ਪੱਥਰਬਾਜ਼ਾਂ ਵਿਰੁੱਧ ਫੌਜ ਤੇ ਜੰਮੂ-ਕਸ਼ਮੀਰ ਸਰਕਾਰ ਦਾ ਦੇਰ ਨਾਲ ਕੀਤਾ ਗਿਆ ਸਹੀ ਫੈਸਲਾ

02/19/2017 7:24:52 AM

ਪਾਕਿਸਤਾਨ ਦੀ ਸਥਾਪਨਾ ਦੇ ਸਮੇਂ ਤੋਂ ਹੀ ਇਸ ਦੇ ਹੁਕਮਰਾਨਾਂ ਨੇ ਭਾਰਤ ਵਿਰੁੱਧ ਅਸਿੱਧੀ ਜੰਗ ਛੇੜੀ ਹੋਈ ਹੈ। ਇਸ ਦੇ ਪਾਲ਼ੇ ਹੋਏ ਅੱਤਵਾਦੀਆਂ ਅਤੇ ਵੱਖਵਾਦੀਆਂ ਨੇ ਜੰਮੂ-ਕਸ਼ਮੀਰ ''ਚ ਅੱਤਵਾਦ ਭੜਕਾਉਣ, ਬਗਾਵਤ ਲਈ ਲੋਕਾਂ ਨੂੰ ਉਕਸਾਉਣ, ਪੱਥਰਬਾਜ਼ੀ ਅਤੇ ਹਿੰਸਾ ਕਰਵਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਰੱਖਿਆ ਹੋਇਆ ਹੈ। ਪਾਕਿਸਤਾਨ ਤੋਂ ਮਿਲਣ ਵਾਲੀ ਭਾਰੀ ਮਾਲੀ ਮਦਦ ਨਾਲ ਇਹ ਵੱਖਵਾਦੀ ਖੁਦ ਤਾਂ ਐਸ਼ ਕਰਦੇ ਹਨ, ਆਪਣਾ ਇਲਾਜ, ਬੱਚਿਆਂ ਦੀ ਪੜ੍ਹਾਈ ਤੇ ਵਿਆਹ ਆਦਿ ਕਸ਼ਮੀਰ ਤੋਂ ਬਾਹਰ ਸੁਰੱਖਿਅਤ ਥਾਵਾਂ ''ਤੇ ਕਰਵਾਉਂਦੇ ਹਨ ਪਰ ਗਰੀਬ ਕਸ਼ਮੀਰੀ ਬੱਚਿਆਂ ਨੂੰ ਬਹਿਲਾ-ਫੁਸਲਾ ਕੇ, ਨਾਮਾਤਰ ਦਿਹਾੜੀ ਦੇ ਕੇ ਪੱਥਰਬਾਜ਼ ਅਤੇ ਅੱਤਵਾਦੀ ਬਣਾ ਰਹੇ ਹਨ।
ਇਸੇ ਕਾਰਨ ਪਿਛਲੇ ਦੋ ਦਹਾਕਿਆਂ ਤੋਂ ਜ਼ਿਆਦਾ ਸਮੇਂ ਤੋਂ ਜੰਮੂ-ਕਸ਼ਮੀਰ ਅਸ਼ਾਂਤੀ ਦਾ ਸ਼ਿਕਾਰ ਹੈ, ਜਿਸ ਨੂੰ ਦੇਖਦਿਆਂ ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫਤੀ ਇਕ ਤੋਂ ਜ਼ਿਆਦਾ ਵਾਰ ਸਖਤ ਸ਼ਬਦਾਂ ''ਚ ਵੱਖਵਾਦੀਆਂ ਦੀ ਪੋਲ ਖੋਲ੍ਹ ਚੁੱਕੀ ਹੈ। 