‘ਮਹਿੰਗਾਈ’ ਅਤੇ ਤੇਲ ਉਤਪਾਦਾਂ ਦੀਅਾਂ ਕੀਮਤਾਂ ’ਚ ਵਾਧੇ ਵਿਰੁੱਧ ਵਿਰੋਧੀ ਪਾਰਟੀਅਾਂ ਦਾ ‘ਭਾਰਤ ਬੰਦ’

09/11/2018 6:53:29 AM

ਜੀਵਨ ਲਈ ਉਪਯੋਗੀ ਜ਼ਰੂਰੀ ਵਸਤਾਂ ਦੀ ਮਹਿੰਗਾਈ ਤੋਂ ਇਲਾਵਾ ਪੈਟਰੋਲ ਅਤੇ ਡੀਜ਼ਲ ਦੀਅਾਂ ਆਸਮਾਨ ਨੂੰ ਛੂੰਹਦੀਅਾਂ ਕੀਮਤਾਂ ਹਮੇਸ਼ਾ ਸਿਆਸਤਦਾਨਾਂ ਦਾ ਪਸੰਦੀਦਾ ਵਿਸ਼ਾ ਰਹੀਅਾਂ ਹਨ। ਇਹੋ ਵਜ੍ਹਾ ਹੈ ਕਿ 26 ਮਈ 2014 ਤੋਂ ਪਹਿਲਾਂ ਜਦੋਂ ਕਾਂਗਰਸ ਸੱਤਾ ’ਚ ਸੀ ਤਾਂ ਭਾਜਪਾ ਅਤੇ ਹੋਰ ਵਿਰੋਧੀ ਪਾਰਟੀਅਾਂ ਭਾਕਪਾ, ਤੇਦੇਪਾ, ਸ਼ਿਵ ਸੈਨਾ ਆਦਿ ਤੇਲ ਦੀਅਾਂ ਵਧਦੀਅਾਂ ਕੀਮਤਾਂ ਵਿਰੁੱਧ ਖੂਬ ਮੁਜ਼ਾਹਰੇ  ਕਰਦੀਅਾਂ ਸਨ। ਹੁਣ ਇਹ ਮੋਰਚਾ ਕਾਂਗਰਸ ਨੇ ਸੰਭਾਲ ਲਿਆ ਹੈ। 
ਸਾਬਕਾ ਪ੍ਰਧਾਨ ਮੰਤਰੀ ਸਵ. ਅਟਲ ਬਿਹਾਰੀ ਵਾਜਪਾਈ 1973 ’ਚ ਇੰਦਰਾ ਗਾਂਧੀ ਦੇ ਸ਼ਾਸਨਕਾਲ ਦੌਰਾਨ ਪੈਟਰੋਲ ਅਤੇ ਮਿੱਟੀ ਦੇ ਤੇਲ ਦੀਅਾਂ ਕੀਮਤਾਂ ’ਚ ਵਾਧੇ ਵਿਰੁੱਧ ਬੈਲ-ਗੱਡੀ ’ਤੇ ਸਵਾਰ ਹੋ ਕੇ ਸੰਸਦ ’ਚ ਆਏ ਸਨ, ਜਦਕਿ ਮਨਮੋਹਨ ਸਿੰਘ ਦੀ ਸਰਕਾਰ ਦੌਰਾਨ ਮੁਜ਼ਾਹਰਿਅਾਂ ’ਚ ਮੌਜੂਦਾ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਤੇ ਭਾਜਪਾ ਦੇ ਹੀ ਰਾਮੇਸ਼ਵਰ ਚੌਰਸੀਆ ਨੇ ਸਾਈਕਲ ਫੜ ਲਿਆ ਸੀ। 
ਭਾਜਪਾ ਆਗੂਅਾਂ ਨਿਤਿਨ ਗਡਕਰੀ, ਅਰੁਣ ਜੇਤਲੀ, ਵਿਜੇਂਦਰ ਗੁਪਤਾ, ਵਿਜੇ ਕੁਮਾਰ ਮਲਹੋਤਰਾ, ਜਗਦੀਸ਼ ਮੁਖੀ, ਰਮੇਸ਼ ਬਿਧੂਰੀ, ਸੁਸ਼ਮਾ ਸਵਰਾਜ ਅਤੇ ਵਿਜੇ ਗੋਇਲ ਆਦਿ ਨੇ ਵੀ ਪੈਟਰੋਲ-ਡੀਜ਼ਲ ਦੀਅਾਂ ਕੀਮਤਾਂ ਵਿਰੁੱਧ ਸਮੇਂ-ਸਮੇਂ ’ਤੇ ਧਰਨਿਅਾਂ-ਮੁਜ਼ਾਹਰਿਅਾਂ ’ਚ ਹਿੱਸਾ ਲੈ ਕੇ ਗ੍ਰਿਫਤਾਰੀਅਾਂ ਦਿੱਤੀਅਾਂ  ਤੇ ਨਾਅਰੇ ਲਾਏ, ਜਿਨ੍ਹਾਂ ’ਚੋਂ ਕੁਝ ਹੇਠਾਂ ਦਰਜ ਹਨ :
