'ਜਗ ਬਾਣੀ' ਦਾ 42ਵੇਂ ਸਾਲ 'ਚ ਦਾਖਲਾ

07/21/2019 4:32:40 AM

ਸਾਡੇ ਲਈ ਇਹ ਖੁਸ਼ੀ ਅਤੇ ਮਾਣ ਦੀ ਗੱਲ ਹੈ ਕਿ ਤੁਹਾਡਾ ਪਿਆਰਾ ਪੰਜਾਬੀ ਰੋਜ਼ਾਨਾ ਅਖਬਾਰ 'ਜਗ ਬਾਣੀ' ਅੱਜ 21 ਜੁਲਾਈ ਨੂੰ ਆਪਣੇ 41 ਸਾਲ ਪੂਰੇ ਕਰ ਕੇ 42ਵੇਂ ਸਾਲ 'ਚ ਦਾਖਲ ਹੋ ਰਿਹਾ ਹੈ।
ਹਾਲਾਂਕਿ ਸ਼ੁਰੂਆਤੀ ਦੌਰ 'ਚ ਇਸ ਨੂੰ ਹੋਰਨਾਂ ਪੰਜਾਬੀ ਰੋਜ਼ਾਨਾ ਅਖਬਾਰਾਂ ਨਾਲ ਸਖਤ ਮੁਕਾਬਲੇ ਦਾ ਸਾਹਮਣਾ ਕਰਨਾ ਪਿਆ ਪਰ 'ਜਗ ਬਾਣੀ' ਆਦਰਯੋਗ ਪਿਤਾ ਜੀ ਲਾਲਾ ਜਗਤ ਨਾਰਾਇਣ ਦੇ ਆਸ਼ੀਰਵਾਦ ਅਤੇ ਪਰਿਵਾਰ ਦੇ ਹੋਰਨਾਂ ਮੈਂਬਰਾਂ ਚਿਰੰਜੀਵ ਅਵਿਨਾਸ਼ ਅਤੇ ਅਮਿਤ ਦੇ ਨਾਲ-ਨਾਲ ਹੁਣ ਮੇਰੇ ਪੋਤਿਆਂ ਅਭਿਜੈ, ਆਰੂਸ਼, ਅਵਿਨਵ ਅਤੇ ਪੋਤਰੀ ਆਮੀਆ ਦੀ ਮਿਹਨਤ ਅਤੇ ਲਗਨ ਤੇ ਤੁਹਾਡੇ ਲੋਕਾਂ ਦੇ ਸਨੇਹ ਦੀ ਬਦੌਲਤ ਅੱਜ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਰੋਜ਼ਾਨਾ ਅਖਬਾਰ ਬਣ ਚੁੱਕਾ ਹੈ, ਜਿਸ ਦੀ ਪਾਠਕ ਗਿਣਤੀ 43.86 ਲੱਖ ਹੈ।
ਅੱਜ ਮੈਂ 21 ਜੁਲਾਈ, 1978 ਨੂੰ 'ਜਗ ਬਾਣੀ' ਸ਼ੁਰੂ ਕਰਨ ਦੇ ਮੌਕੇ 'ਤੇ ਲਾਲਾ ਜੀ ਵਲੋਂ ਲਿਖਿਆ ਗਿਆ ਸੰਪਾਦਕੀ ਇਥੇ ਪੇਸ਼ ਕਰ ਰਿਹਾ ਹਾਂ :

