ਮਹਿਬੂਬਾ ਮੁਫਤੀ ਦੀ ਕੇਂਦਰ ਸਰਕਾਰ ਨੂੰ ਚਿਤਾਵਨੀ ਅਤੇ ਗੰਭੀਰ ਨਤੀਜਿਆਂ ਦੀ ਧਮਕੀ

07/14/2018 4:18:27 AM

ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ. ਡੀ. ਪੀ.) ਦੀ ਪ੍ਰਧਾਨ ਮਹਿਬੂਬਾ ਮੁਫਤੀ ਦੀ ਭੈਣ ਰੂਬੀਆ ਸਈਦ ਨੂੰ 1989 'ਚ ਅਗਵਾ ਕਰ ਲਿਆ ਗਿਆ, ਜਦੋਂ ਇਨ੍ਹਾਂ ਦੇ ਪਿਤਾ ਮੁਫਤੀ ਮੁਹੰਮਦ ਸਈਦ ਕੇਂਦਰ 'ਚ ਗ੍ਰਹਿ ਮੰਤਰੀ ਸਨ।
ਰੂਬੀਆ ਨੂੰ ਅਗਵਾ ਕਰਨ ਤੋਂ ਕੁਝ ਦਿਨਾਂ ਬਾਅਦ ਕੁਝ ਅੱਤਵਾਦੀਆਂ ਦੀ ਰਿਹਾਈ ਬਦਲੇ ਛੱਡ ਦਿੱਤਾ ਗਿਆ, ਜਿਸ ਦੇ ਲਈ ਵਿਰੋਧੀ ਪਾਰਟੀਆਂ ਨੇ ਸਰਕਾਰ ਦੀ ਭਾਰੀ ਆਲੋਚਨਾ ਕੀਤੀ ਅਤੇ ਉਸ ਤੋਂ ਬਾਅਦ ਜੰਮੂ-ਕਸ਼ਮੀਰ ਦੇ ਹਾਲਾਤ ਵਿਗੜਦੇ ਗਏ।
ਫਿਲਹਾਲ ਦੇਸ਼ ਦੇ ਕਿਸੇ ਸੂਬੇ ਦੀ ਦੂਜੀ ਮੁਸਲਿਮ ਮੁੱਖ ਮੰਤਰੀ ਬਣਨ ਦਾ ਸਿਹਰਾ ਪ੍ਰਾਪਤ ਕਰਨ ਵਾਲੀ ਮਹਿਬੂਬਾ ਮੁਫਤੀ ਨੇ 4 ਅਪ੍ਰੈਲ 2016 ਨੂੰ ਭਾਜਪਾ ਦੇ ਸਹਿਯੋਗ ਨਾਲ ਜੰਮੂ-ਕਸ਼ਮੀਰ ਵਿਚ ਗੱਠਜੋੜ ਸਰਕਾਰ ਬਣਾਈ ਪਰ ਕਾਨੂੰਨ-ਵਿਵਸਥਾ ਨੂੰ ਕੰਟਰੋਲ ਕਰਨ 'ਚ ਨਾਕਾਮ ਰਹਿਣ ਕਰਕੇ ਭਾਜਪਾ ਵਲੋਂ ਪੀ. ਡੀ. ਪੀ. ਤੋਂ ਹਮਾਇਤ ਵਾਪਸ ਲੈ ਲੈਣ 'ਤੇ 19 ਜੂਨ 2018 ਨੂੰ ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ।
ਇਸ ਤੋਂ ਬਾਅਦ ਤੇਜ਼ੀ ਨਾਲ ਬਦਲਦੀਆਂ ਘਟਨਾਵਾਂ 'ਚ ਇਕ ਪਾਸੇ ਜਿੱਥੇ ਭਾਜਪਾ ਅਤੇ ਹੋਰ ਪਾਰਟੀਆਂ ਵਲੋਂ ਜੰਮੂ-ਕਸ਼ਮੀਰ ਦੀ ਕਾਨੂੰਨ-ਵਿਵਸਥਾ ਦੀ ਸਥਿਤੀ ਲਈ ਮਹਿਬੂਬਾ ਮੁਫਤੀ ਨੂੰ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ, ਉਥੇ ਹੀ ਖੁਦ ਪੀ. ਡੀ. ਪੀ. ਅੰਦਰ ਵੀ ਮਹਿਬੂਬਾ ਦੀ ਕਾਰਜਸ਼ੈਲੀ ਨੂੰ ਲੈ ਕੇ ਅਸਹਿਮਤੀ ਦੀਆਂ ਆਵਾਜ਼ਾਂ ਉੱਠਣ ਲੱਗੀਆਂ ਹਨ। 