* ਹਾਏ ਮਹਿੰਗਾਈ, ਮਹਿੰਗਾਈ ਮਾਰ ਗਈ
* ਮਹਿੰਗਾਈ ਕਾ ‘ਹਾਥ’, ਹਾਏ ਮਹਿੰਗਾਈ-ਹਾਏ ਮਹਿੰਗਾਈ
* ਪੈਟਰੋਲ  ਦੀਅਾਂ ਕੀਮਤਾਂ ’ਚ ਵਾਧਾ ਵਾਪਸ ਲਓ ਆਦਿ।
ਅਤੇ ਹੁਣ ਜਦੋਂ ਕੇਂਦਰ ’ਚ ਭਾਜਪਾ ਦਾ  ਰਾਜ ਹੈ, ਮਹਿੰਗਾਈ, ਪੈਟਰੋਲ-ਡੀਜ਼ਲ ਦੀਅਾਂ ਆਸਮਾਨ ਨੂੰ ਛੂੰਹਦੀਅਾਂ ਕੀਮਤਾਂ ਅਤੇ ਡਾਲਰ ਦੇ ਮੁਕਾਬਲੇ ਰੁਪਏ ਦੀ ਕੀਮਤ ਗਿਰਾਵਟ ਆਦਿ ਵਿਰੁੱਧ ਰਾਹੁਲ ਗਾਂਧੀ ਦੀ ਅਗਵਾਈ ਹੇਠ 20 ਤੋਂ ਜ਼ਿਆਦਾ ਹਮਖਿਆਲੀ ਪਾਰਟੀਅਾਂ ਨੇ 10 ਸਤੰਬਰ ਨੂੰ ਰਾਸ਼ਟਰਵਿਆਪੀ ‘ਬੰਦ’ ਦਾ ਆਯੋਜਨ ਕੀਤਾ। 
ਇਸ ਮੌਕੇ ਵਿਖਾਵਾਕਾਰੀਅਾਂ ਵਲੋਂ ਲਾਏ ਗਏ ਕੁਝ ਨਾਅਰੇ :
* ਗਿਰਤਾ ਰੁਪਿਆ ਮਹਿੰਗਾ ਤੇਲ, ਮੋਦੀ ਸਰਕਾਰ ਹੋ ਗਈ ਫੇਲ
* 80 ਕਾ ਪੈਟਰੋਲ, 800 ਕੀ ਗੈਸ, ਜਾਨੇ ਕਿਸ ਦੁਨੀਆ ਮੇਂ ਹੈਂ ਪੀ. ਐੱਮ. ਮੋਦੀ
* ਦੇਸ਼ ਪ੍ਰੇਸ਼ਾਨੀਓਂ ਸੇ ਤ੍ਰਸਤ ਹੈ, ਮੋਦੀ ਜੀ ਉਦਯੋਗਪਤੀ ਦੋਸਤੋਂ ਕੇ ਸਾਥ ਮਸਤ ਹੈਂ
ਜ਼ਿਕਰਯੋਗ ਹੈ ਕਿ ਇਕ ਸਾਲ ’ਚ ਹੀ ਡੀਜ਼ਲ 17.65 ਰੁਪਏ ਅਤੇ ਪੈਟਰੋਲ 15.32 ਰੁਪਏ ਮਹਿੰਗਾ ਹੋ ਜਾਣ ਨਾਲ ਖਪਤਕਾਰਾਂ ’ਚ ਹਾਹਾਕਾਰ ਮਚੀ ਹੋਈ ਹੈ, ਜਿਸ ਕਾਰਨ ਇਨ੍ਹਾਂ ’ਤੇ ‘ਵੈਟ’ ਘੱਟ ਕਰ ਕੇ ਕੀਮਤਾਂ ’ਚ ਕਮੀ ਕਰਨ ਦੀ ਮੰਗ ਕੀਤੀ ਜਾਂਦੀ ਰਹੀ ਹੈ। 
ਇਸ ਦਰਮਿਆਨ ਕਾਂਗਰਸ ਵਲੋਂ ਜਾਰੀ ‘ਭਾਰਤ ਬੰਦ’ ਦੇ ਇਸ਼ਤਿਹਾਰ ’ਚ ਪਿਛਲੀ ਕਾਂਗਰਸ ਸਰਕਾਰ ਅਤੇ ਮੌਜੂਦਾ ਭਾਜਪਾ ਸਰਕਾਰ ਦੌਰਾਨ ਜ਼ਰੂਰੀ ਵਸਤਾਂ ਦੀਅਾਂ ਕੀਮਤਾਂ ਦੀ ਤੁਲਨਾ ਕੀਤੀ ਗਈ ਹੈ। ਉਸ ਦੇ ਮੁਤਾਬਿਕ ਕਾਂਗਰਸ ਦੇ ਰਾਜ ’ਚ ਪੈਟਰੋਲ 70 ਰੁਪਏ ਸੀ, ਜੋ ਭਾਜਪਾ ਦੇ ਰਾਜ ’ਚ 80 ਰੁਪਏ ਹੋ ਗਿਆ ਅਤੇ ਡੀਜ਼ਲ 55 ਤੋਂ 70, ਐੱਲ. ਪੀ. ਜੀ. 400 ਤੋਂ 754 ਰੁਪਏ ਹੋ ਗਈ। 
