ਐੱਮ. ਬੀ. ਬੀ. ਐੱਸ. ''ਚ ਦਾਖਲੇ ਲਈ ਸੀਟਾਂ ਦੀ ਵਿਕਰੀ ਕਰੋੜਾਂ ਰੁਪਏ ''ਚ

02/11/2016 7:44:44 AM

ਦੇਸ਼ ''ਚ ਡਾਕਟਰਾਂ ਦੀ ਘਾਟ ਦੂਰ ਕਰਨ ਲਈ ਕੇਂਦਰ ਸਰਕਾਰ ਨੇ ਜ਼ਿਆਦਾ ਤੋਂ ਜ਼ਿਆਦਾ ਪ੍ਰਾਈਵੇਟ ਮੈਡੀਕਲ ਕਾਲਜ ਖੋਲ੍ਹਣ ਦੀ ਨੀਤੀ ਅਪਣਾਈ ਹੈ। ਕਈ ਪ੍ਰਾਈਵੇਟ ਮੈਡੀਕਲ ਕਾਲਜ ਨਾ ਸਿਰਫ ਬਹੁਤ ਘੱਟ ਬੁਨਿਆਦੀ ਢਾਂਚੇ ਨਾਲ ਚੱਲ ਰਹੇ ਹਨ ਸਗੋਂ ਕਈ ਕਾਲਜਾਂ ''ਚ ਤਾਂ ਹਸਪਤਾਲ ਹੀ ਨਹੀਂ ਹਨ।
ਦੇਸ਼ ''ਚ ਕੁਲ 422 ਮੈਡੀਕਲ ਕਾਲਜਾਂ ''ਚੋਂ 224 ਮੈਡੀਕਲ ਕਾਲਜ ਨਿੱਜੀ ਖੇਤਰ ''ਚ ਹਨ। ਸਹੂਲਤਾਂ ਨਾ ਹੋਣ ਦੇ ਬਾਵਜੂਦ ਇਨ੍ਹਾਂ ''ਚ ਵੱਡੇ ਪੱਧਰ ''ਤੇ ਦਲਾਲਾਂ ਤੇ ਇਨ੍ਹਾਂ ਦੀਆਂ ਮੈਨੇਜਮੈਂਟ ਕਮੇਟੀਆਂ ਦੇ ਮੈਂਬਰਾਂ ਦੀ ਮਿਲੀਭੁਗਤ ਨਾਲ ਵੱਡੀ ਗਿਣਤੀ ''ਚ ਸੀਟਾਂ ਦੀ ਵਿਕਰੀ ਹੋ ਰਹੀ ਹੈ ਤੇ ਐੱਮ. ਬੀ. ਬੀ. ਐੱਸ. ''ਚ ਦਾਖਲੇ ਲਈ ਹਰ ਸਾਲ ਕਰੋੜਾਂ ਰੁਪਏ ਦਾ ਬਾਹਰੀ ਲੈਣ-ਦੇਣ ਹੋ ਰਿਹਾ ਹੈ।
ਬੈਂਗਲੁਰੂ ਦੇ ਕਈ ਕਾਲਜਾਂ ''ਚ ਐੱਮ. ਬੀ. ਬੀ. ਐੱਸ. ''ਚ ਦਾਖਲੇ ਦਾ ਰੇਟ ਇਕ ਕਰੋੜ ਰੁਪਏ ਤਕ, ਯੂ. ਪੀ. ਦੇ ਕੁਝ ਘੱਟ ਮਸ਼ਹੂਰ ਮੈਡੀਕਲ ਕਾਲਜਾਂ ''ਚ 20 ਤੋਂ 35 ਲੱਖ ਰੁਪਏ ਤੇ ਮਹਾਰਾਸ਼ਟਰ ''ਚ ਘੱਟੋ-ਘੱਟ 50 ਲੱਖ ਰੁਪਏ ਹੈ, ਜਦਕਿ ਐੱਮ. ਡੀ., ਐੱਮ. ਐੱਸ., ਐੱਮ. ਸੀ. ਐੱਚ. ਤੇ ਰੇਡੀਓਲਾਜੀ, ਆਰਥੋ ਤੇ ਡਰਮਾਟੋਲਾਜੀ ਵਿਸ਼ਿਆਂ ''ਚ ਪੋਸਟ ਗ੍ਰੈਜੂਏਟ ਸੀਟ ਕਰੋੜ ਰੁਪਏ ਤਕ ''ਚ ਵਿਕਦੀ ਹੈ।
