ਸੋਨੇ ਦੀ ਵਧਦੀ ਸਮੱਗਲਿੰਗ ਅਤੇ ਇਸ ਦੇ ਬਦਲਦੇ ਢੰਗ

03/26/2019 7:16:39 AM

ਸੋਨਾ  ਹਮੇਸ਼ਾ ਹੀ ਭਾਰਤੀਆਂ ਦੀ ਕਮਜ਼ੋਰੀ ਰਿਹਾ ਹੈ, ਇਸ ਲਈ ਭਾਰਤ ’ਚ ਸੋਨੇ ਦੇ ਕਾਰੋਬਾਰ ’ਚ  ਜ਼ਿਆਦਾਤਰ ਤੇਜ਼ੀ ਹੀ ਦੇਖਣ ਨੂੰ ਮਿਲਦੀ ਹੈ। ਵਿਸ਼ੇਸ਼ ਤੌਰ ’ਤੇ ਭਾਰਤੀ ਔਰਤਾਂ ’ਚ ਸੋਨੇ   ਪ੍ਰਤੀ ਜ਼ਿਆਦਾ ਮੋਹ ਹੋਣ ਕਾਰਨ ਦੇਸ਼ ’ਚ ਸੋਨੇ ਦੀ ਸਮੱਗਲਿੰਗ ਦਾ ਕਾਰੋਬਾਰ ਕਦੇ ਵੀ  ਰੁਕਦਾ ਨਹੀਂ। 
ਇਸ ਦਾ ਸਬੂਤ ਇਹ ਹੈ ਕਿ 2017-18 ’ਚ ਡਾਇਰੈਕਟੋਰੇਟ ਆਫ  ਰੈਵੇਨਿਊ ਇੰਟੈਲੀਜੈਂਸ (ਡੀ. ਆਰ. ਆਈ.) ਨੇ ਦੇਸ਼ ’ਚ ਹਵਾਈ ਅਤੇ ਸਮੁੰਦਰੀ ਮਾਰਗ ਰਾਹੀਂ  ਸੋਨੇ ਦੀ ਸਮੱਗਲਿੰਗ ਰੋਕਣ ਲਈ ਕੀਤੀਆਂ ਗਈਆਂ ਕਾਰਵਾਈਆਂ ’ਚ 384 ਕਰੋੜ ਰੁਪਏ ਮੁੱਲ ਦਾ  1312 ਕਿਲੋ ਤੋਂ ਵੱਧ ਸੋਨਾ ਜ਼ਬਤ ਕੀਤਾ, ਜਦਕਿ ਇਸ ਤੋਂ ਪਹਿਲਾਂ 2016-17 ’ਚ ਡੀ. ਆਰ.  ਆਈ. ਨੇ ਲੱਗਭਗ 230 ਕਰੋੜ ਰੁਪਏ ਮੁੱਲ ਦਾ 600 ਕਿਲੋ ਸੋਨਾ ਜ਼ਬਤ ਕੀਤਾ ਸੀ। ਪਿਛਲੇ 2  ਸਾਲਾਂ ’ਚ ਸੋਨੇ ਦੀ ਸਮੱਗਲਿੰਗ 119 ਫੀਸਦੀ ਵਧੀ ਹੈ। 
ਸੋਨੇ ਦੀ ਸਮੱਗਲਿੰਗ  ਦੇ ਜ਼ਿਆਦਾਤਰ ਕੇਸਾਂ ’ਚ ਭਾਰਤੀਆਂ ਤੋਂ ਇਲਾਵਾ ਮੱਧ-ਪੂਰਬ ਦੇ ਦੇਸ਼ਾਂ ਦੁਬਈ, ਰਿਆਦ,  ਸ਼ਾਰਜਾਹ, ਆਬÈੂਧਾਬੀ, ਕੁਵੈਤ ਅਤੇ ਸ਼੍ਰੀਲੰਕਾ, ਸਿੰਗਾਪੁਰ, ਕੋਰੀਆ ਅਤੇ ਬੈਂਕਾਕ ਆਦਿ  ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ ਸ਼ਾਮਿਲ ਪਾਇਆ ਗਿਆ ਹੈ। ਅਧਿਕਾਰੀਆਂ ਅਨੁਸਾਰ ਉਕਤ  ਦੇਸ਼ਾਂ ਤੋਂ ਲਿਆਂਦਾ ਜਾਣ ਵਾਲਾ ਸੋਨਾ ਮੁਕੰਮਲ ਤੌਰ ’ਤੇ ਸ਼ੁੱਧ ਹੁੰਦਾ ਹੈ, ਜਿਸ ਨਾਲ  ਸੋਨੇ ਦੀ ਸਮੱਗਲਿੰਗ ਦੇ ਬਾਜ਼ਾਰ ’ਚ ਇਸ ਦੀ ਕੀਮਤ ਹੋਰ ਵੀ ਵਧ ਜਾਂਦੀ ਹੈ। 
