ਸੁਨੋ ਦ੍ਰੌਪਦੀ ਸ਼ਸਤਰ ਉਠਾ ਲੋ, ਅਬ ਗੋਵਿੰਦ ਨਾ ਆਏਂਗੇ, ਛੋੜੋ ਮੇਹੰਦੀ ਖੜਗ ਸੰਭਾਲੋ, ਖੁਦ ਹੀ ਅਪਨਾ ਚੀਰ ਬਚਾ ਲੋ

07/31/2023 3:21:20 AM

ਸੁਨੋ ਦ੍ਰੌਪਦੀ ਸ਼ਸਤਰ ਉਠਾ ਲੋ, ਅਬ ਗੋਵਿੰਦ ਨਾ ਆਏਂਗੇ

ਛੋੜੋ ਮੇਹੰਦੀ ਖੜਗ ਸੰਭਾਲੋ, ਖੁਦ ਹੀ ਅਪਨਾ ਚੀਰ ਬਚਾ ਲੋ,

 

ਦਯੂਤ ਬਿਛਾਏ ਬੈਠੇ ਸ਼ਕੁਨੀ, ਮਸਤਕ ਸਬ ਬਿਕ ਜਾਏਂਗੇ,

ਸੁਨੋ ਦ੍ਰੌਪਦੀ ਸ਼ਸਤਰ ਉਠਾ ਲੋ, ਅਬ ਗੋਵਿੰਦ ਨਾ ਆਏਂਗੇ।

ਇਹ ਪੁਕਾਰ ਹਿੰਸਕ ਹੋਣ ਦੀ ਨਹੀਂ ਸਗੋਂ ਨਿਆਂ ਲਈ ਖੜ੍ਹੇ ਹੋਣ ਦੀ ਹੈ। ਉਕਤ ਸਤਰਾਂ ਲਿਖਦੇ ਸਮੇਂ ਕਵੀ ਪੁਸ਼ਯਮਿੱਤਰ ਉਪਾਧਿਆਏ ਨੇ ਸ਼ਾਇਦ ਭਵਿੱਖ ’ਚ ਹੋਣ ਵਾਲੀਆਂ ਘਟਨਾਵਾਂ ਨੂੰ ਭਾਂਪ ਲਿਆ ਸੀ ਕਿ ਦੁਆਪਰ ਯੁੱਗ ’ਚ ਤਾਂ ਦ੍ਰੌਪਦੀ ਦੀ ਲਾਜ ਬਚਾਉਣ ਲਈ ਸੱਚ, ਨਿਆਂ ਅਤੇ ਕਮਜ਼ੋਰ ਦੀ ਤਾਕਤ ਕਹਾਉਣ ਵਾਲੇ ਗੋਵਿੰਦ (ਸ਼੍ਰੀ ਕ੍ਰਿਸ਼ਨ) ਆ ਗਏ ਪਰ ਗੋਵਿੰਦ ਵਰਗੇ ਗੁਣ ਅੱਜ ਕਿਸ ’ਚ ਵੇਖਣ ਨੂੰ ਮਿਲਦੇ ਹਨ।

28 ਜੁਲਾਈ ਨੂੰ ਹੀ ਨਵੀਂ ਦਿੱਲੀ ’ਚ ਵਿਆਹ ਟੁੱਟਣ ਅਤੇ ਫਿਰ ਦੋਸਤੀ ਤੋਂ ਇਨਕਾਰ ਕਰਨ ’ਤੇ ਗੁੱਸੇ ’ਚ ਆਏ ਹੋਏ ਇਰਫਾਨ ਨਾਮੀ ਨੌਜਵਾਨ ਨੇ ਨਰਗਿਸ ਨਾਮੀ ਮੁਟਿਆਰ ਦੀ ਸਿਰ ’ਤੇ ਲੋਹੇ ਦੀ ਰਾਡ ਮਾਰ ਕੇ ਦਿਨ-ਦਿਹਾੜੇ ਹੱਤਿਆ ਕਰ ਦਿੱਤੀ। ਇਰਫਾਨ ਕਈ ਦਿਨਾਂ ਤੋਂ ਨਰਗਿਸ ਨੂੰ ਮਿਲਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਨਰਗਿਸ ਨਹੀਂ ਮਿਲਦੀ ਸੀ। ਘਟਨਾ ਵਾਲੇ ਦਿਨ ਜਦੋਂ ਉਹ ਇਕ ਪਾਰਕ ’ਚ ਬੈਠੀ ਸੀ, ਤਦ ਉਸ ਦੀ ਇਰਫਾਨ ਨੇ ਹੱਤਿਆ ਕਰ ਦਿੱਤੀ।

