ਚੀਨੀ ਕਮਿਊਨਿਸਟ ਪਾਰਟੀ ਦੀ 100ਵੀਂ ਵਰ੍ਹੇਗੰਢ ’ਤੇ ਜਿਨਪਿੰਗ ਨੇ ਇਰਾਦੇ ਕੀਤੇ ਜ਼ਾਹਿਰ

07/05/2021 3:11:09 AM

ਵੀਰਵਾਰ ਨੂੰ ਕਮਿਊਨਿਸਟ ਪਾਰਟੀ ਸੀ. ਪੀ. ਸੀ. (ਅੱਜ ਚਾਈਨਾ) ਨੇ ਧੂਮ-ਧਾਮ ਨਾਲ ਆਪਣੇ ਸ਼ਤਾਬਦੀ ਵਰ੍ਹੇ ਦੀ ਸ਼ੁਰੂਆਤ ਕੀਤੀ। 1921 ’ਚ ਸ਼ਿੰਘਾਈ ਦੇ ਇਕ ਮਾਮੂਲੀ ਟਾਊਨ ਹਾਊਸ ’ਚ 12 ਵਿਅਕਤੀਆਂ ਵੱਲੋਂ ਸਥਾਪਤ ਪਾਰਟੀ ਨੇ ਇਕ ਕ੍ਰਾਂਤੀ ਦੀ ਅਗਵਾਈ ਕੀਤੀ, ਜਿਸ ਨੇ ਅਖੀਰ 1949 ’ਚ ‘ਪੀਪਲਜ਼ ਰਿਪਬਲਿਕ ਆਫ ਚਾਈਨਾ’ (ਪੀ.ਆਰ. ਸੀ.) ਦੀ ਸਥਾਪਨਾ ਕੀਤੀ। ਕੁਝ ਵਰ੍ਹੇਗੰਢਾਂ ਅਤੀਤ ਦੀਆਂ ਸਫਲਤਾਵਾਂ ਮਨਾਉਣ ਲਈ ਹੁੰਦੀਆਂ ਹਨ ਪਰ ਸੀ. ਪੀ. ਸੀ. ਦੀ ਇਹ ਵਰ੍ਹੇਗੰਢ ਯਕੀਨੀ ਤੌਰ ’ਤੇ ਭਵਿੱਖ ’ਤੇ ਕੇਂਦਰਿਤ ਹੈ, ਜੋ ਪਾਰਟੀ ਦੇ ਨੇਤਾ ਅਤੇ ਪ੍ਰਧਾਨ ਸ਼ੀ ਜਿਨਪਿੰਗ ਦੇ ਭਵਿੱਖ ਦੇ ਇਰਾਦਿਆਂ ਨੂੰ ਦਰਸਾਉਂਦੀ ਹੈ।

ਇਸ ਦੇ ਬਾਅਦ ਦਾ ਘਟਨਾਕ੍ਰਮ ਇਤਿਹਾਸ ਬਣ ਚੁੱਕਾ ਹੈ। ਕੀ ਪਾਰਟੀ 100 ਸਾਲ ਦੀ ਹੋਣ ’ਤੇ ਪੁਰਾਣੀ ਹੋ ਚੁੱਕੀ ਹੈ ਜਾਂ ਅਜੇ ਵੀ ਇਸ ’ਚ ਜਾਨ ਬਾਕੀ ਹੈ। ਇਸ ਮਹੱਤਵਪੂਰਨ ਸਵਾਲ ਦੇ ਜਵਾਬ ’ਤੇ ਚੀਨ ਦਾ ਹੀ ਨਹੀਂ ਸਗੋਂ ਅਸਲ ’ਚ ਵਿਸ਼ਵ ਦਾ ਭਵਿੱਖ ਵੀ ਟਿਕਿਆ ਹੈ। ਅਸਲ ’ਚ ਇਹ ਕਹਿਣਾ ਸਹੀ ਹੋਵੇਗਾ ਕਿ ਪਾਰਟੀ ਦੇ ਜਨਮ ਦਿਨ ’ਤੇ ਦਹਾਕਿਆਂ ’ਚ ਪਹਿਲੀ ਵਾਰ ਇਕ ਵੱਖਰੇ ਚੀਨ ਨੂੰ ਦਿਖਾਇਆ ਜਾ ਰਿਹਾ ਹੈ। ਚੀਨ ਹੁਣ ਇਕ ਹੀ ਵਿਅਕਤੀ ਦੀਆਂ ਨੀਤੀਆਂ ਅਤੇ ਇਰਾਦਿਆਂ ’ਤੇ ਚੱਲ ਰਿਹਾ ਹੈ ਅਤੇ ਉਹ ਹਨ ਦੇਸ਼ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ।

