‘ਅਧਿਆਪਕ-ਅਧਿਆਪਕਾਵਾਂ ਵੱਲੋਂ’ ਵਿਦਿਆਰਥੀ-ਵਿਦਿਆਰਥਣਾਂ ’ਤੇ ‘ਗੈਰ-ਮਨੁੱਖੀ ਜ਼ੁਲਮ’

07/08/2023 4:39:47 AM

ਜੀਵਨ ’ਚ ਮਾਤਾ-ਪਿਤਾ ਪਿੱਛੋਂ ਅਧਿਆਪਕ ਦਾ ਹੀ ਸਰਵਉੱਚ ਸਥਾਨ ਮੰਨਿਆ ਗਿਆ ਹੈ ਅਤੇ ਕਿਹਾ ਜਾਂਦਾ ਹੈ ਕਿ ‘ਗੁਰੂ ਬਿਨਾਂ ਗਿਆਨ ਨਹੀਂ’ ਪਰ ਅੱਜ ਚੰਦ ਅਧਿਆਪਕ-ਅਧਿਆਪਕਾਵਾਂ ਇਨ੍ਹਾਂ ਪੁਰਾਤਨ ਆਦਰਸ਼ਾਂ ਨੂੰ ਭੁੱਲ ਕੇ ਨਾ ਸਿਰਫ ਖੁਦ ਭਟਕ ਗਏ ਹਨ ਸਗੋਂ ਆਪਣੇ ਵਿਦਿਆਰਥੀ-ਵਿਦਿਆਰਥਣਾਂ ’ਤੇ ਤਰ੍ਹਾਂ-ਤਰ੍ਹਾਂ ਦੇ ਗੈਰ-ਮਨੁੱਖੀ ਜ਼ੁਲਮ ਕਰ ਕੇ ਗੁਰੂ ਧਰਮ ਨੂੰ ਕਲੰਕਿਤ ਕਰ ਰਹੇ ਹਨ। ਇਸ ਦਾ ਅੰਦਾਜ਼ਾ ਸਿਰਫ ਸਵਾ ਮਹੀਨੇ ਦੀਆਂ ਹੇਠ ਲਿਖੀਆਂ ਘਟਨਾਵਾਂ ਤੋਂ ਲਾਇਆ ਜਾ ਸਕਦਾ ਹੈ :

* 6 ਜੁਲਾਈ ਨੂੰ ਵੈਸ਼ਾਲੀ (ਬਿਹਾਰ) ਜ਼ਿਲੇ ਦੇ ‘ਕਰਨੌਤੀ’ ਪਿੰਡ ’ਚ ਇਕ ਅਧਿਆਪਕ ਨੇ ਕੋਚਿੰਗ ਕਲਾਸ ਦੀ 11 ਸਾਲਾ ਵਿਦਿਆਰਥਣ ਦੇ ਗੈਰ-ਹਾਜ਼ਰ ਰਹਿਣ ’ਤੇ ਸਜ਼ਾ ਦੇ ਤੌਰ ’ਤੇ ਕੰਨ ਫੜ ਕੇ ਉਸ ਤੋਂ ਇੰਨੀਆਂ ਜ਼ਿਆਦਾ ਬੈਠਕਾਂ ਕਢਵਾਈਆਂ ਕਿ ਉਹ ਬੇਹੋਸ਼ ਹੋ ਕੇ ਡਿੱਗ ਜਾਣ ਕਾਰਨ ਗੰਭੀਰ ਤੌਰ ’ਤੇ ਜ਼ਖਮੀ ਹੋ ਗਈ।

* 6 ਜੁਲਾਈ ਨੂੰ ਹੀ ਨੋਇਡਾ (ਉੱਤਰ ਪ੍ਰਦੇਸ਼) ’ਚ ਇਕ ਨਿੱਜੀ ਸਕੂਲ ਦੀ ਅਧਿਆਪਕਾ ਨੇ ਸਜ਼ਾ ਦੇ ਤੌਰ ’ਤੇ 12 ਵਿਦਿਆਰਥੀਆਂ ਦੇ ਸਿਰ ਦੇ ਵਾਲ ਕਟਵਾ ਦਿੱਤੇ।