ਅੰਡਰਵਰਲਡ  ਸਰਗਣੇ ਪਹਿਲਾਂ ਸਮੁੰਦਰੀ ਮਾਰਗ ਰਾਹੀਂ ਸੋਨੇ ਦੀ ਸਮੱਗਲਿੰਗ ਕਰਦੇ ਸਨ ਪਰ ਹੁਣ  ਕੁਝ  ਸਾਲਾਂ ਤੋਂ ਸਮੱਗਲਰਾਂ ਨੇ ਹਵਾਈ ਮਾਰਗ ਰਾਹੀਂ ਸੋਨੇ ਦੀ ਸਮੱਗਲਿੰਗ ਦਾ ਸਿਲਸਿਲਾ ਸ਼ੁਰੂ  ਕੀਤਾ ਹੈ, ਜਿਸ ਦੇ ਲਈ ਉਹ ਵੱਖ-ਵੱਖ ਕਿਸਮ ਦੇ ਤਰੀਕੇ ਅਪਣਾਉਂਦੇ ਹਨ :
* ਅਪ੍ਰੈਲ, 2018 ’ਚ ਜੈਪੁਰ ਵਿਚ ਇਕ ਵਿਅਕਤੀ ਦੇ ਕਬਜ਼ੇ ’ਚੋਂ 1 ਕਿਲੋ ਸੋਨਾ ਬਰਾਮਦ ਕੀਤਾ  ਗਿਆ, ਜੋ ਉਸ ਨੇ ਐਲੂਮੀਨੀਅਮ ਦੀ ਛੜ ’ਚ ਬਿਸਕੁਟਾਂ ਦੇ ਰੂਪ ’ਚ ਲੁਕੋਇਆ ਹੋਇਆ ਸੀ। ਛੜ  ਨੂੰ ਗਰਮ ਕਰਨ ’ਤੇ ਸੋਨੇ ਦੇ ਬਿਸਕੁਟ ਨਿਕਲ ਆਏ। 
* 25 ਜੁਲਾਈ, 2018 ਨੂੰ  ਮੁੰਬਈ ’ਚ ਲੱਕ ਦਰਦ ਤੋਂ ਬਚਾਅ ਲਈ ਲਪੇਟੀ ਜਾਣ ਵਾਲੀ ਪੱਟੀ ’ਚ ਵਿਦੇਸ਼ ਤੋਂ ਸੋਨਾ ਲੁਕੋ  ਕੇ ਲਿਆਉਣ ਵਾਲੇ ਗਿਰੋਹ ਦੇ 5 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ’ਚ 2  ਔਰਤਾਂ ਸਨ। 
* 26 ਅਕਤੂਬਰ, 2018 ਨੂੰ ਮੁੰਬਈ ਦੇ ਕੌਮਾਂਤਰੀ ਹਵਾਈ ਅੱਡੇ  ’ਤੇ ਬੈਂਕਾਕ ਤੋਂ ਆਏ ਇਕ ਯਾਤਰੀ ਨੂੰ ਫੜਿਆ ਗਿਆ, ਜਿਸ ਨੇ 87 ਲੱਖ 51 ਹਜ਼ਾਰ ਰੁਪਏ ਦਾ  ਸੋਨਾ ਬੈਗ ’ਚ ਰੱਖੇ ਮੋਬਾਇਲ ਕਵਰ ’ਚ ਕਾਲੀ ਟੇਪ ਨਾਲ ਲੁਕੋ ਕੇ ਰੱਖਿਆ ਹੋਇਆ ਸੀ। 
* 17 ਨਵੰਬਰ, 2018 ਨੂੰ ਲਖਨਊ ਦੇ ਅਮੌਸੀ ਹਵਾਈ ਅੱਡੇ ’ਤੇ ਪ੍ਰੈੱਸ ’ਚ ਲੁਕੋ ਕੇ ਲਿਆਂਦਾ ਗਿਆ ਸਾਢੇ 4 ਕਿਲੋ ਤੋਂ ਵੱਧ ਸੋਨਾ ਫੜਿਆ ਗਿਆ। 
* 28 ਦਸੰਬਰ, 2018 ਨੂੰ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਗ੍ਰਿਫਤਾਰ  ਕੀਤੇ ਗਏ ਇਕ ਨੌਜਵਾਨ ਤੋਂ  41 ਲੱਖ ਰੁਪਏ ਮੁੱਲ ਦੇ 1300 ਗ੍ਰਾਮ ਸੋਨੇ ਨਾਲ ਬਣੇ 3 ਕੜੇ  ਬਰਾਮਦ ਕੀਤੇ ਗਏ, ਜਿਨ੍ਹਾਂ ’ਤੇ ਅਧਿਕਾਰੀਆਂ ਨੂੰ ਝਕਾਨੀ ਦੇਣ ਲਈ ਚਾਂਦੀ ਦਾ ਪਾਣੀ  ਚੜ੍ਹਾਇਆ ਗਿਆ ਸੀ। 