ਪੀ. ਡੀ. ਪੀ. ਦੀ ਬਦਹਾਲੀ ਲਈ ਮਹਿਬੂਬਾ ਦੀਆਂ ਨੀਤੀਆਂ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਪੀ. ਡੀ. ਪੀ. ਦੇ ਕਈ ਸੀਨੀਅਰ ਆਗੂਆਂ ਤੇ ਵਿਧਾਇਕਾਂ ਨੇ ਮਹਿਬੂਬਾ ਵਿਰੁੱਧ ਬਗਾਵਤ ਦਾ ਝੰਡਾ ਬੁਲੰਦ ਕਰ ਦਿੱਤਾ ਹੈ, ਜਿਨ੍ਹਾਂ 'ਚ ਸਾਬਕਾ ਮੰਤਰੀ ਇਮਰਾਨ ਰਜ਼ਾ ਅੰਸਾਰੀ, ਵਿਧਾਇਕ ਆਬਿਦ ਹੁਸੈਨ ਅੰਸਾਰੀ, ਵਿਧਾਇਕ ਮੁਹੰਮਦ ਅੱਬਾਸ, ਅਬਦੁਲ ਮਜੀਦ, ਜਾਵੇਦ ਹੁਸੈਨ ਬੇਗ ਅਤੇ ਐੱਮ. ਐੱਲ. ਸੀ. ਯਾਸਿਰ ਰੇਸ਼ੀ ਆਦਿ ਸ਼ਾਮਲ ਹਨ। 
ਫਿਲਹਾਲ ਹੁਣ ਜਦੋਂ ਪਾਣੀ ਸਿਰੋਂ ਲੰਘਣ ਦੀ ਨੌਬਤ ਆ ਗਈ ਹੈ, ਕਿਸੇ ਵੀ ਢੰਗ ਨਾਲ ਆਪਣੀ ਪਾਰਟੀ ਨੂੰ ਬਚਾਉਣ 'ਚ ਜੁਟੀ ਮਹਿਬੂਬਾ ਨੇ ਪੀ. ਡੀ. ਪੀ. ਆਗੂਆਂ ਦਾ ਅਪਮਾਨ ਕਰਨ ਵਾਲੀ ਜੁੰਡਲੀ ਤੋਂ ਛੁਟਕਾਰਾ ਪਾਉਣ ਦੇ ਯਤਨ ਸ਼ੁਰੂ ਕਰ ਦਿੱਤੇ ਹਨ।
ਇਸੇ ਦਰਮਿਆਨ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਮਗਰੋਂ 13 ਜੁਲਾਈ ਨੂੰ ਮਹਿਬੂਬਾ ਮੁਫਤੀ ਨੇ ਸ਼੍ਰੀਨਗਰ 'ਚ ਇਕ ਪ੍ਰੈੱਸ ਕਾਨਫਰੰਸ 'ਚ ਕੇਂਦਰ ਨੂੰ ਚਿਤਾਵਨੀ ਦਿੱਤੀ ਕਿ ਉਨ੍ਹਾਂ ਦੀ ਪਾਰਟੀ ਨੂੰ ਤੋੜਨ ਦੇ ਕੇਂਦਰ ਦੇ ਕਿਸੇ ਵੀ ਯਤਨ ਦੇ ਬਹੁਤ ਖਤਰਨਾਕ ਨਤੀਜੇ ਨਿਕਲਣਗੇ।
