ਲੇਟ ਆਉਣ ਵਾਲੇ ਅਧਿਕਾਰੀਆਂ-ਮੁਲਾਜ਼ਮਾਂ ਦੀ ਹੁਣ ਤਨਖਾਹ ਕੱਟੇਗੀ

12/23/2022 3:44:48 AM

ਇਨ੍ਹੀਂ ਦਿਨੀਂ ਸਰਕਾਰੀ ਮੁਲਾਜ਼ਮਾਂ ਅਤੇ ਅਧਿਕਾਰੀਆਂ ’ਚ ਆਪਣੀ ਜ਼ਿੰਮੇਵਾਰੀ ਸਹੀ ਢੰਗ ਨਾਲ ਨਾ ਨਿਭਾਉਣ ਦੀ ਭੈੜੀ ਰਵਾਇਤ ਜਿਹੀ ਬਣ ਗਈ ਹੈ। ਡਿਊਟੀ ’ਤੇ ਦੇਰੀ ਨਾਲ ਪਹੁੰਚਣਾ, ਹੁਕਮਾਂ ਨੂੰ ਲਾਗੂ ਕਰਨ ’ਚ ਲਾਪ੍ਰਵਾਹੀ ਵਰਤਣੀ ਆਦਿ ਇਸ ’ਚ ਸ਼ਾਮਲ ਹਨ। ਇਸ ਬੁਰਾਈ ਨੂੰ ਰੋਕਣ ਲਈ ਉੱਚ ਅਧਿਕਾਰੀ ਅਚਾਨਕ ਨਿਰੀਖਣ ਕਰ ਕੇ ਜਾਂ ਸ਼ਿਕਾਇਤਾਂ ਮਿਲਣ ’ਤੇ ਦੋਸ਼ੀ ਪਾਏ ਜਾਣ ਵਾਲਿਆਂ ਦੇ ਵਿਰੁੱਧ ਕਾਰਵਾਈ ਕਰਨ ਲੱਗੇ ਹਨ :

* 1 ਦਸੰਬਰ ਨੂੰ ਗੁਨਾ (ਮੱਧ ਪ੍ਰਦੇਸ਼) ’ਚ ਕਲੈਕਟਰ ਜਦੋਂ ਸਰਕਾਰੀ ਮਿਡਲ ਸਕੂਲ, ਨਯਾਗਾਂਵ ਦੇ ਨਿਰੀਖਣ ਲਈ ਪਹੁੰਚੇ ਤਾਂ ਸਕੂਲ ਦਾ ਸਟਾਫ ਸਮੇਂ ਤੋਂ ਪਹਿਲਾਂ ਹੀ ਛੁੱਟੀ ਕਰ ਕੇ ਜਾ ਚੁੱਕਾ ਸੀ। ਇਸ ’ਤੇ ਉਨ੍ਹਾਂ ਨੇ ਸਕੂਲ ਦੇ ਹੈੱਡਮਾਸਟਰ ਨੂੰ ਮੁਅੱਤਲ ਕਰਨ ਦੇ ਇਲਾਵਾ 5 ਅਧਿਆਪਕਾਂ ਦੀ ਇਕ-ਇਕ ਦਿਨ ਦੀ ਤਨਖਾਹ ਕੱਟਣ ਅਤੇ 7 ਅਧਿਆਪਕਾਂ ਦਾ ਇਕ-ਇਕ ਤਨਖਾਹ ਵਾਧਾ ਰੋਕਣ ਦਾ ਹੁਕਮ ਦਿੱਤਾ।

