‘ਕੋਰੋਨਾ ਨਾਲ ਲੜਾਈ ’ਚ’ ‘ਭਾਰਤ ਆਇਆ ਅਰਸ਼ ਤੋਂ ਫਰਸ਼ ’ਤੇ’

04/26/2021 3:19:37 AM

ਭਾਰਤ ਕੋਵਿਡ-19 ਦੀ ਦੂਸਰੀ ਭਿਆਨਕ ਲਹਿਰ ਦੇ ਨਾਲ ਸੰਘਰਸ਼ ਕਰ ਰਿਹਾ ਹੈ। ਕਿਤੇ ਆਕਜੀਸਨ ਦੇ ਲਈ ਮਦਦ ਦੀ ਅਪੀਲ ਕਰ ਰਿਹਾ ਹੈ ਕਿਤੇ ਹਸਪਤਾਲ ’ਚ ਇਕ ਬੈੱਡ ਦੇ ਲਈ ਪੁਕਾਰ ਰਿਹਾ ਹੈ ਤੇ ਕਿਤੇ ਦਵਾਈਆਂ ਲੱਭ ਰਿਹਾ ਹੈ। ਇੱਥੋਂ ਤੱਕ ਕਿ ਇਲਾਜ ਦੀ ਘਾਟ ’ਚ ਰੋਗੀ ਦਾ ਦਿਹਾਂਤ ਹੋਣ ’ਤੇ ਸ਼ਮਸ਼ਾਨਘਾਟ ’ਚ ਥਾਂ ਅਤੇ ਅੰਤਿਮ ਸੰਸਕਾਰ ਦੇ ਲਈ ਵੀ ਹੁਣ ਮਦਦ ਚਾਹੀਦੀ ਹੈ।

ਦੂਸਰੀ ਲਹਿਰ ਦੀ ਸ਼ੁਰੂਆਤ ਦੇ ਸੰਕੇਤ 1 ਅਪ੍ਰੈਲ ਤੋਂ ਦਿਖਾਈ ਦੇ ਰਹੇ ਸਨ। ਇਸ ਦੇ ਪਿੱਛੇ ਕੀ ਕਾਰਨ ਸੀ? ਲੋਕ, ਸਰਕਾਰ, ਯੋਜਨਾ ਕਮਿਸ਼ਨ, ਨੌਕਰਸ਼ਾਹਾਂ ਦੀਆਂ ਨੀਤੀਆਂ, ਕੁੰਭ ਮੇਲਾ, ਚੋਣ ਰੈਲੀਆਂ, ਰਮਜ਼ਾਨ ਜਾਂ ਸਾਰਿਆਂ ਦੀ ਅਤੀ-ਸੰਤੁਸ਼ਟ ਤੇ ਨਿਸ਼ਚਿੰਤ ਮਾਨਸਿਕ ਸਥਿਤੀ ਕਿ ਕੋਰੋਨਾ ਇਨਫੈਕਸ਼ਨ ਖਤਮ ਹੋ ਗਿਆ ਹੈ। ਇਹ ਸਭ ਘਰੋਂ ਬਾਹਰ ਨਿਕਲਣ ਦੀ ਵਿਆਕੁਲਤਾ ਦੇ ਕਾਰਨ ਅਜਿਹਾ ਹੋਇਆ!

1 ਤੋਂ 20 ਅਪ੍ਰੈਲ ਤੱਕ 20 ਦਿਨਾਂ ’ਚ ਦੇਸ਼ ਦਾ ਚਿਹਰਾ ਬਦਲ ਗਿਆ! ਕਿਸ ਨੇ ਇਸ ਸਥਿਤੀ ਨੂੰ ਕਾਬੂ ਤੋਂ ਬਾਹਰ ਕਰ ਦਿੱਤਾ, ਇਹ ਇਕ ਅਜਿਹਾ ਮਾਮਲਾ ਹੈ ਜਿਸ ਨੂੰ ਡੂੰਘਾਈ ਨਾਲ ਦੇਖਣ ਅਤੇ ਜਾਂਚਣ ਦੀ ਲੋੜ ਹੈ। ਫਿਲਹਾਲ ਤਾਂ ਪੀੜਤਾਂ ਦੀ ਮਦਦ ਕਰਨ ਦਾ ਸਮਾਂ ਹੈ।

