ਪਾਕਿਸਤਾਨੀ ਡ੍ਰੋਨਾਂ ਰਾਹੀਂ ਨਸ਼ੀਲੇ ਪਦਾਰਥ, ਹਥਿਆਰ, ਗੋਲਾ-ਬਾਰੂਦ ਤੇ ਕਰੰਸੀ ਆਉਣ ਦਾ ਵਧ ਰਿਹਾ ਖਤਰਾ

12/02/2022 1:30:20 AM

ਇਸ ਸਾਲ ਦੇਸ਼ ’ਚ ਸਰਹੱਦ ਪਾਰ ਤੋਂ ਪਾਕਿਸਤਾਨੀ ਡ੍ਰੋਨਾਂ ਦੀ ਘੁਸਪੈਠ ਅਤੇ ਇਨ੍ਹਾਂ ਰਾਹੀਂ ਨਸ਼ੀਲੇ ਪਦਾਰਥਾਂ, ਗੋਲਾ-ਬਾਰੂਦ, ਹਥਿਆਰ ਅਤੇ ਭਾਰਤੀ ਕਰੰਸੀ  ਭੇਜੇ  ਜਾਣ ਦੇ ਮਾਮਲੇ ਦੋਗੁਣਾ ਵਧ ਗਏ ਹਨ। ਪੰਜਾਬ ਵਿਚ ਇਸ ਸਾਲ 215 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਬੀ. ਐੱਸ. ਐੱਫ. ਨੇ ਇਕ ਸਾਲ ਵਿਚ ਦੇਸ਼ ਵਿਚ 16 ਡ੍ਰੋਨ  ਡੇਗੇ ਜਦਕਿ ਨਵੰਬਰ ਮਹੀਨੇ ’ਚ ਹੀ ਪੰਜਾਬ ਸਰਹੱਦ ’ਤੇ 6 ਡ੍ਰੋਨ  ਫਾਇਰਿੰਗ ਕਰ ਕੇ ਡੇਗੇ ਗਏ। ਆਈ. ਐੱਸ. ਆਈ. ਅਤੇ ਪਾਕਿਸਤਾਨ ਰੇਂਜਰਜ਼ ਦੀ ਸਹਾਇਤਾ ਨਾਲ ਸਰਗਰਮੀਆਂ ਚਲਾ ਰਹੇ ਪਾਕਿਸਤਾਨੀ ਸਮੱਗਲਰਾਂ ਨੇ  ਜ਼ਿਆਦਾਤਰ ਚੀਨ ’ਚ ਬਣੇ ਡ੍ਰੋਨਾਂ ਦੀ ਵਰਤੋਂ ਸ਼ੁਰੂ ਕਰ ਦਿੱਤੀ ਹੈ।

ਬੀ. ਐੱਸ. ਐੱਫ. ਮਹਾਨਿਰਦੇਸ਼ਕ ਪੰਕਜ ਕੁਮਾਰ ਸਿੰਘ ਦੇ ਅਨੁਸਾਰ, ‘‘ਚੀਨ ’ਚ ਬਣੇ ਡ੍ਰੋਨ ਪਾਕਿਸਤਾਨ ਨਾਲ ਲੱਗਦੀ ਸਰਹੱਦ ’ਤੇ ਸੁਰੱਖਿਆ ਬਲਾਂ ਲਈ ਵੱਡੀ ਚੁਣੌਤੀ ਹਨ। ਨਾਪਾਕ ਮਨਸੂਬਿਆਂ ਵਾਲੇ ਲੋਕਾਂ ਵੱਲੋਂ ਨਵੇਂ-ਨਵੇਂ ਢੰਗਾਂ ਨਾਲ ਵੱਖ-ਵੱਖ ਤਰ੍ਹਾਂ ਦੇ ਡ੍ਰੋਨਾਂ ਦੀ ਵਰਤੋਂ ਸਾਡੇ ਲਈ ਸਮੱਸਿਆਵਾਂ ਖੜ੍ਹੀਆਂ ਕਰ ਰਹੀ ਹੈ ਕਿਉਂਕਿ ਇਨ੍ਹਾਂ ਬਾਰੇ ਘੱਟ ਜਾਣਕਾਰੀ ਮੁਹੱਈਆ ਹੈ ਅਤੇ ਇਹ ਤੇਜ਼ੀ ਨਾਲ ਉਡਾਣ ਭਰ ਕੇ ਸਰਹੱਦ ਪਾਰ ਕਰ ਜਾਂਦੇ ਹਨ।’’ ‘‘ਸਾਡੇ ਕੋਲ ਅਜੇ ਤੱਕ ਇਸ ਦਾ ਪੱਕਾ ਹੱਲ ਨਹੀਂ ਹੈ ਪਰ ਇਸ ਨੂੰ ਵਿਕਸਿਤ ਕਰਨ ਲਈ ਤੇਜ਼ੀ ਨਾਲ ਕੰਮ ਹੋ ਰਿਹਾ ਹੈ ਅਤੇ ਆਉਣ ਵਾਲੇ ਸਾਲਾਂ ’ਚ ਅਸੀਂ ਇਸ ਨਾਲ ਪੂਰੀ ਤਰ੍ਹਾਂ ਨਜਿੱਠਣ ’ਚ ਸਮਰੱਥ ਹੋ ਜਾਵਾਂਗੇ।’’

