ਵਧਣਾ ਦਿੱਲੀ ਮੈਟਰੋ ''ਚ ਔਰਤਾਂ ਨਾਲ ਛੇੜਛਾੜ ਦੀਆਂ ਘਟਨਾਵਾਂ ਦਾ

07/28/2019 5:01:09 AM

ਰਾਜਧਾਨੀ ਦਿੱਲੀ 'ਚ ਮੈਟਰੋ ਰੇਲ ਸੇਵਾ 24 ਦਸੰਬਰ, 2002 ਨੂੰ 30 ਹਜ਼ਾਰੀ ਲਾਈਨ ਤੋਂ ਸ਼ੁਰੂ ਕੀਤੀ ਗਈ ਸੀ, ਜਿਸ 'ਚ ਰੋਜ਼ਾਨਾ ਔਸਤਨ 25 ਲੱਖ ਲੋਕ ਯਾਤਰਾ ਕਰਦੇ ਹਨ। ਇਸ ਆਵਾਜਾਈ ਵਿਵਸਥਾ ਦੀ ਸਫਲਤਾ ਤੋਂ ਪ੍ਰਭਾਵਿਤ ਹੋ ਕੇ ਭਾਰਤ ਦੇ ਕੁਝ ਹੋਰ ਸੂਬਿਆਂ 'ਚ ਵੀ ਮੈਟਰੋ ਰੇਲ ਸੇਵਾ ਸ਼ੁਰੂ ਕਰਨ ਦੀਆਂ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ।
ਸਸਤੀ ਹੋਣ ਦੇ ਕਾਰਣ ਮੈਟਰੋ ਰੇਲ ਸੇਵਾ ਕਾਫੀ ਲੋਕਪ੍ਰਿਯ ਹੋਣ ਦੇ ਨਾਲ-ਨਾਲ ਲੋਕਾਂ ਦਾ ਆਉਣਾ-ਜਾਣਾ ਕਾਫੀ ਸਹੂਲਤਮਈ ਹੋ ਗਿਆ ਹੈ ਅਤੇ ਇਸ ਕਾਰਣ ਇਸ ਵਿਚ ਭੀੜ ਵੀ ਵਧਦੀ ਜਾ ਰਹੀ ਹੈ।
ਇਹ ਦਿਲਚਸਪ ਗੱਲ ਹੈ ਕਿ ਦਿੱਲੀ ਮੈਟਰੋ 'ਚ ਜੇਬ ਕੱਟਣ ਦੀਆਂ ਘਟਨਾਵਾਂ ਵਿਚ ਪਿਛਲੇ 4 ਸਾਲਾਂ ਦੌਰਾਨ 3 ਗੁਣਾ ਤਕ ਦੀ ਕਮੀ ਦਰਜ ਕੀਤੀ ਗਈ ਹੈ ਅਤੇ ਪੁਲਸ ਨੂੰ ਮੈਟਰੋ 'ਚ ਜੇਬ ਕੱਟਣ 'ਚ ਸ਼ਾਮਿਲ ਔਰਤ ਗਿਰੋਹਾਂ ਦੀ ਸਰਗਰਮੀ 'ਤੇ ਵੀ ਨਕੇਲ ਕੱਸਣ 'ਚ ਕਾਮਯਾਬੀ ਮਿਲੀ ਹੈ ਪਰ ਇਸ ਵਿਚ ਔਰਤਾਂ ਨਾਲ ਛੇੜਛਾੜ ਦੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ।
ਸੈਂਟਰਲ ਇੰਟੈਲੀਜੈਂਸ ਸਕਿਓਰਿਟੀ ਫੋਰਸ (ਸੀ. ਆਈ. ਐੱਸ. ਐੱਫ.) ਜਿਸ 'ਤੇ ਮੈਟਰੋ ਰੇਲ ਦੀ ਸੁਰੱਖਿਆ ਦਾ ਜ਼ਿੰਮਾ ਹੈ, ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਦਿੱਲੀ ਮੈਟਰੋ ਵਿਚ 2016 ਤੋਂ ਬਾਅਦ ਲੱਗਭਗ 43 ਫੀਸਦੀ ਦਾ ਵਾਧਾ ਹੋ ਗਿਆ ਹੈ।
