ਦੱਖਣੀ ਚੀਨ ਸਾਗਰ ''ਚ ਚੀਨ ਦਾ ਫੌਜੀਕਰਨ

05/21/2018 7:12:57 AM

ਚੀਨ ਨੇ ਦੱਖਣੀ ਚੀਨ ਸਾਗਰ ਦੇ ਵਾਦ-ਵਿਵਾਦ ਵਾਲੇ ਖੇਤਰ 'ਚ ਪਹਿਲੀ ਵਾਰ ਬੰਬ ਵਰ੍ਹਾਉਣ ਵਾਲੇ ਜਹਾਜ਼ ਉਤਾਰੇ ਹਨ। ਚੀਨੀ ਹਵਾਈ ਫੌਜ ਦੇ ਇਸ ਐਲਾਨ ਦੇ ਨਾਲ ਹੀ ਅਮਰੀਕਾ ਨੇ ਨਵੀਆਂ ਚਿਤਾਵਨੀਆਂ ਦੇ ਤਹਿਤ ਕਿਹਾ ਹੈ ਕਿ ਚੀਨ ਆਪਣੀਆਂ ਹਰਕਤਾਂ ਦੇ ਨਾਲ ਇਸ ਖੇਤਰ ਨੂੰ ਅਸਥਿਰ ਕਰਨ ਦਾ ਕੰਮ ਕਰ ਰਿਹਾ ਹੈ। 
ਲੰਮੀ ਦੂਰੀ ਦੇ 'ਐੱਚ-6 ਬੰਬਰ' ਉਨ੍ਹਾਂ ਬੰਬ ਵਰ੍ਹਾਉਣ ਵਾਲੇ ਜਹਾਜ਼ਾਂ 'ਚੋਂ ਇਕ ਹਨ, ਜਿਨ੍ਹਾਂ ਨੂੰ ਸਾਰੇ ਖੇਤਰਾਂ ਤਕ ਪਹੁੰਚ ਸਥਾਪਿਤ ਕਰਨ ਦੀ ਚੀਨ ਦੀ ਸਮਰੱਥਾ ਨੂੰ ਬਿਹਤਰ ਕਰਨ ਲਈ ਟਾਪੂਆਂ 'ਤੇ ਆਯੋਜਿਤ ਫੌਜੀ ਅਭਿਆਸ 'ਚ ਸ਼ਾਮਿਲ ਕੀਤਾ ਗਿਆ ਸੀ। 
ਦੱਖਣੀ ਚੀਨ ਸਾਗਰ ਇਕ ਪ੍ਰਮੁੱਖ ਵਪਾਰਕ ਮਾਰਗ ਹੈ, ਜਿਸ 'ਤੇ 6 ਦੇਸ਼ਾਂ ਦਾ ਦਾਅਵਾ ਰਿਹਾ ਹੈ। ਇਸ ਸਾਗਰ ਖੇਤਰ 'ਤੇ ਆਪਣੇ ਦਾਅਵੇ ਦਾ ਸਮਰਥਨ ਕਰਨ ਲਈ ਇਸ ਦੇ ਫੌਜੀਕਰਨ ਦਾ ਦੋਸ਼ ਚੀਨ 'ਤੇ ਲੱਗਦਾ ਰਿਹਾ ਹੈ। 
ਚੀਨ ਦੇ ਰੱਖਿਆ ਮੰਤਰਾਲੇ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਉਨ੍ਹਾਂ ਦੇ ਬੰਬ ਵਰ੍ਹਾਉਣ ਵਾਲੇ ਇਹ ਜਹਾਜ਼ ਕਿੱਥੇ ਉਤਰੇ ਪਰ ਇੰਨਾ ਜ਼ਰੂਰ ਦੱਸਿਆ ਕਿ ਅਭਿਆਸ  ਦੌਰਾਨ ਸਮੁੰਦਰੀ ਟੀਚਿਆਂ ਨੂੰ ਨਿਸ਼ਾਨਾ ਬਣਾਉਣਾ ਵੀ ਸ਼ਾਮਿਲ ਸੀ। 