ਭਾਰਤ ''ਚ ਹੋ ਰਹੇ ਬਲਾਤਕਾਰਾਂ ਦੀਆਂ ਚੀਕਾਂ ਪਹੁੰਚੀਆਂ ਹੁਣ ਵਿਦੇਸ਼ਾਂ ''ਚ

04/20/2018 1:36:52 AM

ਇਨ੍ਹੀਂ ਦਿਨੀਂ ਦੇਸ਼ ਵਿਚ ਔਰਤਾਂ ਅਤੇ ਬੱਚਿਆਂ ਵਿਰੁੱਧ ਅਪਰਾਧਾਂ ਦੀ ਹਨੇਰੀ ਜਿਹੀ ਚੱਲੀ ਹੋਈ ਹੈ, ਜਿਨ੍ਹਾਂ ਦੀਆਂ ਚੀਕਾਂ ਭਾਰਤ ਤਕ ਸੀਮਤ ਨਾ ਰਹਿ ਕੇ ਵਿਦੇਸ਼ਾਂ ਤਕ ਵਿਚ ਸੁਣਾਈ ਦੇ ਰਹੀਆਂ ਹਨ ਅਤੇ ਕਠੂਆ, ਉੱਨਾਵ ਤੇ ਸੂਰਤ ਸਮੇਤ ਦੇਸ਼ ਦੇ ਹੋਰਨਾਂ ਹਿੱਸਿਆਂ 'ਚ ਲਗਾਤਾਰ ਹੋਣ ਵਾਲੀਆਂ ਬਲਾਤਕਾਰ ਦੀਆਂ ਘਟਨਾਵਾਂ ਵਿਰੁੱਧ ਰੋਸ ਪ੍ਰਗਟਾਉਂਦਿਆਂ ਦੋਸ਼ੀਆਂ ਨੂੰ ਤੁਰੰਤ ਤੇ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਜਾ ਰਹੀ ਹੈ। 
ਕਠੂਆ ਕਾਂਡ ਦੀ ਗੂੰਜ ਦੇਸ਼ ਦੀਆਂ ਸਰਹੱਦਾਂ ਦੇ ਪਾਰ ਸੰਯੁਕਤ ਰਾਸ਼ਟਰ ਤਕ ਪਹੁੰਚ ਗਈ ਹੈ ਅਤੇ 14 ਅਪ੍ਰੈਲ ਨੂੰ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ   ਗੁਟੇਰੇਸ ਨੇ 8 ਸਾਲਾ ਬੱਚੀ ਨਾਲ ਸਮੂਹਿਕ ਬਲਾਤਕਾਰ ਅਤੇ ਕਤਲ ਨੂੰ ਭਿਆਨਕ ਘਟਨਾ ਦੱਸਦਿਆਂ ਇਸ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਅਤੇ ਆਸ ਪ੍ਰਗਟਾਈ ਕਿ ਪ੍ਰਸ਼ਾਸਨ ਇਸ ਘਿਨਾਉਣੇ ਅਪਰਾਧ ਦੇ ਦੋਸ਼ੀਆਂ ਨੂੰ ਢੁੱਕਵੀਂ ਸਜ਼ਾ ਦੇਵੇਗਾ।
ਇਸੇ ਤਰ੍ਹਾਂ 15 ਅਪ੍ਰੈਲ ਨੂੰ ਲੰਡਨ ਵਿਚ ਸਥਿਤ 'ਨੈਸ਼ਨਲ ਇੰਡੀਅਨ ਸਟੂਡੈਂਟਸ ਐਂਡ ਐਲੁਮਨੀ ਯੂਨੀਅਨ ਯੂ. ਕੇ.' ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਭਾਰਤ ਵਿਚ ਬਲਾਤਕਾਰ ਦੀਆਂ ਘਟਨਾਵਾਂ 'ਤੇ ਰੋਸ ਪ੍ਰਗਟਾਇਆ।
