ਅਯੁੱਧਿਆ ’ਚ ‘ਰਾਮਲੱਲਾ’ ਦੇ ਦਰਸ਼ਨਾਂ ਦੀ ਥਾਂ ਘਰਾਂ ’ਚ ਦੀਪਮਾਲਾ ਕਰੋ : ਪ੍ਰਧਾਨ ਮੰਤਰੀ

01/02/2024 5:15:36 AM

ਰਾਮਲੱਲਾ ਦੀ ਜਨਮ ਭੂਮੀ ਅਯੁੱਧਿਆ ’ਚ ਸ਼ਾਨਦਾਰ ਮੰਦਰ ਤਿਆਰ ਹੋ ਰਿਹਾ ਹੈ, ਜਿਸ ਨੂੰ ਲੈ ਕੇ ਲੱਖਾਂ ਸ਼ਰਧਾਲੂ ਰਾਮਲੱਲਾ ਦੇ ਦਰਸ਼ਨਾਂ ਦੀ ਇੱਛਾ ਲੈ ਕੇ ਅਯੁੱਧਿਆ ਯਾਤਰਾ ਦੀ ਤਿਆਰੀ ’ਚ ਹਨ।

ਇਸ ਮੰਦਰ ਦੇ ਨਿਰਮਾਣ ਪ੍ਰਤੀ ਰਾਮ ਭਗਤਾਂ ਦੇ ਉਤਸ਼ਾਹ ਦਾ ਅੰਦਾਜ਼ਾ ਇਸੇ ਤੋਂ ਲਾਇਆ ਜਾ ਸਕਦਾ ਹੈ ਕਿ ਦੇਸ਼ ਭਰ ’ਚ ਇਸ ਲਈ ਸਾਰੇ ਧਰਮਾਂ ਦੇ ਰਾਮ ਭਗਤਾਂ ਕੋਲੋਂ 3200 ਕਰੋੜ ਰੁਪਏ ਦਾ ਚੰਦਾ ਪ੍ਰਾਪਤ ਹੋ ਚੁੱਕਾ ਹੈ।

ਇਸ ਦਰਮਿਆਨ ਮੰਦਰ ’ਚ ਪ੍ਰਾਣ ਪ੍ਰਤਿਸ਼ਠਾ ਦਾ ਸੱਦਾ 1 ਜਨਵਰੀ ਤੋਂ ਘਰ-ਘਰ ਪਹੁੰਚਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਜੋ 15 ਜਨਵਰੀ ਤੱਕ ਜਾਰੀ ਰਹੇਗਾ। ਇਸ ਲਈ ਅਯੁੱਧਿਆ ਤੋਂ ਆਏ ਅਕਸ਼ਤ ਕਲਸ਼ ਦੇ ਪੀਲੇ ਚੌਲਾਂ ਨੂੰ ਦਰ-ਦਰ ’ਤੇ ਰੱਖਿਆ ਜਾ ਰਿਹਾ ਹੈ।

ਪ੍ਰਾਣ ਪ੍ਰਤਿਸ਼ਠਾ ਲਈ ਪੂਜਾ 16 ਜਨਵਰੀ ਨੂੰ ਸ਼ੁਰੂ ਹੋ ਕੇ 22 ਜਨਵਰੀ ਤੱਕ ਜਾਰੀ ਰਹੇਗੀ। ਇਸ ਪਿੱਛੋਂ 24 ਜਨਵਰੀ ਤੋਂ ਉੱਤਰ ਭਾਰਤ ਦੀ ਪ੍ਰੰਪਰਾ ਅਨੁਸਾਰ 48 ਦਿਨਾਂ ਤੱਕ ‘ਮੰਡਲ ਪੂਜਾ’ ਹੋਵੇਗੀ ਅਤੇ ਇਸ ਤੋਂ ਪਹਿਲਾਂ 23 ਜਨਵਰੀ ਤੋਂ ਆਮ ਲੋਕ ਰਾਮਲੱਲਾ ਦੇ ਦਰਸ਼ਨ ਕਰ ਸਕਣਗੇ।

ਪਹਿਲਾਂ ‘ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ’ ਦੇ ਜਨਰਲ ਸਕੱਤਰ ਚੰਪਤ ਰਾਏ ਨੇ ਕਿਹਾ ਸੀ ਕਿ ਰਾਮ ਮੰਦਰ ਨਿਰਮਾਣ ਨੂੰ ਲੈ ਕੇ ਅੰਦੋਲਨ ਕਰਨ ਵਾਲੇ ਸੀਨੀਅਰ ਆਗੂਆਂ ਮੁਰਲੀ ਮਨੋਹਰ ਜੋਸ਼ੀ ਅਤੇ ਲਾਲ ਕ੍ਰਿਸ਼ਨ ਅਡਵਾਨੀ ਨੂੰ ਸਿਹਤ ਸਬੰਧੀ ਕਾਰਨਾਂ ਕਰ ਕੇ ਰਾਮ ਮੰਦਰ ਦੇ ਉਦਘਾਟਨ ਸਮਾਗਮ ’ਚ ਨਾ ਆਉਣ ਦੀ ਅਪੀਲ ਕੀਤੀ ਗਈ ਸੀ।

