ਸਕੂਲ ਬੱਸ ਚਾਲਕਾਂ ਦੀ ਲਾਪ੍ਰਵਾਹੀ ਨਾਲ ਖਤਰੇ ’ਚ ਪੈ ਰਹੀ ਮਾਸੂਮ ਬੱਚਿਆਂ ਦੀ ਜਾਨ

01/20/2024 6:16:23 AM

ਦੇਸ਼ ’ਚ ਸੜਕ ਹਾਦਸਿਆਂ ਦਾ ਹੜ੍ਹ ਜਿਹਾ ਆਇਆ ਹੋਇਆ ਹੈ। ਸਕੂਲ ਬੱਸਾਂ ਦੇ ਚਾਲਕ ਵੀ ਮੋਬਾਈਲ ’ਤੇ ਗੱਲ ਕਰਦੇ ਹੋਏ ਅਤੇ ਨਸ਼ੇ ਦੀ ਹਾਲਤ ’ਚ ਤੇਜ਼ ਰਫਤਾਰ ਨਾਲ ਵਾਹਨ ਚਲਾਉਣ ਆਦਿ ਕਾਰਨਾਂ ਕਾਰਨ ਲਗਾਤਾਰ ਮਾਸੂਮ ਬੱਚਿਆਂ ਦੀ ਦੁਖਦਾਈ ਮੌਤ ਦਾ ਕਾਰਨ ਬਣ ਰਹੇ ਹਨ :

* 17 ਜੁਲਾਈ, 2023 ਨੂੰ ਸਿਰਸਾ (ਹਰਿਆਣਾ) ਦੇ ਮੰਡੀ ਡੱਬਵਾਲੀ ’ਚ ਇਕ ਸਕੂਲ ਬੱਸ ਦੇ ਡਰਾਈਵਰ ਨੇ ਉੱਚੇ-ਨੀਵੇਂ ਰਸਤੇ ’ਚੋਂ ਲੰਘਦੇ ਹੋਏ ਵੀ ਆਪਣੇ ਫੋਨ ’ਤੇ ਰੁੱਝੇ ਰਹਿਣ ਕਾਰਨ ਬੱਸ ਉਲਟਾ ਦਿੱਤੀ ਜਿਸ ਨਾਲ ਕਈ ਬੱਚੇ ਜ਼ਖਮੀ ਹੋ ਗਏ।

* 30 ਅਕਤੂਬਰ, 2023 ਨੂੰ ਬਦਾਯੂੰ (ਉੱਤਰ ਪ੍ਰਦੇਸ਼) ਦੇ ‘ਉਸਾਵਾਂ’ ’ਚ ਇਕ ਸਕੂਲ ਬੱਸ ਅਤੇ ਵੈਨ ਦੀ ਟੱਕਰ ’ਚ 4 ਬੱਚਿਆਂ ਦੀ ਮੌਤ ਹੋ ਗਈ।

* 2 ਦਸੰਬਰ, 2023 ਨੂੰ ਅਜਮੇਰ (ਰਾਜਸਥਾਨ) ’ਚ ਇਕ ਬੱਸ ਅਤੇ ਸਕੂਲ ਬੱਸ ’ਚ ਭਿਆਨਕ ਟੱਕਰ ਕਾਰਨ ਸਕੂਲ ਦੇ ਇਕ ਬੱਚੇ ਦੀ ਜਾਨ ਚਲੀ ਗਈ।

* 14 ਦਸੰਬਰ, 2023 ਨੂੰ ਜੈਪੁਰ (ਰਾਜਸਥਾਨ) ਦੇ ਭਗਵਾੜਾ ਪਿੰਡ ’ਚ ਇਕ ਸਕੂਲ ਬੱਸ ਦੇ ਚਾਲਕ ਨੇ ਇਕ 3 ਸਾਲਾ ਬੱਚੇ ਨੂੰ ਦਰੜ ਦਿੱਤਾ।

