ਪੱਥਰਬਾਜ਼ੀ ਕਰ ਕੇ ਪੱਥਰਬਾਜ਼ ਕਸ਼ਮੀਰ ਦਾ ਬਚਿਆ-ਖੁਚਿਆ ਸੈਰ-ਸਪਾਟਾ ਉਦਯੋਗ ਵੀ ਤਬਾਹ ਕਰਨ ਲੱਗੇ

05/10/2018 6:55:34 AM

ਜੰਮੂ-ਕਸ਼ਮੀਰ 'ਚ ਸਰਗਰਮ ਪਾਕਿਸਤਾਨ ਤੋਂ ਸਮਰਥਨ ਪ੍ਰਾਪਤ ਵੱਖਵਾਦੀ ਹੁਰੀਅਤ ਆਗੂ ਆਲੀਸ਼ਾਨ ਮਕਾਨਾਂ 'ਚ ਠਾਠ ਨਾਲ ਜ਼ਿੰਦਗੀ ਬਿਤਾਉਂਦੇ ਹਨ। ਉਨ੍ਹਾਂ ਦੇ ਬੱਚੇ ਵੀ ਦੇਸ਼ ਦੇ ਦੂਜੇ ਹਿੱਸਿਆਂ ਅਤੇ ਵਿਦੇਸ਼ਾਂ 'ਚ ਸੁਰੱਖਿਅਤ ਰਹਿ ਰਹੇ ਹਨ ਅਤੇ ਉਥੇ ਹੀ ਉਹ ਆਪਣੇ ਸ਼ਾਦੀ-ਵਿਆਹ, ਪੜ੍ਹਾਈ-ਲਿਖਾਈ ਤੇ ਇਲਾਜ ਆਦਿ ਕਰਵਾਉਂਦੇ ਹਨ ਪਰ ਵਾਦੀ 'ਚ ਅਸ਼ਾਂਤੀ ਫੈਲਾਉਣ ਲਈ ਇਹ 150-150 ਰੁਪਏ ਦਿਹਾੜੀ ਦੇ ਕੇ ਸਥਾਨਕ ਲੋੜਵੰਦ ਬੱਚਿਆਂ ਤੋਂ ਪੱਥਰਬਾਜ਼ੀ ਕਰਵਾਉਂਦੇ ਹਨ। ਹੁਣੇ ਜਿਹੇ 'ਕੌਮੀ ਜਾਂਚ ਏਜੰਸੀ' ਨੇ ਕਿਹਾ ਹੈ ਕਿ ਕਸ਼ਮੀਰ 'ਚ ਪੱਥਰਬਾਜ਼ੀ ਇਕ ਕਾਰੋਬਾਰ ਦਾ ਰੂਪ ਧਾਰ ਚੁੱਕੀ ਹੈ ਤੇ ਨੌਜਵਾਨ ਕਸ਼ਮੀਰੀ ਪੱਥਰਬਾਜ਼ ਵੱਖਵਾਦੀ ਆਗੂਆਂ ਦੇ ਬਹਿਕਾਵੇ 'ਚ ਆ ਕੇ ਫੌਜ, ਸੀ. ਆਰ. ਪੀ. ਐੱਫ. ਤੇ ਪੁਲਸ ਬਲਾਂ 'ਤੇ ਪੱਥਰ ਵਰ੍ਹਾਉਂਦੇ ਹਨ। ਕੁਝ ਸਮਾਂ ਪਹਿਲਾਂ ਪੱਥਰਬਾਜ਼ਾਂ ਦੀਆਂ ਸਰਗਰਮੀਆਂ 'ਚ ਕੁਝ ਕਮੀ ਆ ਗਈ ਸੀ ਪਰ ਹੁਣ ਫਿਰ ਇਨ੍ਹਾਂ ਨੇ ਆਪਣੀਆਂ ਸਰਗਰਮੀਆਂ ਵਧਾ ਦਿੱਤੀਆਂ ਹਨ, ਜਿਸ ਦਾ ਸੁਰੱਖਿਆ ਬਲਾਂ ਦੇ ਜਵਾਨਾਂ ਦੇ ਨਾਲ-ਨਾਲ ਸਥਾਨਕ ਲੋਕ ਅਤੇ ਘੁੰਮਣ ਆਏ ਸੈਲਾਨੀ ਸ਼ਿਕਾਰ ਹੋਣ ਲੱਗੇ ਹਨ।
2 ਮਈ ਨੂੰ ਦੱਖਣੀ ਕਸ਼ਮੀਰ 'ਚ ਸ਼ੋਪੀਆਂ ਜ਼ਿਲੇ ਦੇ ਜ਼ਾਬੂਰਾ ਖੇਤਰ 'ਚ ਪੱਥਰਬਾਜ਼ਾਂ ਨੇ ਇਕ ਸਕੂਲ ਬੱਸ ਨੂੰ ਨਿਸ਼ਾਨਾ ਬਣਾਇਆ, ਜਿਸ ਨਾਲ 2 ਬੱਚੇ ਗੰਭੀਰ ਜ਼ਖ਼ਮੀ ਹੋ ਗਏ।
