ਹੁਰੀਅਤ ਕਾਨਫਰੰਸ ’ਤੇ ਪਾਬੰਦੀ ਲਾਉਣ ਦਰਮਿਆਨ ਮਹਿਬੂਬਾ ਦਾ ਭੜਕਾਊ ਬਿਆਨ

08/24/2021 3:26:32 AM

ਜੰਮੂ-ਕਸ਼ਮੀਰ ਦੇ ਵੱਖਵਾਦੀ ਆਗੂਆਂ ਦੀਆਂ ਭਾਰਤ ਵਿਰੋਧੀ ਸਰਗਰਮੀਆਂ ਅਤੇ ਉਨ੍ਹਾਂ ਦੇ ‘ਪਾਕਿਸਤਾਨੀ ਕੁਨੈਕਸ਼ਨ’ ਦੇ ਸਮੇਂ-ਸਮੇਂ ’ਤੇ ਸਬੂਤ ਸਾਹਮਣੇ ਆਉਂਦੇ ਰਹਿੰਦੇ ਹਨ। ਇਸੇ ਸਿਲਸਿਲੇ ’ਚ 18 ਅਗਸਤ ਨੂੰ ਜੰਮੂ-ਕਸ਼ਮੀਰ ਪੁਲਸ ਨੇ ਕਸ਼ਮੀਰੀ ਵਿਦਿਆਰਥੀਆਂ ਨੂੰ ਪਾਕਿਸਤਾਨ ਦੇ ਮੈਡੀਕਲ ਕਾਲਜਾਂ ’ਚ ਦਾਖਲੇ ਲਈ ਸੀਟਾਂ ਵੇਚ ਕੇ ਉਸ ਤੋਂ ਪ੍ਰਾਪਤ ਰਕਮ ਜੰਮੂ-ਕਸ਼ਮੀਰ ’ਚ ਟੈਰਰ ਫੰਡਿੰਗ ਲਈ ਦੇਣ ਦੇ ਦੋਸ਼ ਹੇਠ 6 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ।

ਇਨ੍ਹਾਂ ’ਚ ਹੁਰੀਅਤ ਕਾਨਫਰੰਸ ਨਾਲ ਸੰਬੰਧਤ ਸੰਗਠਨ ‘ਸਾਲਵੇਸ਼ਨ ਮੂਵਮੈਂਟ’ ਦੇ ਮੁਖੀ ਮੁਹੰਮਦ ਅਕਬਰ ਭੱਟ, ਮੁਹੰਮਦ ਅਬਦੁੱਲਾ ਸ਼ਾਹ, ਸਬਜ਼ਾਰ ਅਹਿਮਦ ਸ਼ੇਖ ਅਤੇ ਫਾਤਿਮਾ ਸ਼ਾਹ ਸ਼ਾਮਲ ਹਨ, ਜਿਸ ਪਿਛੋਂ ਹੁਣ ਹੁਰੀਅਤ ਕਾਨਫਰੰਸ ਦੇ ਦੋਵਾਂ ਧੜਿਆਂ ’ਤੇ ਕੇਂਦਰ ਸਰਕਾਰ ਜਲਦੀ ਹੀ ਪਾਬੰਦੀ ਲਾਉਣ ਦੀ ਕਵਾਇਦ ’ਚ ਜੁਟ ਗਈ ਹੈ।

ਵੱਖਵਾਦੀਆਂ ਦੀਆਂ ਅਜਿਹੀਆਂ ਸਰਗਰਮੀਆਂ ਦਰਮਿਆਨ ਪੀ. ਡੀ. ਪੀ. ਦੀ ਸੁਪਰੀਮੋ ਮਹਿਬੂਬਾ ਮੁਫਤੀ ਵਲੋਂ ਇਤਰਾਜ਼ਯੋਗ ਬਿਆਨਬਾਜ਼ੀ ਵੀ ਜਾਰੀ ਹੈ, ਜਿਨ੍ਹਾਂ ਨੇ 21 ਅਗਸਤ ਨੂੰ ਕੇਂਦਰ ਸਰਕਾਰ ਨੂੰ ਅਫਗਾਨਿਸਤਾਨ ਦੀਆਂ ਘਟਨਾਵਾਂ ਤੋਂ ਸਿੱਖਿਆ ਲੈਣ ਦੀ ਨਸੀਹਤ ਦਿੱਤੀ ਅਤੇ ਕਿਹਾ :

‘‘ਸਾਡੇ ਹੌਸਲੇ ਦੀ ਪ੍ਰੀਖਿਆ ਨਾ ਲਓ। ਸਾਡੇ ਸਾਹਮਣੇ ਅਫਗਾਨਿਸਤਾਨ ਦੀ ਮਿਸਾਲ ਹੈ, ਜਿਸ ਨੇ ਅਮਰੀਕਾ ਨੂੰ ਉਥੋਂ ਭੱਜਣ ਲਈ ਮਜਬੂਰ ਕਰ ਦਿੱਤਾ। ਜਦੋਂ (ਸਾਡੇ) ਸਬਰ ਦਾ ਬੰਨ੍ਹ ਟੁੱਟ ਗਿਆ ਤਾਂ ਤੁਸੀਂ ਨਹੀਂ ਰਹੋਗੇ, ਮਿਟ ਜਾਓਗੇ। ਤੁਹਾਡੇ ਲਈ ਅਜੇ ਵੀ ਮੌਕਾ ਹੈ।’’