ਸੀ. ਪੀ. ਸੀ. ਆਪਣੇ 100ਵੇਂ ਸਾਲ ’ਚ ਰਾਸ਼ਟਰਪਤੀ ਸ਼ੀ ਜਿਨਪਿੰਗ ’ਤੇ ਓਨੀ ਹੀ ਨਿਰਭਰ ਹੈ, ਜਿੰਨੀ ਉਹ ਆਪਣੇ ਸੰਸਥਾਪਕ ਨੇਤਾ ਅਤੇ ਮੁੱਖ ਵਿਚਾਰਕ ‘ਚੇਅਰਮੈਨ’ ਮਾਓ ਤਸੇ ਤੁੰਗ ’ਤੇ ਸੀ, ਜਿਨ੍ਹਾਂ ਨੇ 1921 ’ਚ ਇਸ ਦੇ ਗਠਨ ਦੇ ਬਾਅਦ ਤੋਂ 1976 ’ਚ ਆਪਣੇ ਦਿਹਾਂਤ ਤੱਕ ਪਾਰਟੀ ’ਤੇ ਪਕੜ ਬਣਾ ਕੇ ਰੱਖੀ ਸੀ।

ਪਾਰਟੀ ਅਤੇ ਚੀਨ ਦੀ ਸਿਆਸੀ ਵਿਵਸਥਾ ਦੇ ਬਾਰੇ ’ਚ ਦੁਨੀਆ ਭਰ ’ਚ ਕਿੰਨੀ ਵੀ ਆਲੋਚਨਾ ਕਿਉਂ ਨਾ ਹੁੰਦੀ ਹੋਵੇ, ਇਹ ਕਹਿਣਾ ਔਖਾ ਹੈ ਕਿ ਪਾਰਟੀ ਸਫਲ ਨਹੀਂ ਹੋਈ ਹੈ। 1949 ’ਚ ਚੀਨ ਇਕ ਗਰੀਬ ਅਤੇ ਮਾਮੂਲੀ ਤੌਰ ’ਤੇ ਇਕ ਬਸਤੀਵਾਦੀ ਦੇਸ਼ ਸੀ, ਜਿਸ ਦੇ ਨਾਗਿਰਕਾਂ ਦੀ ਔਸਤ ਉਮਰ 41 ਸਾਲ ਸੀ।

ਅੱਜ ਦੁਨੀਆ ਦੇ ਤਾਕਤਵਰ ਜੀ-7 ਰਾਸ਼ਟਰ ਚੀਨ ਨੂੰ ਇਕ ਗੰਭੀਰ ਚੁਣੌਤੀ ਅਤੇ ਮੁਕਾਬਲੇਬਾਜ਼ ਦੇ ਤੌਰ ’ਤੇ ਦੇਖਦੇ ਹਨ। ਸਭ ਤੋਂ ਵੱਡੀ ਗੱਲ ਹੈ ਕਿ ਪਾਰਟੀ ਨੇ ਇਹ ਬੇਜੋੜ ਪ੍ਰਾਪਤੀ 1.4 ਅਰਬ ਲੋਕਾਂ ਦੀ ਆਬਾਦੀ ਦੇ ਬਾਵਜੂਦ ਹਾਸਲ ਕੀਤੀ ਹੈ।

ਪਾਰਟੀ ਨੂੰ ਇੰਨੇ ਲੰਮੇ ਸਮੇਂ ਤੱਕ ਦੁਨੀਆ ’ਚ ਅੱਗੇ ਰੱਖਣ ਵਾਲੀਆਂ 2 ਸਥਾਈ ਵਿਸ਼ੇਸ਼ਤਾਵਾਂ ਹਨ। ਪਹਿਲੀ ‘ਖੁਦ ਨੂੰ ਪਛਾਣਨਾ’ ਅਤੇ ਦੂਸਰੀ ‘ਬਦਲਣਾ’। ਜੇਕਰ ਪਹਿਲਾ ਟੀਚਾ ਹੈ ਤਾਂ ਦੂਸਰਾ ਉਸ ਤੱਕ ਪਹੁੰਚਣ ਦਾ ਸਾਧਨ ਹੈ।