31 ਮਈ 2016 ਨੂੰ ਉਨ੍ਹਾਂ ਕਿਹਾ ਸੀ ਕਿ ''''ਸ਼ੁੱਕਰਵਾਰ ਦਾ ਦਿਨ ਇਕ ਪਵਿੱਤਰ ਦਿਨ ਹੁੰਦਾ ਸੀ। ਜੋ ਲੋਕ ਮੈਨੂੰ ਮੁਸਲਿਮ ਵਿਰੋਧੀ ਅਤੇ ਕਸ਼ਮੀਰ ਵਿਰੋਧੀ ਦੱਸਦੇ ਹਨ, ਉਨ੍ਹਾਂ ਨੇ ਇਹ ਦਿਨ ਪੱਥਰਬਾਜ਼ੀ ਅਤੇ ਸ਼ਾਂਤੀ ਭੰਗ ਕਰਨ ਵਾਲੇ ਦਿਨ ''ਚ ਬਦਲ ਦਿੱਤਾ ਹੈ। ਇਸਲਾਮ ਹੱਤਿਆ ਕਰਨ ਅਤੇ ਧਾਰਮਿਕ ਨਾਅਰੇ ਲਾਉਣ ਦਾ ਉਪਦੇਸ਼ ਨਹੀਂ ਦਿੰਦਾ।''''
ਇਸੇ ਤਰ੍ਹਾਂ ਪਿਛਲੇ ਸਾਲ ਜੁਲਾਈ ''ਚ ਅੱਤਵਾਦੀ ਕਮਾਂਡਰ ਬੁਰਹਾਨ ਵਾਨੀ ਦੀ ਹੱਤਿਆ ਤੋਂ ਬਾਅਦ ਵਾਦੀ ''ਚ ਜਾਰੀ ਹਿੰਸਾ ''ਤੇ ਬੋਲਦਿਆਂ 24 ਅਗਸਤ 2016 ਨੂੰ ਮਹਿਬੂਬਾ ਨੇ ਕਿਹਾ ਸੀ ਕਿ ''''ਪਥਰਾਅ ਅਤੇ ਸੁਰੱਖਿਆ ਬਲਾਂ ਦੇ ਕੈਂਪਾਂ ''ਤੇ ਹਮਲੇ ਕਰ ਕੇ ਕੋਈ ਸਮੱਸਿਆ ਹੱਲ ਨਹੀਂ ਕੀਤੀ ਜਾ ਸਕਦੀ। ਕੁਝ ਲੋਕਾਂ ਨੇ ਆਪਣੇ ਨਾਜਾਇਜ਼ ਮਕਸਦ ਲਈ ਬੱਚਿਆਂ ਨੂੰ ਭੱਠੀ ''ਚ ਸੁੱਟ ਦਿੱਤਾ ਹੈ...ਅਸੀਂ ਕਸ਼ਮੀਰ ਨੂੰ ਜਹੱਨੁਮ ਨਹੀਂ ਬਣਨ ਦਿਆਂਗੇ।''''
ਵੱਖਵਾਦੀਆਂ ਦੇ ਬਹਿਕਾਵੇ ''ਤੇ ਵਾਦੀ ''ਚ ਹਿੰਸਾ ਜਾਰੀ ਰੱਖਣ, ਮੁਜ਼ਾਹਰਿਆਂ ਅਤੇ ਸਥਾਨਕ ਆਬਾਦੀ ਵਲੋਂ ਅੱਤਵਾਦੀਆਂ ਦਾ ਸਾਥ ਦੇਣ ਦੀਆਂ ਸ਼ਿਕਾਇਤਾਂ ਨੂੰ ਦੇਖਦਿਆਂ ਫੌਜ ਦੇ ਮੁਖੀ ਜਨਰਲ ਬਿਪਨ ਰਾਵਤ ਨੇ ਪਿਛਲੇ ਦਿਨੀਂ ਅੱਤਵਾਦੀਆਂ ਨਾਲ ਮੁਕਾਬਲੇ ਦੌਰਾਨ ਸੁਰੱਖਿਆ ਬਲਾਂ ''ਤੇ ਪਥਰਾਅ ਕਰਨ ਵਾਲਿਆਂ ਤੇ ਉਨ੍ਹਾਂ ਦੇ ਮਦਦਗਾਰਾਂ ਨੂੰ ''ਚਿਤਾਵਨੀ'' ਦਿੰਦਿਆਂ ਕਿਹਾ :