ਸੀਟਾਂ ਦੀ ਕੀਮਤ ਇਸ ਤੱਥ ''ਤੇ ਨਿਰਭਰ ਕਰਦੀ ਹੈ ਕਿ ਕੋਈ ਉਮੀਦਵਾਰ ਆਖਰੀ ਤਰੀਕ ਤੋਂ ਕਿੰਨਾ ਪਹਿਲਾਂ ਦਾਖਲੇ ਲਈ ਦਲਾਲਾਂ ਨਾਲ ਸੰਪਰਕ ਕਰਦਾ ਹੈ। ਪੈਸੇ ਦੇ ਦਮ ''ਤੇ ਐੱਮ. ਬੀ. ਬੀ. ਐੱਸ. ਕਲਾਸ ''ਚ ਸ਼ਰਤੀਆ ਦਾਖਲੇ ਦੇ ਇਕ ਗੋਰਖਧੰਦੇ ਪਿੱਛੇ ਮੈਡੀਕਲ ਸੀਟਾਂ ਦੀ ਉੱਚੇ ਭਾਅ ''ਤੇ ਵਿਕਰੀ ਦਾ ਫਾਰਮੂਲਾ ਹੀ ਕੰਮ ਕਰਦਾ ਹੈ।
ਪ੍ਰਾਈਵੇਟ ਮੈਡੀਕਲ ਕਾਲਜਾਂ ਦੇ ਸੰਗਠਨਾਂ ਤੇ ਡੀਮਡ ਯੂਨੀਵਰਸਿਟੀਆਂ ਵਲੋਂ ਉਂਝ ਤਾਂ ਵਿਦਿਆਰਥੀਆਂ ਨੂੰ ਸਖਤੀ ਨਾਲ ਮੈਰਿਟ ਦੇ ਆਧਾਰ ''ਤੇ ਦਾਖਲਾ ਦੇਣ ਲਈ ਆਪਣੇ ਖੁਦ ਦੇ ਦਾਖਲਾ ਟੈਸਟ ਲੈਣ ਦਾ ਦਾਅਵਾ ਕੀਤਾ ਜਾਂਦਾ ਹੈ ਪਰ ਕਈ ਸੂਬਿਆਂ ''ਚ ਇਹ ਟੈਸਟ (ਇਮਤਿਹਾਨ) ਇਕ ਛਲਾਵਾ ਹੀ ਸਿੱਧ ਹੋ ਰਹੇ ਹਨ। ਉਹ ਵਿਦਿਆਰਥੀ ਵੀ ਪੈਸੇ ਦੇ ਦਮ ''ਤੇ ਦਾਖਲਾ ਲੈਣ ''ਚ ਸਫਲ ਹੋ ਜਾਂਦੇ ਹਨ, ਜਿਨ੍ਹਾਂ ਦੇ ਅੰਕ ਕਿੰਨੇ ਵੀ ਘੱਟ ਕਿਉਂ ਨਾ ਆਏ ਹੋਣ।
ਜ਼ਿਆਦਾਤਰ ਸੂਬਿਆਂ ''ਚ ਮੈਨੇਜਮੈਂਟ ਕਮੇਟੀਆਂ ਨੂੰ 15 ਫੀਸਦੀ ਸੀਟਾਂ ਐੱਨ. ਆਰ. ਆਈ. ਕੋਟੇ ''ਚੋਂ ਆਪਣੀ ਇੱਛਾ ਮੁਤਾਬਕ ਭਰਨ ਦਾ ਹੱਕ ਹੁੰਦਾ ਹੈ ਪਰ ਅਸਲੀਅਤ ਇਹ ਹੈ ਕਿ ਮੈਨੇਜਮੈਂਟ ਦੇ ਕੋਟੇ ਤੇ ਹੋਰਨਾਂ ਸ਼੍ਰੇਣੀਆਂ ਦੀਆਂ ਸੀਟਾਂ ਦਾ ਵੀ ਵੱਡਾ ਹਿੱਸਾ ਵੇਚ ਦਿੱਤਾ ਜਾਂਦਾ ਹੈ। ਇਹੋ ਵਜ੍ਹਾ ਹੈ ਕਿ ਕੁਝ ਲੋਕ ਆਪਣੇ ਬੱਚਿਆਂ ਨੂੰ ਡਾਕਟਰੀ ਦੀ ਪੜ੍ਹਾਈ ਲਈ ਚੀਨ ਵਰਗੇ ਦੇਸ਼ਾਂ ''ਚ ਭੇਜ ਰਹੇ ਹਨ, ਜਦਕਿ ਉਥੇ ਮੈਡੀਕਲ ਦੀ ਪੜ੍ਹਾਈ ਦਾ ਮਿਆਰ ਬਹੁਤਾ ਵਧੀਆ ਨਹੀਂ ਹੈ। 
ਵੱਖ-ਵੱਖ ਸੂਬਿਆਂ ''ਚ ਪ੍ਰਾਈਵੇਟ ਮੈਡੀਕਲ ਕਾਲਜਾਂ ਦੀਆਂ ਮੈਨੇਜਮੈਂਟ ਕਮੇਟੀਆਂ ਨੂੰ ਵੱਖ-ਵੱਖ ਕੋਟਾ ਅਲਾਟ ਕੀਤਾ ਗਿਆ ਹੈ। ਮੱਧ ਪ੍ਰਦੇਸ਼ ਤੇ ਮਹਾਰਾਸ਼ਟਰ ''ਚ ਮੈਨੇਜਮੈਂਟ ਨੂੰ 43 ਫੀਸਦੀ ਕੋਟਾ ਅਲਾਟ ਕਰਨ ਤੋਂ ਇਲਾਵਾ 15 ਫੀਸਦੀ ਐੱਨ. ਆਰ. ਆਈ. ਕੋਟਾ ਅਲਾਟ ਕੀਤਾ ਗਿਆ ਹੈ, ਜੋ ਕੁਲ ਮਿਲਾ ਕੇ 58 ਫੀਸਦੀ ਬਣ ਜਾਂਦਾ ਹੈ।
ਮੈਡੀਕਲ ਸੀਟਾਂ ਦੀ ਇਹ ਵਿਕਰੀ ਦੇਸ਼ ''ਚ ਡਾਕਟਰੀ ਦੀ ਪੜ੍ਹਾਈ ਦੀ ਬਹੁਤ ਧੁੰਦਲੀ ਤਸਵੀਰ ਪੇਸ਼ ਕਰਦੀ ਹੈ। ਮੈਡੀਕਲ ਸਿੱਖਿਆ ਦੇ ਇਸੇ ਬਾਜ਼ਾਰੀਕਰਨ ਕਰਕੇ ਡਾਕਟਰੀ ਦਾ ਪੇਸ਼ਾ ਆਪਣਾ ਸਨਮਾਨ ਗੁਆਉਂਦਾ ਜਾ ਰਿਹਾ ਹੈ।
ਇਸ ਨਾਲ ਸਿਹਤ ਸੇਵਾਵਾਂ ਦੀ ਗੁਣਵੱਤਾ ''ਤੇ ਗੰਭੀਰ ਅਸਰ ਪੈ ਸਕਦਾ ਹੈ ਕਿਉਂਕਿ ਬਿਨਾਂ ਲੋੜੀਂਦੀ ਯੋਗਤਾ ਦੇ ਮੋਟੀ ਰਕਮ ਖਰਚ ਕਰਕੇ ਸਿਰਫ ਪੈਸੇ ਦੇ ਦਮ ''ਤੇ ਡਾਕਟਰੀ ਦੀ ਡਿਗਰੀ ਹਾਸਿਲ ਕਰਨ ਵਾਲੇ ਡਾਕਟਰਾਂ ਦੇ ਹੱਥ ''ਚ ਰੋਗੀਆਂ ਦਾ ਭਵਿੱਖ ਕਿੰਨਾ ਸੁਰੱਖਿਅਤ ਹੋ ਸਕਦਾ ਹੈ, ਇਸ ਦਾ ਅੰਦਾਜ਼ਾ ਲਗਾਉਣਾ ਮੁਸ਼ਕਿਲ ਨਹੀਂ।