ਪਹਿਲੀ ਖਾਸੀਅਤ ਉਦੋਂ ਸਾਹਮਣੇ ਆਈ ਜਦੋਂ ਪਾਰਟੀ ਨੇ 1949 ’ਚ ਖੁਦ ਨੂੰ ਇਕ ਕ੍ਰਾਂਤੀਕਾਰੀ ਲੜਾਕੂ ਬਲ ਤੋਂ ਇਕ ਪ੍ਰਸ਼ਾਸਨਿਕ ਸੰਸਥਾ ’ਚ ਬਦਲਿਆ। ਦੂਸਰਾ ਚੀਨ ਦੇ ਕ੍ਰਾਂਤੀਕਾਰੀ ਅਤੇ ਸਿਆਸੀ ਆਗੂ ਦੇਂਗ ਸ਼ਿਆਓਪਿੰਗ ਦੇ ਸੁਧਾਰ ਸਨ, ਜਿਨ੍ਹਾਂ ਨੇ ਦੂਰ ਤੱਕ ਬਾਜ਼ਾਰ-ਅਰਥਵਿਵਸਥਾ ਸੁਧਾਰਾਂ ਦੀ ਇਕ ਲੜੀ ਦੇ ਰਾਹੀਂ ਚੀਨ ਦੀ ਅਗਵਾਈ ਕੀਤੀ, ਜਿਸ ਨਾਲ ਉਨ੍ਹਾਂ ਨੂੰ ਆਧੁਨਿਕ ਚੀਨ ਦੇ ਵਾਸਤੂਕਾਰ ਦੇ ਰੂਪ ’ਚ ਪ੍ਰਸਿੱਧੀ ਮਿਲੀ। ਉਨ੍ਹਾਂ ਨੇ ਚੀਨ ਦੇ ਲਈ ‘ਓਪਨ ਡੋਰ ਪਾਲਿਸੀ’ ਤੈਅ ਕੀਤੀ। ਇਸ ਤਬਦੀਲੀ ਨੇ ਹੀ ਪਾਰਟੀ ਨੂੰ ਸੋਵੀਅਤ ਸੰਘ ਵਾਂਗ ਟੁੱਟਣ ਤੋਂ ਬਚਣ ’ਚ ਮਦਦ ਕੀਤੀ।

ਹਾਲਾਂਕਿ ਚੀਨ ਦੀ ਸਾਰੀ ਆਰਥਿਕ ਤਰੱਕੀ ਅਤੇ ਪ੍ਰਾਪਤੀਆਂ ਦੇਂਗ ਸ਼ਿਆਓਪਿੰਗ ਦੇ ਕਾਰਜਕਾਲ ’ਚ ਹੋਈਆਂ ਸਨ ਅਤੇ ਉਨ੍ਹਾਂ ਦੀ ਖੁੱਲ੍ਹੀ ਆਰਥਿਕ ਵਿਵਸਥਾ ਨੇ ਚੀਨ ਨੂੰ ਉਹ ਬਣਾਇਆ, ਜੋ ਉਹ ਅੱਜ ਹੈ ਪਰ ਇਸ ਦੇ ਬਾਵਜੂਦ ਵਰ੍ਹੇਗੰਢ ’ਤੇ ਦੇਂਗ ਸ਼ਿਆਓਪਿੰਗ ਦੀ ਗੱਲ ਕੋਈ ਨਹੀਂ ਕਰ ਰਿਹਾ।

ਸ਼ਤਾਬਦੀ ਸਮਾਗਮਾਂ ’ਚ ਸਿਰਫ ਝੰਡਾ ਲਹਿਰਾਉਣ ਅਤੇ ਆਤਿਸ਼ਬਾਜ਼ੀ ਕਰਨੀ ਹੀ ਸਭ ਨਹੀਂ ਸਗੋਂ ਦੇਸ਼ ਅਤੇ ਵਿਦੇਸ਼ ਦੇ ਲੋਕਾਂ ਨੂੰ ਇਹ ਦਿਖਾਉਣਾ ਵੀ ਹੈ ਕਿ ਸ਼ੀ ਜਿਨਪਿੰਗ ਹੀ ਚੀਨ ਦੇ ਬੇਤਾਜ ਬਾਦਸ਼ਾਹ ਹਨ ਅਤੇ ਚੀਨ ਦੀ ਸਾਰੀ ਸਿਆਸਤ ਜਿਨਪਿੰਗ ਦੇ ਆਲੇ-ਦੁਆਲੇ ਘੁੰਮਦੀ ਹੈ।