                                                                  'ਜਗ ਬਾਣੀ ਦਾ ਆਗਮਨ'
ਅੱਜ ਸਾਡਾ ਪਰਿਵਾਰ ਰੋਜ਼ਾਨਾ ਪੰਜਾਬੀ ਅਖ਼ਬਾਰ 'ਜਗ ਬਾਣੀ' ਪੰਜਾਬੀ ਪੜ੍ਹੇ-ਲਿਖੇ ਭਰਾਵਾਂ ਅਤੇ ਭੈਣਾਂ ਦੇ ਪੜ੍ਹਨ ਲਈ ਕੱਢ ਰਿਹਾ ਹੈ। 'ਜਗ ਬਾਣੀ' ਕੱਢਣ ਦਾ ਵਿਚਾਰ 4-5 ਸਾਲ ਪਹਿਲਾਂ ਸ਼ੁਰੂ ਹੋਇਆ ਸੀ। ਸ. ਪ੍ਰਕਾਸ਼ ਸਿੰਘ ਬਾਦਲ ਅਤੇ ਹੋਰ ਅਕਾਲੀ ਤੇ ਕਾਂਗਰਸੀ ਨੇਤਾਵਾਂ ਨੇ ਸਾਨੂੰ ਪੰਜਾਬੀ ਅਖ਼ਬਾਰ ਕੱਢਣ ਦਾ ਉਤਸ਼ਾਹ ਦਿੱਤਾ ਸੀ।
'ਪੰਜਾਬੀ ਕੇਸਰੀ' ਅਤੇ 'ਹਿੰਦ ਸਮਾਚਾਰ' ਦੇ ਪਾਠਕਾਂ 'ਚੋਂ ਵੀ ਕਈ ਭੈਣਾਂ ਅਤੇ ਭਰਾਵਾਂ ਨੇ ਇਹ ਅਪੀਲ ਕੀਤੀ ਸੀ ਕਿ 'ਹਿੰਦ ਸਮਾਚਾਰ' ਪਰਿਵਾਰ ਨੂੰ ਪੰਜਾਬੀ ਦਾ ਰੋਜ਼ਾਨਾ ਅਖਬਾਰ ਜ਼ਰੂਰ ਕੱਢਣਾ ਚਾਹੀਦਾ ਹੈ ਪਰ ਜੇਲ ਚਲੇ ਜਾਣ ਦੇ ਕਾਰਣ ਅਤੇ ਚੋਣਾਂ 'ਚ ਰੁੱਝ ਜਾਣ ਕਾਰਣ ਇਸ ਕੰਮ 'ਚ ਦੇਰ ਹੁੰਦੀ ਚਲੀ ਗਈ।
ਅੱਜ ਬੜੀ ਮੁਸ਼ਕਿਲ ਦਾ ਸਾਹਮਣਾ ਕਰਦੇ ਹੋਏ ਅਸੀਂ ਆਪਣੇ ਮਿਸ਼ਨ 'ਚ ਸਫਲ ਹੋਏ ਹਾਂ। ਸਾਡੇ ਇਕ-ਦੋ ਸਹਿਯੋਗੀ ਅਖਬਾਰ ਸਾਡੇ 'ਜਗ ਬਾਣੀ' ਛਾਪਣ ਤੋਂ ਖੁਸ਼ ਨਹੀਂ। ਅਸੀਂ ਉਨ੍ਹਾਂ ਨੂੰ ਭਰੋਸਾ ਦਿਵਾਉਣਾ ਚਾਹੁੰਦੇ ਹਾਂ ਕਿ ਸਾਡਾ ਅਖਬਾਰ ਕੱਢਣ ਦਾ ਵਿਚਾਰ ਕਾਫੀ ਪੁਰਾਣਾ ਹੈ ਅਤੇ ਸਾਡੀ ਉਨ੍ਹਾਂ ਦੇ ਨਾਲ ਕੋਈ ਈਰਖਾ ਨਹੀਂ ਹੈ ਅਤੇ ਨਾ ਹੀ ਸਾਡਾ ਉਨ੍ਹਾਂ ਦੇ ਨਾਲ ਕੋਈ ਮੁਕਾਬਲਾ ਹੈ।
ਸਾਡਾ ਅਖਬਾਰ 'ਜਗ ਬਾਣੀ' ਸ਼ੁੱਧ ਧਰਮ ਨਿਰਪੱਖ ਹੋਵੇਗਾ ਅਤੇ ਕਿਸੇ ਵੀ ਸੰਸਥਾ ਦੇ ਨਾਲ ਇਸ ਦਾ ਕੋਈ ਸਬੰਧ ਨਹੀਂ ਹੋਵੇਗਾ। ਅਸੀਂ 'ਜਗ ਬਾਣੀ' ਇਸੇ ਮਨੋਰਥ ਨੂੰ ਸਾਹਮਣੇ ਰੱਖ ਕੇ ਕੱਢ ਰਹੇ ਹਾਂ ਕਿ ਪੰਜਾਬ ਦੀ ਦਿਹਾਤੀ ਅਤੇ ਸ਼ਹਿਰੀ ਜਨਤਾ ਤਕ ਆਪਣੇ ਵਿਚਾਰ ਪੇਸ਼ ਕਰ ਕੇ ਅਤੇ ਉਨ੍ਹਾਂ ਦੇ ਦੁੱਖ-ਦਰਦ ਦੇ ਸਾਂਝੀਦਾਰ ਬਣ ਕੇ 'ਜਗ ਬਾਣੀ' ਵਿਚ ਉਨ੍ਹਾਂ ਦੇ ਕਸ਼ਟਾਂ ਨੂੰ ਛਾਪ ਕੇ ਸਰਕਾਰ ਦੇ ਕੰਨਾਂ ਤਕ ਪਹੁੰਚਾ ਦੇਈਏ ਕਿ ਜਨਤਾ ਇਸ ਸਰਕਾਰ ਤੋਂ ਕਿਸ ਤਰ੍ਹਾਂ ਦੀ ਰਾਹਤ ਚਾਹੁੰਦੀ ਹੈ।
ਸਾਡਾ ਇਕ ਹੀ ਉਦੇਸ਼ ਹੈ ਕਿ 'ਜਗ ਬਾਣੀ' ਜਨਤਾ ਦਾ ਅਖਬਾਰ ਬਣੇ ਅਤੇ ਉਸ ਦੇ ਕਸ਼ਟਾਂ ਨੂੰ ਸਰਕਾਰ ਤਕ ਪਹੁੰਚਾਏ। ਇਸ ਦੇ ਨਾਲ ਹੀ 'ਜਗ ਬਾਣੀ' ਰਾਹੀਂ ਧਾਰਮਿਕ ਨੇਤਾਵਾਂ ਦੇ ਵਿਚਾਰ ਵੀ ਪਾਠਕਾਂ ਤਕ ਪਹੁੰਚਣ। ਅਸੀਂ ਬਜ਼ੁਰਗਾਂ ਤੋਂ ਲੈ ਕੇ ਵਿਦਿਆਰਥੀਆਂ ਤਕ ਦੇ ਲਈ ਇਸ ਨੂੰ ਦਿਲਚਸਪ ਬਣਾਉਣ ਦੀ ਕੋਸ਼ਿਸ਼ ਕਰਾਂਗੇ।