'ਐੱਚ-6 ਦੇ ਬੰਬਰ' ਦੇ ਇਕ ਪਾਇਲਟ ਜੀ. ਈ. ਡਾਕਿੰਗ ਦੇ ਇਕ ਬਿਆਨ ਅਨੁਸਾਰ ਇਹ ਅਭਿਆਸ ਉਨ੍ਹਾਂ ਦੀ ਹਿੰਮਤ ਨੂੰ ਤਿੱਖਾਪਣ ਦੇਣ ਦੇ ਨਾਲ ਹੀ ਅਸਲ ਜੰਗੀ ਸਥਿਤੀਆਂ ਲਈ ਉਨ੍ਹਾਂ ਨੂੰ ਵਧੇਰੇ ਸਮਰੱਥ ਬਣਾਏਗਾ। 
ਏਸ਼ੀਆ ਮੈਰੀਟਾਈਮ ਟਰਾਂਸਪੇਰੈਂਸੀ ਇਨੀਸ਼ੀਏਟਿਵ (ਏ. ਐੱਮ. ਟੀ. ਆਈ.) ਦੇ ਮਾਹਿਰਾਂ ਅਨੁਸਾਰ ਚੀਨੀ ਕਮਿਊਨਿਸਟ ਪਾਰਟੀ ਦੇ ਪੀਪਲਜ਼ ਡੇਲੀ ਅਖ਼ਬਾਰ ਵਲੋਂ ਜਾਰੀ ਇਕ ਵੀਡੀਓ 'ਚ 'ਐੱਚ-6 ਦੇ ਬੰਬਰ' ਨੂੰ ਪੈਰਾਸੇਲਜ਼ ਦੀਪ ਸਮੂਹ ਦੇ ਸਭ ਤੋਂ ਵੱਡੇ ਦੀਪ ਵੂਡੀ 'ਤੇ ਉੱਤਰਦੇ ਅਤੇ ਉਡਾਣ ਭਰਦੇ ਹੋਏ ਦਿਖਾਇਆ ਗਿਆ ਹੈ। 
ਵੂਡੀ ਟਾਪੂ ਨੂੰ ਚੀਨ ਯੋਂਗਜਿੰਗ ਕਹਿੰਦਾ ਹੈ, ਜਿਸ 'ਤੇ ਵੀਅਤਨਾਮ ਅਤੇ ਤਾਈਵਾਨ ਦੇ ਵੀ ਆਪਣੇ-ਆਪਣੇ ਦਾਅਵੇ ਹਨ। ਹਾਲਾਂਕਿ ਚੀਨ ਨੇ ਪਹਿਲਾਂ ਵੀ ਵੂਡੀ ਟਾਪੂ 'ਤੇ ਲੜਾਕੂ ਜਹਾਜ਼ ਤਾਇਨਾਤ ਕੀਤੇ ਹਨ ਪਰ ਪਹਿਲੀ ਵਾਰ ਬੰਬ-ਵਰ੍ਹਾਊ ਜਹਾਜ਼ ਦੱਖਣੀ ਚੀਨ ਸਾਗਰ ਦੇ ਕਿਸੇ ਟਾਪੂ 'ਤੇ ਉਤਾਰੇ ਹਨ। ਇਸ ਟਾਪੂ ਤੋਂ ਪੂਰਾ ਦੱਖਣ-ਪੂਰਬ ਏਸ਼ੀਆ 'ਐੱਚ-6 ਦੇ ਬੰਬਰਾਂ' ਦੀ ਪਹੁੰਚ 'ਚ ਹੈ। 
ਵਿਸ਼ਲੇਸ਼ਕਾਂ ਅਨੁਸਾਰ ਜਲਦ ਹੀ ਬੰਬ-ਵਰ੍ਹਾਊ ਜਹਾਜ਼ ਹੋਰ ਜ਼ਿਆਦਾ ਦੱਖਣ 'ਚ ਸਥਿਤ ਸਪਾਰਟਲੀ ਟਾਪੂਆਂ 'ਤੇ ਉਤਰ ਸਕਦੇ ਹਨ, ਜਿਥੇ ਸਮੁੰਦਰੀ ਚੱਟਾਨਾਂ 'ਤੇ ਰਨਵੇ ਅਤੇ ਹੈਂਗਰ ਬਣਾਏ ਜਾ ਚੁੱਕੇ ਹਨ, ਉਥੋਂ 'ਐੱਚ-6 ਦੇ ਬੰਬਰ' ਉੱਤਰੀ ਆਸਟਰੇਲੀਆ ਜਾਂ ਗੁਆਮ ਸਥਿਤ ਅਮਰੀਕੀ ਬੇਸ ਤਕ ਵੀ ਪਹੁੰਚ ਸਕਣਗੇ। 