* 20 ਦਸੰਬਰ, 2023 ਨੂੰ ਨਾਰਨੌਲ (ਹਰਿਆਣਾ) ’ਚ ਇਕ ਸਕੂਲ ਬੱਸ ਚਾਲਕ ਨੇ ਸਕੂਲ ’ਚ ਬੱਚਿਆਂ ਨੂੰ ਉਤਾਰਨ ਪਿੱਛੋਂ ਲਾਪ੍ਰਵਾਹੀ ਨਾਲ ਗੱਡੀ ਚਲਾਉਂਦੇ ਹੋਏ ਉਸੇ ਬੱਸ ਤੋਂ ਉਤਰੇ ਇਕ 6 ਸਾਲਾ ਬੱਚੇ ਨੂੰ ਦਰੜ ਕੇ ਮਾਰ ਦਿੱਤਾ।

* 21 ਦਸੰਬਰ, 2023 ਨੂੰ ਸ਼ਾਹਜਹਾਂਪੁਰ (ਉੱਤਰ ਪ੍ਰਦੇਸ਼) ਦੇ ‘ਖੁਟਾਰ’ ਥਾਣਾ ਖੇਤਰ ’ਚ ਸਕੂਲ ਜਾਣ ਲਈ ਸੜਕ ਕੰਢੇ ਖੜ੍ਹੇ 2 ਸਕੇ ਭਰਾਵਾਂ ਨੂੰ ਉੱਥੋਂ ਲੰਘ ਰਹੀ ਇਕ ਤੇਜ਼ ਰਫਤਾਰ ਸਕੂਲ ਬੱਸ ਨੇ ਦਰੜ ਦਿੱਤਾ।

* 22 ਦਸੰਬਰ, 2023 ਨੂੰ ਗੋਰਖਪੁਰ (ਉੱਤਰ ਪ੍ਰਦੇਸ਼) ’ਚ ਇਕ ਡੰਪਰ ਨੂੰ ਓਵਰਟੇਕ ਕਰਨ ਦੇ ਚੱਕਰ ’ਚ ਇਕ ਸਕੂਲ ਬੱਸ ਦੇ ਬੇਕਾਬੂ ਹੋ ਕੇ ਉਲਟ ਜਾਣ ਕਾਰਨ 2 ਬੱਚਿਆਂ ਦੀ ਮੌਤ ਅਤੇ 15 ਬੱਚੇ ਜ਼ਖਮੀ ਹੋ ਗਏ।

* 5 ਜਨਵਰੀ, 2024 ਨੂੰ ਭੋਪਾਲ (ਮੱਧ ਪ੍ਰਦੇਸ਼) ’ਚ ਇਕ ਸਕੂਲ ਬੱਸ ਚਾਲਕ ਵੱਲੋਂ ਲਾਪ੍ਰਵਾਹੀ ਨਾਲ ਬੱਸ ਚਲਾਉਣ ਕਾਰਨ ਬੱਸ ਬੇਕਾਬੂ ਹੋ ਕੇ ਡਿਵਾਈਡਰ ਨੂੰ ਤੋੜਦੇ ਹੋਏ ਖੱਡ ’ਚ ਜਾ ਡਿੱਗੀ ਜਿਸ ਨਾਲ 12 ਬੱਚੇ ਜ਼ਖਮੀ ਹੋ ਗਏ।

* 11 ਜਨਵਰੀ, 2024 ਨੂੰ ਸੁਮੇਰਪੁਰ (ਪਾਲੀ, ਰਾਜਸਥਾਨ) ਵਿਚ ਇਕ ਸਕੂਲ ਬੱਸ ਅਤੇ ਟਰੱਕ ਦੀ ਟੱਕਰ ਦੇ ਨਤੀਜੇ ਵਜੋਂ 11 ਬੱਚੇ ਜ਼ਖਮੀ ਹੋ ਗਏ।

