ਲੰਡਨ ਅਗਨੀ ਕਾਂਡ ਅਤੇ ਭਾਰਤ ਲਈ ਇਸ ਦੇ ਸਬਕ

06/26/2017 7:00:25 AM

ਪੱਛਮੀ ਲੰਡਨ ਦੇ ਗ੍ਰੇਨਫੈਲ ਟਾਵਰ 'ਚ ਲੱਗੀ ਭਿਆਨਕ ਅੱਗ 'ਚ ਘੱਟੋ-ਘੱਟ 79 ਲੋਕਾਂ ਦੀ ਜਾਨ ਚਲੀ ਗਈ ਅਤੇ ਅਨੇਕ ਜ਼ਖ਼ਮੀ ਹੋਏ। ਇਸ ਹਾਦਸੇ ਤੋਂ ਬਾਅਦ ਇਸ ਦੀ ਜਾਂਚ ਅਤੇ ਪ੍ਰਭਾਵਿਤ ਲੋਕਾਂ ਦੇ ਮੁੜ- ਵਸੇਬੇ ਦੇ ਯਤਨ ਹੀ ਸ਼ੁਰੂ ਨਹੀਂ ਹੋਏ, ਲੰਡਨ 'ਚ ਹਾਊਸਿੰਗ ਪਾਲਿਸੀ 'ਤੇ ਮੁੜ ਵਿਚਾਰ ਵੀ ਸ਼ੁਰੂ ਹੋ ਗਿਆ ਹੈ। 
ਜਾਂਚਕਰਤਾਵਾਂ ਵਲੋਂ ਪਤਾ ਲਗਾਉਣ ਤੋਂ ਬਾਅਦ ਕਿ ਇਮਾਰਤ ਦੇ ਮਹੱਤਵਪੂਰਨ ਹਿੱਸੇ ਸੇਫਟੀ ਟੈਸਟ ਵਿਚ ਫੇਲ ਹੋ ਚੁੱਕੇ ਸਨ। ਪੁਲਸ ਦਾ ਕਹਿਣਾ ਹੈ ਕਿ ਉਹ ਇਸ ਭਿਆਨਕ ਅਗਨੀ ਕਾਂਡ ਦੇ ਮਾਮਲੇ ਵਿਚ ਹੱਤਿਆ ਦਾ ਮਾਮਲਾ ਦਰਜ ਕਰਨ 'ਤੇ ਵਿਚਾਰ ਕਰ ਰਹੀ ਹੈ। 
ਇਮਾਰਤ 'ਚ ਅੱਗ ਇਕ ਫਰਿੱਜ ਦੇ ਫ੍ਰੀਜ਼ਰ ਵਿਚ ਲੱਗੀ ਅੱਗ ਨਾਲ ਫੈਲੀ ਸੀ। ਜਿਵੇਂ ਕਿ ਪਹਿਲਾਂ ਅਨੁਮਾਨ ਲਗਾਇਆ ਜਾ ਰਿਹਾ ਸੀ, ਅੱਗ ਜਾਣਬੁੱਝ ਕੇ ਨਹੀਂ ਲਗਾਈ ਗਈ ਸੀ ਪਰ ਅਜੇ ਵੀ ਇਸ ਗੱਲ ਦਾ ਪਤਾ ਨਹੀਂ ਲੱਗ ਸਕਿਆ ਹੈ ਕਿ ਆਖਿਰ ਇਮਾਰਤ ਵਿਚ ਅੱਗ ਇੰਨੀ ਤੇਜ਼ੀ ਨਾਲ ਕਿਉਂ ਫੈਲ ਗਈ। 
ਮਾਹਿਰਾਂ ਨੇ ਇਸ ਤੋਂ ਪਹਿਲਾਂ ਇਮਾਰਤ 'ਤੇ ਚੜ੍ਹਾਏ ਗਏ ਪਰਦੇ ਵੱਲ ਧਿਆਨ ਦਿਵਾਉਂਦਿਆਂ ਕਿਹਾ ਸੀ ਕਿ ਹੋ ਸਕਦਾ ਹੈ ਕਿ ਇਸ ਦੇ ਕਾਰਨ ਹੀ 21 ਜੂਨ ਨੂੰ ਲੱਗੀ ਅੱਗ ਨੇ 24 ਮੰਜ਼ਿਲਾ ਇਸ ਇਮਾਰਤ ਨੂੰ ਇੰਨੀ ਤੇਜ਼ੀ ਨਾਲ ਆਪਣੀ ਲਪੇਟ ਵਿਚ ਲੈ ਲਿਆ ਹੋਵੇ। 
