ਮਣੀਪੁਰ ਅੱਤਵਾਦੀ ਹਮਲੇ ’ਚ ਚੀਨ ਦੀ ਸ਼ਮੂਲੀਅਤ ਦੇ ਸੰਕੇਤ

11/17/2021 3:34:59 AM

13 ਨਵੰਬਰ ਨੂੰ ਦੂਰ-ਦੁਰੇਡੇ ਉੱਤਰ-ਪੂਰਬੀ ਸੂਬੇ ਮਣੀਪੁਰ ਵਿਚ ਅੱਤਵਾਦੀਆਂ ਵੱਲੋਂ ਘਾਤ ਲਗਾ ਕੇ ਕੀਤੇ ਗਏ ਹਮਲੇ ਵਿਚ 46 ਅਸਮ ਰਾਈਫਲਜ਼ ਦੇ ਕਮਾਂਡਿੰਗ ਆਫਿਸਰ ਕਰਨਲ ਵਿਪਲਵ ਤ੍ਰਿਪਾਠੀ, ਉਨ੍ਹਾਂ ਦੀ ਪਤਨੀ ਅਨੁਜਾ ਅਤੇ 8 ਸਾਲ ਦੇ ਮਾਸੂਮ ਬੇਟੇ ਅਤੇ 4 ਫੌਜੀਆਂ ਸਮੇਤ 7 ਵਿਅਕਤੀਆਂ ਦੀ ਹੱਤਿਆ ਕਰ ਦਿੱਤੀ ਗਈ।

ਕਰਨਲ ਵਿਪਲਵ ਤ੍ਰਿਪਾਠੀ ਮਿਆਂਮਾਰ ਸਰਹੱਦ ’ਤੇ ਮੋਹਰਲੀ ਚੌਕੀ ਦਾ ਨਿਰੀਖਣ ਕਰ ਕੇ ਪਰਤ ਰਹੇ ਸਨ। ਮਣੀਪੁਰ ਵਿਚ ਇਸ ਸਾਲ ਕੀਤਾ ਗਿਆ ਇਹ 11ਵਾਂ ਅੱਤਵਾਦੀ ਹਮਲਾ ਸੀ।

ਇਸ ਤੋਂ ਪਹਿਲਾਂ ਜੂਨ 2015 ਵਿਚ ਅੱਤਵਾਦੀਆਂ ਦੇ ਹਮਲੇ ਵਿਚ 20 ਜਵਾਨ ਅਤੇ 2018 ਵਿਚ ਫੌਜੀਆਂ ਦੇ ਕਾਫਿਲੇ ’ਤੇ ਹੋਏ ਹਮਲੇ ਵਿਚ ਡੋਗਰਾ ਰਾਈਫਲਜ਼ ਦੇ 18 ਜਵਾਨ ਸ਼ਹੀਦ ਹੋਏ ਸਨ ਅਤੇ 2020 ਵਿਚ 4 ਅੱਤਵਾਦੀ ਹਮਲਿਆਂ ਵਿਚ 3 ਜਵਾਨ ਸ਼ਹੀਦ ਹੋਏ ਸਨ।

ਇਸ ਹਮਲੇ ਦੀ ਜ਼ਿੰਮੇਵਾਰੀ ‘ਪੀਪਲਜ਼ ਲਿਬਰੇਸ਼ਨ ਆਰਮੀ’ (ਪੀ. ਐੱਲ. ਏ.) ਅਤੇ ‘ਮਣੀਪੁਰ ਨਾਗਾ ਪੀਪਲਜ਼ ਫਰੰਟ’ (ਐੱਮ. ਐੱਨ. ਪੀ. ਐੱਫ.) ਨੇ ਲਈ ਹੈ। ਪੀ. ਐੱਲ. ਏ. ਇਸ ਇਲਾਕੇ ਵਿਚ 1978 ਤੋਂ ਸਰਗਰਮ ਹੈ ਅਤੇ ਇਸ ਤੋਂ ਪਹਿਲਾਂ ਵੀ ਕਈ ਹਮਲੇ ਇਥੇ ਕਰ ਚੁੱਕੀ ਹੈ।