ਹਾਲਾਂਕਿ, ਸੁਪਰੀਮ ਕੋਰਟ ਨੇ ਆਪਣੇ ਵੱਲੋਂ ਕੋਸ਼ਿਸ਼ ਕੀਤੀ ਹੈ ਕਿ ਨਾ ਸਿਰਫ ਦਿੱਲੀ ’ਚ ਸਗੋਂ ਹੋਰਨਾਂ ਥਾਵਾਂ ’ਚ ਵੀ ਜਿੱਥੇ ਇਸ ਦੀ ਲੋੜ ਹੈ, ਆਕਸੀਜਨ ਦੀ ਸਪਲਾਈ ਮੁੜ ਤੋਂ ਆਮ ਕੀਤੀ ਜਾ ਸਕੇ ਅਤੇ ਸਰਕਾਰ ਵੀ ਇਸ ਦੇ ਲਈ ਰੇਲਾਂ ਅਤੇ ਹਵਾਈ ਜਹਾਜ਼ ਤੋਂ ਲੈ ਕੇ ਪੁਲਸ ਅਤੇ ਇੱਥੋਂ ਤੱਕ ਕਿ ਫੌਜ ਦੀ ਮਦਦ ਵੀ ਲੈ ਰਹੀ ਹੈ।

ਭਾਰਤੀ ਹਵਾਈ ਫੌਜ ਨੇ ਆਪਣੇ ਪੰਜ ਤਰ੍ਹਾਂ ਦੇ ਜਹਾਜ਼ਾਂ ਅਤੇ ਹੈਲੀਕਾਪਟਰਾਂ ਨੂੰ ਕੋਵਿਡ-19 ਦੇ ਵਿਗੜਦੇ ਹਾਲਾਤ ਦੇ ਦੌਰਾਨ ਤਾਇਨਾਤ ਕੀਤਾ ਹੈ ਜੋ ਲਗਾਤਾਰ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਆਕਸੀਜਨ ਤੋਂ ਲੈ ਕੇ ਦੂਸਰੇ ਜ਼ਰੂਰੀ ਸਾਮਾਨ ਦੀ ਸਪਲਾਈ ਸ਼ੁਰੂ ਕਰ ਚੁੱਕੇ ਹਨ। ਜਲਦੀ ਤੋਂ ਜਲਦੀ ਵੱਖ-ਵੱਖ ਸੂਬਿਆਂ ਤੱਕ ਆਕਸੀਜਨ ਟੈਂਕਰ ਜਹਾਜ਼ਾਂ ਰਾਹੀਂ ਪਹੁੰਚਾਏ ਜਾਣ ਲੱਗੇ ਹਨ। ਭਾਰਤੀ ਹਵਾਈ ਫੌਜ ਦੇ ਜਹਾਜ਼ ਵਿਦੇਸ਼ਾਂ ਤੋਂ ਵੀ ਆਕਸੀਜਨ ਲਿਆਉਣ ਲੱਗੇ ਹਨ ਜਿਨ੍ਹਾਂ ’ਚ ਸਿੰਗਾਪੁਰ ਸ਼ਾਮਲ ਹੈ।

ਡਿਫੈਂਸ ਰਿਸਰਚ ਡਿਵੈਲਪਮੈਂਟ ਆਰਗੇਨਾਈਜ਼ੇਸ਼ਨ (ਡੀ. ਆਰ. ਡੀ. ਓ.) ਅਤੇ ਡਿਫੈਂਸ ਪਬਲਿਕ ਸੈਕਟਰ ਅੰਡਰਟੇਕਿੰਗਜ਼ (ਡੀ. ਪੀ. ਐੱਸ. ਯੂਜ਼) ਵੀ ਰਾਹਤ ਕਾਰਜਾਂ ’ਚ ਦਿਨ-ਰਾਤ ਜੁਟੇ ਹੋਏ ਹਨ। ਡੀ. ਆਰ. ਡੀ. ਓ. ਨੇ ਕਈ ਸ਼ਹਿਰਾਂ ’ਚ ਅਤਿ-ਆਧੁਨਿਕ ਕੋਵਿਡ ਹਸਪਤਾਲਾਂ ਦੀ ਸਥਾਪਨਾ ਕੀਤੀ ਹੈ ਅਤੇ ਅੱਗੇ ਕਰ ਵੀ ਰਹੀ ਹੈ।