ਨਾ ਸਿਰਫ ਸ਼ੀ ਜਿਨਪਿੰਗ ਦੇ ਭੜਕਾਊ ਭਾਸ਼ਣ ਥਾਂ-ਥਾਂ ਸੁਣਨ ’ਚ ਆ ਰਹੇ ਹਨ, ਸਗੋਂ ਹਾਂਗਕਾਂਗ ਦੀ ਆਜ਼ਾਦੀ ਦੇ ਤਾਬੂਤ ’ਤੇ ਆਖਰੀ ਕਿੱਲ ਠੋਕਣਾ ਅਤੇ ਤਾਈਵਾਨ ਦੀ ਆਜ਼ਾਦੀ ਖੋਹਣ ਵੱਲ ਕਦਮ ਵਧਾਉਣ ਵਰਗੀਆਂ ਵੀ ਸ਼ੀ ਦੀਆਂ ਕੁਝ ਨੀਤੀਆਂ ਹਨ।

ਬੀਤੇ 5 ਤੋਂ 10 ਸਾਲਾਂ ਦੇ ਦੌਰਾਨ ਇਕ ਹੋਰ ਨਵੀਂ ਤਬਦੀਲੀ ਹੋ ਰਹੀ ਹੈ, ਜੋ ਪਾਰਟੀ ਦੇ ਸਾਹਮਣੇ ਮੌਕੇ ਅਤੇ ਚੁਣੌਤੀਆਂ ਦੋਵੇਂ ਰੱਖ ਰਹੀ ਹੈ। 2019 ’ਚ ਪਾਰਟੀ ਦੇ 80 ਫੀਸਦੀ ਨਵੇਂ ਮੈਂਬਰ 35 ਸਾਲ ਤੋਂ ਘੱਟ ਉਮਰ ਦੇ ਸਨ। ਬੇਸ਼ੱਕ ਦੁਨੀਆ ਭਰ ਦੇ ਲਈ ਇਹ ਹੈਰਾਨੀ ਵਾਲੀ ਗੱਲ ਹੋਵੇ ਪਰ ਕਮਿਊਨਿਸਟ ਪਾਰਟੀ ਜਾਣਦੀ ਹੈ ਕਿ ਚੀਨੀ ਨੌਜਵਾਨ ਹੀ ਉਸ ਦੇ ਸਭ ਤੋਂ ਵੱਡੇ ਸਮਰਥਕ ਬਣ ਸਕਦੇ ਹਨ।

ਮਾਹਿਰਾਂ ਦੀ ਰਾਏ ’ਚ ਪਾਰਟੀ ਹੁਣ ਖੁਦ ਨੂੰ ਇਕ ਨਵਾਂ ਰੂਪ ਦੇਣ ਦੇ ਮਹੱਤਵਪੂਰਨ ਪ੍ਰਾਜੈਕਟ ’ਚ ਜੁਟ ਚੁੱਕੀ ਹੈ, ਜਿਸ ਦਾ ਆਧਾਰ ਉਹ ਦੇਸ਼ ਦੇ ਨੌਜਵਾਨਾਂ ਨੂੰ ਬਣਾਉਣਾ ਚਾਹੁੰਦੀ ਹੈ।

ਇਹ ਗੱਲਾਂ ਇਸ ਲਈ ਮਹੱਤਵਪੂਰਨ ਹਨ ਕਿਉਂਕਿ ਚੀਨ ਇਨ੍ਹਾਂ ਚੁਣੌਤੀਆਂ ਨਾਲ ਕਿਸ ਤਰ੍ਹਾਂ ਨਜਿੱਠਦਾ ਹੈ ਅਤੇ ਉਸ ਦੀ ਭਵਿੱਖ ਦੇ ਲਈ ਰਣਨੀਤੀ ਕੀ ਰੁਖ਼ ਲੈਂਦੀ ਹੈ, ਇਸ ਦਾ ਅਸਰ ਉਸ ਦੇ ਗੁਆਂਢੀਆਂ ਅਤੇ ਦੁਨੀਆ ਭਰ ’ਤੇ ਹੋਣਾ ਤੈਅ ਹੈ।

