ਇਮਰਾਨ ਦੀ ਆਵਾਜ਼, ਪਾਕਿਸਤਾਨੀ ਫੌਜ ਦੇ ਸ਼ਬਦ, ਸੋਚ ਕਿਸ ਦੀ?

04/15/2019 6:47:44 AM

ਮੰਨਿਆ ਇਹ ਜਾਂਦਾ ਸੀ ਕਿ ਇਮਰਾਨ ਖਾਨ ਇਕ ਰੰਗੀਨ-ਮਿਜ਼ਾਜ ਕ੍ਰਿਕਟ ਖਿਡਾਰੀ ਹਨ, ਜੋ ਫੌਜ ਦੇ ਸਮਰਥਨ ਨਾਲ ਆਪਣੀ ਰਾਜਨੀਤੀ ਚਲਾ ਰਹੇ ਹਨ ਅਤੇ ਸਮੇਂ-ਸਮੇਂ ’ਤੇ ਵੱਖ-ਵੱਖ ਅੱਤਵਾਦੀ ਗਿਰੋਹਾਂ ਦੇ ਸਮਰਥਨ ’ਚ ਖੜ੍ਹੇ ਹੁੰਦੇ ਰਹੇ ਹਨ। ਬੀਤੇ ਸਾਲ 18 ਅਗਸਤ ਨੂੰ ਉਨ੍ਹਾਂ ਵਲੋਂ ਪ੍ਰਧਾਨ ਮੰਤਰੀ ਦਾ ਅਹੁਦਾ ਹਾਸਿਲ ਕਰਨ ’ਤੇ ਸਿਆਸੀ ਆਬਜ਼ਰਵਰਾਂ ਦੀ ਇਹੋ ਸੋਚ ਸੀ ਕਿ ਉਹ ਪਾਕਿਸਤਾਨੀ ਫੌਜ ਦਾ ਨਵਾਂ ਚਿਹਰਾ ਹਨ, ਲਿਹਾਜ਼ਾ ਜ਼ੁਬਾਨ ਇਮਰਾਨ ਦੀ ਹੋਵੇਗੀ ਅਤੇ ਉਨ੍ਹਾਂ ਦੇ ਮੂੰਹ ’ਚ ਸ਼ਬਦ ਫੌਜ ਦੇ ਹੋਣਗੇ। ਖੈਰ, ਬੀਤੇ ਸਾਲ 18 ਅਗਸਤ ਨੂੰ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਇਮਰਾਨ ਦਾ ਸਭ ਤੋਂ ਪਹਿਲਾ ਦੌਰਾ ਸਾਊਦੀ ਅਰਬ ਦਾ ਸੀ, ਜਿਸ ਤੋਂ ਲੱਗਦਾ ਸੀ ਕਿ ਸ਼ਾਇਦ ਉਹ ਪਿਛਲੇ ਤਾਨਾਸ਼ਾਹਾਂ ਵਾਂਗ ਕੱਟੜਵਾਦੀ ਨੀਤੀਆਂ ’ਤੇ ਹੀ ਚੱਲਣਗੇ।

ਜਿਥੋਂ ਤਕ ਭਾਰਤ ਨਾਲ ਸਬੰਧ ਸੁਧਾਰਨ ਦੀ ਗੱਲ ਹੈ, ਇਸ ਸਬੰਧ ’ਚ ਇਮਰਾਨ ਖਾਨ ਨੇ ਕੁਝ ਕਦਮ ਚੁੱਕੇ। ਇਸ ਦੇ ਅਧੀਨ :

* ਗੁਰੂ ਨਾਨਕ ਦੇਵ ਜੀ ਦੀ 550ਵੀਂ ਜੈਅੰਤੀ ’ਤੇ ਪਾਕਿਸਤਾਨ ਦੇ ਪੰਜਾਬ ਪ੍ਰਾਂਤ ’ਚ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਅਤੇ ਭਾਰਤ ਦੇ ਗੁਰਦਾਸਪੁਰ ਜ਼ਿਲੇ ਦੇ ਡੇਰਾ ਬਾਬਾ ਨਾਨਕ ਗਲਿਆਰੇ ਦੇ ਨਿਰਮਾਣ ’ਤੇ ਸਹਿਮਤ ਹੁੰਦੇ ਹੋਏ ਡੇਰਾ ਬਾਬਾ ਨਾਨਕ (ਸ੍ਰੀ ਕਰਤਾਰਪੁਰ ਸਾਹਿਬ) ਗਲਿਆਰਾ ਖੋਲ੍ਹਣ ਦਾ ਐਲਾਨ ਕਰਨ ਦੇ ਨਾਲ ਹੀ 28 ਨਵੰਬਰ 2018 ਨੂੰ ਪਾਕਿਸਤਾਨ ’ਚ ਇਸ ਗਲਿਆਰੇ ਦੇ ਨਿਰਮਾਣ ਦੀ ਨੀਂਹ ਰੱਖੀ ਗਈ। ਇਸ ਦੇ ਬਣਨ ਤੋਂ ਬਾਅਦ ਭਾਰਤੀ ਬਿਨਾਂ ਵੀਜ਼ਾ ਦੇ ਇਸ ਪਵਿੱਤਰ ਅਸਥਾਨ ਦੇ ਦਰਸ਼ਨ ਕਰਨ ਜਾ ਸਕਣਗੇ।