ਕੁਝ ਮਾਹਿਰਾਂ ਦਾ ਕਹਿਣਾ ਹੈ ਕਿ ''''ਜੇ ਇਸ ਸਥਿਤੀ ''ਤੇ ਰੋਕ ਨਾ ਲਗਾਈ ਗਈ ਤਾਂ ਇਕ ਦਿਨ ਅਜਿਹਾ ਵੀ ਆ ਸਕਦਾ ਹੈ, ਜਦੋਂ ਕਿਸੇ ਡਾਕਟਰ ਤੋਂ ਆਪਣਾ ਇਲਾਜ ਕਰਵਾਉਣ ਤੋਂ ਪਹਿਲਾਂ ਰੋਗੀ ਉਸ ਦੀਆਂ ਡਿਗਰੀਆਂ ਦੀ ਪੜਤਾਲ ਕਰਨੀ ਚਾਹੇਗਾ।'''' 
ਅੱਜ ਜਦੋਂ ਭਾਰਤ ਦੁਨੀਆ ''ਚ ''ਮੈਡੀਕਲ ਟੂਰਿਜ਼ਮ'' ਦੇ ਇਕ ਵੱਡੇ ਕੇਂਦਰ ਵਜੋਂ ਉੱਭਰ ਰਿਹਾ ਹੈ, ਸਾਡੇ ਇਥੇ ਮੈਡੀਕਲ ਸਿੱਖਿਆ ਦਾ ਡਿਗਦਾ ਮਿਆਰ ਵੱਡੀ ਚੁਣੌਤੀ ਸਿੱਧ ਹੋ ਸਕਦਾ ਹੈ। ਇਸ ਲਈ ਇਸ ਸਥਿਤੀ ਤੋਂ ਬਚਣ ਵਾਸਤੇ ਸਰਕਾਰੀ ਤੇ ਪ੍ਰਾਈਵੇਟ ਮੈਡੀਕਲ ਕਾਲਜਾਂ ''ਚ ਡਾਕਟਰੀ ਦੀ ਸਿੱਖਿਆ ''ਚ ਦਾਖਲੇ ਸੰਬੰਧੀ ਨਿਯਮਾਂ ਤੇ ਯੋਗਤਾ ਦੇ ਪੈਮਾਨਿਆਂ ਦੀ ਸਖਤੀ ਨਾਲ ਪਾਲਣਾ ਕਰਨੀ ਜ਼ਰੂਰੀ ਹੈ। 
ਇਥੇ ਇਹ ਗੱਲ ਵੀ ਜ਼ਿਕਰਯੋਗ ਹੈ ਕਿ ਕਈ ਪ੍ਰਾਈਵੇਟ ਮੈਡੀਕਲ ਕਾਲਜਾਂ ਦੇ ਮਾਲਕ ਸਿਆਸਤਦਾਨ ਹਨ, ਇਸ ਲਈ ਇਸ ਬੁਰਾਈ ਨੂੰ ਕਿਵੇਂ ਦੂਰ ਕੀਤਾ ਜਾ ਸਕਦਾ ਹੈ, ਇਹ ਵੀ ਸੋਚਣ ਵਾਲੀ ਗੱਲ ਹੈ।                                       
—ਵਿਜੇ ਕੁਮਾਰ 

Vijay Kumar Chopra

This news is Chief Editor Vijay Kumar Chopra