ਉਨ੍ਹਾਂ ਕਿਹਾ ਕਿ ''ਜੇ 1987 ਵਾਂਗ, ਜਦੋਂ ਲੋਕਾਂ ਦੀਆਂ ਵੋਟਾਂ 'ਤੇ ਡਾਕਾ ਮਾਰਿਆ ਗਿਆ ਸੀ, ਪੀ. ਡੀ. ਪੀ. ਨੂੰ ਤੋੜਨ ਦੀ ਕੋਸ਼ਿਸ਼ ਹੋਈ ਅਤੇ ਐੱਮ.  ਯੂ. ਐੱਫ. (ਮੁਸਲਿਮ ਯੂਨਾਈਟਿਡ ਫਰੰਟ) ਨੂੰ ਕੁਚਲਣ ਦੀਆਂ ਕੋਸ਼ਿਸ਼ਾਂ ਹੋਈਆਂ ਤਾਂ ਇਸ ਦੇ ਨਤੀਜੇ ਬੇਹੱਦ ਖਤਰਨਾਕ ਹੋਣਗੇ।''
ਮਹਿਬੂਬਾ ਨੇ ਸੰਨ 1987 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਵਾਪਰੀ ਉਸ ਘਟਨਾ ਨੂੰ ਚੇਤੇ ਕੀਤਾ, ਜਿਸ ਕਾਰਨ ਯੂਨਾਈਟਿਡ ਜੇਹਾਦ ਕੌਂਸਲ ਦਾ ਚੇਅਰਮੈਨ ਅਤੇ ਹਿਜ਼ਬੁਲ ਮੁਜਾਹਿਦੀਨ ਦਾ ਬਾਨੀ ਕੌਮਾਂਤਰੀ ਅੱਤਵਾਦੀ ਸਲਾਹੂਦੀਨ, ਜੋ ਹੁਣ ਪਾਕਿਸਤਾਨ 'ਚ ਹੈ ਅਤੇ ਜੇ. ਕੇ. ਐੱਲ. ਐੱਫ. ਦਾ ਮੁਖੀ ਮੁਹੰਮਦ ਯਾਸੀਨ ਮਲਿਕ ਉੱਭਰੇ ਸਨ। ਉਨ੍ਹਾਂ ਕਿਹਾ ਕਿ ਸੰਨ 1987 'ਚ ਲੋਕਾਂ ਦੀਆਂ ਵੋਟਾਂ 'ਤੇ ਡਾਕਾ ਮਾਰਿਆ ਗਿਆ ਤਾਂ ਉਸ ਨਾਲ ਇਕ ਸਲਾਹੂਦੀਨ ਅਤੇ ਇਕ ਯਾਸੀਨ ਮਲਿਕ ਤਿਆਰ ਹੋਇਆ।
ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ 'ਚ ਇਹ ਆਮ ਧਾਰਨਾ ਹੈ ਕਿ 1987 ਦੀਆਂ ਵਿਧਾਨ ਸਭਾ ਚੋਣਾਂ 'ਚ ਧਾਂਦਲੀ ਕਰ ਕੇ ਮੁਹੰਮਦ ਯੂਸਫ ਸ਼ਾਹ ਸਮੇਤ ਮੁਸਲਿਮ ਯੂਨਾਈਟਿਡ ਫਰੰਟ ਦੇ ਸਾਰੇ ਨੇਤਾਵਾਂ ਨੂੰ ਨੈਸ਼ਨਲ ਕਾਨਫਰੰਸ ਅਤੇ ਕਾਂਗਰਸ ਨੇ ਜਾਣਬੁੱਝ ਕੇ ਹਰਵਾਇਆ ਅਤੇ ਬਾਅਦ ਵਿਚ ਇਹੋ ਯੂਸਫ ਸ਼ਾਹ ਪੀ. ਓ. ਕੇ. ਜਾ ਕੇ ਸਲਾਹੂਦੀਨ ਬਣਿਆ ਤੇ ਕਸ਼ਮੀਰ ਵਾਦੀ 'ਚ 1989 ਤੋਂ ਅੱਤਵਾਦ ਦੇ ਬੁਰੇ ਦਿਨ ਸ਼ੁਰੂ ਹੋਏ।
