕ 13 ਸਾਲਾ ਲੜਕੇ ਨੂੰ ਆਪਣੀ 7 ਸਾਲਾ ਭੈਣ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਫੜਿਆ ਗਿਆ।

* 17 ਫਰਵਰੀ ਨੂੰ ਨੋਇਡਾ ਦੇ ਇਕ ਪਿੰਡ ’ਚ ਹੋਈ ਇਕ ਵਿਦਿਆਰਥੀ ਦੀ ਹੱਤਿਆ ਦੇ ਦੋਸ਼ ’ਚ ਪੁਲਸ ਨੇ ਦੋ ਨਬਾਲਗ ਵਿਦਿਆਰਥੀਆਂ ਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ ਨੇ ਹੱਤਿਆ ਕਰਨ ਤੋਂ ਪਹਿਲਾਂ ਉਕਤ ਲੜਕੇ ਦੇ ਨਾਲ ਬਦਫੈਲੀ ਕਰਨ ਦੀ ਗੱਲ ਵੀ ਮੰਨੀ।

* 4 ਮਾਰਚ ਨੂੰ ਅਲੀਗੜ੍ਹ ਪੁਲਸ ਨੇ ਇਕ ਦਲਿਤ ਮੁਟਿਆਰ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਇਕ ਨਬਾਲਗ ਨੂੰ ਗ੍ਰਿਫਤਾਰ ਕੀਤਾ।

* 5 ਮਾਰਚ ਨੂੰ ਮੱਧ ਪ੍ਰਦੇਸ਼ ’ਚ ਜਬਲਪੁਰ ਦੇ ਪਿੰਡ ‘ਬਾਲਖੇੜਾ’ ਵਿਚ ਇਕ 10 ਸਾਲਾ ਲੜਕੇ ਨੇ ਆਪਣੀ ਭੈਣ ਨਾਲ ਦੋਸਤੀ ਕਰਨ ਵਾਲੇ 15 ਸਾਲਾ ਇਕ ਲੜਕੇ ਦੀ ਹੱਤਿਆ ਕਰਕੇ ਲਾਸ਼ ਨਰਮਦਾ ਨਦੀ ’ਚ ਸੁੱਟ ਦਿੱਤੀ।

* 6 ਮਾਰਚ ਨੂੰ ਚੰਡੀਗੜ੍ਹ ’ਚ 6 ਸਾਲਾ ਇਕ ਬੱਚੀ ਦੀ ਹੱਤਿਆ ਦੇ ਦੋਸ਼ ’ਚ ਇਕ 12 ਸਾਲਾ ਬਾਲਕ ਨੂੰ ਗ੍ਰਿਫਤਾਰ ਕੀਤਾ ਗਿਆ।

* 6 ਮਾਰਚ ਨੂੰ ਹੀ ਅਲੀਗੜ੍ਹ ’ਚ 13 ਸਾਲਾ ਇਕ ਬੱਚੇ ਦੇ ਨਾਲ ਬਦਫੈਲੀ ਕਰਨ ਦੇ ਦੋਸ਼ ’ਚ 2 ਨਬਾਲਗਾਂ ਦੇ ਵਿਰੁੱਧ ਪਰਚਾ ਦਰਜ ਕੀਤਾ ਗਿਆ।

* 9 ਮਾਰਚ ਨੂੰ ਰਾਜਸਥਾਨ ਦੇ ਝਾਲਾਵਾੜ ’ਚ ਇਕ 15 ਸਾਲਾ ਲੜਕੀ ਦੇ ਅਗਵਾ ਦੇ ਬਾਅਦ 8 ਦਿਨਾਂ ਤਕ ਉਸ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ 2 ਨਬਾਲਗਾਂ ਸਣੇ 4 ਵਿਅਕਤੀਆਂ ਨੂੰ ਫੜਿਆ ਗਿਆ।