* 2 ਦਸੰਬਰ ਨੂੰ ਅਮਰੋਹਾ (ਉੱਤਰ ਪ੍ਰਦੇਸ਼) ਦੇ ਜ਼ਿਲਾ ਅਧਿਕਾਰ ਬਾਲ ਕ੍ਰਿਸ਼ਨ ਵਲੋਂ ਸਥਾਨਕ ਜ਼ਿਲਾ ਹਸਪਤਾਲ ਦੇ ਨਿਰੀਖਣ ਦੇ ਦੌਰਾਨ 60 ਫੀਸਦੀ ਮੁਲਾਜ਼ਮ ਗੈਰ-ਹਾਜ਼ਰ ਪਾਏ ਜਾਣ ’ਤੇ ਉਨ੍ਹਾਂ ਦੀ ਇਕ ਦਿਨ ਦੀ ਤਨਖਾਹ ਕੱਟਣ ਦੇ ਇਲਾਵਾ ਡਿਊਟੀ ’ਚ ਲਾਪਰਵਾਹੀ ਵਰਤਣ ਵਾਲੇ ਮੁਲਾਜ਼ਮਾਂ ਦੀ ਮੁਅਤਲੀ ਦੀ ਕਾਰਵਾਈ ਸ਼ੁਰੂ ਕਰਨ ਦਾ ਹੁਕਮ ਦਿੱਤਾ।

* 7 ਦਸੰਬਰ ਨੂੰ ‘ਗੁਨਾ’ ਮੱਧ ਪ੍ਰਦੇਸ਼ ਦੀ ‘ਆਰੋਨ ਖੁਰਦ’ ਤਹਿਸੀਲ ਦੇ ‘ਫਤਿਹਗੜ੍ਹ’ ਵਿਚ ‘ਲਾਡਲੀ ਲਕਸ਼ਮੀ ਯੋਜਨਾ’ ਵਿਚ ਟੀਚੇ ਦੀ ਪੂਰਤੀ ਨਾ ਕਰਨ ’ਤੇ ਸੰਬੰਧਤ ਵਿਭਾਗ ਦੇ ਮੁਲਾਜ਼ਮਾਂ ਦਾ ਇਕ-ਇਕ ਤਨਖਾਹ ਵਾਧਾ ਰੋਕਣ ਦੇ ਹੁਕਮ ਜ਼ਿਲੇ ਦੇ ਕਲੈਕਟਰ ਨੇ ਜਾਰੀ ਕੀਤੇ।

* 13 ਦਸੰਬਰ ਨੂੰ ‘ਗੋਰੇਲਾ ਪੇਂਡਰਾ ਮਰਵਾਹੀ’ (ਛੱਤੀਗੜ੍ਹ) ਜ਼ਿਲੇ ’ਚ ਜ਼ਿਲਾ ਸਿੱਖਿਆ ਅਧਿਕਾਰੀ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੋਡਰੀ ਦੇ ਪ੍ਰਿੰਸੀਪਲ ਨੂੰ ਪੱਤਰ ਜਾਰੀ ਕਰ ਕੇ ਉਨ੍ਹਾਂ ਦੇ ਅਧੀਨ ਡਿਊਟੀ ਤੋਂ ਗੈਰ-ਹਾਜ਼ਰ ਪਾਏ ਗਏ 11 ਅਧਿਆਪਕਾਂ ਦੀ ਇਕ-ਇਕ ਦਿਨ ਦੀ ਤਨਖਾਹ ਕੱਟਣ ਦਾ ਹੁਕਮ ਦੇਣ ਦੇ ਇਲਾਵਾ ਉਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ।

* 14 ਦਸੰਬਰ ਨੂੰ ਬਾਲਾਘਾਟ (ਮੱਧ ਪ੍ਰਦੇਸ਼) ਦੇ ਇਕ ਪਿੰਡ ’ਚ ਆਯੋਜਿਤ ਜਨਸੇਵਾ ਕੈਂਪ ’ਚ ਰਾਜ ਮੰਤਰੀ ਰਾਮ ਕਿਸ਼ੋਰ ਕਾਬਰੇ ਨੇ ਰੋਜ਼ਗਾਰ ਸਹਾਇਕ, ਸਕੱਤਰ ਅਤੇ ਪੀ.ਸੀ.ਓ. ਆਦਿ ਤੋਂ ਸਰਕਾਰ ਦੀਆਂ ਯੋਜਨਾਵਾਂ ਸੰਬੰਧੀ ਕੁਝ ਸਵਾਲ ਪੁੱਛੇ ਜਿਨ੍ਹਾਂ ਦਾ ਜਵਾਬ ਨਾ ਦੇ ਸਕਣ ’ਤੇ ਮੰਤਰੀ ਨੇ ਨਾਰਾਜ਼ਗੀ ਜ਼ਾਹਿਰ ਕਰਦੇ ਹੋਏ ਸੰਬੰਧਤ ਮੁਲਾਜ਼ਮਾਂ ਦੀ ਇਕ-ਇਕ ਦਿਨ ਦੀ ਤਨਖਾਹ ਕੱਟਣ ਦਾ ਹੁਕਮ ਜਾਰੀ ਕਰ ਦਿੱਤਾ।