ਸੀ. ਆਈ. ਐੱਸ. ਐੱਫ. ਅਨੁਸਾਰ ਇਸ ਸਾਲ ਦੇ ਪਹਿਲੇ 6 ਮਹੀਨਿਆਂ ਦੌਰਾਨ ਉਨ੍ਹਾਂ ਨੂੰ ਮਹਿਲਾ ਯਾਤਰੀਆਂ ਵਲੋਂ ਛੇੜਛਾੜ ਦੇ ਮਾਮਲਿਆਂ ਵਿਚ ਸਹਾਇਤਾ ਲਈ 110 ਬੇਨਤੀਆਂ ਪ੍ਰਾਪਤ ਹੋਈਆਂ, ਜੋ ਸਾਲ 2016 ਦੇ ਪੂਰੇ ਸਾਲ 'ਚ ਪ੍ਰਾਪਤ 77, ਸਾਲ 2017 'ਚ ਪ੍ਰਾਪਤ 87 ਅਤੇ 2018 'ਚ ਪ੍ਰਾਪਤ ਹੋਣ ਵਾਲੀਆਂ 86 ਸ਼ਿਕਾਇਤਾਂ ਤੋਂ ਕਿਤੇ ਵੱਧ ਹਨ।
ਜ਼ਿਆਦਾਤਰ ਛੇੜਛਾੜ ਦੀਆਂ ਸ਼ਿਕਾਇਤਾਂ ਭੀੜ ਵਾਲੇ ਸਮੇਂ ਸਵੇਰੇ 8 ਤੋਂ 11 ਵਜੇ ਅਤੇ ਸ਼ਾਮ 5 ਤੋਂ 8 ਵਜੇ ਦੇ ਵਿਚਾਲੇ ਦੀਆਂ ਹਨ ਅਤੇ ਜ਼ਿਆਦਾਤਰ ਜਨਰਲ ਡੱਬਿਆਂ 'ਚੋਂ ਪ੍ਰਾਪਤ ਹੋਈਆਂ ਹਨ, ਜੋ ਇਨ੍ਹਾਂ 'ਚ ਸਵਾਰ ਹੋਣ ਜਾਂ ਉਤਰਨ ਦੇ ਸਮੇਂ ਮਹਿਲਾ ਯਾਤਰੀਆਂ ਨੂੰ ਗਲਤ ਢੰਗ ਨਾਲ ਛੂਹਣ, ਧੱਕਾ ਮਾਰਨ ਜਾਂ ਗਾਲੀ-ਗਲੋਚ ਕਰਨ ਆਦਿ ਨਾਲ ਸਬੰਧਤ ਸਨ।
ਸੀ. ਆਈ. ਐੱਸ. ਐੱਫ. ਦੇ ਅਧਿਕਾਰੀਆਂ ਅਨੁਸਾਰ ਸ਼ਾਇਦ ਮੈਟਰੋ 'ਚ ਭੀੜ ਦਾ ਵਾਧਾ ਇਸ ਦਾ ਕਾਰਣ ਹੋਵੇ, ਲਿਹਾਜ਼ਾ ਇਨ੍ਹਾਂ 'ਤੇ ਰੋਕ ਲਾਉਣ ਲਈ ਮੈਟਰੋ ਦੇ ਡੱਬਿਆਂ 'ਚ ਵਾਧਾ ਅਤੇ ਸੁਰੱਖਿਆ ਵਿਵਸਥਾ ਨੂੰ ਹੋਰ ਬਿਹਤਰ ਬਣਾਉਣ ਦੀ ਲੋੜ ਹੈ।

                                                                                                     —ਵਿਜੇ ਕੁਮਾਰ

KamalJeet Singh

This news is Content Editor KamalJeet Singh