* 10 ਮਾਰਚ ਨੂੰ ਲੁਧਿਆਣਾ ’ਚ ਮੋਬਾਇਲ ’ਤੇ ਵੀਡੀਓ ਬਣਾਉਣ ਦੇ ਨਾਲ-ਨਾਲ ਤੇਜ਼ ਰਫਤਾਰ ਨਾਲ ਕਾਰ ਚਲਾ ਰਹੇ ਇਕ ਨਾਬਾਲਗ ਨੇ ਸੜਕ ਦੇ ਕੰਢੇ ਪਾਣੀ ਪੀ ਰਹੇ 2 ਬੱਚਿਆਂ ਨੂੰ ਦਰੜ ਦਿੱਤਾ, ਜਿਸ ਦੇ ਸਿੱਟੇ ਵਜੋਂ ਇਕ ਬੱਚੇ ਦੀ ਮੌਤ ਹੋ ਗਈ।

* 12 ਮਾਰਚ ਨੂੰ ਨਕੋਦਰ ਪੁਲਸ ਨੇ 2 ਲੜਕਿਆਂ ਵਲੋਂ ਇਕ 12 ਸਾਲਾ ਬਾਲਕ ਨਾਲ ਬਦਫੈਲੀ ਕਰਨ ਦੇ ਦੋਸ਼ ’ਚ ਉਨ੍ਹਾਂ ਵਿਰੁੱਧ ਕੇਸ ਦਰਜ ਕੀਤਾ।

* 14 ਮਾਰਚ ਨੂੰ ਲੁਧਿਆਣਾ ’ਚ 8 ਸਾਲਾ ਬੱਚੇ ਦੇ ਨਾਲ ਬਦਫੈਲੀ ਕਰਨ ਦੇ ਦੋਸ਼ ’ਚ 6ਵੀਂ ਜਮਾਤ ਦੇ ਤਿੰਨ ਨਾਬਾਲਗ ਵਿਦਿਆਰਥੀਆਂ ਨੂੰ ਬਾਲ ਸੁਧਾਰ ਘਰ ਭੇਜਿਆ ਗਿਆ।

* 15 ਮਾਰਚ ਨੂੰ ਹਰਿਆਣਾ ਦੇ ਜੀਂਦ ’ਚ 14 ਸਾਲਾ ਅੱਲ੍ਹੜ ਨੂੰ ਆਪਣੀ 12 ਸਾਲਾ ਭੈਣ ਨਾਲ ਜਬਰ-ਜ਼ਨਾਹ ਕਰ ਕੇ ਉਸ ਨੂੰ ਗਰਭਵਤੀ ਕਰ ਦੇਣ ਦੇ ਦੋਸ਼ ’ ਚ ਫੜਿਆ ਗਿਆ।

* 16 ਮਾਰਚ ਨੂੰ ਦਿੱਲੀ ’ਚ 2 ਵਿਅਕਤੀਆਂ ’ਤੇ ਛੁਰਿਆਂ ਨਾਲ ਵਾਰ ਕਰਕੇ ਉਨ੍ਹਾਂ ਦੀ ਹੱਤਿਆ ਕਰਨ ਦੇ ਦੋਸ਼ ’ਚ ਇਕ ਨਾਬਾਲਗ ਅਤੇ ਉਸ ਦੇ ਦੋਸਤ ਨੂੰ ਗ੍ਰਿਫਤਾਰ ਕੀਤਾ ਗਿਆ।

ਕਿਸੇ ਵੀ ਦੋਸ਼ ’ਚ ਗ੍ਰਿਫਤਾਰ ਕੀਤੇ ਗਏ ਨਾਬਾਲਗਾਂ ’ਤੇ ਰੈਗੂਲਰ ਅਦਾਲਤ ਦੀ ਬਜਾਏ ‘ਅੱਲ੍ਹੜ ਨਿਆਂ ਕਾਨੂੰਨ’ ਦੇ ਅਧੀਨ ਕੇਸ ਚਲਾਇਆ ਜਾਂਦਾ ਹੈ, ਜਿਸਦੇ ਅਧੀਨ ਘੱਟ ਸਜ਼ਾ ਦੀ ਵਿਵਸਥਾ ਹੈ।

