ਬਾਬਿਅਾਂ ਆਦਿ ਦਾ ‘ਮਾਇਆਜਾਲ’ ਇਸ ’ਚ ਫਸਦੀਅਾਂ ਔਰਤਾਂ

09/14/2018 5:36:27 AM

ਸੰਤ ਅਤੇ ਮਹਾਤਮਾ ਦੇਸ਼ ਅਤੇ ਸਮਾਜ ਦਾ ਮਾਰਗਦਰਸ਼ਨ ਕਰਦੇ ਹਨ ਪਰ ਕੁਝ ਅਖੌਤੀ ਸੰਤ-ਮਹਾਤਮਾ ਅਤੇ ਬਾਬੇ ਇਸ ਦੇ ਉਲਟ ਆਚਰਣ ਕਰਕੇ ਅਸਲੀ ਸੰਤਾਂ-ਮਹਾਤਮਾਵਾਂ ਨੂੰ ਬਦਨਾਮ ਕਰ ਰਹੇ ਹਨ। 
ਇਸੇ ਸਿਲਸਿਲੇ ’ਚ ਆਸਾਰਾਮ ਬਾਪੂ, ਫਲਾਹਾਰੀ ਬਾਬਾ, ਗੁਰਮੀਤ ਰਾਮ ਰਹੀਮ ਸਿੰਘ ਅਤੇ ਜੈਨ ਸੰਤ ਆਚਾਰੀਆ ਸ਼ਾਂਤੀ ਸਾਗਰ ਆਦਿ  ਨੂੰ ਸੈਕਸ ਸ਼ੋਸ਼ਣ ਅਤੇ ਹੋਰਨਾਂ ਦੋਸ਼ਾਂ ’ਚ ਗ੍ਰਿਫਤਾਰ ਕੀਤਾ ਗਿਆ। ਇਨ੍ਹਾਂ ਤੋਂ ਇਲਾਵਾ ਵੀ ਹੋਰ ਅਜਿਹੇ ਕਈ ‘ਬਾਬੇ’ ਹਨ।
ਇੱਛਾਧਾਰੀ ਬਾਬੇ ਨੂੰ ਸੈਕਸ ਰੈਕੇਟ ਚਲਾਉਣ ਅਤੇ ਚੀਟਿੰਗ  ਦੇ ਮਾਮਲੇ ’ਚ ਗ੍ਰਿਫਤਾਰ ਕੀਤਾ ਗਿਆ। ਚਿੱਤਰਕੂਟ ਦੇ ਚਮਰੌਹਾ ਪਿੰਡ ਦਾ ਰਹਿਣ ਵਾਲਾ ਬਾਬਾ ਖ਼ੁਦ ਨੂੰ ਸਾਈਂ ਬਾਬਾ ਦਾ ਅਵਤਾਰ ਦੱਸਦਾ ਸੀ। 
ਆਸਾਰਾਮ ਦੇ ਬੇਟੇ ਨਾਰਾਇਣ ਸਾਈਂ ’ਤੇ ਸੂਰਤ ਦੀ ਇਕ ਔਰਤ ਨਾਲ ਬਲਾਤਕਾਰ ਕਰਨ ਦਾ ਦੋਸ਼ ਹੈ। ਫਿਲਹਾਲ ਨਾਰਾਇਣ ਸਾਈਂ ਜੇਲ ’ਚ ਹੈ। 
ਮਲਖਾਨਗਿਰੀ ’ਤੇ ਫਰਜ਼ੀ ਸੰਸਥਾ ਬਣਾ ਕੇ ਧੰਦਾ ਚਲਾਉਣ ਦਾ ਦੋਸ਼ ਹੈ। ਉਸ ’ਤੇ 2013 ’ਚ ਇਕ ਕੁੜੀ ਨੂੰ ਅਗ਼ਵਾ ਕਰਨ ਦੇ ਦੋਸ਼ ਹੇਠ ਕੇਸ ਦਰਜ ਹੈ। 
ਕੇਰਲ ਦੀ ਰਹਿਣ ਵਾਲੀ ਇਕ ਨਨ ਨੇ ਜਲੰਧਰ ਦੇ ਬਿਸ਼ਪ ਫ੍ਰੈਂਕੋ ਮੁਲੱਕਲ ’ਤੇ ਉਸ ਨਾਲ ਬਲਾਤਕਾਰ ਕਰਨ ਦਾ ਦੋਸ਼ ਲਾਇਆ ਹੈ। ਨਨ ਮੁਤਾਬਿਕ ਮੁਲੱਕਲ ਨੇ ਕੋਟਾਯਮ ’ਚ ਸਥਿਤ ਸੇਂਟ ਫਰਾਂਸਿਸ ਮਿਸ਼ਨ ਦੇ ਗੈਸਟ ਹਾਊਸ ’ਚ ਸੰਨ 2014 ਤੋਂ 2016 ਦੇ ਦਰਮਿਆਨ ਉਸ ਨਾਲ ਕਈ ਵਾਰ ਬਲਾਤਕਾਰ ਕੀਤਾ। 