ਧਾਰਾ-370 ਅਤੇ 35-ਏ ਦੀ ਬਹਾਲੀ ਦੀ ਮੰਗ ਕਰਦੇ ਹੋਏ ਉਨ੍ਹਾਂ ਚਿਤਾਵਨੀ ਦਿੱਤੀ, ‘‘ਇਹ ਭੁੱਲ ਸੁਧਾਰੀ ਜਾਵੇ ਨਹੀਂ ਤਾਂ ਬਹੁਤ ਦੇਰ ਹੋ ਜਾਵੇਗੀ। ਇਸ ਉਪ-ਮਹਾਦੀਪ ’ਚ ਸ਼ਾਂਤੀ ਲਈ ਇਹ ਬਹੁਤ ਜ਼ਰੂਰੀ ਹੈ। ਕਾਂਗਰਸ ਨੇ ਦੇਸ਼ ਨੂੰ ਬਚਾ ਕੇ ਰੱਖਿਆ। ਹੁਣ ਪਿਛਲੇ 5-7 ਸਾਲਾਂ ਤੋਂ ਭਾਰਤ ’ਚ ਜੋ ਹੋ ਰਿਹਾ ਹੈ, ਉਸ ਤੋਂ ਲੱਗਦਾ ਹੈ ਕਿ ਭਾਜਪਾ ਇਸ ਦੇਸ਼ ਦੇ ਟੁੱਕੜੇ ਕਰਨਾ ਚਾਹੁੰਦੀ ਹੈ।’’

ਇਸ ਦੇ ਜਵਾਬ ’ਚ ਜੰਮੂ-ਕਸ਼ਮੀਰ ਦੇ ਸਾਬਕਾ ਉਪ-ਮੁੱਖ ਮੰਤਰੀ ਨਿਰਮਲ ਸਿੰਘ (ਭਾਜਪਾ) ਨੇ ਕਿਹਾ ਹੈ ਕਿ ‘‘ਮਹਿਬੂਬਾ ਮੁਫਤੀ ਆਪਣਾ ਸਿਆਸੀ ਆਧਾਰ ਗੁਆ ਚੁੱਕੀ ਹੈ ਅਤੇ ਇਸੇ ਕਾਰਨ ਨਿਰਾਸ਼ਾ ’ਚ ਤਾਲਿਬਾਨ ਦੇ ਹੱਕ ’ਚ ਬਿਆਨ ਦੇ ਰਹੀ ਹੈ। ਜੇ ਉਹ ਸਮਝਦੀ ਹੈ ਕਿ ਉਹ ਸਾਨੂੰ ਬਲੈਕਮੇਲ ਕਰ ਸਕਦੀ ਹੈ ਤਾਂ ਉਸ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਇਹ ਮੋਦੀ ਦਾ ਭਾਰਤ ਹੈ, ਸਾਨੂੰ ਬਲੈਕਮੇਲ ਨਹੀਂ ਕੀਤਾ ਜਾ ਸਕਦਾ।’’

ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਵੀ ਕਿਹਾ ਹੈ ਕਿ ‘‘ਜੇ ਮਹਿਬੂਬਾ ਮੁਫਤੀ ਨੂੰ ਪਾਕਿਸਤਾਨ ਨਾਲ ਇੰਨਾ ਹੀ ਲਗਾਅ ਹੈ ਤਾਂ ਉਨ੍ਹਾਂ ਨੂੰ ਪਾਕਿਸਤਾਨ ਚਲੇ ਜਾਣਾ ਚਾਹੀਦਾ ਹੈ।’’

ਇਸ ਸਮੇਂ ਜਦੋਂ ਭਾਰਤ ਦੇ ਗੁਆਂਢੀ ਦੇਸ਼ਾਂ ਪਾਕਿਸਤਾਨ, ਨੇਪਾਲ ਅਤੇ ਅਫਗਾਨਿਸਤਾਨ ’ਚ ਸਿਆਸੀ ਉਥਲ-ਪੁਥਲ ਦਾ ਦੌਰ ਜਾਰੀ ਹੈ, ਮਹਿਬੂਬਾ ਮੁਫਤੀ ਅਤੇ ਹੋਰ ਵੱਖਵਾਦੀ ਆਗੂਆਂ ਵਲੋਂ ਇਸ ਤਰ੍ਹਾਂ ਦਾ ਆਚਰਨ ਅਤੇ ਬਿਆਨਬਾਜ਼ੀ ਕਿਸੇ ਵੀ ਪੱਖੋਂ ਢੁੱਕਵੀਂ ਨਹੀਂ ਕਹੀ ਜਾ ਸਕਦੀ।

–ਵਿਜੇ ਕੁਮਾਰ

Bharat Thapa

This news is Content Editor Bharat Thapa