ਮੰਨਿਆ ਜਾਂਦਾ ਹੈ ਕਿ ਨਿਰਮਾਣ ਗੁਣਵੱਤਾ ਨੂੰ ਯਕੀਨੀ ਬਣਾਉਣ 'ਤੇ ਜ਼ੋਰ ਦੇਣ ਵਾਲੀ ਬਿਲਡਿੰਗ ਰਿਸਰਚ ਇਸਟੈਬਲਿਸ਼ਮੈਂਟ ਨਾਂ ਦੀ ਇਕ ਸਾਬਕਾ ਸਰਕਾਰੀ ਸੰਸਥਾ ਨੇ ਇਸ ਇਮਾਰਤ 'ਤੇ ਚੜ੍ਹਾਏ ਗਏ ਪਰਦੇ ਅਤੇ ਇੰਸੂਲੇਸ਼ਨ ਨੂੰ ਸੁਰੱਖਿਆ ਪ੍ਰੀਖਣਾਂ ਵਿਚ ਅਸਫਲ ਪਾਇਆ ਸੀ। ਇਸ ਗੱਲ 'ਤੇ ਧਿਆਨ ਦੇਣਾ ਹੋਵੇਗਾ ਕਿ ਆਮ ਤੌਰ 'ਤੇ ਅਜਿਹੇ ਮਾਮਲਿਆਂ ਵਿਚ ਕੰਪਨੀਆਂ 'ਤੇ ਅਪਰਾਧਿਕ ਦੋਸ਼ ਨਹੀਂ ਲਗਾਏ ਜਾਂਦੇ ਹਨ। 
ਗ੍ਰੇਨਫੈਲ ਬਿਲਡਿੰਗ ਵਿਚ ਲੱਗੀ ਅੱਗ ਦੀ ਜਾਂਚ ਦੇ ਨਤੀਜੇ ਸਾਹਮਣੇ ਆਉਣ ਦੇ ਨਾਲ ਹੀ ਪਤਾ ਲੱਗਾ ਹੈ ਕਿ 600 ਹੋਰ ਮਕਾਨਾਂ 'ਤੇ ਵੀ ਉਸੇ ਤਰ੍ਹਾਂ ਦਾ ਪਰਦਾ ਚੜ੍ਹਿਆ ਹੈ। ਅੱਗ ਬੁਝਾਊ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਉਨ੍ਹਾਂ ਨਿਵਾਸੀਆਂ ਦੀ ਸੁਰੱਖਿਆ ਦਾ ਭਰੋਸਾ ਨਹੀਂ ਦੇ ਸਕਦੇ ਹਨ। 
ਇਸ ਕਾਰਨ 5 ਕੈਮਡਨ ਟਾਵਰ ਬਲਾਕਸ ਵਿਚ ਰਹਿਣ ਵਾਲੇ ਲੋਕਾਂ ਨੂੰ ਅੱਗ ਦੇ ਖਤਰੇ ਨੂੰ ਦੇਖਦੇ ਹੋਏ ਆਪਣੇ ਨਿਵਾਸ ਖਾਲੀ ਕਰਨ ਲਈ ਕਿਹਾ ਗਿਆ ਹੈ। ਇਨ੍ਹਾਂ ਟਾਵਰਾਂ 'ਤੇ ਵੀ ਉਸੇ ਤਰ੍ਹਾਂ ਦਾ ਐਲੂਮੀਨੀਅਮ ਦਾ ਪਰਦਾ ਚੜ੍ਹਿਆ ਹੋਇਆ ਹੈ, ਜਿਵੇਂ ਕਿ ਗ੍ਰੇਨਫੈਲ ਟਾਵਰ 'ਤੇ ਸੀ। 