* ਪਾਕਿਸਤਾਨ ਜਾ ਪਹੁੰਚੇ ਭਾਰਤੀ ਹਵਾਈ ਫੌਜ ਦੇ ਪਾਇਲਟ ਵਿੰਡ ਕਮਾਂਡਰ ਅਭਿਨੰਦਨ ਵਰਧਮਾਨ ਨੂੰ ਭਾਰਤ ਸਰਕਾਰ ਦੀ ਮੰਗ ’ਤੇ 2 ਮਾਰਚ ਨੂੰ ਰਿਹਾਅ ਕਰ ਕੇ ਉਨ੍ਹਾਂ ਨੂੰ ਭਾਰਤ ਵਾਪਸ ਭੇਜ ਕੇ ਇਮਰਾਨ ਖਾਨ ਦੀ ਸਰਕਾਰ ਨੇ ਇਕ ਹੋਰ ਸਾਕਾਰਾਤਮਕ ਸੰਦੇਸ਼ ਦਿੱਤਾ।

* ਇਸ ਦੇ ਨਾਲ ਹੀ ਭਾਰਤ ਨਾਲ ਸਬੰਧ ਆਮ ਬਣਾਉਣ ਦੀ ਦਿਸ਼ਾ ’ਚ ਇਕ ਹੋਰ ਪਹਿਲ ਕਰਦੇ ਹੋਏ 25 ਮਾਰਚ ਨੂੰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ’ਚ ਲੱਗਭਗ 5000 ਸਾਲ ਪੁਰਾਣੇ ਸ਼ਾਰਦਾ ਮੰਦਰ ਨੂੰ ਵੀ ਹਿੰਦੂ ਤੀਰਥ ਯਾਤਰੀਆਂ ਲਈ ਖੋਲ੍ਹਣ ਦਾ ਪ੍ਰਸਤਾਵ ਰੱਖਿਆ ਹੈ।