ਇਸ ਦੀ ਛਪਾਈ ਆਫਸੈੱਟ 'ਤੇ ਹੋਵੇਗੀ ਅਤੇ ਪੰਜਾਬ ਤੇ ਸਾਰੇ ਦੇਸ਼ ਦੀਆਂ ਨਵੀਆਂ ਖਬਰਾਂ ਪਾਠਕਾਂ ਨੂੰ 'ਜਗ ਬਾਣੀ' ਵਿਚ ਪੜ੍ਹਨ ਨੂੰ ਮਿਲਣਗੀਆਂ। ਇਹ ਅਖਬਾਰ ਸ਼ੁੱਧ ਧਰਮ ਨਿਰਪੱਖ ਅਤੇ ਆਜ਼ਾਦ ਹੋਵੇਗਾ ਅਤੇ ਇਸ ਦਾ ਕਿਸੇ ਵੀ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ।
ਅਸੀਂ ਰਚਨਾਤਮਕ ਆਲੋਚਨਾ ਕਰਨ ਤੋਂ ਨਹੀਂ ਝਿਜਕਾਂਗੇ, ਜਿਵੇਂ ਕਿ ਅਸੀਂ 'ਹਿੰਦ ਸਮਾਚਾਰ' ਅਤੇ 'ਪੰਜਾਬ ਕੇਸਰੀ' ਵਿਚ ਕਰ ਰਹੇ ਹਾਂ। ਸਾਨੂੰ ਪੂਰੀ ਆਸ ਹੈ ਕਿ ਸਾਡੇ ਪਾਠਕ ਸਾਡੇ ਨਾਲ ਪੂਰਾ ਸਹਿਯੋਗ ਕਰ ਕੇ ਆਪਣੇ ਇਸ ਅਖਬਾਰ 'ਜਗ ਬਾਣੀ' ਨੂੰ ਵੀ ਪਹਿਲੇ ਦੋਹਾਂ ਅਖ਼ਬਾਰਾਂ ਵਾਂਗ ਸਫਲ ਬਣਾਉਣਗੇ।
'ਹਿੰਦ ਸਮਾਚਾਰ ਪਰਿਵਾਰ' ਹਮੇਸ਼ਾ ਹਿੰਦੂ-ਸਿੱਖ ਏਕਤਾ ਦਾ ਸਮਰਥਕ ਰਿਹਾ ਹੈ। ਪਿਛਲੀਆਂ ਚੋਣਾਂ 'ਚ ਪਹਿਲੀ ਵਾਰ ਸਹੀ ਅਰਥਾਂ 'ਚ ਹਿੰਦੂ-ਸਿੱਖ ਏਕਤਾ ਬਣੀ ਸੀ। ਇਸ 'ਚ 'ਹਿੰਦ ਸਮਾਚਾਰ ਪਰਿਵਾਰ' ਨੇ ਆਪਣਾ ਪੂਰਾ ਹਿੱਸਾ ਪਾਇਆ ਸੀ।
ਅਸੀਂ ਪਾਠਕਾਂ ਨੂੰ ਪੂਰਾ ਵਿਸ਼ਵਾਸ ਦਿਵਾਉਣਾ ਚਾਹੁੰਦੇ ਹਾਂ ਕਿ 'ਜਗ ਬਾਣੀ' ਹਿੰਦੂ-ਸਿੱਖ ਏਕਤਾ ਲਈ ਪੂਰੀ ਕੋਸ਼ਿਸ਼ ਕਰੇਗਾ ਅਤੇ ਜੋ ਭਰਾ ਅਤੇ ਭੈਣਾਂ ਉਰਦੂ ਅਤੇ ਹਿੰਦੀ ਨਹੀਂ ਪੜ੍ਹ ਸਕਦੇ, ਉਨ੍ਹਾਂ ਲਈ 'ਜਗ ਬਾਣੀ' ਰੌਸ਼ਨੀ ਦਾ ਕੰਮ ਕਰੇਗਾ ਅਤੇ ਹਿੰਦੂ-ਸਿੱਖ ਏਕਤਾ ਦਾ ਰਾਹ ਵੀ ਪੱਧਰਾ ਕਰੇਗਾ।
ਇਸ ਤੋਂ ਇਲਾਵਾ ਹਿੰਦੂ-ਸਿੱਖ ਏਕਤਾ ਨੂੰ ਮਜ਼ਬੂਤ ਬਣਾਉਣ ਲਈ ਲੇਖ ਅਤੇ ਸਹੀ ਖ਼ਬਰਾਂ ਛਾਪ ਕੇ ਫਿਰਕੂ ਅਖ਼ਬਾਰਾਂ ਅਤੇ ਫਿਰਕੂ ਨੇਤਾਵਾਂ ਦੇ ਵਿਚਾਰਾਂ ਨੂੰ ਚੁਣੌਤੀ ਵੀ ਦਿੰਦਾ ਰਹੇਗਾ।
ਸਾਨੂੰ ਪੂਰਾ ਵਿਸ਼ਵਾਸ ਹੈ ਕਿ ਪਾਠਕ ਆਪਣਾ ਪੂਰਾ ਸਹਿਯੋਗ ਸਾਨੂੰ ਦੇਣਗੇ ਅਤੇ 'ਜਗ ਬਾਣੀ' ਨੂੰ ਵੀ 'ਹਿੰਦ ਸਮਾਚਾਰ' ਅਤੇ 'ਪੰਜਾਬ ਕੇਸਰੀ' ਵਾਂਗ ਪੰਜਾਬ ਵਿਚ ਚੋਟੀ 'ਤੇ ਪਹੁੰਚਾਉਣ 'ਚ ਸਾਨੂੰ ਉਨ੍ਹਾਂ ਦਾ ਆਸ਼ੀਰਵਾਦ ਹਾਸਿਲ ਹੋਵੇਗਾ। ਧੰਨਵਾਦ।
                                                                                        —ਜਗਤ ਨਾਰਾਇਣ