* 6 ਜੁਲਾਈ ਨੂੰ ਹੀ ਜਮਸ਼ੇਦਪੁਰ (ਝਾਰਖੰਡ) ’ਚ ‘ਟਾਇਨੀ ਟੁਆਇ ਸਕੂਲ’ ਦੇ ਅਧਿਆਪਕ ਵੱਲੋਂ 3 ਸਾਲ ਦੇ ਇਕ ਬੱਚੇ ਨੂੰ ਬੇਰਹਿਮੀ ਨਾਲ ਕੁੱਟਣ ਦਾ ਮਾਮਲਾ ਸਾਹਮਣੇ ਆਇਆ।

* 5 ਜੁਲਾਈ ਨੂੰ ਪੰਜਾਬ ’ਚ ਸੰਗਰੂਰ ਜ਼ਿਲੇ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਅਧਿਆਪਕਾ ਅਤੇ ਮਾਨਸਾ ਦੇ ਇਕ ਸਕੂਲ ਦੇ ਅਧਿਆਪਕ ਨੂੰ ਬੱਚਿਆਂ ਕੋਲੋਂ ਸਰਕਾਰੀ ਵਿਰੋਧੀ ਨਾਅਰੇ ਲਗਵਾਉਣ ’ਤੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ।

* 3 ਜੁਲਾਈ ਨੂੰ ਚਤਰਾ (ਝਾਰਖੰਡ) ਜ਼ਿਲੇ ਦੇ ‘ਕੁੰਦਰਾ’ ਪਿੰਡ ’ਚ ਸਰਕਾਰੀ ਹਾਈ ਸਕੂਲ ਦੇ ਅਧਿਆਪਕ ਦਿਨੇਸ਼ ਪਾਸਵਾਨ ਨੂੰ ਨੌਵੀਂ ਜਮਾਤ ਦੀ ਵਿਦਿਆਰਥਣ ਨਾਲ ਜਬਰ-ਜ਼ਨਾਹ ਕਰਨ ਅਤੇ ਇਸ ਦੀ ਵੀਡੀਓ ਬਣਾਉਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ।

* 3 ਜੁਲਾਈ ਨੂੰ ਹੀ ਬਾੜਮੇਰ (ਰਾਜਸਥਾਨ) ਦੇ ‘ਨੇਤਰਾਡ’ ਪਿੰਡ ਦੇ ਸਰਕਾਰੀ ਹਾਇਰ ਸੈਕੰਡਰੀ ਸਕੂਲ ’ਚ ਰੱਖੇ ਮਟਕੇ ’ਚੋਂ ਪਾਣੀ ਪੀ ਲੈਣ ’ਤੇ ਇਕ ਦਲਿਤ ਵਿਦਿਆਰਥੀ ਨੂੰ ਲੱਤਾਂ-ਮੁੱਕਿਆਂ ਨਾਲ ਬੁਰੀ ਤਰ੍ਹਾਂ ਕੁੱਟਣ ਦੇ ਦੋਸ਼ ’ਚ ਇਕ ਅਧਿਆਪਕ ਵਿਰੁੱਧ ਕੇਸ ਦਰਜ ਕੀਤਾ ਗਿਆ।

* 27 ਜੂਨ ਨੂੰ ਕਾਨਪੁਰ (ਉੱਤਰ ਪ੍ਰਦੇਸ਼) ’ਚ ‘ਬਿਠੂਰ ਮੰਥਨਾ’ ਸਥਿਤ ਇਕ ਮਦਰੱਸੇ ਦੇ ਅਧਿਆਪਕ ‘ਕਾਰੀ ਮੁਹੰਮਦ ਅਹਿਮਦ’ ਨੂੰ ਆਪਣੀ ਇਕ ਵਿਦਿਆਰਥਣ ਦਾ ਲਗਾਤਾਰ ਸੈਕਸ ਸ਼ੋਸ਼ਣ ਕਰਨ ਅਤੇ ਕਿਸੇ ਨੂੰ ਦੱਸਣ ’ਤੇ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਕਰਨ ਦੀ ਧਮਕੀ ਦੇਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ।