ਅਜਿਹੇ ਹਾਲਾਤ ’ਚ ਭਾਰਤ ਦੀ ਮਦਦ ਦੇ ਲਈ ਬਹੁਤ ਸਾਰੇ ਦੇਸ਼ ਵੀ ਅੱਗੇ ਆਏ ਹਨ। ਉਦਾਹਰਣ ਵਜੋਂ ਜਰਮਨੀ। ਟਾਟਾ ਗਰੁੱਪ ਨੇ ਜਰਮਨੀ ਕੰਪਨੀ ਲਿੰਡੇ ਦੇ ਸਹਿਯੋਗ ਨਾਲ 24 ਆਕਸੀਜਨ ਟਰਾਂਸਪੋਰਟ ਟੈਂਕਾਂ ਨੂੰ ਹਾਸਲ ਕਰਨ ’ਚ ਸਫਲਤਾ ਪ੍ਰਾਪਤ ਕੀਤੀ ਹੈ ਜਿਨ੍ਹਾਂ ਨੂੰ ਆਕਸੀਜਨ ਟਰਾਂਸਪੋਰਟ ਸਮਰੱਥਾ ਨੂੰ ਵਧਾਉਣ ਲਈ ਭਾਰਤ ’ਚ ਏਅਰਲਿਫਟ ਕੀਤਾ ਜਾਵੇਗਾ। ਜਰਮਨੀ ਦੀ ਚਾਂਸਲਰ ਏਂਜੇਲਾ ਮਾਰਕੇਲ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਭਾਰਤ ਦੇ ਲਈ ਐਮਰਜੈਂਸੀ ਮਦਦ ਕਰਨ ਦੀ ਤਿਆਰੀ ਕਰ ਰਹੀ ਹੈ।

ਓਧਰ ਰਿਲਾਇੰਸ ਗਰੁੱਪ ਨੇ ਵੀ ਮਹਾਰਾਸ਼ਟਰ, ਮੱਧ ਪ੍ਰਦੇਸ਼ ਅਤੇ ਗੁਜਰਾਤ ਵਰਗੇ ਸੂਬਿਆਂ, ਜਿੱਥੇ ਕੋਵਿਡ-19 ਦੇ ਮਾਮਲੇ ਵਧ ਰਹੇ ਹਨ, ’ਚ ਰੋਜ਼ਾਨਾ 700 ਟਨ ਤੋਂ ਵੱਧ ਆਕਸੀਜਨ ਦੀ ਸਪਲਾਈ ਨੂੰ ਵਧਾਉਣ ਲਈ ਪ੍ਰਤੀਬੱਧਤਾ ਪ੍ਰਗਟਾਈ ਹੈ।

ਜਿਥੇ ਇਕ ਪਾਸੇ ਯੂ. ਪੀ. ਦੇ ਕਾਰੋਬਾਰੀ ਮਨੋਜ ਗੁਪਤਾ ਨੇ ਕੋਰੋਨਾ ਵਾਇਰਸ ਇਨਫੈਕਟਿਡ ਮਰੀਜ਼ਾਂ ਦੇ ਇਲਾਜ ਲਈ ਇਕ ਰੁਪਏ ਦੀ ਲਾਗਤ ਨਾਲ ਆਕਸੀਜਨ ਸਿਲੰਡਰਾਂ ਨੂੰ ਮੁੜ ਭਰਨ ਲਈ ਆਪਣਾ ਹੱਥ ਅੱਗੇ ਵਧਾਇਆ ਹੈ ਉੱਥੇ ਸਿਲੀਕਾਨ ਵੈਲੀ ਦੇ ਉੱਦਮੀ ਵਿਨੋਦ ਖੋਸਲਾ ਨੇ ਵੀ ਆਕਸੀਜਨ ਦੀ ਦਰਾਮਦ ਨੂੰ ਲੈ ਕੇ ਫੰਡ ਦੇਣ ਦੀ ਤਜਵੀਜ਼ ਰੱਖੀ ਹੈ।

ਫਰਾਂਸੀਸੀ ਮੋਹਰੀ ਗੈਸ ਕੰਪਨੀ ਏਅਰ ਲਿਕੁਇਡ ਐੱਮ. ਏ. ਭਾਰਤ ’ਚ ਆਪਣੇ ਉਦਯੋਗਿਕ ਗਾਹਕਾਂ ਕੋਲੋਂ ਆਕਸੀਜਨ ਲੈ ਕੇ ਭਾਰਤ ਦੇ ਹਸਪਤਾਲਾਂ ’ਚ ਇਸ ਦੀ ਸਪਲਾਈ ਕਰ ਰਹੀ ਹੈ। ਇੰਗਲੈਂਡ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦਾ ਕਹਿਣਾ ਹੈ ਕਿ ਉਹ ਭਾਰਤ ਦੀ ਮਦਦ ਕਰਨ ਲਈ ਤਰੀਕਿਆਂ ’ਤੇ ਵਿਚਾਰ ਕਰ ਰਹੇ ਹਨ। ਉਨ੍ਹਾਂ ਦੇ ਅਨੁਸਾਰ ਭਾਰਤ ਇਕ ਮਹੱਤਵਪੂਰਨ ਸਹਿਯੋਗੀ ਹੈ ਅਤੇ ਉਸ ਨੂੰ ਦਿੱਤੀ ਜਾਣ ਵਾਲੀ ਮਦਦ ’ਚ ਵੈਂਟੀਲੇਟਰ ਅਤੇ ਇਲਾਜ ਦੇ ਲਈ ਜ਼ਰੂਰੀ ਹੋਰ ਚੀਜ਼ਾਂ ਸ਼ਾਮਲ ਹੋ ਸਕਦੀਆਂ ਹਨ।