* 11 ਅਪ੍ਰੈਲ ਨੂੰ ਲੋਕ ਸਭਾ ਚੋਣਾਂ ਲਈ ਮਤਦਾਨ ਦੇ ਪਹਿਲੇ ਪੜਾਅ ਦੀ ਵੋਟਿੰਗ ਤੋਂ ਠੀਕ ਇਕ ਦਿਨ ਪਹਿਲਾਂ ਇਮਰਾਨ ਖਾਨ ਨੇ ਇਕ ਵੱਡਾ ਬਿਆਨ ਦਿੰਦਿਆਂ ਕਿਹਾ, ‘‘ਜੇਕਰ ਭਾਜਪਾ ਦੁਬਾਰਾ ਚੋਣਾਂ ਜਿੱਤਦੀ ਹੈ ਤਾਂ ਭਾਰਤ ਨਾਲ ਸ਼ਾਂਤੀ ਵਾਰਤਾ ਨੂੰ ਲੈ ਕੇ ਚੰਗਾ ਹੋਵੇਗਾ।’’ ਕਿਹਾ ਗਿਆ ਹੈ ਕਿ ਇਮਰਾਨ ਮੋਦੀ ਦੀ ਜਿੱਤ ਲਈ ਈਦਗਾਹ ’ਤੇ ਚਾਦਰ ਚੜ੍ਹਾਉਣ ਵੀ ਗਏ ਸਨ। ਇਮਰਾਨ ਖਾਨ ਨੇ ਇਸ ਦੇ ਨਾਲ ਹੀ ਇਹ ਵੀ ਕਿਹਾ ਕਿ ‘‘ਜੇਕਰ ਕਾਂਗਰਸ ਦੀ ਸਰਕਾਰ ਆਈ ਤਾਂ ਸ਼ਾਇਦ ਇਹ ਸੰਭਵ ਨਹੀਂ ਹੋਵੇਗਾ ਅਤੇ ਜੇਕਰ ਫਿਰ ਮੋਦੀ ਸਰਕਾਰ ਆਉਂਦੀ ਹੈ ਤਾਂ ਕਸ਼ਮੀਰ ਮੁੱਦੇ ਦਾ ਹੱਲ ਨਿਕਲ ਸਕਦਾ ਹੈ।’’ ਇਮਰਾਨ ਖਾਨ ਨੇ ਇਹ ਵੀ ਕਿਹਾ ਹੈ ਕਿ ‘‘ਕਸ਼ਮੀਰ ਵਿਵਾਦ ’ਤੇ ਭਾਰਤ ਨਾਲ ਸ਼ਾਂਤੀ ਦਾ ਸਥਾਪਿਤ ਹੋਣਾ ਇਸ ਖੇਤਰ ਦੇ ਵਿਆਪਕ ਹਿੱਤ ’ਚ ਹੋਵੇਗਾ। ਕਸ਼ਮੀਰ ਦੀ ਸਮੱਸਿਆ ਨੂੰ ਹਮੇਸ਼ਾ ਲਈ ਉੱਬਲਦੇ ਨਹੀਂ ਰਹਿਣ ਦਿੱਤਾ ਜਾ ਸਕਦਾ ਅਤੇ ਦੋਵੇਂ ਪ੍ਰਮਾਣੂ ਸ਼ਕਤੀ ਸੰਪੰਨ ਦੇਸ਼ ਗੱਲਬਾਤ ਰਾਹੀਂ ਹੀ ਆਪਣੇ ਮੱਤਭੇਦਾਂ ਨੂੰ ਸੁਲਝਾ ਸਕਦੇ ਹਨ।’’ ਸਿਆਸੀ ਖੇਤਰਾਂ ’ਚ ਇਮਰਾਨ ਖਾਨ ਦੇ ਉਕਤ ਨਵੇਂ ਬਿਆਨ ਨੂੰ ਲੈ ਕੇ ਹੈਰਾਨੀ ਜ਼ਾਹਿਰ ਕੀਤੀ ਜਾ ਰਹੀ ਹੈ। ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ, ਜਦੋਂ ਪਾਕਿਸਤਾਨ ਦੀ ਸਰਕਾਰ ਦੇ ਨੇਤਾ ਨੇ, ਭਾਵੇਂ ਉਹ ਤਾਨਾਸ਼ਾਹੀ ਸਰਕਾਰ ਹੋਵੇ ਜਾਂ ਜਮਹੂਰੀ ਢੰਗ ਨਾਲ ਚੁਣੀ ਹੋਈ ਸਰਕਾਰ, ਇਸ ਤਰ੍ਹਾਂ ਦੀ ਕੂਟਨੀਤਕ ਬਿਆਨਬਾਜ਼ੀ ਕੀਤੀ ਹੋਵੇ।