ਚਿੱਠੀ ਵਿਚ ਕਿਹਾ ਗਿਆ ਹੈ ਕਿ ''ਤੁਸੀਂ ਪਹਿਲਾਂ ਵੀ ਨੋਟਬੰਦੀ ਵਰਗੇ ਕਈ ਕਦਮ ਚੁੱਕ ਕੇ ਹੈਰਾਨ ਕੀਤਾ ਹੈ ਤੇ ਮੌਜੂਦਾ ਘਟਨਾਵਾਂ ਵਿਚ ਵੀ ਤੁਹਾਡੇ ਤੋਂ ਅਜਿਹੇ ਹੀ ਕਦਮ ਚੁੱਕੇ ਜਾਣ ਦੀ ਉਮੀਦ ਹੈ ਤਾਂ ਕਿ ਬੇਟੀਆਂ ਨੂੰ ਇਨਸਾਫ ਮਿਲ ਸਕੇ।''
ਇਸੇ ਤਰ੍ਹਾਂ ਕਠੂਆ, ਉੱਨਾਵ ਅਤੇ ਸੂਰਤ ਵਿਚ ਬੱਚੀਆਂ ਨਾਲ ਹੋਏ ਬਲਾਤਕਾਰ ਦੀਆਂ ਘਟਨਾਵਾਂ ਵਿਰੁੱਧ 16 ਅਪ੍ਰੈਲ ਨੂੰ ਨਿਊਯਾਰਕ ਵਿਚ 'ਯੂਨਾਈਟਿਡ ਫਾਰ ਜਸਟਿਸ ਰੈਲੀ ਅਗੇਂਸਟ ਦਿ ਰੇਪ ਇਨ ਇੰਡੀਆ' ਸਿਰਲੇਖ ਨਾਲ ਇਨਸਾਫ ਰੈਲੀ ਕੱਢੀ ਗਈ, ਜਿਸ ਦਾ ਆਯੋਜਨ ਪ੍ਰਗਤੀਸ਼ੀਲ ਹਿੰਦੂਆਂ ਦੇ ਸੰਗਠਨ 'ਸਾਧਨਾ' ਨੇ ਸ਼ਹਿਰੀ ਹੱਕਾਂ ਦੀ ਵਕਾਲਤ ਕਰਨ ਵਾਲੇ ਹੋਰ 20 ਸਮੂਹਾਂ ਨਾਲ ਮਿਲ ਕੇ ਕੀਤਾ। 
17 ਅਪ੍ਰੈਲ ਨੂੰ ਸਵੀਡਨ 'ਚ ਸਟਾਕਹੋਮ ਯੂਨੀਵਰਸਿਟੀ ਦੇ ਬਾਹਰ ਵੱਡੀ ਗਿਣਤੀ ਵਿਚ ਕਤਾਰਬੱਧ ਖੜ੍ਹੇ ਹੋ ਕੇ ਭਾਰਤੀ ਤੇ ਸਥਾਨਕ ਵਿਦਿਆਰਥੀਆਂ ਦੇ ਇਕ ਸਮੂਹ ਨੇ ਮੁਜ਼ਾਹਰਾ ਕੀਤਾ, ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਸੰਬੋਧਨ ਕੀਤਾ ਸੀ। ਵਿਦਿਆਰਥੀਆਂ ਨੇ ਹੱਥਾਂ ਵਿਚ ਬੈਨਰ ਫੜੇ ਹੋਏ ਸਨ, ਜਿਨ੍ਹਾਂ ਵਿਚ ਬਲਾਤਕਾਰੀਆਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਗਈ ਸੀ। 