ਇੰਗਲੈਂਡ ਦੀ ਵਿਦੇਸ਼ ਮੰਤਰੀ ਲੀਸਾ ਨੈਂਡੀ ਨੇ ਕਿਹਾ ਕਿ ਯੂ. ਕੇ. ਨੂੰ ਭਾਰਤ ਦੀ ਹਰ ਤਰ੍ਹਾਂ ਦੀ ਸੰਭਵ ਮਦਦ ਕਰਨੀ ਚਾਹੀਦੀ ਹੈ। ਉਨ੍ਹਾਂ ਦੇ ਅਨੁਸਾਰ ਯੂ. ਕੇ. ‘ਜੀਮੋਨ ਸੀਕਵੈਂਸਿੰਗ’ ਅਤੇ ‘ਐਪਿਡੇਮਿਯੋਲਾਜੀ’ ਵਰਗੇ ਖੇਤਰਾਂ ’ਚ ਭਾਰਤ ਦੀ ਮਦਦ ਕਰ ਸਕਦਾ ਹੈ।

ਓਧਰ ਪਾਕਿਸਤਾਨ ਦੇ ਸਵੈਮ ਸੇਵੀ ਸਮੂਹ ‘ਅਬਦੁਲ ਸੱਤਾਰ ਈਦੀ ਫਾਊਂਡੇਸ਼ਨ’ ਨੇ ਕੋਵਿਡ-19 ਦੀ ਦੂਸਰੀ ਲਹਿਰ ਨਾਲ ਲੜਾਈ ’ਚ ਭਾਰਤ ਦੀ ਮਦਦ ਕਰਨ ਲਈ 50 ਐਂਬੂਲੈਂਸਾਂ ਅਤੇ ਸਪੋਰਟ ਸਟਾਫ ਭੇਜਣ ਦੀ ਪੇਸ਼ਕਸ਼ ਕੀਤੀ ਹੈ।

ਸੰਸਥਾ ਨੇ ਭਾਰਤ ’ਚ ਆਪਣੀਆਂ ਐਂਬੂਲੈਂਸਾਂ, ਸਪੋਰਟ ਸਟਾਫ, ਡਰਾਈਵਰਾਂ, ਤਕਨੀਸ਼ੀਅਨਾਂ ਅਤੇ ਹੋਰਨਾਂ ਦੇ ਦਾਖਲੇ ਲਈ ਪ੍ਰਧਾਨ ਮੰਤਰੀ ਨੂੰ ਪੱਤਰ ਲਿਖਿਆ ਹੈ। ਸੰਸਥਾ ਦੇ ਮੈਨੇਜਿੰਗ ਟਰੱਸਟੀ ਫੈਸਲ ਈਦੀ ਨੇ ਕਿਹਾ, ‘‘ਭਾਰਤ ’ਚ ਸਾਡੀਆਂ ਜੜ੍ਹਾਂ ਹਨ। ਅਸੀਂ ਸੋਚਿਆ ਕਿ ਆਪਣੇ ਗੁਆਂਢੀ ਵੱਲ ਸਾਨੂੰ ਮਦਦ ਦਾ ਹੱਥ ਵਧਾਉਣਾ ਚਾਹੀਦਾ ਹੈ।’’