ਤੁਰੰਤ ਅੱਗ ਰੋਕੂ ਬੰਦੋਬਸਤ ਠੀਕ ਕਰਨ ਲਈ ਚਾਕਲੇਟ ਅਸਟੇਟ ਵਿਚ 800 ਪਰਿਵਾਰਾਂ ਨੇ ਆਪਣੇ ਘਰ ਖਾਲੀ ਕਰ ਦਿੱਤੇ। ਇਨ੍ਹਾਂ ਪਰਿਵਾਰਾਂ ਨੂੰ 4 ਹਫਤਿਆਂ ਤਕ ਆਪਣੇ ਰਿਸ਼ਤੇਦਾਰਾਂ ਜਾਂ ਦੋਸਤਾਂ ਕੋਲ ਰਹਿਣ ਦੀ ਹਦਾਇਤ ਦਿੱਤੀ ਗਈ ਹੈ, ਨਹੀਂ ਤਾਂ ਸਰਕਾਰ ਉਨ੍ਹਾਂ ਨੂੰ ਰਹਿਣ ਲਈ ਜਗ੍ਹਾ ਮੁਹੱਈਆ ਕਰਵਾ ਸਕਦੀ ਹੈ। 
ਸਰਕਾਰ ਗ੍ਰੇਨਫੈਲ ਟਾਵਰ ਵਿਚ ਅੱਗ ਲੱਗਣ ਤੋਂ ਬਾਅਦ ਬੇਘਰ ਹੋਏ ਲੋਕਾਂ ਦੇ ਮੁੜ-ਵਸੇਬੇ 'ਤੇ ਤੇਜ਼ੀ ਨਾਲ ਕੰਮ ਕਰ ਰਹੀ ਹੈ। ਹਾਲਾਂਕਿ ਲੋਕ ਵੀ ਉਨ੍ਹਾਂ ਦੀ ਮਦਦ ਲਈ ਅੱਗੇ ਆਏ ਹਨ ਅਤੇ ਉਨ੍ਹਾਂ ਲਈ ਸ਼ੋਅਜ਼ ਤੇ ਹੋਰਨਾਂ ਮਾਧਿਅਮਾਂ ਰਾਹੀਂ ਧਨ ਜਮ੍ਹਾ ਕੀਤਾ ਜਾ ਰਿਹਾ ਹੈ। ਉਥੇ ਕੁਝ ਲੋਕਾਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਲੰਡਨ ਵਾਲਿਆਂ ਨੂੰ ਆਪਣੇ ਲੋੜਵੰਦ ਨਗਰ ਵਾਸੀਆਂ ਦੀ ਸਹਾਇਤਾ ਲਈ ਵਾਧੂ ਟੈਕਸ ਜਮ੍ਹਾ ਕਰਵਾਉਣਾ ਚਾਹੀਦਾ ਹੈ। 
ਇਸ ਮਾਮਲੇ ਤੋਂ ਬਾਅਦ ਜੋ ਹੋਰ ਧਾਰਨਾ ਸਾਹਮਣੇ ਆ ਰਹੀ ਹੈ, ਉਹ ਹੈ ਜੈਨੋਫੋਬੀਆ (ਵਿਦੇਸ਼ੀ ਲੋਕਾਂ ਨੂੰ ਨਾਪਸੰਦ ਕਰਨਾ)। ਅਨੇਕ ਸਿਆਸਤਦਾਨਾਂ ਨੇ ਕਿਹਾ ਹੈ ਕਿ ਲੰਡਨ ਵਿਚ ਵਿਦੇਸ਼ੀਆਂ ਅਤੇ ਰਈਸ ਅੰਗਰੇਜ਼ਾਂ ਨੇ ਵੱਡੀ ਗਿਣਤੀ ਵਿਚ ਜੋ ਘਰ ਖਰੀਦ ਕੇ ਖਾਲੀ ਛੱਡ ਰੱਖੇ ਹਨ, ਉਨ੍ਹਾਂ ਨੂੰ ਅਗਨੀ ਕਾਂਡ ਪੀੜਤਾਂ ਲਈ ਖੋਲ੍ਹ ਦੇਣਾ ਚਾਹੀਦਾ ਹੈ। ਹਾਲਾਂਕਿ ਅਜਿਹਾ ਹੋਵੇਗਾ ਨਹੀਂ, ਫਿਰ ਵੀ ਗਰੀਬ-ਅਮੀਰ ਵਿਚਾਲੇ ਵਧਦੇ ਪਾੜੇ ਵੱਲੋਂ ਧਿਆਨ ਵੰਡਾਉਣ ਵਿਚ ਇਹ ਗੱਲ ਸਹਾਇਕ ਹੋਵੇਗੀ।