ਉੱਥੇ 29 ਜੁਲਾਈ ਨੂੰ ਚੇਨਈ ਪੁਲਸ ਨੇ ਆਦਤਨ ਅਪਰਾਧੀ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੇ ਸੜਕਾਂ ’ਤੇ 100 ਤੋਂ ਵੱਧ ਔਰਤਾਂ ਨੂੰ ਛੇੜਿਆ ਸੀ।

ਇਸ ਤੋਂ ਪਹਿਲਾਂ 20 ਜੂਨ ਨੂੰ ਦਿੱਲੀ ’ਚ 10 ਸਾਲ ਦੀ ਇਕ ਬੱਚੀ ਨਾਲ, 30 ਅਪ੍ਰੈਲ ਨੂੰ ਕਲਿਆਣਪੁਰੀ ’ਚ ਘਰ ਦੇ ਬਾਹਰ ਗਲੀ ’ਚ ਖੇਡ ਰਹੀ ਨਾਬਾਲਿਗ ਨਾਲ ਅਤੇ 4 ਫਰਵਰੀ ਨੂੰ 3 ਸਾਲ ਦੀ ਬੱਚੀ ਨਾਲ ਗੈਂਗਰੇਪ ਦੀਆਂ ਘਟਨਾਵਾਂ ਹੋਈਆਂ।

ਇਹ ਤਾਂ ਕੁਝ ਉਦਾਹਰਣਾਂ ਹੀ ਹਨ, ਇਸ ਤੋਂ ਇਲਾਵਾ ਵੀ ਪਤਾ ਨਹੀਂ ਕਿੰਨੀਆਂ ਮਾਸੂਮਾਂ ਰਾਜਧਾਨੀ ਅਤੇ ਦੇਸ਼ ਦੇ ਹੋਰਨਾਂ ਹਿੱਸਿਆਂ ’ਚ ਦਰਿੰਦਗੀ ਦਾ ਰੋਜ਼ਾਨਾ ਸ਼ਿਕਾਰ ਹੋ ਰਹੀਆਂ ਹਨ ਅਤੇ ਜਿੱਥੋਂ ਤੱਕ ਮਣੀਪੁਰ ਦਾ ਸਵਾਲ ਹੈ ਤਾਂ ਇਹ ਘਿਨੌਣਾ ਅਧਿਆਏ ਅਜੇ ਵੀ ਜਾਰੀ ਹੈ।

ਜੇ ਅਸੀਂ ਪਿੱਛੇ ਮੁੜ ਕੇ ਵੇਖੀਏ ਤਾਂ 16 ਦਸੰਬਰ, 2012 ਨੂੰ ਦਿੱਲੀ ’ਚ ‘ਨਿਰਭਯ’ ਨੂੰ ਇਨਸਾਫ ਦਿਵਾਉਣ ਲਈ ਪੂਰੇ ਦੇਸ਼ ਦੇ ਲੋਕ ਉੱਠ ਖੜ੍ਹੇ ਹੋਏ ਸਨ। ਕਈ ਦਿਨ ਤਕ ਰਾਜਧਾਨੀ ਦਿੱਲੀ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਪ੍ਰਦਰਸ਼ਨ ਹੁੰਦੇ ਰਹੇ। ਲੋਕਾਂ ਨੇ ਰਾਸ਼ਟਰਪਤੀ ਭਵਨ ਦੇ ਬਾਹਰ ਵੀ ਪ੍ਰਦਰਸ਼ਨ ਕੀਤਾ ਅਤੇ ਉਸ ਵੇਲੇ ਦੇ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਨੂੰ ਵੀ ਘੇਰ ਲਿਆ ਸੀ। ਸਭ ਲੋਕਾਂ ਦੀ ਜ਼ੁਬਾਨ ਅਤੇ ਟੀ. ਵੀ. ਚੈਨਲਾਂ ’ਤੇ ਉਸੇ ਇਕ ਕੇਸ ਦੀ ਚਰਚਾ ਸੀ।