ਚੀਨ ਨੇ ਵੀ ਸੰਕਟ ਦੀ ਇਸ ਘੜੀ ’ਚ ਭਾਰਤ ਵੱਲ ਮਦਦ ਦਾ ਹੱਥ ਵਧਾਇਆ ਹੈ। ਅਮਰੀਕਾ ਦੀ ਗੱਲ ਕਰੀਏ ਤਾਂ ਵੈਕਸੀਨ ਤਿਆਰ ਕਰਨ ਵਾਲੇ ਕੱਚੇ ਮਾਲ ਦੀ ਬਰਾਮਦ ’ਤੇ ਲਗਾਈਆਂ ਗਈਆਂ ਪਾਬੰਦੀਆਂ ਨੂੰ ਹਟਾਉਣ ਲਈ ਫਿਲਹਾਲ ਉਹ ਕਿਸੇ ਤਰ੍ਹਾਂ ਦਾ ਵਾਅਦਾ ਕਰਨ ਤੋਂ ਕੰਨੀ ਕਤਰਾ ਰਿਹਾ ਹੈ ਪਰ ਸੀਨੇਟਰ ਐਡਮਾਰਕੀ ਦਾ ਕਹਿਣਾ ਹੈ ਕਿ ਭਾਰਤ ਦੀ ਮਦਦ ਕਰਨੀ ਅਮਰੀਕਾ ਦੀ ‘ਨੈਤਿਕ ਜ਼ਿੰਮੇਵਾਰੀ’ ਹੈ।

ਵਰਨਣਯੋਗ ਹੈ ਕਿ ਪਿਛਲੇ ਸਾਲ ਕੋਰੋਨਾ ਦੀ ਸ਼ੁਰੂਆਤ ਦੇ ਬਾਅਦ ਤੋਂ ਹੀ ਭਾਰਤ ਦੁਨੀਆ ਦੀ ਫਾਰਮੇਸੀ ਬਣ ਗਿਆ ਸੀ, ਜਿੱਥੇ ਭਾਰਤ ਨੇ ਹਾਈਡਰੋਕਲੋਰੋਕਵਿਨ ਸਭ ਨੂੰ ਭਿਜਵਾਈ ਉੱਥੇ 2020-21 ਦੇ ਵਿੱਤੀ ਸਾਲ ’ਚ ਪਹਿਲੇ 10 ਮਹੀਨੇ ’ਚ ਪਿਛਲੇ ਸਾਲ ਦੇ ਮੁਕਾਬਲੇ ਦੁੱਗਣੀ ਆਕਸੀਜਨ ਲੋੜਵੰਦ ਦੇਸ਼ਾਂ ਨੂੰ ਬਰਾਮਦ ਕੀਤੀ। ਭਾਰਤ ਜੋ ਪੂਰੇ ਅਫਰੀਕਾ, ਯੂਰਪ ਅਤੇ ਹੋਰਨਾਂ ਸਾਬਕਾ ਏਸ਼ੀਆਈ ਦੇਸ਼ਾਂ ’ਚ ਵੈਕਸੀਨ ਦੀ ਸਪਲਾਈ ਕਰ ਰਿਹਾ ਸੀ, ਅੱਜ ਇਹ ਅਰਸ਼ ਤੋਂ ਫਰਸ਼ ’ਤੇ ਆ ਗਿਆ ਹੈ।

ਇਹ ਇਕ ਸਬਕ ਹੈ ਸਰਕਾਰ ਅਤੇ ਭਾਰਤ ਦੇ ਲੋਕਾਂ ਲਈ ਜਿਸ ਨੂੰ ਸਿੱਖਣ ਦੀ ਲੋੜ ਹੈ। ਮਹਾਮਾਰੀ ਇੰਨੀ ਜਲਦੀ ਕਿਤੇ ਨਹੀਂ ਜਾ ਰਹੀ। ਕਈ ਦੇਸ਼ਾਂ ’ਚ ਇਸ ਦੀ ਤੀਸਰੀ ਲਹਿਰ ਵੀ ਆ ਚੁੱਕੀ ਹੈ। ਅਜਿਹੇ ’ਚ ਸਾਨੂੰ ਅਜਿਹੇ ਪ੍ਰਬੰਧ ਕਰਨੇ ਹੋਣਗੇ ਜਿਨ੍ਹਾਂ ਨਾਲ ਨਿਰਮਾਣ, ਉਤਪਾਦਨ, ਵੰਡ ਦੀਆਂ ਦੇਸ਼ ਭਰ ’ਚ ਵਿਸ਼ੇਸ਼ ਪ੍ਰਣਾਲੀਅਾਂ ਲੋੜੀਂਦੇ ਰੂਪ ’ਚ ਮਜ਼ਬੂਤੀ ਨਾਲ ਸਥਾਪਿਤ ਕੀਤੀਆਂ ਜਾ ਸਕਣ।

Bharat Thapa

This news is Content Editor Bharat Thapa