* 18 ਜਨਵਰੀ 2024 ਨੂੰ ਸਰਿਤਾ ਵਿਹਾਰ, ਦਿੱਲੀ ’ਚ ਇਕ ਤੇਜ਼ ਰਫਤਾਰ ਸਕੂਲ ਬੱਸ ਨੇ ਸੜਕ ’ਤੇ ਆਪਣੀ ਮਾਂ ਦੇ ਨਾਲ ਜਾ ਰਹੀ ਇਕ ਬੱਚੀ ਨੂੰ ਦਰੜ ਦਿੱਤਾ।

* 18 ਜਨਵਰੀ, 2024 ਨੂੰ ਹੀ ਸਾਗਰ (ਮੱਧ ਪ੍ਰਦੇਸ਼) ’ਚ ਇਕ ਤੇਜ਼ ਰਫਤਾਰ ਸਕੂਲ ਬੱਸ ਦੇ ਨਸ਼ੇ ’ਚ ਧੁੱਤ ਚਾਲਕ ਨੇ ਬੱਸ ਇਕ ਰੁੱਖ ਨਾਲ ਟਕਰਾ ਦਿੱਤੀ ਜਿਸ ਨਾਲ 14 ਬੱਚਿਆਂ ਨੂੰ ਗੰਭੀਰ ਸੱਟਾਂ ਲੱਗੀਆਂ।

* ਅਤੇ ਹੁਣ 18 ਜਨਵਰੀ, 2024 ਨੂੰ ਗੁਰਾਇਆ (ਪੰਜਾਬ) ਦੇ ਪਿੰਡ ‘ਚੱਕ ਦੇਸਰਾਜ’ ’ਚ ਨਸ਼ੇ ’ਚ ਧੁੱਤ ਸਕੂਲ ਬੱਸ ਚਾਲਕ ਵੱਲੋਂ ਲਾਪ੍ਰਵਾਹੀਪੂਰਨ ਤੇਜ਼ ਰਫਤਾਰ ਨਾਲ ਬੱਸ ਚਲਾਉਣ ਕਾਰਨ ਉਸ ’ਚ ਸਵਾਰ ਬੱਚਿਆਂ ਦੀ ਜਾਨ ’ਤੇ ਬਣ ਆਈ।

ਕਈ ਥਾਂ ਬੱਸ ਟਕਰਾਉਂਦੇ-ਟਕਰਾਉਂਦੇ ਬਚੀ। ਕਿਸੇ ਤਰ੍ਹਾਂ ਬੱਚਿਆਂ ਨੇ ਬੱਸ ਰੁਕਵਾਈ ਅਤੇ ਬੱਸ ਚਾਲਕ ਆਪਣੀ ਸੀਟ ’ਤੇ ਹੀ ਪੈਰ ਪਸਾਰ ਕੇ ਸੌਂ ਗਿਆ ਜਿਸ ਪਿੱਛੋਂ ਉੱਥੇ ਇਕੱਠੇ ਲੋਕਾਂ ਨੇ ਪੁਲਸ ਨੂੰ ਸੱਦ ਕੇ ਬੱਸ ਚਾਲਕ ਨੂੰ ਉਸ ਦੇ ਹਵਾਲੇ ਕਰ ਦਿੱਤਾ।

ਇਸੇ ਤਰ੍ਹਾਂ ਦੀਆਂ ਘਟਨਾਵਾਂ ਨੂੰ ਦੇਖਦੇ ਹੋਏ ਸਕੂਲ ਬੱਸਾਂ ਦੇ ਸੁਰੱਖਿਅਤ ਚਾਲਣ ਲਈ ਕੁਝ ਸਾਵਧਾਨੀਆਂ ਵਰਤਣਾ ਜ਼ਰੂਰੀ ਹੈ। ਸਾਰੇ ਸਕੂਲ ਬੱਸਾਂ ’ਚ ਫਸਟ-ਏਡ ਬਾਕਸ ਰੱਖਣਾ ਅਤੇ ਐਮਰਜੈਂਸੀ ਨੰਬਰ ਪ੍ਰਦਰਸ਼ਿਤ ਕਰਨਾ ਲਾਜ਼ਮੀ ਹੋਣਾ ਚਾਹੀਦਾ ਹੈ।