ਕੇਂਦਰ ਦੀ ਭਾਜਪਾ ਸਰਕਾਰ ਨੇ ਪਿਛਲੇ 52 ਮਹੀਨਿਅਾਂ ’ਚ 11 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਰਕਮ ਤੇਲ ਉਤਪਾਦਾਂ ’ਤੇ ਟੈਕਸਾਂ ਦੇ ਰੂਪ ’ਚ ਵਸੂਲੀ ਹੈ। ਸਰਕਾਰ ਨੇ 4 ਸਾਲਾਂ ’ਚ ਪੈਟਰੋਲ ’ਤੇ 211 ਫੀਸਦੀ ਅਤੇ ਡੀਜ਼ਲ ’ਤੇ 443 ਫੀਸਦੀ ਐਕਸਾਈਜ਼ ਡਿਊਟੀ ਵਧਾਈ ਹੈ। 
‘ਬੰਦ’ ਨਾਲ ਦੇਸ਼ ’ਚ ਕਈ ਜਗ੍ਹਾ ਜਨ-ਜੀਵਨ ਪ੍ਰਭਾਵਿਤ ਹੋਇਆ, ਸੜਕ ਤੇ ਰੇਲ ਆਵਾਜਾਈ ’ਚ ਵਿਘਨ ਪਿਆ। ਲੁਧਿਆਣਾ ’ਚ ਕਾਂਗਰਸੀ ਵਿਖਾਵਾਕਾਰੀਅਾਂ ਨੇ ਘੋੜਾ-ਗੱਡੀ ਦਾ ਇਸਤੇਮਾਲ ਕੀਤਾ। ਕਾਂਗਰਸੀ ਔਰਤਾਂ ਨੇ ਰਿਕਸ਼ਾ ਚਲਾ ਕੇ ਅਤੇ ਗੋਹੇ ਦੀਅਾਂ ਪਾਥੀਅਾਂ ਨਾਲ ਚੁੱਲ੍ਹਾ ਬਾਲ਼ ਕੇ ਰੋਸ ਪ੍ਰਗਟਾਇਆ। 
ਬਿਨਾਂ ਸ਼ੱਕ ਅੱਜ ਮੱਧਵਰਗ ਲਗਾਤਾਰ ਵਧ ਰਹੀ ਮਹਿੰਗਾਈ ਤੋਂ ਬੁਰੀ ਤਰ੍ਹਾਂ ਪ੍ਰੇਸ਼ਾਨ ਹੈ ਅਤੇ ਕਾਂਗਰਸ ਤੇ ਵਿਰੋਧੀ ਪਾਰਟੀਅਾਂ ਨੇ ਲੋਕਾਂ ਦੀ ਆਵਾਜ਼ ਸਰਕਾਰ ਤਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ। 
ਇਸ ਦਰਮਿਆਨ ਰਾਜਸਥਾਨ ਸਰਕਾਰ ਨੇ ਕਾਂਗਰਸ ਦੇ ‘ਬੰਦ’ ਤੋਂ ਇਕ ਦਿਨ ਪਹਿਲਾਂ 9 ਸਤੰਬਰ ਨੂੰ ਪੈਟਰੋਲ ਅਤੇ ਡੀਜ਼ਲ ’ਤੇ 4 ਫੀਸਦੀ ‘ਵੈਟ’ ਘੱਟ ਕਰਨ ਦਾ ਐਲਾਨ ਕਰ ਦਿੱਤਾ, ਜਿਸ ਨਾਲ ਉਥੇ ਇਸ ਦੀਅਾਂ ਕੀਮਤਾਂ ’ਚ 2.50 ਰੁਪਏ ਪ੍ਰਤੀ ਲਿਟਰ ਤਕ ਦੀ ਕਮੀ ਆ ਗਈ ਹੈ। ਅਾਂਧਰਾ ਪ੍ਰਦੇਸ਼ ਸਰਕਾਰ ਨੇ ਵੀ ਪੈਟਰੋਲ ਅਤੇ ਡੀਜ਼ਲ ਦੀਅਾਂ ਕੀਮਤਾਂ ’ਚ 2 ਰੁਪਏ ਪ੍ਰਤੀ ਲਿਟਰ ਦੀ ਕਟੌਤੀ ਕਰ ਦਿੱਤੀ ਹੈ। ਜੇ ਬਾਕੀ ਸੂਬਿਅਾਂ ਦੀਅਾਂ ਸਰਕਾਰਾਂ ਵੀ ਅਜਿਹਾ ਕਰਨ ਤਾਂ ਲੋਕਾਂ ਨੂੰ ਕੁਝ ਰਾਹਤ ਮਿਲ ਸਕਦੀ ਹੈ।                                      

    –ਵਿਜੇ ਕੁਮਾਰ