ਦੱਖਣੀ ਚੀਨ ਸਾਗਰ 'ਚ ਚੀਨ ਦੇ ਬਣੇ ਮਸਨੂਈ ਟਾਪੂਆਂ ਦੇ ਨੇੜੇ ਅਮਰੀਕਾ ਆਪਣੇ ਜੰਗੀ ਬੇੜੇ ਭੇਜ ਚੁੱਕਾ ਹੈ। ਅਮਰੀਕਾ ਵਲੋਂ ਅਜਿਹਾ ਕਰਨ ਦਾ ਮਕਸਦ ਰਣਨੀਤਕ ਤੌਰ 'ਤੇ ਮਹੱਤਵਪੂਰਨ ਇਸ ਖੇਤਰ 'ਚ ਹੋਰਨਾਂ ਦੇਸ਼ਾਂ ਦੀ ਸਮੁੰਦਰੀ ਆਵਾਜਾਈ ਦੀ ਆਜ਼ਾਦੀ ਨੂੰ ਸੀਮਤ ਕਰਨ ਦੇ ਚੀਨੀ ਯਤਨਾਂ ਨੂੰ ਚੁਣੌਤੀ ਦੇਣਾ ਹੈ। 
ਪੈਂਟਾਗਨ ਦੇ ਇਕ ਬੁਲਾਰੇ ਅਨੁਸਾਰ ਅਮਰੀਕਾ 'ਆਜ਼ਾਦ ਅਤੇ ਮੁਕਤ ਇੰਡੋ-ਪੈਸੇਫਿਕ ਖੇਤਰ ਲਈ ਵਚਨਬੱਧ ਹੈ'। ਉਨ੍ਹਾਂ ਅਨੁਸਾਰ, ''ਅਸੀਂ ਇਨ੍ਹਾਂ ਰਿਪੋਰਟਾਂ ਨੂੰ ਦੇਖਿਆ ਹੈ ਅਤੇ ਦੱਖਣੀ ਚੀਨ ਸਾਗਰ ਦੇ ਵਾਦ-ਵਿਵਾਦ ਵਾਲੇ ਖੇਤਰ 'ਚ ਚੀਨ ਵਲੋਂ ਲਗਾਤਾਰ ਹੋ ਰਿਹਾ ਫੌਜੀਕਰਨ ਸਿਰਫ ਤਣਾਅ ਵਧਾਉਣ ਅਤੇ ਇਸ ਖੇਤਰ ਨੂੰ ਅਸਥਿਰ ਕਰਨ ਦਾ ਕੰਮ ਕਰੇਗਾ।'' 
ਚੀਨ ਨੇ ਮਈ ਦੇ ਸ਼ੁਰੂ 'ਚ ਸਪਾਰਟਲੀ ਟਾਪੂਆਂ ਦੀਆਂ 3 ਸਰਹੱਦੀ ਚੌਕੀਆਂ 'ਤੇ ਐਂਟੀ-ਸ਼ਿਪ ਕਰੂਜ਼ ਅਤੇ ਸਤ੍ਹਾ ਤੋਂ ਹਵਾ 'ਚ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਤਾਇਨਾਤ ਕੀਤੀਆਂ ਸਨ। ਦੱਖਣੀ ਚੀਨ ਸਾਗਰ 'ਚ ਉਹ ਇਸ ਤੋਂ ਪਹਿਲਾਂ ਮਿਲਟਰੀ ਰੇਡੀਓ ਜੈਮਿੰਗ ਉਪਕਰਨ ਵੀ ਲਾ ਚੁੱਕਾ ਹੈ। 