* 18 ਫਰਵਰੀ, 2019 ਨੂੰ ਏਅਰ ਇੰਟੈਲੀਜੈਂਸ ਯੂਨਿਟ (ਏ.  ਆਈ. ਯੂ.) ਨੇ ਮੁੰਬਈ ਹਵਾਈ ਅੱਡੇ ’ਤੇ ਸ਼੍ਰੀਲੰਕਾ ਦੀਆਂ 2 ਔਰਤਾਂ ਨੂੰ ਫੜਿਆ, ਜਿਨ੍ਹਾਂ  ਨੇ ਕਸਟਮ ਵਿਭਾਗ ਤੋਂ ਬਚਣ ਲਈ ਆਪਣੇ ਨਾਲ ਆਏ ਬੱਚੇ ਦੀ ਜੈਕੇਟ ਅਤੇ ਜੁੱਤੀਆਂ ’ਚ  ਸੀਲਬੰਦ 3 ਕਰੋੜ 31 ਲੱਖ 60 ਹਜ਼ਾਰ ਰੁਪਏ ਦਾ ਸੋਨਾ ਲੁਕੋਇਆ ਹੋਇਆ ਸੀ। 
* 24 ਮਾਰਚ ਨੂੰ ਅੰਮ੍ਰਿਤਸਰ ਦੇ ਹਵਾਈ ਅੱਡੇ ’ਤੇ ਕਸਟਮ ਅਧਿਕਾਰੀਆਂ ਨੇ ਏਅਰਪੋਰਟ ਅਥਾਰਿਟੀ  ਆਫ ਇੰਡੀਆ ਦੇ ਫਾਇਰ ਵਿਭਾਗ ਦੇ ਸਹਾਇਕ ਮੈਨੇਜਰ ਪ੍ਰਦੀਪ ਸੈਣੀ ਅਤੇ ਏਅਰਪੋਰਟ ਰਨਵੇ ਤੋਂ  ਯਾਤਰੀਆਂ ਨੂੰ ਏਅਰਪੋਰਟ ਟਰਮੀਨਲ ਤਕ ਲਿਜਾਣ ਵਾਲੇ ਬੱਸ ਡਰਾਈਵਰ ਸਾਹਿਬ ਸਿੰਘ ਨੂੰ 1  ਕਿਲੋ ਸੋਨੇ ਦੀ ਖੇਪ ਬੱਸ ਦੇ ਜ਼ਰੀਏ ਬਾਹਰ ਕੱਢਣ ਦੀ ਕੋਸ਼ਿਸ਼ ਕਰਦੇ ਹੋਏ ਫੜਿਆ।
* ਕੁਝ ਸਮਾਂ ਪਹਿਲਾਂ ਮੁੰਬਈ ਹਵਾਈ ਅੱਡੇ ’ਤੇ ਇਕ ਯਾਤਰੀ ਨੂੰ ਗ੍ਰਿਫਤਾਰ ਕੀਤਾ ਗਿਆ, ਜਿਸ  ਨੇ ਬੱਚੇ ਦੇ ਡਾਈਪਰ ’ਚ ਸੋਨਾ ਲੁਕੋ ਕੇ ਉਸ ਦੇ ਉਪਰ ਪੀਲਾ ਰੰਗ ਚੜ੍ਹਾਇਆ ਹੋਇਆ ਸੀ ਤਾਂ  ਕਿ ਉਹ ਬੱਚੇ ਦੇ ਮਲ ਵਰਗਾ ਦਿਖਾਈ ਦੇਵੇ। 
ਅਧਿਕਾਰੀ ਇਸ ਨੂੰ ਛੂਹਣ ਤੋਂ  ਕਤਰਾ ਰਹੇ ਸਨ। ਇਸੇ ਦੌਰਾਨ ਇਕ ਅਧਿਕਾਰੀ ਨੇ ਮਹਿਸੂਸ ਕਰ ਲਿਆ ਕਿ ਡਾਈਪਰ ’ਤੇ ਬੱਚੇ ਦਾ  ਮਲ ਨਹੀਂ, ਸਗੋਂ ਪੀਲਾ ਰੰਗ ਲਾਇਆ ਹੋਇਆ ਹੈ। ਜਾਂਚ ਕਰਨ ’ਤੇ ਡਾਈਪਰ ’ਚ ਲੁਕੋ ਕੇ  ਰੱਖਿਆ ਹੋਇਆ 3 ਕਿਲੋ ਸੋਨਾ ਨਿਕਲਿਆ।