ਵਿਧਾਇਕ ਪੀ. ਸੀ. ਜਾਰਜ ਨੇ ਇਸ ਸਬੰਧ ’ਚ ਬਿਸ਼ਪ ਦਾ ਬਚਾਅ ਕਰਦਿਅਾਂ ਕਿਹਾ ਕਿ ਜਦ 12 ਵਾਰ ਉਸ ਨੇ  ਇਤਰਾਜ਼ ਨਹੀਂ ਕੀਤਾ ਤਾਂ 13ਵੀਂ ਵਾਰ ਬਲਾਤਕਾਰ ਕਿਵੇਂ ਹੋ ਗਿਆ? ਇਹੋ ਨਹੀਂ, ਵਿਧਾਇਕ ਨੇ ਨਨ ਨੂੰ ਵੇਸਵਾ ਵੀ ਕਹਿ ਦਿੱਤਾ।
ਕੁਝ ਸਮਾਂ ਪਹਿਲਾਂ ਮੁੰਬਰਾ ’ਚ ਰਹਿਣ ਵਾਲੀਅਾਂ 3 ਨਾਬਾਲਗ ਬੱਚੀਅਾਂ ਨੇ ਆਪਣੇ ਘਰ ਦੇ ਸਾਹਮਣੇ ਰਹਿਣ ਵਾਲੇ 50 ਸਾਲਾ ਮੌਲਾਨਾ ਮੁਹੰਮਦ ਸ਼ਰੀਫ ਅੰਸਾਰੀ ’ਤੇ ਦੋਸ਼ ਲਾਇਆ ਕਿ ਜਦੋਂ ਵੀ ਉਹ ਉਨ੍ਹਾਂ ਨੂੰ ਦੇਖਦਾ ਹੈ ਤਾਂ ਅਸ਼ਲੀਲ ਇਸ਼ਾਰੇ ਕਰਨ ਲੱਗਦਾ ਹੈ। ਬੱਚੀਅਾਂ ਦੇ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ’ਤੇ ਪੁਲਸ ਨੇ ਪੋਕਸੋ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੈ, ਜਿਸ ਤੋਂ ਬਾਅਦ ਦੋਸ਼ੀ ਫਰਾਰ ਹੈ। 
30 ਅਗਸਤ ਨੂੰ ਬਿਹਾਰ ਦੇ ਬੋਧਗਯਾ ਤੋਂ ਇਕ ਬੋਧੀ ਭਿਕਸ਼ੂ ਸੰਘਪ੍ਰਿਯ ਸੁਜਾਯ ਨੂੰ 15 ਬੱਚਿਅਾਂ ਦੇ ਸੈਕਸ ਸ਼ੋਸ਼ਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ। ਉਹ ਇਕ ਬੁੱਧ ਸਕੂਲ ਅਤੇ ਧਿਆਨ ਕੇਂਦਰ ਚਲਾਉਂਦਾ ਹੈ। ਪੀੜਤ  ਬੱਚੇ ਇਸੇ ਸਕੂਲ ਦੇ ਵਿਦਿਆਰਥੀ ਹਨ।  
ਅਤੇ ਹੁਣ 13 ਸਤੰਬਰ ਨੂੰ ਦਿੱਲੀ ’ਚ ਖ਼ੁਦ ਨੂੰ ਜੋਤਿਸ਼ ਆਚਾਰੀਆ ਤੇ ਹਸਤਰੇਖਾ ਮਾਹਿਰ ਦੱਸਣ ਵਾਲੇ ਆਸ਼ੂ ਨੇ ਕਈ ਦਿਨ ਫਰਾਰ ਰਹਿਣ ਤੋਂ ਬਾਅਦ ਕਥਿਤ ਆਤਮ-ਸਮਰਪਣ ਕਰ ਦਿੱਤਾ। ਆਸ਼ੂ ਦਾ ਅਸਲੀ ਨਾਂ ਆਸਿਫ ਖਾਨ ਹੈ। ਇਕ ਔਰਤ ਨੇ ਹੌਜ਼ਖਾਸ ਥਾਣੇ ’ਚ ਉਸ ’ਤੇ ਬਲਾਤਕਾਰ ਦੇ ਦੋਸ਼ ਹੇਠ ਸ਼ਿਕਾਇਤ ਦਰਜ ਕਰਵਾਈ ਸੀ। ਉਹ ਹੌਜ਼ਖਾਸ ’ਚ ਆਸ਼ਰਮ ਬਣਾ ਕੇ ‘ਬਾਬਾ ਆਸ਼ੂਭਾਈ ਗੁਰੂਜੀ’ ਦੇ ਨਾਂ ਨਾਲ ਲੋਕਾਂ ਨਾਲ ਠੱਗੀ ਕਰਦਾ ਸੀ। 