ਇਸੇ ਕਾਰਨ ਆਮ ਤੌਰ ’ਤੇ ਬਾਲਗ ਅਪਰਾਧੀਆਂ ਵਰਗੇ ਗੰਭੀਰ ਜੁਰਮ ਦੇ ਬਾਵਜੂਦ ਨਾਬਾਲਗ ਅਪਰਾਧੀ ਸਖਤ ਸਜ਼ਾ ਤੋਂ ਬਚ ਜਾਂਦੇ ਹਨ ਜਿਵੇਂ ਕਿ 2012 ਦੇ ਦਾਮਿਨੀ ਜਬਰ-ਜ਼ਨਾਹ ਕਾਂਡ ’ਚ ਹੋਇਆ, ਜਿਸ ’ਚ ਮੁਟਿਆਰ ਨਾਲ ਸਭ ਤੋਂ ਵੱਧ ਦਰਿੰਦਗੀ ਕਰਨ ਵਾਲਾ ਅੱਲ੍ਹੜ ਅਪਰਾਧੀ ਨਾਬਾਲਗ ਹੋਣ ਦੀ ਆੜ ’ਚ ਮੌਤ ਦੀ ਸਜ਼ਾ ਤੋਂ ਬਚ ਨਿਕਲਿਆ ਜਦਕਿ ਉਸੇ ਕੇਸ ’ਚ ਸ਼ਾਮਲ ਹੋਰ ਅਪਰਾਧੀਆਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ।

ਇਸੇ ਕਾਰਨ 16 ਮਾਰਚ ਨੂੰ ਸੰਸਦ ਦੀ ਗ੍ਰਹਿ ਮਾਮਲਿਆਂ ਦੀ ਸਥਾਈ ਕਮੇਟੀ ਨੇ ਕੇਂਦਰ ਸਰਕਾਰ ਨੂੰ ਜਿਣਸੀ ਅਪਰਾਧਾਂ ਤੋਂ ‘ਬੱਚਿਆਂ ਦਾ ਰਖਵਾਲੀ ਕਾਨੂੰਨ’ (ਪੋਕਸੋ) ਦੇ ਤਹਿਤ ਬਾਲਗ ਹੋਣ ਦੀ ਉਮਰ 18 ਸਾਲ ਤੋਂ ਘਟਾ ਕੇ 16 ਸਾਲ ਕਰਨ ਦੀ ਸਿਫਾਰਸ਼ ਕੀਤੀ ਹੈ।

ਕਮੇਟੀ ਨੇ ਕਿਹਾ ਹੈ ਕਿ ਜਿਣਸੀ ਅਪਰਾਧ ਸਬੰਧੀ ਛੋਟੀਆਂ ਘਟਨਾਵਾਂ ਦੇ ਮੱਦੇਨਜ਼ਰ ਅੱਲ੍ਹੜ ਅਪਰਾਧੀ ਨੂੰ ਉਚਿਤ ਸਲਾਹ ਦਿੱਤੇ ਬਿਨਾਂ ਅਤੇ ਬਿਨਾਂ ਕਾਰਵਾਈ ਛੱਡ ਦੇਣ ’ਤੇ ਅੱਲ੍ਹੜ ਜਿਣਸੀ ਅਪਰਾਧੀ ਵਧ ਗੰਭੀਰ ਅਤੇ ਘਿਣੌਨੇ ਅਪਰਾਧ ਕਰ ਸਕਦੇ ਹਨ।

ਕਮੇਟੀ ਦੀ ਉਕਤ ਸਿਫਾਰਸ਼ ਵਿਹਾਰਕ ਹੈ, ਜਿਸ ਨੂੰ ਹੋਰਨਾਂ ਅਪਰਾਧਾਂ ਦੇ ਮਾਮਲੇ ’ਚ ਵੀ ਲਾਗੂ ਕੀਤਾ ਜਾਣਾ ਚਾਹੀਦਾ ਹੈ, ਜਿਵੇਂ ਕਿ ਉਕਤ ਉਦਾਹਰਣਾਂ ਤੋਂ ਸਪਸ਼ਟ ਹੈ ਕਿ ਅੱਲ੍ਹੜ ਅਪਰਾਧੀ ਸਿਰਫ ਜਿਣਸੀ ਅਪਰਾਧਾਂ ’ਚ ਹੀ ਨਹੀਂ ਸਗੋਂ ਹੱਤਿਆ ਵਰਗੇ ਹੋਰ ਗੰਭੀਰ ਅਪਰਾਧਾਂ ’ਚ ਵੀ ਸਰਗਰਮੀ ਨਾਲ ਸ਼ਾਮਲ ਹੋ ਕੇ ਬਾਲਗਾਂ ਵਰਗਾ ਆਚਰਨ ਹੀ ਕਰ ਰਹੇ ਹਨ।