ਸਕੂਲ ਬੱਸਾਂ ’ਚ ਸਪੀਡ ਗਵਰਨਰ ਲਾਉਣਾ, ਪੁਰਾਣੀ ਅਤੇ ਖਟਾਰਾ ਬੱਸਾਂ ਦੀ ਥਾਂ ਚੰਗੀ ਹਾਲਤ ਵਾਲੀਆਂ ਬੱਸਾਂ ਦੀ ਹੀ ਵਰਤੋਂ ਯਕੀਨੀ ਬਣਾਉਣ ਦੇ ਇਲਾਵਾ ਵਾਹਨ ਚਾਲਕਾਂ ਦੀ ਉਮਰ ਅਤੇ ਸਿਹਤ ਸਬੰਧੀ ਪੜਤਾਲ ਕਰਨਾ ਵੀ ਜ਼ਰੂਰੀ ਹੈ। ਸਕੂਲ ਬੱਸਾਂ ਦੀਆਂ ਖਿੜਕੀਆਂ ’ਤੇ ਪਰਦੇ ਤੇ ਇਸ ’ਚ ਮਿਊਜ਼ਿਕ ਸਿਸਟਮ ਵੀ ਨਹੀਂ ਹੋਣਾ ਚਾਹੀਦਾ। ਗੀਤ ਸੁਣਨਾ ਵੀ ਧਿਆਨ ਭੰਗ ਹੋਣ ਦੇ ਹਾਦਸੇ ਦਾ ਕਾਰਨ ਬਣਦਾ ਹੈ।

ਸਕੂਲ ਦੇ ਪ੍ਰਬੰਧਕ ਨਾਬਾਲਿਗਾਂ, ਸਰੀਰਕ ਤੌਰ ’ਤੇ ਅਯੋਗ ਅਤੇ ਨਸ਼ਾ ਕਰਨ ਵਾਲਿਆਂ ਨੂੰ ਵਾਹਨ ਚਾਲਕ ਅਤੇ ਉਨ੍ਹਾਂ ਦੇ ਸਹਾਇਕ ਨਾ ਰੱਖੋ। ਉਨ੍ਹਾਂ ਦਾ ਪੜ੍ਹੇ-ਲਿਖੇ ਅਤੇ ਸੱਭਿਅਕ ਹੋਣਾ ਵੀ ਲਾਜ਼ਮੀ ਹੈ ਤਾਂ ਕਿ ਉਹ ਬੱਚਿਆਂ ਨਾਲ ਚੰਗਾ ਵਿਹਾਰ ਕਰੇ।

ਕੁਝ ਸਕੂਲਾਂ ਦੇ ਪ੍ਰਬੰਧਕ ਆਪਣੀਆਂ ਬੱਸਾਂ ਦੇ ਚਾਲਕਾਂ ਸਬੰਧੀ ਸ਼ਿਕਾਇਤਾਂ ਅਤੇ ਉਨ੍ਹਾਂ ਵੱਲੋਂ ਕੀਤੇ ਗਏ ਹਾਦਸਿਆਂ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ ਅਤੇ ਨਾ ਹੀ ਉਨ੍ਹਾਂ ਵਿਰੁੱਧ ਪ੍ਰਭਾਵਸ਼ਾਲੀ ਕਾਰਵਾਈ ਕਰਦੇ ਹਨ। ਅਜਿਹਾ ਵਤੀਰਾ ਕਰਨ ਵਾਲੇ ਸਕੂਲ ਪ੍ਰਬੰਧਕਾਂ ਵਿਰੁੱਧ ਵੀ ਕਾਰਵਾਈ ਕਰਨ ਦੀ ਲੋੜ ਹੈ।

- ਵਿਜੇ ਕੁਮਾਰ

Anmol Tagra

This news is Content Editor Anmol Tagra