ਇਸ ਤੋਂ ਸਿਰਫ 5 ਦਿਨਾਂ ਬਾਅਦ 7 ਮਈ ਨੂੰ ਪੱਥਰਬਾਜ਼ਾਂ ਨੇ ਸ਼੍ਰੀਨਗਰ-ਬਾਰਾਮੂਲਾ ਹਾਈਵੇ 'ਤੇ ਸਥਿਤ ਨਾਰਬਲ ਨੇੜੇ ਕਸ਼ਮੀਰ ਘੁੰਮਣ ਆਏ ਦੱਖਣ ਭਾਰਤ ਦੇ ਸੈਲਾਨੀਆਂ ਦੀਆਂ 4 ਗੱਡੀਆਂ 'ਤੇ ਹਮਲਾ ਕਰ ਦਿੱਤਾ, ਜਿਸ ਨਾਲ ਚੇਨਈ ਤੋਂ ਆਏ ਇਕ ਨੌਜਵਾਨ ਸੈਲਾਨੀ ਦੀ ਮੌਤ ਹੋ ਗਈ ਤੇ ਉਸ ਦੇ ਕੁਝ ਹੋਰ ਸਾਥੀ ਜ਼ਖ਼ਮੀ ਹੋ ਗਏ। ਉੱਤਰੀ ਕਸ਼ਮੀਰ ਦੀ ਇਕ ਮੁਟਿਆਰ ਵੀ ਗੰਭੀਰ ਜ਼ਖ਼ਮੀ ਹੋਈ ਹੈ। ਉਕਤ ਦੋਹਾਂ ਘਟਨਾਵਾਂ ਤੋਂ ਬਾਅਦ ਸੂਬੇ 'ਚ ਪੱਥਰਬਾਜ਼ਾਂ ਵਿਰੁੱਧ ਰੋਸ ਭੜਕ ਉੱਠਿਆ ਹੈ ਅਤੇ ਇਹ ਪਹਿਲਾ ਮੌਕਾ ਹੈ, ਜਦੋਂ ਸਾਰੀਆਂ ਸਿਆਸੀ ਵਿਚਾਰਧਾਰਾਵਾਂ ਵਾਲੇ ਨੇਤਾਵਾਂ ਨੇ ਇਸ ਦੀ ਨਿੰਦਾ ਕੀਤੀ ਹੈ। ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਸੈਲਾਨੀ ਨੌਜਵਾਨ ਦੀ ਮੌਤ ਨੂੰ ਮਨੁੱਖਤਾ ਦਾ ਕਤਲ ਕਰਾਰ ਦਿੱਤਾ ਅਤੇ ਕਿਹਾ :
''ਇਸ ਘਟਨਾ ਨਾਲ ਮੇਰਾ ਸਿਰ ਸ਼ਰਮ ਨਾਲ ਝੁਕ ਗਿਆ ਹੈ। ਜੋ ਲੋਕ ਕਿਸੇ ਨੂੰ ਮਾਰਨ ਲਈ ਪੱਥਰ ਚੁੱਕਦੇ ਹਨ, ਉਨ੍ਹਾਂ ਦਾ ਕੋਈ ਧਰਮ ਨਹੀਂ ਹੁੰਦਾ। ਇਹ ਘਟਨਾ ਕਸ਼ਮੀਰ ਦੀ ਮਹਿਮਾਨ-ਨਿਵਾਜ਼ੀ ਦੀ ਪ੍ਰੰਪਰਾ ਤੇ ਮਹਿਮਾਨਾਂ ਪ੍ਰਤੀ ਸਨਮਾਨ ਦੀ ਭਾਵਨਾ ਦੇ ਵਿਰੁੱਧ ਹੈ।''
ਨੈਸ਼ਨਲ ਕਾਨਫਰੰਸ ਦੇ ਕਾਰਜਵਾਹਕ ਪ੍ਰਧਾਨ ਤੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ, ''ਇਹ ਕਠੋਰ ਸੱਚਾਈ ਹੈ ਕਿ ਅਸੀਂ ਇਕ ਸੈਲਾਨੀ ਤੇ ਇਕ ਮਹਿਮਾਨ ਦੀ ਜਾਨ ਲਈ ਹੈ ਅਤੇ ਉਹ ਵੀ ਇਨ੍ਹਾਂ ਪੱਥਰਬਾਜ਼ਾਂ ਦੇ ਤਰੀਕਿਆਂ ਨੂੰ ਸਹੀ ਠਹਿਰਾਉਂਦੇ ਹੋਏ। ਮੈਂ ਇਨ੍ਹਾਂ ਗੁੰਡਿਆਂ ਅਤੇ ਇਨ੍ਹਾਂ ਦੇ ਤਰੀਕਿਆਂ ਜਾਂ ਵਿਚਾਰਧਾਰਾ ਦਾ ਸਮਰਥਨ ਨਹੀਂ ਕਰਦਾ।''
ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਵੀ ਇਸ ਘਟਨਾ ਨੂੰ ਸ਼ਰਮਨਾਕ ਦੱਸਦਿਆਂ ਕਿਹਾ, ''ਕਸ਼ਮੀਰ 'ਚ ਪੱਥਰਬਾਜ਼ਾਂ ਦੇ ਨਿਸ਼ਾਨੇ 'ਤੇ ਆਏ ਸੈਲਾਨੀ ਦੀ ਮੌਤ ਘੋਰ ਨਿੰਦਾਯੋਗ ਹੈ।''
ਹੁਣ ਤਾਂ ਜੰਮੂ-ਕਸ਼ਮੀਰ ਦੇ ਵੱਖਵਾਦੀ ਆਗੂਆਂ ਮੀਰਵਾਇਜ਼ ਉਮਰ ਫਾਰੂਕ, ਸਈਦ ਅਲੀ ਸ਼ਾਹ ਗਿਲਾਨੀ ਅਤੇ ਯਾਸੀਨ ਮਲਿਕ ਨੇ ਵੀ ਸੈਲਾਨੀਆਂ 'ਤੇ ਹਮਲੇ ਦੀ ਨਿੰਦਾ ਕਰ ਦਿੱਤੀ ਹੈ ਅਤੇ ਕਿਹਾ ਹੈ ਕਿ ''ਸੈਲਾਨੀ ਸਾਡੇ ਮਹਿਮਾਨ ਹਨ। ਸਾਨੂੰ ਸਦੀਆਂ ਪੁਰਾਣੀਆਂ ਇਸਲਾਮਿਕ ਤੇ ਕਸ਼ਮੀਰੀ ਰਵਾਇਤਾਂ ਦਾ ਸਤਿਕਾਰ ਕਰਦਿਆਂ ਉਨ੍ਹਾਂ ਨੂੰ ਪ੍ਰੇਸ਼ਾਨ ਨਹੀਂ ਕਰਨਾ ਚਾਹੀਦਾ।''
ਜੰਮੂ-ਕਸ਼ਮੀਰ ਸਰਕਾਰ ਦੀ ਆਮਦਨ ਦਾ ਮੁੱਖ ਸੋਮਾ ਸੈਰ-ਸਪਾਟਾ ਹੀ ਹੈ, ਜਿਸ ਦਾ ਸੂਬੇ 'ਚ 2 ਦਹਾਕਿਆਂ ਤੋਂ ਜ਼ਿਆਦਾ ਸਮੇਂ ਤੋਂ ਜਾਰੀ ਅੱਤਵਾਦ ਕਾਰਨ ਭੱਠਾ ਬੈਠ ਚੁੱਕਾ ਹੈ। ਇਸ ਸਾਲ ਜੰਮੂ-ਕਸ਼ਮੀਰ ਸਰਕਾਰ ਇਸ ਨੂੰ ਪਟੜੀ 'ਤੇ ਲਿਆਉਣ ਦੀ ਕੋਸ਼ਿਸ਼ ਕਰ ਰਹੀ ਸੀ, ਜਿਸ 'ਤੇ ਇਸ ਘਟਨਾ ਨੇ ਪਾਣੀ ਫੇਰ ਦਿੱਤਾ ਅਤੇ ਸੈਰ-ਸਪਾਟਾ ਉਦਯੋਗ ਨਾਲ ਜੁੜੇ ਲੋਕਾਂ, ਹੋਟਲ ਮਾਲਕਾਂ, ਟੈਕਸੀ ਡਰਾਈਵਰਾਂ ਅਤੇ ਸ਼ਿਕਾਰਾ ਮਾਲਕਾਂ ਆਦਿ ਨੂੰ ਚਿੰਤਾ 'ਚ ਪਾ ਦਿੱਤਾ ਹੈ। ਟ੍ਰੈਵਲ ਏਜੰਟਸ ਐਸੋਸੀਏਸ਼ਨ ਕਸ਼ਮੀਰ (ਟੀ. ਏ. ਏ. ਕੇ.)  ਦੇ ਪ੍ਰਧਾਨ ਅਸ਼ਫਾਕ ਸਿੱਦੀਕ ਅਨੁਸਾਰ, ''ਇਹ ਘਟਨਾ ਕਸ਼ਮੀਰ ਦੇ ਸੈਰ-ਸਪਾਟੇ ਦੇ ਕਫਨ 'ਚ ਆਖਰੀ ਕਿੱਲ ਸਿੱਧ ਹੋ ਸਕਦੀ ਹੈ।'' ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਗ੍ਰਹਿ ਮੰਤਰਾਲੇ ਨੇ ਸੁਰੱਖਿਆ ਬਲਾਂ ਨਾਲ ਐਨਕਾਊਂਟਰ ਵਾਲੀਆਂ ਥਾਵਾਂ 'ਤੇ ਪੱਥਰਬਾਜ਼ਾਂ ਦੇ ਹਮਲਿਆਂ 'ਤੇ ਨਾਰਾਜ਼ਗੀ ਜ਼ਾਹਿਰ ਕੀਤੀ ਸੀ ਤੇ ਸੂਬਾ ਸਰਕਾਰ ਤੋਂ ਪੁੱਛਿਆ ਸੀ ਕਿ 9 ਹਜ਼ਾਰ ਤੋਂ ਜ਼ਿਆਦਾ ਪੱਥਰਬਾਜ਼ਾਂ ਨੂੰ ਮੁਆਫੀ ਦੇਣ ਦੇ ਬਾਵਜੂਦ ਉਹ ਇਨ੍ਹਾਂ ਦੀਆਂ ਸਰਗਰਮੀਆਂ 'ਤੇ ਰੋਕ ਲਾਉਣ 'ਚ ਸਫਲ ਕਿਉਂ ਨਹੀਂ ਹੋ ਰਹੀ?
ਇਕ ਪਾਸੇ ਸੂਬੇ 'ਚ ਸਰਗਰਮ ਅੱਤਵਾਦੀਆਂ ਵਲੋਂ ਨੀਮ ਫੌਜੀ ਬਲਾਂ ਤੇ ਪੁਲਸ ਫੋਰਸਾਂ 'ਚ ਭਰਤੀ ਆਪਣੇ ਹੀ ਲੋਕਾਂ ਤੇ ਹੋਰ ਸਥਾਨਕ ਲੋਕਾਂ ਦੀ ਹੱਤਿਆ ਤਾਂ ਦੂਜੇ ਪਾਸੇ ਪਾਕਿਸਤਾਨ ਸਰਕਾਰ ਵਲੋਂ ਦਿੱਤੀ ਜਾਣ ਵਾਲੀ ਮਾਲੀ ਸਹਾਇਤਾ ਨਾਲ ਐਸ਼ ਕਰਨ ਵਾਲੇ ਵੱਖਵਾਦੀਆਂ ਦੇ ਉਕਸਾਵੇ 'ਚ ਆਏ ਨੌਜਵਾਨਾਂ ਦੀ ਪੱਥਰਬਾਜ਼ੀ ਕਾਰਨ ਸੂਬੇ ਦਾ ਮਾਹੌਲ ਖਰਾਬ ਹੋ ਰਿਹਾ ਹੈ।
ਕਸ਼ਮੀਰ ਭਾਰਤ ਦਾ ਅਟੁੱਟ ਅੰਗ ਹੈ ਤੇ ਇਸ ਨੂੰ ਕੋਈ ਤਾਕਤ ਵੱਖ ਨਹੀਂ ਕਰ ਸਕਦੀ। ਇਸ ਲਈ ਖੂਨ-ਖਰਾਬਾ ਕਰ ਕੇ ਅੱਤਵਾਦੀ ਅਤੇ ਪੱਥਰਬਾਜ਼ ਆਪਣਾ ਤੇ ਆਪਣੇ ਲੋਕਾਂ ਦਾ ਹੀ ਨੁਕਸਾਨ ਕਰ ਰਹੇ ਹਨ। ਅਜਿਹੀਆਂ ਘਟਨਾਵਾਂ ਹੁੰਦੀਆਂ ਰਹਿਣਗੀਆਂ ਤਾਂ ਸੂਬੇ 'ਚ ਹਾਲਾਤ ਕਦੇ ਵੀ ਆਮ ਵਰਗੇ ਨਹੀਂ ਹੋ ਸਕਣਗੇ ਅਤੇ ਕੇਂਦਰ ਸਰਕਾਰ ਦੀ ਸਹਾਇਤਾ ਨਾਲ ਜ਼ਿੰਦਾ ਸੂਬੇ ਦੀ ਬਚੀ-ਖੁਚੀ ਅਰਥ ਵਿਵਸਥਾ ਵੀ ਤਬਾਹ ਹੋ ਜਾਵੇਗੀ, ਜਿਸ ਦਾ ਖਮਿਆਜ਼ਾ ਇਥੋਂ ਦੇ ਲੋਕਾਂ ਨੂੰ ਹੀ ਭੁਗਤਣਾ ਪਵੇਗਾ।          
—ਵਿਜੇ ਕੁਮਾਰ