* 17 ਦਸੰਬਰ ਨੂੰ ਸ਼ਾਹਜਹਾਂਪੁਰ (ਉੱਤਰ ਪ੍ਰਦੇਸ਼) ’ਚ ਸੀ. ਡੀ. ਓ. ਵਲੋਂ ਵੱਖ-ਵੱਖ ਸਰਕਾਰੀ ਦਫਤਰਾਂ ਦੀ ਜਾਂਚ ਦੌਰਾਨ ਗੈਰ-ਹਾਜ਼ਰ 32 ਮੁਲਾਜ਼ਮਾਂ ਦੀ ਇਕ ਦਿਨ ਦੀ ਤਨਖਾਹ ਕੱਟਣ ਦਾ ਹੁਕਮ ਦੇਣ ਦੇ ਇਲਾਵਾ ਉਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ।

* 19 ਦਸੰਬਰ ਨੂੰ ਪ੍ਰਯਾਗਰਾਜ (ਉੱਤਰ ਪ੍ਰਦੇਸ਼) ਦੇ ਚੀਫ ਮੈਡੀਕਲ ਅਫਸਰ ਡਾ. ਜੀ. ਐੱਮ. ਸ਼ੁਕਲਾ ਨੇ ‘ਕੋਹਡੌਰ’ ਦੇ ਕਮਿਊਨਿਟੀ ਸਿਹਤ ਕੇਂਦਰ ਦਾ ਨਿਰੀਖਣ ਕੀਤਾ ਤਾਂ ਐਮਰਜੈਂਸੀ ਅਤੇ ਓ. ਪੀ. ਡੀ. ’ਚ ਬੈਠਣ ਵਾਲੇ ਸਟਾਫ ਨੂੰ ਗਾਇਬ ਪਾ ਕੇ ਇਕ ਦਰਜਨ ਤੋਂ ਵਧ ਡਾਕਟਰਾਂ ਅਤੇ ਮੁਲਾਜ਼ਮਾਂ ਦੀ ਇਕ-ਇਕ ਦਿਨ ਦੀ ਤਨਖਾਹ ਕੱਟਣ ਦਾ ਹੁਕਮ ਦੇਣ ਦੇ ਇਲਾਵਾ ਉਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ।

ਇਸੇ ਮਹੀਨੇ ਦੀਅਾਂ ਉਕਤ ਘਟਨਾਵਾਂ ਤੋਂ ਸਪਸ਼ਟ ਹੈ ਕਿ ਇਹ ਬੁਰਾਈ ਕਿਸ ਕਦਰ ਵਧ ਰਹੀ ਹੈ। ਹੁਣ 21 ਦਸੰਬਰ ਨੂੰ ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਦੇ ਹੁਕਮਾਂ ’ਤੇ ‘ਪੰਜਾਬ ਪਾਵਰ ਕਾਰਪੋਰੇਸ਼ਨ’ ਨੇ ਅਧਿਕਾਰੀਅਾਂ ਅਤੇ ਮੁਲਾਜ਼ਮਾਂ ਨੂੰ ਸਮੇਂ ਸਿਰ ਦਫਤਰ ’ਚ ਹਾਜ਼ਰ ਹੋਣ ਦਾ ਨੋਟੀਫਿਕਸ਼ਨ ਜਾਰੀ ਕੀਤਾ ਹੈ।

ਇਸ ਦੇ ਤਹਿਤ ਹਰੇਕ ਅਧਿਕਾਰੀ ਅਤੇ ਮੁਲਾਜ਼ਮ ਨੂੰ ਸਵੇਰੇ 9.00 ਵਜੇ ਆਪਣੀ ਸੀਟ ’ਤੇ ਹਾਜ਼ਰ ਹੋ ਕੇ ਸ਼ਾਮ 5.00 ਵਜੇ ਤਕ ਕੰਮ ਕਰਨਾ ਹੋਵੇਗਾ। ਦਫਤਰ ’ਚ ਸਮੇਂ ਸਿਰ ਨਾ ਪਹੁੰਚਣ ਵਾਲੇ ਸਟਾਫ ਵਿਰੁੱਧ ਕਾਰਪੋਰੇਸ਼ਨ ਵਲੋਂ ਕਾਰਵਾਈ ਕੀਤੀ ਜਾਵੇਗੀ ਅਤੇ ਸਵੇਰੇ 9.30 ਵਜੇ ਤੋਂ ਬਾਅਦ ਆਉਣ ਵਾਲੇ ਮੁਲਾਜ਼ਮਾਂ ਦੀ ਅੱਧੇ ਦਿਨ ਦੀ ਛੁੱਟੀ ਲਗਾਈ ਜਾਵੇਗੀ ਭਾਵ ਉਨ੍ਹਾਂ ਦੇ ਅੱਧੇ ਦਿਨ ਦੀ ਤਨਖਾਹ ਦੇ ਬਰਾਬਰ ਰਕਮ ਕੱਟ ਲਈ ਜਾਵੇਗੀ।

ਸ਼ੁਕਰ ਹੈ ਕਿ ਹੁਣ ਲਾਪ੍ਰਵਾਹ ਅਤੇ ਲੇਟ-ਲਤੀਫ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੇ ਵਿਰੁੱਧ ਤਨਖਾਹ ਕੱਟਣ ਦੀ ਕਾਰਵਾਈ ਸ਼ੁਰੂ ਕੀਤੀ ਗਈ ਹੈ ਜੋ ਕਿ ਬਹੁਤ ਪਹਿਲਾਂ ਹੀ ਸ਼ੁਰੂ ਹੋ ਜਾਣੀ ਚਾਹੀਦੀ ਸੀ। ਇਸ ਤਰ੍ਹਾਂ ਦੇ ਅਧਿਕਾਰੀ ਅਤੇ ਮੁਲਾਜ਼ਮ ਅਜੇ ਤਕ ਕਿੰਨਾ ਕੀਮਤੀ ਸਮਾਂ ਨਸ਼ਟ ਕਰ ਚੁੱਕੇ ਹੋਣਗੇ ਅਤੇ ਲੋਕਾਂ ਨੂੰ ਕਿੰਨੀ ਪ੍ਰੇਸ਼ਾਨੀ ਝੱਲਣੀ ਪਈ ਹੋਵੇਗੀ ਇਸ ਲਈ ਅਜਿਹੇ ਸਟਾਫ ਦੇ ਵਿਰੁੱਧ ਹੋਰ ਵੀ ਸਖਤ ਕਾਰਵਾਈ ਕਰਨ ਅਤੇ ਇਸ ’ਚ ਤੇਜ਼ੀ ਲਿਆਉਣ ਦੀ ਤੁਰੰਤ ਲੋੜ ਹੈ।

ਅਜਿਹਾ ਕਰਨ ਨਾਲ ਹੀ ਆਪਣੀਆਂ ਜ਼ਿੰਮੇਵਾਰੀਆਂ ਪ੍ਰਤੀ ਲਾਪਰਵਾਹ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੂੰ ਨਸੀਹਤ ਮਿਲੇਗੀ, ਇਸ ਨਾਲ ਸਰਕਾਰ ਦੇ ਕੰਮਕਾਜ ’ਚ ਸੁਧਾਰ ਹੋਵੇਗਾ ਅਤੇ ਲੋਕਾਂ ਨੂੰ ਰਾਹਤ ਮਿਲੇਗੀ।

–ਵਿਜੇ ਕੁਮਾਰ

Mandeep Singh

This news is Content Editor Mandeep Singh