ਹਾਲਾਂਕਿ  ਪਾਕਿਸਤਾਨ ਵੱਲੋਂ ਡ੍ਰੋਨਾਂ ਦੀ ਲਗਾਤਾਰ ਘੁਸਪੈਠ ਦੇ ਕਾਰਨ ਬੀ. ਐੱਸ. ਐੱਫ. ਨੇ ਕੌਮਾਂਤਰੀ ਸਰਹੱਦ ’ਤੇ ਐਂਟੀ ਡ੍ਰੋਨ ਟੈਕਨਾਲੋਜੀ  ਵੀ ਸਥਾਪਿਤ ਕੀਤੀ ਹੈ ਜਿਸ ਦੇ ਨਤੀਜੇ ਹੁਣ ਸਾਹਮਣੇ ਆਉਣ ਲੱਗੇ ਹਨ। ਭਾਰਤੀ ਫੌਜ ਨੇ ਪਾਕਿਸਤਾਨੀ ਡ੍ਰੋਨਾਂ ਨਾਲ ਨਜਿੱਠਣ ਦੇ ਲਈ ਪਹਿਲੀ ਵਾਰ ਇੱਲਾਂ ਅਤੇ ਕੁੱਤਿਆਂ ਨੂੰ ਵੀ ਟ੍ਰੇਂਡ ਕੀਤਾ ਹੈ, ਜੋ ਫੌਜ ਦੀ ਇਕ ਮਹੱਤਵਪੂਰਨ ਟੁਕੜੀ ਦੇ ਰੂਪ ਵਿਚ ਕੰਮ ਕਰਨਗੇ। ਬੇਸ਼ੱਕ ਸੁਰੱਖਿਆ ਬਲਾਂ ਦੇ ਜਵਾਨ ਪਾਕਿਸਤਾਨੀ ਡ੍ਰੋਨਾਂ ਦੇ ਖਤਰੇ ਨਾਲ ਨਜਿੱਠਣ ਲਈ ਯਤਨਸ਼ੀਲ ਹਨ ਪਰ ਇਸ ਕੰਮ ’ਚ ਹੋਰ ਤੇਜ਼ੀ ਲਿਆਉਣ ਅਤੇ ਐਂਟੀ ਡ੍ਰੋਨ ਤਕਨੀਕ ਵਿਕਸਿਤ ਕਰਨ ਦੀ ਲੋੜ ਹੈ ਕਿਉਂਕਿ ਰੂਸ-ਯੂਕ੍ਰੇਨ ਦੇ ਵਾਂਗ ਭਵਿੱਖ ਦੀਆਂ ਜੰਗਾਂ ਡ੍ਰੋਨਾਂ ਤੇ ਮਿਜ਼ਾਈਲਾਂ ਦੁਆਰਾ ਹੀ  ਲੜੀਆਂ  ਜਾਣ ਵਾਲੀਆਂ ਹਨ।

-ਵਿਜੇ ਕੁਮਾਰ

Anmol Tagra

This news is Content Editor Anmol Tagra