ਜਿੱਥੇ ਭਾਰਤ ਵਿਚ ਬਲਾਤਕਾਰ ਦੀਆਂ ਵਧਦੀਆਂ ਘਟਨਾਵਾਂ ਦੇ ਵਿਰੋਧ ਵਿਚ ਵਿਦੇਸ਼ਾਂ ਵਿਚ ਆਵਾਜ਼ ਉੱਠ ਰਹੀ ਹੈ, ਉਥੇ ਹੀ ਇਨ੍ਹਾਂ ਵਿਰੁੱਧ ਦੇਸ਼ ਵਿਚ ਵੀ ਧਰਨੇ ਤੇ ਮੁਜ਼ਾਹਰੇ ਜਾਰੀ ਹਨ। ਇਸੇ ਸਿਲਸਿਲੇ ਵਿਚ 15 ਅਪ੍ਰੈਲ ਨੂੰ ਦਿੱਲੀ ਵਿਚ ਸਿਵਲ ਸੋਸਾਇਟੀ ਦੇ ਮੈਂਬਰਾਂ ਵਲੋਂ ਸੰਸਦ ਮਾਰਗ 'ਤੇ 'ਨਾਟ ਇਨ ਮਾਈ ਨੇਮ' ਨਾਮੀ ਮਾਰਚ ਕੱਢ ਕੇ ਪੀੜਤਾਂ ਨੂੰ ਇਨਸਾਫ ਅਤੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਗਈ।
ਉੱਤਰੀ ਗੁਜਰਾਤ ਦੇ ਮੌਂਡੇਸਾ ਸ਼ਹਿਰ ਵਿਚ 15 ਅਪ੍ਰੈਲ ਨੂੰ ਲੋਕਾਂ ਨੇ 2 ਕਿਲੋਮੀਟਰ ਲੰਮੀ ਮਨੁੱਖੀ ਲੜੀ ਬਣਾ ਕੇ ਰੋਸ ਪ੍ਰਗਟਾਇਆ। 
ਮੁੰਬਈ ਦੇ ਕੈਥੋਲਿਕ ਚਰਚ ਨੇ ਵੀ ਇਸ ਦੀ ਆਲੋਚਨਾ ਕੀਤੀ ਅਤੇ ਠਾਣੇ ਵਿਚ ਚਰਚ ਵਲੋਂ ਇਨ੍ਹਾਂ ਘਟਨਾਵਾਂ ਵਿਰੁੱਧ 18 ਅਪ੍ਰੈਲ ਨੂੰ ਰੈਲੀ ਕੱਢੀ ਗਈ।
ਔਰਤਾਂ 'ਤੇ ਅੱਤਿਆਚਾਰਾਂ ਵਿਰੁੱਧ ਦਿੱਲੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਸਵਾਤੀ ਮਾਲੀਵਾਲ ਨੇ ਮਰਨ ਵਰਤ ਰੱਖਿਆ ਹੋਇਆ ਹੈ।
ਇਹੋ ਨਹੀਂ, 49 ਸਾਬਕਾ ਅਫਸਰਾਂ, ਜਿਨ੍ਹਾਂ ਵਿਚ ਪੰਜਾਬ ਪੁਲਸ ਦੇ ਸਾਬਕਾ ਮਹਾਨਿਰਦੇਸ਼ਕ ਜੂਲੀਓ ਰਿਬੈਰੋ, ਪ੍ਰਸਾਰ ਭਾਰਤੀ ਦੇ ਸਾਬਕਾ ਸੀ. ਈ. ਓ. ਜਵਾਹਰ ਸਰਕਾਰ  ਤੇ ਸਾਬਕਾ ਸੂਚਨਾ ਕਮਿਸ਼ਨਰ ਵਜਾਹਤ ਹਬੀਬੁੱਲਾ ਸ਼ਾਮਿਲ ਹਨ, ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਇਹ ਆਜ਼ਾਦ ਭਾਰਤ ਦਾ ਸਭ ਤੋਂ ਹਨੇਰ ਭਰਿਆ ਸਮਾਂ ਹੈ, ਇਸ ਲਈ ਦੇਸ਼ ਨੂੰ ਹਫੜਾ-ਦਫੜੀ ਦੀ ਦਲਦਲ ਵਿਚ ਡੁੱਬਣ ਤੋਂ ਬਚਾਉਣ ਲਈ ਕਠੂਆ ਤੇ ਉੱਨਾਵ ਵਰਗੇ ਕਾਂਡਾਂ ਦੇ ਦੋਸ਼ੀਆਂ ਵਿਰੁੱਧ ਫੌਰਨ ਤੇ ਸਖ਼ਤ ਕਾਰਵਾਈ ਕੀਤੀ ਜਾਵੇ। 