ਇਸ ਤਰ੍ਹਾਂ ਮਹਿਬੂਬਾ ਮੁਫਤੀ ਨੇ ਕੇਂਦਰ ਸਰਕਾਰ ਅਤੇ ਭਾਜਪਾ ਨੂੰ ਇਹ ਚਿਤਾਵਨੀ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਪੀ. ਡੀ. ਪੀ. 'ਚ ਸੰਨ੍ਹ ਲਾਉਣਾ ਕੌਮੀ ਸੁਰੱਖਿਆ ਦੇ ਨਜ਼ਰੀਏ ਤੋਂ ਕਿੰਨਾ ਖਤਰਨਾਕ ਸਿੱਧ ਹੋ ਸਕਦਾ ਹੈ ਕਿਉਂਕਿ ਜੇ ਕਸ਼ਮੀਰ ਵਾਦੀ ਦੇ ਲੋਕਾਂ ਦਾ ਭਾਰਤੀ ਲੋਕਤੰਤਰਿਕ ਪ੍ਰਣਾਲੀ ਉਤੋਂ ਭਰੋਸਾ ਖਤਮ ਹੋ ਗਿਆ ਤਾਂ ਕਈ ਹੋਰ ਸਲਾਹੂਦੀਨ ਪੈਦਾ ਹੋ ਸਕਦੇ ਹਨ ਅਤੇ ਸਥਿਤੀ ਹੋਰ ਵੀ ਵਿਗੜ ਜਾਵੇਗੀ।
ਮੁਫਤੀ ਦੇ ਉਕਤ ਬਿਆਨ 'ਤੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਨੈਕਾ ਆਗੂ ਉਮਰ ਅਬਦੁੱਲਾ ਦਾ ਕਹਿਣਾ ਹੈ ਕਿ ਜੇ ਉਹ ਕੇਂਦਰ ਸਰਕਾਰ ਨੂੰ ਧਮਕੀ ਦੇ ਰਹੀ ਹੈ ਤਾਂ ਇਸ ਦਾ ਮਤਲਬ ਹੈ ਕਿ ਉਹ ਟੁੱਟ ਚੁੱਕੀ ਹੈ।
ਬੇਸ਼ੱਕ ਪੀ. ਡੀ. ਪੀ. ਦੇ ਵਿਧਾਇਕ ਟੁੱਟ ਰਹੇ ਹਨ ਪਰ ਇਹ ਦੇਖਣਾ ਮਹਿਬੂਬਾ ਦਾ ਕੰਮ ਹੈ ਕਿ ਅਜਿਹਾ ਕਿਉਂ ਹੋ ਰਿਹਾ ਹੈ। ਭਾਜਪਾ ਨੇ ਤਾਂ ਅਜਿਹੀ ਕੋਈ ਮੁਹਿੰਮ ਨਹੀਂ ਛੇੜੀ ਹੈ ਅਤੇ ਭਾਜਪਾ ਆਗੂ ਰਾਮ ਮਾਧਵ ਖੁਦ ਕਹਿ ਚੁੱਕੇ ਹਨ ਕਿ ਜੰਮੂ-ਕਸ਼ਮੀਰ 'ਚ ਸਰਕਾਰ ਬਣਾਉਣ ਦਾ ਉਨ੍ਹਾਂ ਦੀ ਪਾਰਟੀ ਦਾ ਕੋਈ ਇਰਾਦਾ ਨਹੀਂ ਹੈ।
ਲਿਹਾਜ਼ਾ ਹੁਣ ਇਹ ਮਹਿਬੂਬਾ ਮੁਫਤੀ 'ਤੇ ਹੈ ਕਿ ਉਹ ਕੇਂਦਰ ਸਰਕਾਰ ਨੂੰ ਧਮਕੀਆਂ ਦੇਣੀਆਂ ਛੱਡ ਕੇ ਸਵੈ-ਮੰਥਨ ਕਰੇ ਤੇ ਦੇਖੇ ਕਿ ਪਾਰਟੀ ਵਿਚ ਬਗਾਵਤ ਦੇ ਸੁਰ ਕਿਉਂ ਉੱਠ ਰਹੇ ਹਨ ਅਤੇ ਨਾਰਾਜ਼ ਸਾਥੀਆਂ ਨੂੰ ਕਿਵੇਂ ਰਾਜ਼ੀ ਕੀਤਾ ਜਾਵੇ।
ਘਰ ਆਪਣਾ ਸੰਭਾਲੀਏ, ਚੋਰ ਕਿਸੇ ਨੂੰ ਨਾ ਆਖੀਏ!
—ਵਿਜੇ ਕੁਮਾਰ

Vijay Kumar Chopra

This news is Chief Editor Vijay Kumar Chopra