ਸ਼ਤਾਬਦੀ ਸਮਾਰੋਹ ਦੇ ਜਸ਼ਨ ਦੇ ਦੌਰਾਨ ਮਾਓ ਵਰਗੇ ਕੱਪੜੇ ਪਹਿਨ ਕੇ ਆਏ ਸ਼ੀ ਜਿਨਪਿੰਗ ਨੇ ਇਥੋਂ ਤਕ ਕਹਿ ਦਿੱਤਾ, ‘‘ਸਾਨੂੰ ਧਮਕਾਉਣ ਜਾਂ ਸਾਡਾ ਵਿਰੋਧ ਕਰਨ ਦੀ ਕੋਸ਼ਿਸ਼ ਕਰਨ ਵਾਲੀਆਂ ਵਿਦੇਸ਼ੀ ਤਾਕਤਾਂ ਦਾ ਸਿਰ ਮਹਾਨ ਦੀਵਾਰ ਨਾਲ ਟਕਰਾਅ ਕੇ ਦਰੜ ਦਿੱਤਾ ਜਾਵੇਗਾ। ਚੀਨ ਦੇ ਲੋਕ ਨਾ ਸਿਰਫ ਪੁਰਾਣੀ ਦੁਨੀਆ ਨੂੰ ਖਤਮ ਕਰਨਾ ਜਾਣਦੇ ਹਨ, ਸਗੋਂ ਉਨ੍ਹਾਂ ਨੇ ਇਕ ਨਵੀਂ ਦੁਨੀਆ ਵੀ ਬਣਾਈ ਹੈ।

ਅਮਰੀਕਾ ਦੇ ਵਿਦੇਸ਼ ਵਿਭਾਗ ਦੇ ਬੁਲਾਰੇ ਨੀਡ ਪ੍ਰਾਈਸ ਨੇ ਕਿਹਾ ਹੈ ਕਿ, ‘‘ਅਮਰੀਕਾ ਨੇ ਸ਼ੀ ਜਿਨਪਿੰਗ ਦੀ ਟਿੱਪਣੀ ਦਾ ਨੋਟਿਸ ਲਿਆ ਹੈ ਪਰ ਅਸੀਂ ਇਸ ’ਤੇ ਆਪਣੀ ਕੋਈ ਪ੍ਰਤੀਕਿਰਿਆ ਨਹੀਂ ਦੇ ਰਹੇ।’’

ਭਾਰਤ ਦੀਆਂ ਸਰਹੱਦਾਂ ’ਤੇ ਹਮਲਾਵਰਪੁਣੇ ਨਾਲ ਫੌਜਾਂ ਇਕੱਠੀਆਂ ਕਰਨੀਆਂ, ਅਫਗਾਨਿਸਤਾਨ ’ਚ ਆਪਣਾ ਗਲਬਾ ਵਧਾਉਣਾ, ਇਹ ਦੋਵੇਂ ਗੱਲਾਂ ਯਕੀਨੀ ਤੌਰ ’ਤੇ ਇਹ ਦਰਸਾਉਂਦੀਆਂ ਹਨ ਕਿ ਸ਼ੀ ਜਿਨਪਿੰਗ ਆਪਣੇ ਵਿਰੋਧੀਆਂ ਨੂੰ ਜੇਲਾਂ ’ਚ ਸੁੱਟਦੇ ਹੋਏ ਦੇਸ਼ ਦਾ ਧਿਆਨ ਬਾਹਰ ਦੀਆਂ ਹਮਲਾਵਰ ਨੀਤੀਆਂ ’ਤੇ ਕੇਂਦਰਿਤ ਕਰਨਾ ਚਾਹੁੰਦੇ ਹਨ।

ਕੁਲ ਮਿਲਾ ਕੇ ਸ਼ੀ ਜਿਨਪਿੰਗ ਨੇ ਕਮਿਊਨਿਸਟ ਪਾਰਟੀ ਦੀ 100ਵੀਂ ਵਰ੍ਹੇਗੰਢ ਦੇ ਬਹਾਨੇ ਆਪਣੇ ਇਰਾਦੇ ਜ਼ਾਹਿਰ ਕਰ ਦਿੱਤੇ ਹਨ, ਜਿਸ ’ਤੇ ਵਿਸ਼ਵ ਭਾਈਚਾਰੇ ਨੂੰ ਸੋਚਣ ਦੀ ਲੋੜ ਹੈ।

Bharat Thapa

This news is Content Editor Bharat Thapa