ਦੂਜੇ ਪਾਸੇ ਇਸ ਤੱਥ ਵੱਲ ਵੀ ਧਿਆਨ ਦਿਵਾਇਆ ਜਾ ਰਿਹਾ ਹੈ ਕਿ ਕਿਉਂਕਿ ਲੰਡਨ ਵਿਚ ਮਕਾਨ ਤੇ ਜ਼ਮੀਨ ਬੇਹੱਦ ਮਹਿੰਗੀ ਹੈ, ਸਰਕਾਰ ਆਪਣੇ ਲੋਕਾਂ ਨੂੰ ਚੰਗੀ ਗੁਣਵੱਤਾ ਵਾਲੇ ਨਿਵਾਸ ਮੁਹੱਈਆ ਨਹੀਂ ਕਰਵਾ ਸਕੀ ਹੈ। 
ਇਸ ਭਿਆਨਕ ਅਗਨੀ ਕਾਂਡ ਦੇ ਪੀੜਤਾਂ ਦੀ ਹਾਲਤ 'ਤੇ ਜਿੱਥੇ ਦੁੱਖ ਹੁੰਦਾ ਹੈ, ਉਥੇ ਹੀ ਭਾਰਤ ਵਿਚ ਸਾਨੂੰ ਆਪਣੇ ਲਈ ਵੀ ਇਸ ਨੂੰ ਖਤਰੇ ਦੀ ਘੰਟੀ ਸਮਝਣਾ ਚਾਹੀਦਾ ਹੈ। ਦੇਸ਼ ਵਿਚ ਇਸ ਤਰ੍ਹਾਂ ਦੀ ਆਫਤ ਕਦੇ ਵੀ ਆ ਸਕਦੀ ਹੈ ਕਿਉਂਕਿ ਨਿਰਮਾਣ ਸੰਬੰਧੀ ਕਾਨੂੰਨਾਂ ਦੀ ਘੱਟ ਹੀ ਪਾਲਣਾ ਸਾਡੇ ਇਥੇ ਹੋ ਰਹੀ ਹੈ। ਇਮਾਰਤਾਂ ਦੇ ਵਿਚਾਲੇ ਦੂਰੀ, ਅਗਨੀ ਰੋਕੂ ਸਮੱਗਰੀ ਅਤੇ ਬਿਜਲੀ ਦੀਆਂ ਸੁਰੱਖਿਅਤ ਤਾਰਾਂ ਦੀ ਵਰਤੋਂ ਨੂੰ ਨਜ਼ਰਅੰਦਾਜ਼ ਕਰਨ ਦੇ ਨਾਲ-ਨਾਲ ਅੱਗ ਬੁਝਾਊ ਮਾਪਦੰਡਾਂ ਨੂੰ ਵੀ ਲਾਗੂ ਕਰਨ ਉੱਤੇ ਸਾਡੇ ਇਥੇ ਕੋਈ ਜ਼ੋਰ ਨਹੀਂ ਹੈ। 
ਦਿੱਲੀ ਦੇ ਉਪਹਾਰ ਸਿਨੇਮਾ ਅਤੇ ਡੱਬਵਾਲੀ ਵਰਗੇ ਅਗਨੀ ਕਾਂਡ ਵੀ ਸ਼ਾਇਦ ਲੋਕਾਂ ਅਤੇ ਕੰਪਨੀਆਂ ਨੂੰ ਜਨਤਾ ਦੀ ਸੁਰੱਖਿਆ ਦਾ ਕੋਈ ਪਾਠ ਨਹੀਂ ਪੜ੍ਹਾ ਸਕੇ। 

Vijay Kumar Chopra

This news is Chief Editor Vijay Kumar Chopra