* 27 ਜੂਨ ਨੂੰ ਹੀ ਧੂਰੀ (ਪੰਜਾਬ) ਦੇ ਇਕ ਕਾਲਜ ਦੀ ਪ੍ਰੋਫੈਸਰ ਨੂੰ ਉਸ ਕੋਲ ਚੈਕਿੰਗ ਲਈ ਆਏ ਬੀ. ਏ. (ਅੰਗਰੇਜ਼ੀ) ਦੇ ਪੇਪਰ ਦੇ ਨੰਬਰ ਵਧਾਉਣ ਬਦਲੇ ਇਕ ਵਿਦਿਆਰਥੀ ਨੂੰ ਫੋਨ ਕਰ ਕੇ ਉਸ ਤੋਂ 7000 ਰੁਪਏ ਮੰਗਣ ਦੇ ਦੋਸ਼ ’ਚ ਪੰਜਾਬੀ ਯੂਨੀਵਰਸਿਟੀ ਦੀ ਐਗਜ਼ਾਮੀਨੇਸ਼ਨ ਬ੍ਰਾਂਚ ਦੀ ਟੀਮ ਨੇ ਰੰਗੇ ਹੱਥੀਂ ਗ੍ਰਿਫਤਾਰ ਕੀਤਾ।

* 26 ਜੂਨ ਨੂੰ ਪੂਰਬੀ ਚੰਪਾਰਨ (ਬਿਹਾਰ) ਦੇ ਇਕ ਨਿੱਜੀ ਸਕੂਲ ਦੀ ਦਸਵੀਂ ਜਮਾਤ ਦੇ ਵਿਦਿਆਰਥੀ ਦੀ ਕਿਸੇ ਗੱਲ ’ਤੇ ਨਾਰਾਜ਼ ਹੋ ਕੇ ਉਸ ਦੇ ਅਧਿਆਪਕਾਂ ਨੇ ਉਸ ਨੂੰ ਇੰਨਾ ਕੁੱਟਿਆ ਕਿ ਉਸ ਦੀ ਮੌਤ ਹੋ ਗਈ।

* 25 ਜੂਨ ਨੂੰ ਬੈਂਗਲੁਰੂ (ਕਰਨਾਟਕ) ਦੇ ਇਕ ਪ੍ਰਾਇਮਰੀ ਸਕੂਲ ’ਚ ਕਿਸੇ ਗੱਲ ਤੋਂ ਨਾਰਾਜ਼ ਹੋ ਕੇ ਚੌਥੀ ਜਮਾਤ ਦੇ ਮਾਸੂਮ ਵਿਦਿਆਰਥੀ ਨੂੰ 23 ਥੱਪੜ ਮਾਰਨ ਦੇ ਦੋਸ਼ ’ਚ ਇਕ ਅਧਿਆਪਕਾ ਵਿਰੁੱਧ ਕੇਸ ਦਰਜ ਕੀਤਾ ਗਿਆ।

* 9 ਜੂਨ ਨੂੰ ਪਟਨਾ (ਬਿਹਾਰ) ’ਚ ਬਾਰ੍ਹਵੀਂ ਜਮਾਤ ਦੀ ਇਕ ਵਿਦਿਆਰਥਣ ਨੂੰ ਨੋਟਸ ਦੇਣ ਦੇ ਬਹਾਨੇ ਸੱਦ ਕੇ ਉਸ ਨਾਲ ਜਬਰ-ਜ਼ਨਾਹ ਕਰਨ ਅਤੇ ਉਸ ਦਾ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ ਵਾਰ-ਵਾਰ ਸੈਕਸ ਸ਼ੋਸ਼ਣ ਕਰਨ ਦੇ ਦੋਸ਼ ’ਚ ਇਕ ਅਧਿਆਪਕ ਵਿਰੁੱਧ ਕੇਸ ਦਰਜ ਕੀਤਾ ਗਿਆ।