3 ਮਹੀਨਿਆਂ ਅੰਦਰ ਨਵਾਂ ਕਾਨੂੰਨ ਵੀ ਬਣਾ ਦਿੱਤਾ ਗਿਆ ਤਾਂ ਉਮੀਦ ਬੱਝੀ ਸੀ ਕਿ ਇਸ ਨਾਲ ਔਰਤਾਂ ਵਿਰੁੱਧ ਅਪਰਾਧ ਘਟਣਗੇ ਪਰ ਅਜਿਹਾ ਨਹੀਂ ਹੋਇਆ ਪਰ ਹੁਣ ਇਕ ਚੀਜ਼ ਬਦਲ ਗਈ ਹੈ।

ਹੁਣ ਨਾ ਤਾਂ ਕਦੀ ਉਸ ਤਰ੍ਹਾਂ ਦਾ ਕੋਈ ਪ੍ਰਦਰਸ਼ਨ ਕਿਸੇ ਘਟਨਾ ਵਿਰੁੱਧ ਹੋਇਆ ਅਤੇ ਨਾ ਹੀ ਕਿਸੇ ਨੇ ਮਣੀਪੁਰ, ਬੰਗਾਲ, ਰਾਜਸਥਾਨ ਅਤੇ ਹੋਰਨਾਂ ਥਾਵਾਂ ’ਤੇ ਔਰਤਾਂ ਵਿਰੁੱਧ ਹੋਏ ਭਿਆਨਕ ਅੱਤਿਆਚਾਰਾਂ ਵਿਰੁੱਧ ਓਨੇ ਤਿੱਖਪਨ ਨਾਲ ਆਵਾਜ਼ ਉਠਾਈ ਜਿਸ ਦੇ ਸਿੱਟੇ ਵਜੋਂ ਔਰਤਾਂ ਵਿਰੁੱਧ ਦਰਿੰਦਗੀ ਲਗਾਤਾਰ ਜਾਰੀ ਹੈ।

ਦੇਸ਼ ਦੇ ਲੋਕ ਹੁਣ ਦੂਜੀਆਂ ਗੱਲਾਂ ’ਚ ਵੀ ਉਲਝ ਕੇ ਰਹਿ ਗਏ ਹਨ। ਅਜਿਹੇ ਹਾਲਾਤ ’ਚ ਸ਼ਾਇਦ ਸਾਡੀ ਸੋਚ ਇਹ ਬਣ ਗਈ ਹੈ ਕਿ ਅਜਿਹਾ ਦੂਜੀਆਂ ਥਾਵਾਂ ’ਤੇ ਵੀ ਹੋ ਰਿਹਾ ਹੈ, ਇਸ ਲਈ ਹੋਣ ਦਿਓ ਅਤੇ ਕੁਝ ਨਹੀਂ ਹੋਇਆ ਸਮਝ ਕੇ ਭੁੱਲ ਜਾਓ। ਤਾਂ ਕੀ ਅਸੀਂ ਗਣਿਤ ਦਾ ਕੋਈ ਸਵਾਲ ਹੱਲ ਕਰ ਰਹੇ ਹਾਂ ਜਿਸ ’ਚ 2 ਨੈਗੇਟਿਵ ਮਿਲ ਕੇ ਇਕ ਪਾਜ਼ੇਟਿਵ ਬਣ ਜਾਂਦਾ ਹੈ?

ਕੀ ਅਸੀਂ ਜਬਰ-ਜ਼ਨਾਹ ਵਰਗੇ ਮਾਮਲੇ ’ਤੇ ਵੀ ਇਹੀ ਫਾਰਮੂਲਾ ਲਾਗੂ ਕਰਾਂਗੇ ਕਿ ਕਿਉਂਕਿ ਕਿਸੇ ਦੂਜੇ ਨੂੰ ਵੀ ਤਕਲੀਫ ਪਹੁੰਚਾਈ ਗਈ ਹੈ, ਇਸ ਲਈ ਜੇ ਤੁਹਾਡੇ ਨਾਲ ਵੀ ਅਜਿਹਾ ਹੋ ਗਿਆ ਤਾਂ ਕੋਈ ਗੱਲ ਨਹੀਂ।