ਭਾਰਤ ਵਿਰੋਧੀ ਸਰਗਰਮੀਆਂ ਵਿਚ ਸ਼ਾਮਲ ਅੱਤਵਾਦੀ ਗਿਰੋਹਾਂ ਨੂੰ ਚੀਨ ਦੀ ਸਹਾਇਤਾ ਦੇ ਸਬੂਤ ਸਮੇਂ-ਸਮੇਂ ’ਤੇ ਸਾਹਮਣੇ ਆਉਂਦੇ ਰਹੇ ਹਨ ਅਤੇ ਇਸ ਵਾਰ ਵੀ ਇਸ ਹਮਲੇ ਵਿਚ ਉਕਤ ਅੱਤਵਾਦੀ ਗਿਰੋਹਾਂ ਨੂੰ ਚੀਨ ਵੱਲੋਂ ਸਹਾਇਤਾ ਦੇਣ ਦੇ ਸੰਕੇਤ ਮਿਲੇ ਹਨ।

ਉਕਤ ਦੋਵਾਂ ਗਿਰੋਹਾਂ ਦੇ ਮਿਆਂਮਾਰ ਸਥਿਤ ‘ਰਾਕਾਨ ਆਰਮੀ’ ਅਤੇ ‘ਯੂਨਾਈਟਿਡ ਵਾ ਸਟੇਟਸ ਆਰਮੀ’ ਨਾਲ ਸਬੰਧ ਹਨ ਜਿਥੋਂ ਚੀਨੀ ਹਥਿਆਰ ਉੱਤਰ-ਪੂਰਬ ਵਿਚ ਪਹੁੰਚ ਰਹੇ ਹਨ।

ਪੀ. ਐੱਲ. ਏ. ਦੇ ਮਿਆਂਮਾਰ ਵਿਚ 2 ਅਤੇ ਬੰਗਲਾਦੇਸ਼ ਵਿਚ ਵੀ 5 ਟਰੇਨਿੰਗ ਕੈਂਪ ਦੱਸੇ ਜਾਂਦੇ ਹਨ ਜਿਨ੍ਹਾਂ ਵਿਚ ਲਗਭਗ 1000 ਰੰਗਰੂਟਾਂ ਨੇ ਸਿਖਲਾਈ ਪ੍ਰਾਪਤ ਕੀਤੀ ਹੈ।

ਚੀਨ ਨੇ ਕਈ ਬਾਗੀ ਨੇਤਾਵਾਂ ਨੂੰ ਰਹਿਣ ਲਈ ਆਪਣੇ ਨਾਲ ਲੱਗਦੇ ਮਿਆਂਮਾਰ ਦੇ ਬਾਰਡਰ ’ਤੇ ਸੁਰੱਖਿਅਤ ਸਥਾਨ (ਸੇਫ ਹੈਵਨ) ਮੁਹੱਈਆ ਕੀਤਾ ਹੈ, ਜਿਸ ਵਿਚ ਅਸਮ ਦੇ ‘ਯੂਨਾਈਟਿਡ ਲਿਬਰੇਸ਼ਨ ਫਰੰਟ’ ਦੇ ਕਮਾਂਡਰ ਪਰੇਸ਼ ਬਰੂਆ ਅਤੇ ਨਾਗਾਲੈਂਡ ਸੋਸ਼ਲਿਸਟ ਕੌਂਸਲ ਆਫ ਨਾਗਾਲੈਂਡ (ਆਈ. ਐੱਮ.) ਦੇ ਸਰਗਣਾ ਫੁਨਟਿੰਗ ਸ਼ਿਮਰਾਨ ਸ਼ਾਮਲ ਹਨ। ਦੱਸਿਆ ਜਾਂਦਾ ਹੈ ਕਿ ਪਰੇਸ਼ ਬਰੂਆ ਅਤੇ ਫੁਨਟਿੰਗ ਸ਼ਿਮਰਾਨ ਮਿਆਂਮਾਰ ਸਰਹੱਦ ਦੇ ਪਾਰ ਯੂਨਾਨ ਸੂਬੇ ਵਿਚ ਰੂਈਲੀ ਨਾਮਕ ਸਥਾਨ ’ਤੇ ਰਹਿ ਰਹੇ ਹਨ।