ਗੌਰਤਲਬ ਹੈ ਕਿ ਇਕ ਪਾਸੇ ਤਾਂ ਇਮਰਾਨ ਖਾਨ ਆਪਣੇ ਬਿਆਨਾਂ ’ਚ ਇਕ ਤੋਂ ਬਾਅਦ ਇਕ ਸਾਕਾਰਾਤਮਕ ਸ਼ਬਦਾਵਲੀ ਹੀ ਨਹੀਂ, ਸਗੋਂ ਵਿਚਾਰ ਵੀ ਰੱਖ ਰਹੇ ਹਨ ਪਰ ਦੂਜੇ ਪਾਸੇ ਪਾਕਿਸਤਾਨ ਦੀ ਫੌਜ ਨੇ ਅੱਤਵਾਦੀਆਂ ਨੂੰ ਪਨਾਹ ਦੇਣਾ ਅਤੇ ਉਨ੍ਹਾਂ ਨੂੰ ਭਾਰਤ ਭੇਜਣਾ ਬੰਦ ਨਹੀਂ ਕੀਤਾ ਹੈ। ਇਸੇ ਤਰ੍ਹਾਂ ਕਰਤਾਰਪੁਰ ਲਾਂਘੇ ਸਬੰਧੀ ਕਮੇਟੀ ’ਚ ਖਾਲਿਸਤਾਨੀ ਗੋਪਾਲ ਸਿੰਘ ਨੂੰ ਸ਼ਾਮਿਲ ਕਰਨਾ ਅਤੇ ਸ਼ਾਰਦਾ ਮੰਦਰ ਖੋਲ੍ਹਣਾ ਪਾਕਿਸਤਾਨੀ ਮਕਬੂਜ਼ਾ ਕਸ਼ਮੀਰ ਦੇ ਰਸਤੇ ਆਪਣੇ ਅੱਤਵਾਦੀ ਗਿਰੋਹਾਂ ਦੀ ਭਾਰਤ ’ਚ ਪਹੁੰਚ ਆਸਾਨ ਬਣਾਉਣ ਦਾ ਸ਼ੱਕ ਪੈਦਾ ਕਰਦਾ ਹੈ। ਇਹ ਗੱਲ ਵੀ ਧਿਆਨ ਦੇਣ ਵਾਲੀ ਹੈ ਕਿ ਵਿੰਗ ਕਮਾਂਡਰ ਅਭਿਨੰਦਨ ਦੀ ਰਿਹਾਈ ਦੇ ਪਿੱਛੇ ਵੀ ਤਿੰਨ ਦੇਸ਼ਾਂ ਚੀਨ, ਅਮਰੀਕਾ ਅਤੇ ਸਾਊਦੀ ਅਰਬ ਦਾ ਦਬਾਅ ਸੀ। ਭਾਰਤ ਸਰਕਾਰ ਇਸ ਸਮੇਂ ਕਿਉਂਕਿ ‘ਇਲੈਕਸ਼ਨ ਮੋਡ’ ਵਿਚ ਹੈ, ਲਿਹਾਜ਼ਾ ਉਹ ਇਸ ’ਤੇ ਕੋਈ ਠੋਸ ਕੂਟਨੀਤਕ ਪ੍ਰਤੀਕਿਰਿਆ ਨਹੀਂ ਦੇ ਸਕਦੀ। ਨਵੀਂ ਸਰਕਾਰ ਦੇ ਬਣਨ ਤੋਂ ਬਾਅਦ ਹੀ ਭਾਰਤ ਸਰਕਾਰ ਦੀ ਇਸ ਸਬੰਧ ’ਚ ਕੋਈ ਠੋਸ ਪ੍ਰਤੀਕਿਰਿਆ ਆਵੇਗੀ। ਇਸ ਦੌਰਾਨ ਭਾਰਤ ਸਰਕਾਰ ਨੂੰ ਇਸ ਗੱਲ ਦਾ ਵੀ ਧਿਆਨ ਰੱਖਣਾ ਹੋਵੇਗਾ ਕਿ ਕੀ ਪਾਕਿਸਤਾਨ ਦੀ ਇਸ ਨਵੀਂ ਨੀਤੀ ਦੇ ਪਿੱਛੇ ਚੀਨ ਦਾ ਹੱਥ ਹੈ। ਚੀਨ, ਜੋ ਆਪਣੇ ਦੇਸ਼ ਵਿਚ ‘ਮੁੜ ਸਿਖਲਾਈ’ ਦੇ ਨਾਂ ’ਤੇ ਇਸਲਾਮ ਧਰਮ ਨੂੰ ਖਤਮ ਕਰਨਾ ਚਾਹੁੰਦਾ ਹੈ ਪਰ ਪਾਕਿ ਵਿਚ ਅਜ਼ਹਰ ਮਸੂਦ ਵਰਗੇ ਅੱਤਵਾਦੀ ਨੂੰ ਯੂ. ਐੱਨ. ਕੌਂਸਲ ਦੇ ਬੈਨ ਤੋਂ ਬਚਾਅ ਰਿਹਾ ਹੈ ਤਾਂ ਕਿ ਉਹ ਪਾਕਿ ਮਕਬੂਜ਼ਾ ਕਸ਼ਮੀਰ ਸਮੇਤ ਉਥੇ ਵੱਖ-ਵੱਖ ਪ੍ਰਾਜੈਕਟਾਂ ’ਚ 60 ਹਜ਼ਾਰ ਬਿਲੀਅਨ ਡਾਲਰ ਦੇ ਨਿਵੇਸ਼ ਅਤੇ ਉਥੇ ਰਹਿ ਰਹੇ ਆਪਣੇ 60 ਹਜ਼ਾਰ ਚੀਨੀ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਕਰ ਸਕੇ। ਅਜਿਹੀ ਹਾਲਤ ’ਚ ਰੂਸ ਸਰਕਾਰ, ਜੋ ਅਫਗਾਨਿਸਤਾਨ ਵਿਚ ਮਜ਼ਬੂਤ ਹੋ ਰਹੀ ਹੈ, ਵੀ ਪਾਕਿਸਤਾਨ ’ਤੇ ਦਬਾਅ ਪਾ ਰਹੀ ਹੈ। ਅਜਿਹੀ ਹਾਲਤ ’ਚ ਕੀ ਭਾਰਤ ਨੂੰ ਪਾਕਿ ਦੇ ਸ਼ਾਂਤੀ ਪ੍ਰਸਤਾਵ ’ਤੇ ਵਿਚਾਰ ਕਰਨਾ ਚਾਹੀਦਾ ਹੈ। ਕੀ ਚੀਨ ਸਿਰਫ ਆਪਣੇ ਜੰਗ ਪੱਖੋਂ ਅਹਿਮ ਹਿੱਤ ਵਾਲੇ ਖੇਤਰ ਵਿਚ ਹੀ ਸ਼ਾਂਤੀ ਚਾਹੁੰਦਾ ਹੈ ਜਾਂ ਪੂਰੇ ਪਾਕਿਸਤਾਨ ਵਿਚ!
 

Bharat Thapa

This news is Content Editor Bharat Thapa