ਸਾਰੇ ਮਾਮਲੇ ਲਈ ਨਰਿੰਦਰ ਮੋਦੀ ਨੂੰ ਸਭ ਤੋਂ ਵੱਧ ਜ਼ਿੰਮੇਵਾਰ ਠਹਿਰਾਉਂਦਿਆਂ ਚਿੱਠੀ ਵਿਚ ਲਿਖਿਆ ਹੈ ਕਿ ''ਗਲਤੀਆਂ ਮੰਨਣ ਅਤੇ ਪਛਤਾਵਾ ਕਰਨ ਦੀ ਬਜਾਏ ਉਹ ਚੁੱਪ ਰਹੇ ਅਤੇ ਉਨ੍ਹਾਂ ਨੇ ਚੁੱਪ ਉਦੋਂ ਤੋੜੀ, ਜਦੋਂ ਕੌਮੀ-ਕੌਮਾਂਤਰੀ ਪੱਧਰ 'ਤੇ ਲੋਕ-ਰੋਹ ਉਸ ਪੱਧਰ ਤਕ ਪਹੁੰਚ ਗਿਆ, ਜਿਸ ਦੀ ਉਹ ਹੋਰ ਅਣਦੇਖੀ ਨਹੀਂ ਕਰ ਸਕਦੇ ਸਨ।''
ਉਕਤ ਘਟਨਾਵਾਂ ਨੂੰ ਦੇਖਦਿਆਂ ਆਖਿਰ ਰਾਸ਼ਟਰਪਤੀ ਸ਼੍ਰੀ ਰਾਮਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਆਪਣੀ ਚੁੱਪ ਤੋੜਨ ਲਈ ਮਜਬੂਰ ਹੋਏ ਤੇ ਉਨ੍ਹਾਂ ਨੇ ਇਨ੍ਹਾਂ ਘਟਨਾਵਾਂ ਨੂੰ ਸ਼ਰਮਨਾਕ ਕਰਾਰ ਦਿੱਤਾ ਹੈ। 
ਜਿਸ ਤਰ੍ਹਾਂ ਇਸ ਸਮੇਂ ਦੇਸ਼ 'ਚ ਬਲਾਤਕਾਰ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਅਤੇ ਦੇਸ਼-ਵਿਦੇਸ਼ ਵਿਚ ਇਨ੍ਹਾਂ ਦੀ ਚਰਚਾ ਤੇ ਭਾਰਤ ਦੀ ਬਦਨਾਮੀ ਹੋ ਰਹੀ ਹੈ, ਇਸ ਤੋਂ ਪਹਿਲਾਂ ਕਦੇ ਵੀ ਅਜਿਹਾ ਨਹੀਂ ਹੋਇਆ ਸੀ। 
ਇਹ ਮੂੰਹ ਬੋਲਦਾ ਸਬੂਤ ਹੈ ਕਿ ਅੱਜ ਅਪਰਾਧੀ ਅਨਸਰ ਕਿਸ ਤਰ੍ਹਾਂ ਬੇਲਗਾਮ ਹੋ ਚੁੱਕੇ ਹਨ, ਇਸ ਲਈ ਉਨ੍ਹਾਂ 'ਤੇ ਲਗਾਮ ਕੱਸਣ ਲਈ ਪ੍ਰਸ਼ਾਸਨ ਨੂੰ ਵੀ ਛੇਤੀ ਤੋਂ ਛੇਤੀ ਓਨਾ ਹੀ ਸਖ਼ਤ ਹੋਣ ਦੀ ਲੋੜ ਹੈ।                                   
—ਵਿਜੇ ਕੁਮਾਰ

Vijay Kumar Chopra

This news is Chief Editor Vijay Kumar Chopra