ਦੂਜੀ ਗੱਲ ਇਹ ਹੈ ਕਿ ਕੀ ਅਸੀਂ ਅੱਜ ਵੀ ਉਸੇ ਦੌਰ ’ਚ ਜੀਅ ਰਹੇ ਹਾਂ ਕਿ ਅਸੀਂ ਕੁੜੀ ਨਾਲ ਕੁਝ ਗਲਤ ਹੋਣ ਦੇ ਤੁਕ ਨੂੰ ਇਹ ਕਹਿ ਕੇ ਠਹਿਰਾਈਏ ਕਿ ਉਸ ਨੇ ਸਹੀ ਕੱਪੜੇ ਨਹੀਂ ਪਹਿਨੇ ਸਨ ਜਾਂ ਉਹ ਘਰੋਂ ਬਾਹਰ ਨਿਕਲੀ, ਇਸ ਲਈ ਉਸ ਨਾਲ ਅਜਿਹਾ ਹੋ ਗਿਆ। ਕੀ ਅਸੀਂ ਆਪਣੇ ਸਮਾਜ ਨੂੰ ਜਾਂ ਮੁੰਡਿਆਂ ਨੂੰ ਇਹ ਨਹੀਂ ਸਿਖਾ ਸਕਦੇ ਕਿ ਜੇ ਤੁਸੀਂ ਕਿਸੇ ਕੁੜੀ ’ਤੇ ਗਲਤ ਨਜ਼ਰ ਰੱਖੀ ਜਾਂ ਤੁਸੀਂ ਉਸ ਨਾਲ ਗਲਤ ਵਿਵਹਾਰ ਕੀਤਾ ਤਾਂ ਤੁਹਾਨੂੰ ਜਲਦੀ ਤੋਂ ਜਲਦੀ ਸਖਤ ਸਜ਼ਾ ਦਿਵਾਈ ਜਾਵੇਗੀ। ਕੀ ਅਸੀਂ ਮੁੰਡਿਆਂ ਨੂੰ ਉਨ੍ਹਾਂ ਦੀਆਂ ਸਮਾਜਿਕ ਅਤੇ ਕਾਨੂੰਨੀ ਹੱਦਾਂ ਨਹੀਂ ਸਿਖਾ ਸਕਦੇ?

ਅੱਜ ਨਾਰੀ ਜਗਤ ਦੀ ਰਾਖੀ ਲਈ ਨਾ ਤਾਂ ਕੇਂਦਰ ਅਤੇ ਸੂਬਾਈ ਸਰਕਾਰਾਂ, ਪੁਲਸ ਅਤੇ ਨਾ ਹੀ ਨਿਆਪਾਲਿਕਾ ਅੱਗੇ ਆ ਰਹੀ ਹੈ। ਅਜਿਹਾ ਪ੍ਰਤੀਤ ਹੁੰਦਾ ਹੈ ਕਿ ਸਮਾਜਿਕ ਵਰਕਰਾਂ ਦੇ ਦਿਲਾਂ ’ਚ ਵੀ ਦਯਾ ਅਤੇ ਮਮਤਾ ਨਹੀਂ ਰਹੀ ਜਿਸ ਤੋਂ ਸਹਿਜ ਹੀ ਸਵਾਲ ਉੱਠਦਾ ਹੈ ਕਿ ਅਜਿਹੇ ਹਾਲਾਤ ’ਚ ਕੀ ਸਾਨੂੰ ਆਪਣੀਆਂ ਬੱਚੀਆਂ ਨੂੰ ਸਕੂਲਾਂ ਅਤੇ ਕਾਲਜਾਂ ’ਚ ਮਾਰਸ਼ਲ ਆਰਟ ਸਿਖਾਉਣਾ ਸ਼ੁਰੂ ਨਹੀਂ ਕਰ ਦੇਣਾ ਚਾਹੀਦਾ ਤਾਂ ਜੋ ਉਹ ਘੱਟੋ-ਘੱਟ ਆਪਣੀ ਇੱਜ਼ਤ ਤਾਂ ਸੰਭਾਲ ਸਕਣ ਕਿਉਂਕਿ ਮੌਜੂਦਾ ਹਾਲਾਤ ’ਚ ਕੋਈ ਦੂਜਾ ਰਾਹ ਤਾਂ ਉਨ੍ਹਾਂ ਦੀ ਸੁਰੱਖਿਆ ਲਈ ਅੱਗੇ ਨਜ਼ਰ ਨਹੀਂ ਆਉਂਦਾ।

Mukesh

This news is Content Editor Mukesh