ਲੰਮੇ ਸਮੇਂ ਤੋਂ ਦੱਖਣੀ ਚੀਨ ਸਾਗਰ ਵਿਵਾਦ ਕਾਇਮ ਹੈ। ਅਸਲ 'ਚ ਚੀਨ, ਵੀਅਤਨਾਮ, ਫਿਲਪੀਨਜ਼, ਤਾਈਵਾਨ ਅਤੇ ਮਲੇਸ਼ੀਆ ਵਲੋਂ 2 ਵੀਰਾਨ ਟਾਪੂ ਸਮੂਹਾਂ ਪੈਰਾਸੇਲਜ਼ ਅਤੇ ਸਪਾਰਟਲੀਜ਼ 'ਤੇ ਪ੍ਰਭੂਸੱਤਾ ਦੇ ਦਾਅਵਿਆਂ ਕਾਰਨ ਇਹ ਵਿਵਾਦ ਹੈ। 
ਚੀਨ ਇਸ ਖੇਤਰ ਦੇ ਸਭ ਤੋਂ ਵੱਡੇ ਹਿੱਸੇ 'ਤੇ ਦਾਅਵਾ ਕਰਦਾ ਹੈ। ਉਸ ਅਨੁਸਾਰ ਇਸ 'ਤੇ ਉਸ ਦਾ ਅਧਿਕਾਰ ਸਦੀਆਂ ਪੁਰਾਣਾ ਹੈ ਅਤੇ ਆਪਣੇ ਇਸ ਦਾਅਵੇ ਦੇ ਵੇਰਵੇ ਵਾਲਾ ਇਕ ਨਕਸ਼ਾ ਵੀ ਉਸ ਨੇ 1947 'ਚ ਜਾਰੀ ਕੀਤਾ ਸੀ। 
ਇਹ ਖੇਤਰ ਇਕ ਪ੍ਰਮੁੱਖ ਜਹਾਜ਼ਰਾਨੀ ਮਾਰਗ ਅਤੇ ਫਿਸ਼ਿੰਗ ਲਈ ਜ਼ਰੂਰੀ ਸਮੁੰਦਰੀ ਜੀਵਾਂ ਨਾਲ ਭਰਪੂਰ ਹੈ। ਮੰਨਿਆ ਜਾਂਦਾ ਹੈ ਕਿ ਇਥੇ ਕਾਫੀ ਮਾਤਰਾ 'ਚ ਤੇਲ ਅਤੇ ਗੈਸ ਦੇ ਭੰਡਾਰ ਵੀ ਮੌਜੂਦ ਹਨ। 
ਸਮੁੰਦਰੀ ਕਾਨੂੰਨ 'ਤੇ ਸੰਯੁਕਤ ਰਾਸ਼ਟਰ ਕਨਵੈਨਸ਼ਨ ਦੇ ਤਹਿਤ ਵੱਖ-ਵੱਖ ਰਾਸ਼ਟਰਾਂ ਨੂੰ ਆਪਣੀ-ਆਪਣੀ ਤੱਟ ਰੇਖਾ ਤੋਂ 200 ਸਮੁੰਦਰੀ ਮੀਲ ਤਕ ਵਿਸ਼ੇਸ਼ ਆਰਥਿਕ ਅਧਿਕਾਰ ਪ੍ਰਾਪਤ ਹਨ। ਇਸ ਨਿਯਮ ਦੇ ਤਹਿਤ ਜ਼ਿਆਦਾਤਰ ਸਪਾਰਟਲੀ ਟਾਪੂ ਫਿਲਪੀਨਜ਼ ਅਤੇ ਮਲੇਸ਼ੀਆ ਦੇ ਅਧਿਕਾਰ ਖੇਤਰ 'ਚ ਆਉਂਦੇ ਹਨ ਪਰ ਚੀਨ ਖਣਿਜ ਸੋਮਿਆਂ ਨਾਲ ਖੁਸ਼ਹਾਲ ਦੱਖਣੀ ਚੀਨ ਸਾਗਰ ਦੇ ਲੱਗਭਗ ਪੂਰੇ ਇਲਾਕੇ ਨੂੰ ਆਪਣਾ ਦੱਸਦਾ ਹੈ, ਹਾਲਾਂਕਿ 2016 'ਚ ਹੇਗ ਸਥਿਤ ਕੌਮਾਂਤਰੀ ਅਦਾਲਤ ਉਸ ਦਾ ਇਹ ਦਾਅਵਾ ਖਾਰਿਜ ਕਰ ਚੁੱਕੀ ਹੈ ਅਤੇ ਭਾਰਤ ਨੂੰ ਵੀ ਇਸ ਮਾਮਲੇ 'ਚ ਸਾਵਧਾਨ ਹੋ ਜਾਣ ਦੀ ਲੋੜ ਹੈ।