* ਇਸੇ ਤਰ੍ਹਾਂ ਇਕ ਯਾਤਰੀ ਨੂੰ ਫੜਿਆ ਗਿਆ, ਜਿਸ ਨੇ ਇਕ ਅੰਦਰੋਂ ਖੋਖਲੇ ਕੀਤੇ ਹੋਏ ਕੱਦੂ ’ਚ 5 ਕਿਲੋ ਸੋਨਾ ਲੁਕੋਇਆ ਹੋਇਆ ਸੀ। 
* ਸਮੱਗਲਰਾਂ ਵਲੋਂ ਆਪਣੇ ਮਲ ਦੁਆਰ, ਪੈਰਾਂ ਦੀਆਂ ਤਲੀਆਂ, ਅੰਡਰ ਗਾਰਮੈਂਟਸ, ਬੈਲਟ ’ਚ ਬਣੇ  ਖਾਸ ਕਿਸਮ ਦੇ ਥੈਲਿਆਂ, ਔਰਤਾਂ ਦੇ ਹੈਂਡਬੈਗਸ ਅਤੇ ਰਿੰਗਜ਼, ਜੂਸਰ ’ਚ ਸੋਨੇ ਦੀ ਮੋਟਰ  ਦੇ ਰੂਪ ’ਚ, ਪਾਣੀ ਦੀ ਬੋਤਲ, ਟਾਰਚ ਅਤੇ ਵਾਸ਼ਿੰਗ ਮਸ਼ੀਨ ਆਦਿ ਦੇ ਅੰਦਰ ਲੁਕੋ ਕੇ, ਖਜੂਰ  ਦੇ ਬੀਜ ਦੀ ਜਗ੍ਹਾ ਸੋਨੇ ਦੇ ਛੋਟੇ-ਛੋਟੇ ਟੁਕੜੇ ਭਰ ਕੇ, ਗੋਲਡ ਫੋਇਲ ਬਣਾ ਕੇ ਵੀ ਸੋਨਾ  ਲਿਆਉਣ ਦਾ ਪਤਾ ਲੱਗਾ ਹੈ। 
ਤਰ੍ਹਾਂ-ਤਰ੍ਹਾਂ ਦੇ ਨਾਜਾਇਜ਼ ਤਰੀਕਿਆਂ ਨਾਲ  ਭਾਰਤ ’ਚ ਸੋਨਾ ਲਿਆ ਕੇ ਸਮੱਗਲਰ ਦੇਸ਼ ਦੇ ਮਾਲੀਏ ਨੂੰ ਭਾਰੀ ਨੁਕਸਾਨ ਪਹੁੰਚਾ ਰਹੇ ਹਨ,  ਹਾਲਾਂਕਿ ਕਾਫੀ ਗਿਣਤੀ ’ਚ ਸੋਨੇ ਦੇ ਸਮੱਗਲਰ ਫੜੇ ਜਾ ਰਹੇ ਹਨ, ਫਿਰ ਵੀ ਪਤਾ ਨਹੀਂ  ਕਿੰਨਾ ਸੋਨਾ ਬਾਜ਼ਾਰ ’ਚ ਪਹੁੰਚ ਜਾਂਦਾ ਹੋਵੇਗਾ। 
ਲਿਹਾਜ਼ਾ ਉਪਰੋਕਤ  ਘਟਨਾਚੱਕਰਾਂ ਨੂੰ ਦੇਖਦੇ ਹੋਏ ਹਵਾਈ ਅੱਡਿਆਂ ’ਤੇ ਯੋਗ ਅਤੇ ਈਮਾਨਦਾਰ ਅਧਿਕਾਰੀਆਂ ਦਾ  ਸਟਾਫ ਵਧਾਇਆ ਜਾਵੇ, ਸਾਰੇ ਉਮਰ ਵਰਗ ਦੇ ਯਾਤਰੀਆਂ ਵਲੋਂ ਲਿਆਂਦੀ ਜਾ ਰਹੀ ਹਰੇਕ ਚੀਜ਼  ਅਤੇ ਉਨ੍ਹਾਂ ਦੇ ਸਰੀਰ ਦੀ ਸਖਤੀ ਨਾਲ ਜਾਂਚ ਕੀਤੀ ਜਾਵੇ। ਸਮੱਗਲਰਾਂ ਨੂੰ ਫੜਨ ਵਾਲੇ  ਸਟਾਫ ਨੂੰ  ਪੁਰਸਕਾਰ  ਦਿੱਤਾ ਜਾਵੇ ਅਤੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ  ਜਾਵੇ।                                                  –ਵਿਜੇ ਕੁਮਾਰ

Bharat Thapa

This news is Content Editor Bharat Thapa