ਸੁਪਰੀਮ ਕੋਰਟ ਦੇ ‘ਅੱਲ੍ਹੜ ਨਿਆਂ ਕਮੇਟੀ’ ਦੇ ਮੁਖੀ ਜਸਟਿਸ ਮਦਨ ਬੀ. ਲੋਕੁਰ ਦਾ ਕਹਿਣਾ ਹੈ ਕਿ ‘ਅੱਲ੍ਹੜ ਅਪਰਾਧੀਆਂ ਨੂੰ ਜਬਰ-ਜ਼ਨਾਹ ਅਤੇ ਹੱਤਿਆ ਵਰਗੇ ਗੰਭੀਰ ਅਪਰਾਧਾਂ ’ਚ ਮੌਤ ਦੀ ਸਜ਼ਾ ਵਰਗੀ ਸਭ ਤੋਂ ਉੱਚੀ ਸਜ਼ਾ ਨਹੀਂ ਦਿੱਤੀ ਜਾ ਸਕਦੀ।’’

ਸਾਡੇ ਵਿਚਾਰ ’ਚ ਮੌਤ ਦੀ ਸਜ਼ਾ ਬੇਸ਼ੱਕ ਹੀ ਨਾ ਸਹੀ ਅੱਲ੍ਹੜ ਅਪਰਾਧੀਆਂ ਨੂੰ ਜ਼ਿਆਦਾ ਸਖਤ ਅਤੇ ਸਿੱਖਿਆਦਾਇਕ ਸਜ਼ਾ ਦੇਣ ਦੀ ਲੋੜ ਤਾਂ ਜ਼ਰੂਰ ਹੀ ਹੈ।

ਜ਼ਿਕਰਯੋਗ ਹੈ ਕਿ ਨਾਬਾਲਗਾਂ ਨੂੰ ਵਾਹਨ ਚਲਾਉਣ ਦੀ ਇਜਾਜ਼ਤ ਦੇਣ ਲਈ ਉਨ੍ਹਾਂ ਦੇ ਮਾਪਿਆਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ 2019 ’ਚ ਕੇਂਦਰ ਸਰਕਾਰ ਨੇ ਇਕ ਕਾਨੂੰਨ ਬਣਾ ਕੇ ਵਾਹਨ ਚਲਾਉਣ ਦੇ ਫੜੇ ਜਾਣ ਵਾਲੇ ਨਾਬਾਲਗਾਂ ਦੇ ਮਾਤਾ-ਪਿਤਾ ਲਈ 25 ਹਜ਼ਾਰ ਰੁਪਏ ਜੁਰਮਾਨੇ ਅਤੇ 3 ਸਾਲ ਕੈਦ ਦੀ ਵਿਵਸਥਾ ਕੀਤੀ ਸੀ ਪਰ ਸੂਬਾ ਸਰਕਾਰਾਂ ਵਲੋਂ ਇਸ ਦੀ ਪਾਲਣਾ ਨਹੀਂ ਕੀਤੀ ਜਾ ਰਹੀ, ਇਸ ਲਈ ਇਸ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ।

ਕਈ ਲੋਕਾਂ ਦਾ ਇਸ ਸਬੰਧ ’ਚ ਕਹਿਣਾ ਹੈ ਕਿ ਜੇਕਰ ਬਾਲਗ ਹੋਣ ਦੀ ਉਮਰ 15 ਸਾਲ ਕਰ ਦਿੱਤੀ ਜਾਵੇ ਤਾਂ ਬਹੁਤ ਚੰਗਾ ਹੋਵੇਗਾ ਕਿਉਂਕਿ ਅਜਿਹੀਆਂ ਜਿੰਨੀਆਂ ਵੀ ਘਟਨਾਵਾਂ ਹੋ ਰਹੀਆਂ ਹਨ ਉਨ੍ਹਾਂ ’ਚ ਜ਼ਿਆਦਾਤਰ 14-15 ਸਾਲ ਉਮਰ ਵਰਗ ਦੇ ਨਾਬਾਲਗ ਹੀ ਸ਼ਾਮਲ ਪਾਏ ਜਾ ਰਹੇ ਹਨ।

–ਵਿਜੇ ਕੁਮਾਰ

Bharat Thapa

This news is Content Editor Bharat Thapa