ਭਾਰਤ ਬੰਦ ਨਾਲ ਜਾਇਦਾਦ ਨੂੰ ਨੁਕਸਾਨ ਅਤੇ ਜਨ-ਜੀਵਨ ਉਥਲ-ਪੁਥਲ

01/09/2020 1:47:21 AM

ਦੇਸ਼ ’ਚ ਨਾਗਰਿਕਤਾ ਕਾਨੂੰਨ ਅਤੇ ਉਸ ਨਾਲ ਜੁੜੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਚੱਲ ਰਹੇ ਰੋਸ ਵਿਖਾਵਿਆਂ ਦਰਮਿਆਨ 8 ਜਨਵਰੀ ਨੂੰ ਖੱਬੇਪੱਖੀ ਸਮਰਥਕ 10 ਮਜ਼ਦੂਰ ਸੰਗਠਨਾਂ ਨੇ ਕੇਂਦਰ ਸਰਕਾਰ ਦੀਆਂ ਕਥਿਤ ਲੋਕ ਵਿਰੋਧੀ ਨੀਤੀਆਂ ਅਤੇ ਆਪਣੀਆਂ ਮੰਗਾਂ ਨੂੰ ਲੈ ਕੇ ਦੇਸ਼ ਪੱਧਰੀ ਬੰਦ ਦਾ ਆਯੋਜਨ ਕੀਤਾ, ਜਿਸ ਨੂੰ ਬੈਂਕ ਯੂਨੀਅਨਾਂ ਦਾ ਵੀ ਸਮਰਥਨ ਪ੍ਰਾਪਤ ਸੀ।

ਬੇਰੋਜ਼ਗਾਰੀ ਅਤੇ ਮਹਿੰਗਾਈ ਘੱਟ ਕਰਨ ਲਈ ਠੋਸ ਯਤਨ ਕਰਨ, ਮਜ਼ਦੂਰਾਂ ਨੂੰ ਘੱਟੋ-ਘੱਟ 21 ਹਜ਼ਾਰ ਰੁਪਏ ਤਨਖਾਹ, 10 ਹਜ਼ਾਰ ਰੁਪਏ ਮਾਸਿਕ ਪੈਨਸ਼ਨ ਅਤੇ ਕਿਰਤ ਕਾਨੂੰਨ ਸਖਤੀ ਨਾਲ ਲਾਗੂ ਕਰਨ ਆਦਿ ਦੀਆਂ ਮੰਗਾਂ ਮੰਨਵਾਉਣ ਲਈ ਕੀਤੇ ਗਏ ਇਸ ਬੰਦ ਨਾਲ ਦੇਸ਼ ਦੇ ਵਧੇਰੇ ਹਿੱਸਿਆਂ ’ਚ ਜਨ-ਜੀਵਨ ਅੰਸ਼ਿਕ ਤੌਰ ’ਤੇ ਪ੍ਰਭਾਵਿਤ ਹੋਇਆ। ਕਈ ਥਾਵਾਂ ’ਤੇ ਰੇਲ ਅਤੇ ਬੱਸਾਂ ਦੀ ਆਵਾਜਾਈ, ਬਿਜਲੀ ਅਤੇ ਬੈਂਕਿੰਗ ਸੇਵਾਵਾਂ ਰੁਕੀਆਂ ਰਹੀਆਂ। ਉਦਯੋਗਿਕ ਖੇਤਰਾਂ ’ਚ ਕੰਮਕਾਜ ਨਹੀਂ ਹੋਇਆ ਅਤੇ ਪ੍ਰਮੁੱਖ ਬਾਜ਼ਾਰ ਬੰਦ ਰਹੇ।

ਕੁਝ ਥਾਵਾਂ ’ਤੇ ਕਾਰਖਾਨਿਆਂ ’ਚ ਕੰਮ ਕਰਨ ਜਾ ਰਹੇ ਵਰਕਰਾਂ ਨੂੰ ਰੋਕਣ, ਝੜਪਾਂ, ਸਰਕਾਰੀ ਵਾਹਨਾਂ ਨੂੰ ਅੱਗ ਲਾਉਣ ਅਤੇ ਹਿੰਸਾ ਹੋਣ ਦੀਆਂ ਵੀ ਖਬਰਾਂ ਹਨ। ਕਈ ਸੂਬਿਆਂ ’ਚ ਮਜ਼ਦੂਰ ਸੰਗਠਨਾਂ ਨੇ ਧਰਨੇ, ਰੋਸ ਵਿਖਾਵੇ ਅਤੇ ਰੈਲੀਆਂ ਵੀ ਆਯੋਜਿਤ ਕੀਤੀਆਂ। ਕਈ ਸੂਬਿਆਂ ’ਚ ਬੰਦ ਕਾਰਣ ਸਿੱਖਿਆ ਸੰਸਥਾਵਾਂ ਬੰਦ ਰਹੀਆਂ। ਇਥੋਂ ਤਕ ਕਿ ਕੁਝ ਸੂਬਿਆਂ ’ਚ ਪਹਿਲਾਂ ਨਿਰਧਾਰਤ ਪ੍ਰੀਖਿਆਵਾਂ ਵੀ ਮੁਲਤਵੀ ਕਰਨੀਆਂ ਪਈਆਂ।