''''ਪਾਕਿਸਤਾਨ ਦੇ ਨਾਅਰੇ ਲਾਉਣ, ਉਸ ਦੇ ਝੰਡੇ ਲਹਿਰਾਉਣ ਅਤੇ ਅੱਤਵਾਦ ਜਾਰੀ ਰੱਖਣ ਦੇ ਚਾਹਵਾਨ ਲੋਕਾਂ ਨੂੰ ਅੱਤਵਾਦੀਆਂ ਦੇ ਜ਼ਮੀਨੀ ਵਰਕਰ ਮੰਨ ਕੇ ਦੇਸ਼ਧ੍ਰੋਹੀ ਵਜੋਂ ਉਸੇ ਦੇ ਮੁਤਾਬਕ ਉਨ੍ਹਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਹਥਿਆਰਾਂ ਦੀ ਵਰਤੋਂ ਕਰਨ ਤੋਂ ਵੀ ਨਹੀਂ ਝਿਜਕਾਂਗੇ।''''
ਫੌਜ ਦੇ ਮੁਖੀ ਦੀ ਉਕਤ ਚਿਤਾਵਨੀ ਦਾ ਜਿਥੇ ਜ਼ਿਆਦਾਤਰ ਦੇਸ਼ਵਾਸੀਆਂ ਨੇ ਸਵਾਗਤ ਕੀਤਾ ਹੈ, ਉਥੇ ਹੀ ਕਸ਼ਮੀਰੀ ਵੱਖਵਾਦੀਆਂ ''ਚ ਇਸ ਦੀ ਤਿੱਖੀ ਪ੍ਰਤੀਕਿਰਿਆ ਹੋਈ ਹੈ, ਜਿਨ੍ਹਾਂ ਦਾ ਕਹਿਣਾ ਹੈ ਕਿ ''''ਅਜਿਹੇ ਰਵੱਈਏ ਨਾਲ ਫੌਜ ਦੀ ਕਸ਼ਮੀਰੀ ਲੋਕਾਂ ਤੋਂ ਦੂਰੀ ਵਧੇਗੀ ਤੇ ਇਸ ਨਾਲ ਵਾਦੀ ''ਚ ਤਬਾਹੀ ਨੂੰ ਸ਼ਹਿ ਮਿਲੇਗੀ।''''
ਅਤੇ ਹੁਣ ਰੱਖਿਆ ਮੰਤਰੀ ਮਨੋਹਰ ਪਾਰਿਕਰ ਨੇ ਫੌਜ ਦੇ ਮੁਖੀ ਦਾ ਸਮਰਥਨ ਕਰਦਿਆਂ ਕਿਹਾ ਹੈ ਕਿ''''ਫੌਜੀ ਕਮਾਂਡਰਾਂ ਨੂੰ ਇਹ ਫੈਸਲਾ ਲੈਣ ਦੀ ਪੂਰੀ ਆਜ਼ਾਦੀ ਹੈ ਕਿ ਹਿੰਸਾਕਾਰੀਆਂ ਤੇ ਅੱਤਵਾਦੀਆਂ ਵਿਰੁੱਧ ਕਿਵੇਂ ਕਾਰਵਾਈ ਕੀਤੀ ਜਾਣੀ ਹੈ।''''
ਇਸ ਦੇ ਨਾਲ ਹੀ ਜੰਮੂ-ਕਸ਼ਮੀਰ ਸਰਕਾਰ ਨੇ ਵੀ 16 ਫਰਵਰੀ ਨੂੰ ਇਕ ਅਡਵਾਈਜ਼ਰੀ ਜਾਰੀ ਕਰ ਕੇ ਸ਼੍ਰੀਨਗਰ, ਬੜਗਾਮ ਅਤੇ ਸ਼ੋਪੀਆਂ ਦੇ ਤਿੰਨ ਜ਼ਿਲਿਆਂ ''ਚ ਸਥਾਨਕ ਨੌਜਵਾਨਾਂ ''ਤੇ ਐਨਕਾਊਂਟਰ ਵਾਲੀ ਜਗ੍ਹਾ ਦੇ ਤਿੰਨ ਕਿਲੋਮੀਟਰ ਘੇਰੇ ''ਚ ਜਾਣ ''ਤੇ ਰੋਕ ਲਾਉਂਦਿਆਂ ਉਨ੍ਹਾਂ ਨੂੰ ਉਥੇ ਨਾ ਜਾਣ ਦੀ ਸਲਾਹ ਦਿੱਤੀ ਹੈ।