ਸੁਰੱਖਿਆ ਬਲਾਂ ’ਤੇ ਹਮਲਿਆਂ ਲਈ ਚੀਨ ਨੇ ਪੀ. ਐੱਲ. ਏ. ਮਣੀਪੁਰ ਅਤੇ ਹੋਰ ਸਮਵਿਚਾਰਕ ਗਿਰੋਹਾਂ ਨਾਲ ਸਬੰਧ ਕਾਇਮ ਕਰ ਲਏ ਹਨ। ਇਕ ਪੁਰਾਣੇ ਦਸਤਾਵੇਜ਼ ਦੇ ਅਨੁਸਾਰ ਪੀ. ਐੱਲ. ਏ., ਜਿਸ ਨੂੰ ਭਾਰਤ ਸਰਕਾਰ ਅੱਤਵਾਦੀ ਗਿਰੋਹ ਐਲਾਨ ਕਰ ਚੁੱਕੀ ਹੈ, ਦੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਦੇ ਨਾਲ ਗੱਠਜੋੜ ਦਾ ਪਰਦਾਫਾਸ਼ ਹੋਇਆ ਹੈ। ਇਸ ਨੂੰ ਚੀਨ ਭਾਰੀ ਆਰਥਿਕ ਸਹਾਇਤਾ ਦੇ ਰਿਹਾ ਹੈ।

ਸਥਿਤੀ ਦੀ ਗੰਭੀਰਤਾ ਦਾ ਅੰਦਾਜ਼ਾ ਇਸੇ ਤੋਂ ਲਗਾਇਆ ਜਾ ਸਕਦਾ ਹੈ ਕਿ ਉਕਤ ਘਟਨਾ (13 ਨਵੰਬਰ) ਦੇ ਬਾਅਦ ਵੀ ਮਣੀਪੁਰ ਵਿਚ ਬਹੁਤ ਜ਼ਿਆਦਾ ਸ਼ਕਤੀਸ਼ਾਲੀ ਧਮਾਕਾਖੇਜ਼ ਸਮੱਗਰੀ ਦੀ ਬਰਾਮਦਗੀ ਦੇ ਘੱਟ ਤੋਂ ਘੱਟ 4 ਮਾਮਲੇ ਸਾਹਮਣੇ ਆ ਚੁੱਕੇ ਹਨ।

ਪਹਿਲੇ ਮਾਮਲੇ ਵਿਚ ਸੁਰੱਖਿਆ ਬਲਾਂ ਨੇ ਇੰਫਾਲ (ਪੂਰਬ) ਜ਼ਿਲੇ ਦੇ ਇਕ ਮਕਾਨ ਦੇ ਗੇਟ ’ਤੇ ਪਾਲੀਥੀਨ ਵਿਚ ਲਪੇਟਿਆ ਹੋਇਆ ਸ਼ਕਤੀਸ਼ਾਲੀ ਆਈ. ਈ. ਡੀ., 9 ਵੋਲਟ ਦੀ ਬੈਟਰੀ ਅਤੇ ਬੰਬਾਂ ਨਾਲ ਯੁਕਤ ਟਿਫਿਨ ਬਾਕਸ ਤੇ ਇਕ ਡਿਜੀਟਲ ਘੜੀ ਬਰਾਮਦ ਕੀਤੀ।

ਦੂਸਰੇ ਮਾਮਲੇ ਵਿਚ ਇਸੇ ਦਿਨ ਇੰਫਾਲ (ਪੂਰਬ) ਜ਼ਿਲੇ ਵਿਚ ਹੀ ਪੇਰਾਮਪਟ ਵਿਚ ਇਕ ਵਿਧਾਇਕ ਦੇ ਮਕਾਨ ਦੇ ਬਾਹਰ ਮੋਬਾਇਲ ਫੋਨ ਨਾਲ ਜੁੜਿਆ ਆਈ. ਈ. ਡੀ. ਬਰਾਮਦ ਕੀਤਾ ਗਿਆ।