ਹੁਣ ਚੰਪਤ ਰਾਏ ਨੇ ਕਿਹਾ ਹੈ ਕਿ, ‘‘ਸਮਾਗਮ ’ਚ ਨਾ ਆਉਣ ਦੀ ਬੇਨਤੀ ਉਨ੍ਹਾਂ ਨੇ ਸਵੀਕਾਰ ਵੀ ਕਰ ਲਈ ਸੀ ਪਰ ਉਨ੍ਹਾਂ ਨੂੰ 22 ਜਨਵਰੀ ਨੂੰ ਪ੍ਰਾਣ ਪ੍ਰਤਿਸ਼ਠਾ ਪ੍ਰੋਗਰਾਮ ’ਚ ਆਉਣ ਦਾ ਸੱਦਾ ਦਿੱਤਾ ਗਿਆ ਹੈ ਅਤੇ ਦੋਵਾਂ ਸੀਨੀਅਰ ਆਗੂਆਂ ਨੇ ਕਿਹਾ ਹੈ ਕਿ ਉਹ ਆਉਣ ਦਾ ਪੂਰਾ ਯਤਨ ਕਰਨਗੇ।’’

ਚੰਪਤ ਰਾਏ ਅਨੁਸਾਰ, ‘‘ਵੱਖ-ਵੱਖ ਪੰ੍ਰਪਰਾਵਾਂ ਦੇ 150 ਸਾਧੂ-ਸੰਤਾਂ ਅਤੇ ਸ਼ੰਕਰਾਚਾਰੀਆਂ ਸਮੇਤ 13 ਅਖਾੜੇ ਇਸ ਸਮਾਗਮ ’ਚ ਹਿੱਸਾ ਲੈਣਗੇ। ਇਸ ਪ੍ਰੋਗਰਾਮ ’ਚ ਲਗਭਗ 4000 ਸੰਤਾਂ ਤੋਂ ਇਲਾਵਾ 2200 ਹੋਰ ਮਹਿਮਾਨਾਂ ਨੂੰ ਵੀ ਸੱਦਾ ਭੇਜਿਆ ਗਿਆ ਹੈ।

ਪ੍ਰਾਣ ਪਤਿਸ਼ਠਾ ਸਮਾਗਮ ਲਈ ਦੇਸ਼ ਅਤੇ ਵਿਸ਼ੇਸ਼ ਤੌਰ ’ਤੇ ਉੱਤਰ ਪ੍ਰਦੇਸ਼ ਦੇ ਆਲੇ-ਦੁਆਲੇ ਦੇ ਸੂਬਿਆਂ ਤੋਂ ਵੱਡੀ ਗਿਣਤੀ ’ਚ ਸ਼ਰਧਾਲੂਆਂ ਦੇ ਆਉਣ ਦੀ ਸੰਭਾਵਨਾ ਹੈ ਅਤੇ ਨਵਾਂ ਰੇਲਵੇ ਸਟੇਸ਼ਨ ਅਤੇ ਹਵਾਈ ਅੱਡਾ ਬਣ ਜਾਣ ਨਾਲ ਇੱਥੇ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ’ਚ ਹੋਰ ਵੀ ਵਾਧਾ ਹੋਣ ਦੀ ਸੰਭਾਵਨਾ ਹੈ।

ਇਸ ਨੂੰ ਸੰਭਾਲ ਸਕਣਾ ਸੁਰੱਖਿਆ ਮੁਲਾਜ਼ਮਾਂ ਲਈ ਬੇਹੱਦ ਔਖਾ ਹੋਵੇਗਾ ਅਤੇ ਭੀੜ ਦੇ ਬੇਕਾਬੂ ਹੋਣ ਕਾਰਨ ਸਮਾਜ ਵਿਰੋਧੀ ਤੱਤ ਮੌਕੇ ਦਾ ਫਾਇਦਾ ਉਠਾ ਕੇ ਕੋਈ ਅਣਸੁਖਾਵੀਂ ਘਟਨਾ ਵੀ ਕਰ ਸਕਦੇ ਹਨ। ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ :

‘‘ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ 22 ਜਨਵਰੀ ਨੂੰ ਰਾਮ ਮੰਦਰ ’ਚ ਆਉਣ ਦਾ ਫੈਸਲਾ ਨਾ ਕਰੋ। ਅਯੁੱਧਿਆ ’ਚ ਭੀੜ ਨਾ ਕਰੋ ਕਿਉਂਕਿ ਮੰਦਰ ਕਿਤੇ ਨਹੀਂ ਜਾ ਰਿਹਾ ਹੈ। ਇਹ ਸਦੀਆਂ ਤੱਕ ਰਹੇਗਾ। 23 ਜਨਵਰੀ ਪਿੱਛੋਂ ਕਦੀ ਵੀ ਆ ਸਕਦੇ ਹੋ ਪਰ 22 ਜਨਵਰੀ ਨੂੰ ਨਾ ਆਓ ਅਤੇ ਇਸ ਦਿਨ ਅਯੁੱਧਿਆ ਆਉਣ ਦੀ ਥਾਂ ਆਪਣੇ ਘਰਾਂ ’ਤੇ ਦੀਵੇ ਜਗਾਓ ਅਤੇ 22 ਜਨਵਰੀ ਨੂੰ ਪੂਰੇ ਦੇਸ਼ ’ਚ ਦੀਵਾਲੀ ਹੋਣੀ ਚਾਹੀਦੀ ਹੈ।’’

‘‘ਸਮਾਗਮ ’ਚ ਕੁਝ ਹੀ ਲੋਕਾਂ ਨੂੰ ਸੱਦਾ ਦਿੱਤਾ ਗਿਆ ਹੈ ਅਤੇ 23 ਜਨਵਰੀ ਪਿੱਛੋਂ ਆਮ ਲੋਕਾਂ ਦਾ ਇੱਥੇ ਆਉਣਾ ਵੱਧ ਸੌਖਾ ਹੋ ਜਾਵੇਗਾ। ਪ੍ਰੋਗਰਾਮ ’ਚ ਹਰ ਵਿਅਕਤੀ ਸ਼ਾਮਲ ਹੋਣਾ ਚਾਹੁੰਦਾ ਹੈ ਪਰ ਸੁਰੱਖਿਆ ਕਾਰਨਾਂ ਕਾਰਨ ਸਾਰਿਆਂ ਨੂੰ ਸ਼ਾਮਲ ਕਰਨਾ ਸੰਭਵ ਨਹੀਂ ਹੈ।’’

ਇੱਥੇ ਇਹ ਵੀ ਵਰਣਨਯੋਗ ਹੈ ਕਿ ਰਾਮ ਮੰਦਰ ਦੇ ਕਈ ਹਿੱਸਿਆਂ ਦਾ ਨਿਰਮਾਣ ਅਜੇ ਪੂਰਾ ਹੋਣਾ ਬਾਕੀ ਹੈ। ਇਹ ਕਾਰਜ ਪ੍ਰਾਣ ਪ੍ਰਤਿਸ਼ਠਾ ਸਮਾਗਮ ਤੋਂ ਇਕ ਹਫਤਾ ਪਹਿਲਾਂ ਤੱਕ ਚੱਲਦਾ ਰਹੇਗਾ ਅਤੇ ਪ੍ਰਾਣ ਪ੍ਰਤਿਸ਼ਠਾ ਸੰਪੰਨ ਹੋਣ ਪਿੱਛੋਂ ਵੀ ਇਸ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੱਕ ਜਾਰੀ ਰਹੇਗਾ।

ਇਸ ਦਰਮਿਆਨ ਜਿੱਥੇ ਕਈ ਸਿਆਸੀ ਹਸਤੀਆਂ ਨੇ ਸਮਾਗਮ ’ਚ ਸ਼ਾਮਲ ਹੋਣ ਲਈ ਸੱਦਾ ਨਾ ਮਿਲਣ ਦੀ ਸ਼ਿਕਾਇਤ ਕੀਤੀ ਹੈ, ਉੱਥੇ ਹੀ ਕੁਝ ਕੁ ਦਾ ਇਹ ਵੀ ਕਹਿਣਾ ਹੈ ਕਿ ਸੱਦਾ ਮਿਲੇ ਜਾਂ ਨਾ ਮਿਲੇ, ਉਹ ਉਦਘਾਟਨ ਸਮਾਗਮ ’ਚ ਜ਼ਰੂਰ ਜਾਣਗੇ।

ਕੁੱਲ ਮਿਲਾ ਕੇ ਹੁਣ ਉਡੀਕ ਦੀਆਂ ਘੜੀਆਂ ਖਤਮ ਹੋਣ ਵਾਲੀਆਂ ਹਨ। ਜਦ ਰਾਮ ਭਗਤਾਂ ਨੇ ਅਯੁੱਧਿਆ ’ਚ ਮੰਦਰ ਨਿਰਮਾਣ ਨੂੰ ਲੈ ਕੇ 550 ਸਾਲ ਉਡੀਕ ਕੀਤੀ ਹੈ ਤਾਂ ਕੁਝ ਸਮਾਂ ਹੋਰ ਉਡੀਕ ਕਰ ਲੈਣ।

- ਵਿਜੇ ਕੁਮਾਰ

Anmol Tagra

This news is Content Editor Anmol Tagra