ਆਦਰਯੋਗ ਲਾਲਾ ਜੀ ਨੇ ਆਪਣੇ ਸੰਪਾਦਕੀ 'ਜਗ ਬਾਣੀ' ਦੇ ਸਬੰਧ 'ਚ ਜੋ ਵਿਚਾਰ ਪੇਸ਼ ਕੀਤੇ ਹਨ, 'ਜਗ ਬਾਣੀ' ਅੱਜ ਵੀ ਉਸੇ ਰਾਹ 'ਤੇ ਅਡੋਲ ਚੱਲ ਰਿਹਾ ਹੈ।
'ਜਗ ਬਾਣੀ' ਨੂੰ ਇਸ ਮੁਕਾਮ ਤਕ ਪਹੁੰਚਾਉਣ ਲਈ ਅਸੀਂ ਆਪਣੇ ਪਾਠਕਾਂ ਅਤੇ ਸਰਪ੍ਰਸਤਾਂ ਦੇ ਸ਼ੁਕਰਗੁਜ਼ਾਰ ਹਾਂ ਅਤੇ ਆਸ ਕਰਦੇ ਹਾਂ ਕਿ ਭਵਿੱਖ 'ਚ ਵੀ ਇਸ ਨੂੰ ਤੁਹਾਡਾ ਸਨੇਹ ਅਤੇ ਸਰਪ੍ਰਸਤੀ ਉਸੇ ਤਰ੍ਹਾਂ ਮਿਲਦੀ ਰਹੇਗੀ, ਜਿਸ ਤਰ੍ਹਾਂ 'ਹਿੰਦ ਸਮਾਚਾਰ', 'ਪੰਜਾਬ ਕੇਸਰੀ' ਅਤੇ ਦਿੱਲੀ ਤੋਂ ਪ੍ਰਕਾਸ਼ਿਤ ਹਿੰਦ ਸਮਾਚਾਰ ਪਰਿਵਾਰ ਦੇ ਨਵੇਂ ਪ੍ਰਕਾਸ਼ਨ 'ਦੈਨਿਕ ਨਵੋਦਿਆ ਟਾਈਮਜ਼' ਨੂੰ ਮਿਲਦੀ ਆ ਰਹੀ ਹੈ।

                                                                                         —ਵਿਜੇ ਕੁਮਾਰ

KamalJeet Singh

This news is Content Editor KamalJeet Singh