ਤੀਸਰੇ ਮਾਮਲੇ ਵਿਚ ਪੁਲਸ ਨੂੰ ਕਾਕਚਿੰਗ ਜ਼ਿਲੇ ਵਿਚ ਯਾਂਗਬੀ ਪ੍ਰਾਇਮਰੀ ਸਕੂਲ ਦੇ ਨੇੜੇ ਇਕ ਬੋਰੀ ਵਿਚ ਰੱਖੇ 20 ਦੇਸੀ ਬੰਬ ਸੜਕ ਦੇ ਕਿਨਾਰੇ ਪਏ ਮਿਲੇ।

ਚੌਥੇ ਮਾਮਲੇ ਵਿਚ ਇਸ ਤੋਂ ਇਕ ਦਿਨ ਪਹਿਲਾਂ ਹੀ ਅਸਮ ਰਾਈਫਲਜ਼ ਦੇ ਜਵਾਨਾਂ ਨੇ ਮਣੀਪੁਰ ਪੁਲਸ ਦੇ ਨਾਲ ਸਾਂਝੀ ਕਾਰਵਾਈ ਵਿਚ ਕਾਕਚਿੰਗ ਜ਼ਿਲੇ ਵਿਚ ਵਾਬਾਗਾਈ ਯਾਂਗਬੀ ਹਾਈ ਸਕੂਲ ਦੇ ਨੇੜੇ ਇਕ ਬੋਰੀ ਵਿਚ ਪਏ 20 ਐੱਮ.-79 ਗ੍ਰੇਨੇਡ ਲਾਂਚਰ ਬਰਾਮਦ ਕੀਤੇ ਸਨ।

ਇਨ੍ਹਾਂ ਨੂੰ ਬੰਬ ਰੋਕੂ ਦਸਤਿਆਂ ਵੱਲੋਂ ਸਮਾਂ ਰਹਿੰਦੇ ਨਸ਼ਟ ਕਰ ਦਿੱਤਾ ਗਿਆ। ਜੇਕਰ ਇਹ ਬੰਬ ਚੱਲ ਜਾਂਦੇ ਤਾਂ ਇਸ ਨਾਲ ਕਿੰਨਾ ਜਾਨੀ ਨੁਕਸਾਨ ਹੋ ਸਕਦਾ ਸੀ, ਇਸਦਾ ਅੰਦਾਜ਼ਾ ਸਹਿਜ ਹੀ ਲਗਾਇਆ ਜਾ ਸਕਦਾ ਹੈ।

ਉਕਤ ਘਟਨਾਕ੍ਰਮ ਤੋਂ ਸਪੱਸ਼ਟ ਹੈ ਕਿ ਦੇਸ਼ ਵਿਚ ਜਾਰੀ ਹਿੰਸਕ ਸਰਗਰਮੀਆਂ ਵਿਚ ਚੀਨ ਦਾ ਹੱਥ ਹੋਣ ਅਤੇ ਵੱਡੀ ਗਿਣਤੀ ਵਿਚ ਬੰਬਾਂ ਦੀ ਬਰਾਮਦਗੀ ਨੂੰ ਦੇਖਦੇ ਹੋਏ ਦੇਸ਼ ਵਿਚ ਸੁਰੱਖਿਆ ਪ੍ਰਬੰਧਾਂ ਵਿਚ ਚੌਕਸੀ ਹੋਰ ਜ਼ਿਆਦਾ ਵਧਾਉਣ ਦੀ ਲੋੜ ਹੈ। ਜ਼ਰਾ ਜਿੰਨੀ ਵੀ ਕੋਤਾਹੀ ਕਿਸੇ ਵੱਡੀ ਅਣਹੋਣੀ ਘਟਨਾ ਦਾ ਕਾਰਨ ਬਣ ਸਕਦੀ ਹੈ।

-ਵਿਜੇ ਕੁਮਾਰ

Bharat Thapa

This news is Content Editor Bharat Thapa