ਉਹ 1990 ’ਚ ਦਿੱਲੀ ’ਚ ਸਾਈਕਲਾਂ ਨੂੰ ਪੰਕਚਰ ਲਾਉਂਦਾ ਸੀ। ਕੁਝ ਸਮੇਂ ਬਾਅਦ ਉੱਤਰੀ ਸਰਾਏ ਰੋਹਿੱਲਾ ’ਚ ਸ਼ਿਫਟ ਹੋ ਗਿਆ ਤੇ ਉਥੇ ਜੋਤਿਸ਼ੀ ਵਜੋਂ ਕੰਮ ਕਰਨ ਲੱਗਾ। ਨਾਂ ਕਮਾਉਣ ਲਈ ਉਸ ਨੇ ਟੀ. ਵੀ. ਚੈਨਲਾਂ ਨਾਲ ਸੰਪਰਕ ਕੀਤਾ ਅਤੇ ਕਈ ਟੀ. ਵੀ. ਚੈਨਲਾਂ ’ਤੇ ਲੋਕਾਂ ਦੇ ਸੰਕਟ ਦੂਰ ਕਰਨ ਦਾ ਦਾਅਵਾ ਕਰਨ ਲੱਗਾ। 
ਆਪਣੇ ਵੀਡੀਓਜ਼ ’ਚ ਉਹ ਆਪਣੇ ਆਸ਼ੀਰਵਾਦ ਨਾਲ ਲੋਕਾਂ ਦੇ ਲੱਖਪਤੀ ਬਣ ਜਾਣ ਦੇ ਦਾਅਵੇ ਕਰਦਾ ਸੀ। ਇਸੇ ਕਾਰਨ ਉਸ ਦੇ ਕਈ ਪੈਰੋਕਾਰ ਬਣ ਗਏ ਸਨ ਪਰ ਜਿਸ  ਨੂੰ ਲੋਕ ਵਿਸ਼ਵ ਪ੍ਰਸਿੱਧ ਹਸਤਰੇਖਾ ਮਾਹਿਰ ਤੇ ਕਾਲੇ ਜਾਦੂ ਦਾ ਮਹਾਰਥੀ ਮੰਨਣ ਦਾ ਭਰਮ ਪਾਲੀ ਬੈਠੇ ਸਨ, ਧਰਮ ਅਤੇ ਆਸਥਾ ਦੇ ਨਾਂ ’ਤੇ ਸਜਾਈ ਉਸ ਦੀ ਦੁਕਾਨ ਪੂਰੀ ਤਰ੍ਹਾਂ ਫਰਾਡ ਨਿਕਲੀ। 
ਧਰਮ ਜਗਤ ਨਾਲ ਜੁੜੇ ਕੁਝ ਮੁੱਠੀ ਭਰ ਲੋਕਾਂ ਦੇ ਅਜਿਹੀਅਾਂ ਘਟਨਾਵਾਂ ’ਚ ਸ਼ਾਮਿਲ ਹੋਣ ਕਰਕੇ ਸਮੁੱਚੇ ਸੰਤ ਸਮਾਜ ਦੀ ਬਦਨਾਮੀ ਹੋ ਰਹੀ ਹੈ ਪਰ ਇਸ ਬਾਰੇ  ਔਰਤਾਂ  ਨੂੰ  ਵੀ  ਇਹ  ਸੋਚਣਾ  ਪਵੇਗਾ  ਕਿ  ਉਹ  ਿਕਉਂ ਅਜਿਹੇ ਠੱਗ   ਬਾਬਿਆਂ ਦੇ ਝਾਂਸੇ ’ਚ ਆ ਕੇ ਉਨ੍ਹਾਂ ਦੀ ‘ਸੇਵਾ’ ਕਰਨ ਲੱਗਦੀਅਾਂ ਹਨ।
ਸਮਾਜ ਨੂੂੰ ਸੋਚਣਾ ਪਵੇਗਾ ਕਿ ਅਜਿਹਾ ਕਿਉਂ ਹੋ ਰਿਹਾ ਹੈ। ਇਸੇ ਲਈ ਸੰਤ ਸਮਾਜ ਦੇ ਮੈਂਬਰਾਂ ਨੂੰ ਵਿਆਹ ਦੇ ਬੰਧਨ ’ਚ ਬੱਝਣ ਦੀ ਇਜਾਜ਼ਤ ਦੇਣਾ ਇਕ ਬਦਲ ਹੋ ਸਕਦਾ ਹੈ, ਜਿਸ ’ਤੇ ਹੁਣ ਚਰਚ ਵਿਚਾਰ ਕਰ ਰਿਹਾ ਹੈ। 
–ਵਿਜੇ ਕੁਮਾਰ