ਇਸ ਬਾਰੇ ਜੰਮੂ-ਕਸ਼ਮੀਰ ਪੁਲਸ ਦੇ ਮੁਖੀ ਐੱਸ. ਪੀ. ਵੈਦ ਦਾ ਕਹਿਣਾ ਹੈ ਕਿ ''''ਅਸੀਂ ਤਾਂ ਸਲਾਹ ਦੇ ਸਕਦੇ ਹਾਂ ਅਤੇ ਜੇ ਫਿਰ ਵੀ ਕੋਈ ਵਿਅਕਤੀ ਅੱਗ ''ਚ ਕੁੱਦਣਾ ਚਾਹੁੰਦਾ ਹੈ ਤਾਂ ਅਸੀਂ ਕੀ ਕਰ ਸਕਦੇ ਹਾਂ।''''
ਪਿਛਲੇ ਕੁਝ ਸਮੇਂ ਦੌਰਾਨ ਕਸ਼ਮੀਰ ਵਾਦੀ ''ਚ ਕੁਝ ਸਥਾਨਕ ਲੋਕਾਂ ਵਲੋਂ ਅੱਤਵਾਦ ਵਿਰੋਧੀ ਕਾਰਵਾਈਆਂ ''ਚ ਵਿਘਨ ਪਾਉਣ ਦੇ ਰੁਝਾਨ ''ਚ ਵਾਧੇ ਨੂੰ ਦੇਖਦਿਆਂ ਉਨ੍ਹਾਂ ਅਨਸਰਾਂ ਵਿਰੁੱਧ ਕਾਰਵਾਈ ਕਰਨੀ ਬਹੁਤ ਜ਼ਰੂਰੀ ਹੈ, ਜਿਹੜੇ ਆਪਣੇ ਹੀ ਸੁਰੱਖਿਆ ਬਲਾਂ ਦੇ ਕੰਮ ''ਚ ਅੜਿੱਕਾ ਡਾਹ ਕੇ ਸੂਬੇ ਅਤੇ ਦੇਸ਼ ਦੀ ਸੁਰੱਖਿਆ ਨੂੰ ਖਤਰੇ ''ਚ ਪਾ ਰਹੇ ਹਨ।
ਅਜਿਹੀ ਸਥਿਤੀ ''ਚ ਜਿਥੇ ਕੇਂਦਰ ਸਰਕਾਰ ਵਲੋਂ ਦੇਸ਼ ਵਿਰੋਧੀ ਸਰਗਰਮੀਆਂ ''ਚ ਸ਼ਾਮਿਲ ਅਨਸਰਾਂ ਨਾਲ ਸਖਤੀ ਨਾਲ ਨਜਿੱਠਣ ਲਈ ਫੌਜ ਨੂੰ ਪੂਰੀ ਆਜ਼ਾਦੀ ਦੇਣਾ ਬਿਲਕੁਲ ਜਾਇਜ਼ ਹੈ, ਉਥੇ ਹੀ ਜੰਮੂ-ਕਸ਼ਮੀਰ ਸਰਕਾਰ ਵਲੋਂ ਵਾਦੀ ''ਚ ਐਨਕਾਊਂਟਰ ਵਾਲੀਆਂ ਥਾਵਾਂ ''ਤੇ ਜਾਣ ''ਤੇ ਪਾਬੰਦੀ ਲਾਉਣਾ ਵੀ ਇਕ ਚੰਗਾ ਕਦਮ ਹੈ। ਇਸ ''ਤੇ ਸਖਤੀ ਨਾਲ ਅਮਲ ਕਰਨ ਨਾਲ ਵਾਦੀ ''ਚ ਅੱਤਵਾਦ ਨੂੰ ਖਤਮ ਕਰਨ ''ਚ ਜ਼ਰੂਰ ਸਫਲਤਾ ਮਿਲੇਗੀ।    
—ਵਿਜੇ ਕੁਮਾਰ

Vijay Kumar Chopra

This news is Chief Editor Vijay Kumar Chopra