ਪੁਲਸ ਵੱਲੋਂ ਦੋਸ਼ੀ ਅਧਿਆਪਕ ਦੇ ਮੋਬਾਈਲ ਦੀ ਜਾਂਚ ਕਰਨ ’ਤੇ ਉਸ ਦੀ ਕਈ ਵਿਦਿਆਰਥੀਆਂ ਨਾਲ ਇਤਰਾਜ਼ਯੋਗ ਚੈਟ ਮਿਲੀ।

* 2 ਜੂਨ ਨੂੰ ਅਨੂਪ ਨਗਰ ਫਾਜ਼ਲਪੁਰ (ਉੱਤਰ ਪ੍ਰਦੇਸ਼) ਸਥਿਤ ਇਕ ਸਕੂਲ ’ਚ ਜੂਡੋ ਕਰਾਟੇ ਸਿੱਖਣ ਗਈ 12 ਸਾਲਾ ਬੱਚੀ ਨਾਲ ਉਸ ਦੇ ਕੋਚ ਨੇ ਜਬਰ-ਜ਼ਨਾਹ ਕਰ ਕੇ ਉਸ ਨੂੰ ਲਹੂ-ਲੁਹਾਨ ਕਰ ਦਿੱਤਾ।

* 26 ਮਈ ਨੂੰ ਕਾਨਪੁਰ (ਉੱਤਰ ਪ੍ਰਦੇਸ਼) ਦੇ ਇਕ ਨਿੱਜੀ ਸਕੂਲ ’ਚ ਯੂਨੀਫਾਰਮ ਨਾ ਪਹਿਨ ਕੇ ਆਉਣ ’ਤੇ ਕਲਾਸ ਟੀਚਰ ਨੇ ਇਕ 7 ਸਾਲਾ ਮਾਸੂਮ ਨੂੰ ਬੁਰੀ ਤਰ੍ਹਾਂ ਕੁੱਟਿਆ ਅਤੇ ਜਦ ਉਸ ਦੇ ਮਾਤਾ-ਪਿਤਾ ਸ਼ਿਕਾਇਤ ਕਰਨ ਪੁੱਜੇ ਤਾਂ ਧੱਕੇ ਮਾਰ ਕੇ ਉਨ੍ਹਾਂ ਨੂੰ ਸਕੂਲ ਤੋਂ ਬਾਹਰ ਕੱਢ ਦਿੱਤਾ।

ਅਧਿਆਪਕ-ਅਧਿਆਪਕਾਵਾਂ ਵੱਲੋਂ ਵਿਦਿਆਰਥੀ-ਵਿਦਿਆਰਥਣਾਂ ਨਾਲ ਅਜਿਹਾ ਵਿਵਹਾਰ ਇਸ ਆਦਰਸ਼ ਕਿੱਤੇ ’ਤੇ ਘਿਨੌਣਾ ਧੱਬਾ ਤੇ ਅਧਿਆਪਕ ਵਰਗ ’ਚ ਵਧ ਰਹੀ ਸੰਵੇਦਨਹੀਣਤਾ ਦਾ ਨਤੀਜਾ ਹੈ, ਜਿਸ ਨੂੰ ਰੋਕਣ ਲਈ ਸਖਤ ਕਦਮ ਉਠਾਉਣ ਅਤੇ ਅਜਿਹੇ ਅਧਿਆਪਕਾਂ ਨੂੰ ਇਸ ਖੇਤਰ ਤੋਂ ਹੀ ਬਾਹਰ ਕਰ ਦੇਣ ਦੀ ਤੁਰੰਤ ਲੋੜ ਹੈ।

-ਵਿਜੇ ਕੁਮਾਰ

Mukesh

This news is Content Editor Mukesh