ਜਿਥੇ ਕਾਂਗਰਸ ਨੇ ਇਸ ਦਾ ਸਮਰਥਨ ਕੀਤਾ, ਉਥੇ ਹੀ ਕੇਂਦਰ ਅਤੇ ਭਾਜਪਾ ਨੇ ਖੱਬੇਪੱਖੀ ਸਮਰਥਕ ਮਜ਼ਦੂਰ ਸੰਗਠਨਾਂ ਦੇ ਬੰਦ ਨੂੰ ‘ਇਕ-ਦੋ ਸਾਲ ’ਚ ਹੋਣ ਵਾਲੀ ਪ੍ਰਕਿਰਿਆ’ ਦੱਸਿਆ ਅਤੇ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ :

‘‘ਖੱਬੇਪੱਖੀ ਸਮਰਥਕਾਂ ਦੀ ਹੜਤਾਲ ਨੂੰ ਜਨਤਾ ਨੇ ਪਹਿਲਾਂ ਹੀ ਖਾਰਿਜ ਕਰ ਦਿੱਤਾ ਹੈ। ਬੰਦ ਅਤੇ ਹੜਤਾਲ ਰਾਹੀਂ ਖੱਬੇਪੱਖੀ ਸਮਰਥਕ ਸਸਤੀ ਸ਼ੋਹਰਤ ਹਾਸਲ ਕਰਨਾ ਚਾਹੁੰਦੇ ਹਨ ਅਤੇ ਬੱਸਾਂ ’ਤੇ ਬੰਬ ਸੁੱਟਦੇ ਹਨ।’’

‘‘ਅਜਿਹੀ ਸ਼ੋਹਰਤ ਹਾਸਲ ਕਰਨ ਨਾਲੋਂ ਸਿਆਸੀ ਮੌਤ ਬਿਹਤਰ ਹੈ। ਰੇਲ ਲਾਈਨਾਂ ’ਤੇ ਬੰਬ ਲਾਉਣਾ ਗੁੰਡਾਗਰਦੀ ਹੈ। ਅੰਦੋਲਨ ਦੇ ਨਾਂ ’ਤੇ ਮੁਸਾਫਿਰਾਂ ਨੂੰ ਕੁੱਟਿਆ ਜਾ ਰਿਹਾ ਹੈ ਅਤੇ ਪਥਰਾਅ ਕੀਤਾ ਜਾ ਰਿਹਾ ਹੈ। ਇਹ ਅੰਦੋਲਨ ਨਹੀਂ ਦਾਦਾਗਿਰੀ ਹੈ ਅਤੇ ਮੈਂ ਇਸ ਦੀ ਨਿੰਦਾ ਕਰਦੀ ਹਾਂ।’’

ਰਾਸ਼ਟਰੀ ਸਵੈਮ ਸੇਵਕ ਸੰਘ ਸਮਰਥਿਤ ਭਾਰਤੀ ਮਜ਼ਦੂਰ ਸੰਘ (ਬੀ. ਐੱਮ. ਐੱਸ.) ਬੰਦ ’ਚ ਸ਼ਾਮਲ ਨਹੀਂ ਹੋਇਆ। ਇਸ ਤੋਂ ਇਲਾਵਾ ਪੰਜਾਬ, ਹਰਿਆਣਾ ਅਤੇ ਬੰਗਾਲ ਸਮੇਤ ਕਈ ਸੂਬਾ ਸਰਕਾਰਾਂ ਨੇ ਵੀ ਮੁਲਾਜ਼ਮਾਂ ਨੂੰ ਇਸ ਬੰਦ ਤੋਂ ਦੂਰ ਰਹਿਣ ਦਾ ਹੁਕਮ ਦਿੱਤਾ ਸੀ।

ਕੁਲ ਮਿਲਾ ਕੇ 8 ਜਨਵਰੀ ਦੇ ਬੰਦ ਨਾਲ ਮਜ਼ਦੂਰ ਸੰਗਠਨਾਂ ਨੂੰ ਕਿੰਨਾ ਲਾਭ ਪਹੁੰਚੇਗਾ, ਇਸ ਸਵਾਲ ਦਾ ਜਵਾਬ ਤਾਂ ਭਵਿੱਖ ਦੇ ਗਰਭ ’ਚ ਹੈ ਪਰ ਇਸ ਬੰਦ ਨਾਲ ਦੇਸ਼ ’ਚ ਜਨਤਕ ਅਤੇ ਨਿੱਜੀ ਜਾਇਦਾਦ ਨੂੰ ਨੁਕਸਾਨ ਤੋਂ ਇਲਾਵਾ ਉਦਯੋਗ, ਕਾਰੋਬਾਰ ਅਤੇ ਬੈਂਕਿੰਗ ਸੇਵਾਵਾਂ ਪ੍ਰਭਾਵਿਤ ਹੋਣ ਨਾਲ ਆਰਥਿਕ ਹਾਨੀ ਤਾਂ ਹੋ ਹੀ ਗਈ ਹੈ ਅਤੇ ਜਨਤਾ ਨੂੰ ਜੋ ਅਸੁਵਿਧਾ ਹੋਈ ਹੈ ਉਹ ਵੱਖਰੀ!

–ਵਿਜੇ ਕੁਮਾਰ\\\

Bharat Thapa

This news is Content Editor Bharat Thapa